ਬਠਿੰਡਾ, 14 ਸਤੰਬਰ : ਸਰਕਾਰੀ ਸਕੂਲ ਮਹਿਰਾਜ ਪੰਜਾਬ ਦਾ ਇਕਲੌਤਾ ਸਕੂਲ ਹੈ ਜਿਥੇ ਬੱਚੇ ਘੱਟ ਤੇ ਅਧਿਆਪਕ ਵੱਧ ਹਨ। ਹਕੂਮਤ ਬਦਲਣ ਮਗਰੋਂ ਬਠਿੰਡਾ ਦੇ ਪਿੰਡ ਮਹਿਰਾਜ ‘ਚ ਇਹ ਬਾਦਸ਼ਾਹੀ ਰੰਗ ਦਿਖੇ ਹਨ। ਸਿੱਖਿਆ ਮਹਿਕਮੇ ਨੇ ਸਾਰੇ ਨਿਯਮ ਛਿੱਕੇ ਟੰਗ ਦਿੱਤੇ ਹਨ ਕਿਉਂਕਿ ਮਹਿਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਸਰਕਾਰੀ ਮਿਡਲ ਸਕੂਲ ਪੱਤੀ ਸੰਦਲੀ, ਮੱਲੂਆਣਾ (ਮਹਿਰਾਜ) ‘ਚ ਇਸ ਵੇਲੇ ਚਾਰ ਬੱਚੇ ਪੜ੍ਹਦੇ ਹਨ ਪਰ ਅਧਿਆਪਕ ਪੰਜ ਹਨ। ਪੰਜਾਬ ਸਰਕਾਰ ਇਸ ਸਕੂਲ ਦੇ ਹਰ ਬੱਚੇ ’ਤੇ ਤਕਰੀਬਨ 43 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਰਹੀ ਹੈ। ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ’ਚ ਵਿਦਿਆਰਥੀ ਜ਼ਿਆਦਾ ਹਨ ਪਰ ਅਧਿਆਪਕ ਨਹੀਂ ਹਨ।
ਜਾਣਕਾਰੀ ਅਨੁਸਾਰ ਇਸ ਮਿਡਲ ਸਕੂਲ ’ਚ ਪਹਿਲਾਂ ਤਿੰਨ ਅਧਿਆਪਕ (ਇੱਕ ਹਿੰਦੀ, ਇੱਕ ਪੰਜਾਬੀ ਤੇ ਇੱਕ ਪੀਟੀਆਈ) ਸਨ ਅਤੇ ਦੋ ਅਧਿਆਪਕਾਂ ਨੇ ਹੁਣ ਜੁਆਇਨ ਕੀਤਾ ਹੈ। ਇਸ ਸਰਕਾਰੀ ਸਕੂਲ ਦੀ ਛੇਵੀਂ ਤੇ ਸੱਤਵੀਂ ਕਲਾਸ ’ਚ ਇੱਕ ਇੱਕ ਵਿਦਿਆਰਥੀ ਹੈ ਜਦੋਂ ਕਿ ਅੱਠਵੀਂ ’ਚ ਦੋ ਵਿਦਿਆਰਥੀ ਹਨ। ਬੱਚਿਆਂ ਦੀ ਗਿਣਤੀ ਵਧਾਉਣ ਲਈ ਅਧਿਆਪਕ ਘਰੋਂ ਘਰ ਵੀ ਗਏ ਪਰ ਨਿਆਣੇ ਸਰਕਾਰੀ ਸਕੂਲ ਵੱਲ ਮੂੰਹ ਨਹੀਂ ਕਰ ਰਹੇ। ਇਹ ਸਕੂਲ ਪਿੰਡ ਦੀ ਫਿਰਨੀ ਤੋਂ ਦੋ ਕਿਲੋਮੀਟਰ ਤੋਂ ਵੀ ਘੱਟ ਦੂਰ ਹੈ। ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ (ਮੱਲੂਆਣਾ) ਮਹਿਰਾਜ ਵਿੱਚ ਤਕਰੀਬਨ ਪੰਜ ਬੱਚੇ ਹਨ ਤੇ ਅਧਿਆਪਕ ਦੋ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਮਨਿੰਦਰ ਕੌਰ ਨੇ ਕਿਹਾ ਕਿ ਇਸ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਬਾਰੇ ਵਿਭਾਗ ਨੂੰ ਪਹਿਲਾਂ ਹੀ ਜਾਣੂ ਕਰਾ ਦਿੱਤਾ ਸੀ ਅਤੇ ਹੁਣ ਦੋ ਹੋਰ ਅਧਿਆਪਕ ਇਸ ਸਕੂਲ ’ਚ ਭੇਜੇ ਗਏ ਹਨ, ਜਿਨ੍ਹਾਂ ਨੂੰ ਜਲਦੀ ਕਿਧਰੇ ਹੋਰ ਅਡਜਸਟ ਕੀਤਾ ਜਾਵੇਗਾ। ਮਹਿਰਾਜ ਪਿੰਡ ਦਾ ਇੱਕ ਹੋਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਪਿੱਪਲੀ ਹੈ ਜਿਥੇ ਬੱਚਿਆਂ ਦੀ ਗਿਣਤੀ ਡੇਢ ਦਰਜਨ ਹੈ ਜਦੋਂ ਕਿ ਦੋ ਅਧਿਆਪਕ ਹਨ। ਇਵੇਂ ਹੀ ਮਹਿਰਾਜ ਦੇ ਕੋਠੇ ਰੱਥੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੱਚੇ 27 ਤੇ ਅਧਿਆਪਕ ਦੋ ਹਨ।