ਹਾਂਗਕਾਂਗ (ਪੰਜਾਬੀ ਚੇਤਨਾ): ਬੀਤੇ ਸ਼ਨਿਚਰਵਾਰ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਿਖੇ ਨਵੀਂ ਬਣੀ ਇਮਾਰਤ ਵਿੱਚ ਡਿਜ਼ੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ।
। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਲਾਲ ਚੇਲਾਰਾਮ (ਚੇਅਰਮੈਨ ਚੇਲਾ ਰਾਮ ਫਾਊਡੇਸਨ) ਨੇ ਹਾਜ਼ਰੀ ਲੁਆਈ। ਉਨਾਂ ਆਪਣੇ ਭਾਸ਼ਣ ਵਿੱਚ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਦੱਸਿਆ ਤੇ ਉਨਾਂ ਇਹ ਵੀ ਕਿਹਾ ਕਿ ਉਹ ਸਿੰਧੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਬਾਬਾ ਨਾਨਕ ਨੂੰ ਗੁਰੂ ਮੰਨਦੇ ਹਨ। ਉਨਾਂ ਦੇ ਮਾਤਾ ਨੇ ਉਹਨਾਂ ਨੂੰ ਜੋ ਪਹਿਲਾ ਪਾਠ ਸਿਖਾਇਆ ਉਹ ਸੀ ‘ਇੱਕ ਓਂਕਾਰ ਸਤਿ ਨਾਮੁ’। ਉਹ ਆਪਣੀ ਮਾਤਾ ਜੀ ਦੀ ਯਾਦ ਵਿੱਚ ਹੀ ਇਸ ਲਾਇਬ੍ਰੇਰੀ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ ਲਾਇਬ੍ਰੇਰੀ ਲਈ 20 ਲੱਖ ਹਾਂਗਕਾਂਗ ਡਾਲਰ ਦੀ ਸੇਵਾ ਕੀਤੀ ਹੈ।
ਇਸ ਸਮੇਂ ਬਿਲਡਿੰਗ ਕਮੇਟੀ ਦੇ ਕਨਵੀਨਰ ਭਾਈ ਗੁਰਦੇਵ ਸਿੰਘ ਗਾਲਿਬ ਨੇ ਡਿਜ਼ੀਟਲ ਲਾਇਬ੍ਰੇਰੀ ਦੀ ਲੋੜ ਅਤੇ ਸਥਾਪਨਾ ਤੱਕ ਵਿਸਥਾਰ ਨਾਲ ਦੱਸਿਆ।
ਉਹਨਾਂ ਇਹ ਵੀ ਦੱਸਿਆ ਕਿ ਇਸ ਵੇਲੇ ਲਾਇਬ੍ਰੇਰੀ ਵਿੱਚ 2000 ਦੇ ਕਰੀਬ ਕਿਤਾਬਾਂ ਮੌਜੂਦ ਹਨ ਤੇ ਇੰਨਾਂ ਦੀ ਗਿਣਤੀ 5000 ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਨਵੀਂ ਸੁਰੂ ਕੀਤੀ ਡਿਜ਼ੀਟਲ ਲਾਇਬ੍ਰੇਰੀ ਵਿੱਚ ਵੀ 100 ਤੋਂ ਉਪਰ ਕਿਤਾਬਾਂ ਆਨਲਾਇਨ ਕਰ ਦਿੱਤੀਆਂ ਗਈਆਂ ਹਨ ਤੇ ਇਨਾਂ ਦੀ ਗਿਣਤੀ ਵੀ 10000 ਕਰਨ ਦਾ ਟੀਚਾ ਹੈ।
ਇਸ ਸਮੇਂ ਡਿਜ਼ੀਟਲ ਲਾਇਬ੍ਰੇਰੀ ਵਿੱਚ ਖਾਸ ਸਹਿਯੋਗ ਕਰਨ ਵਾਲੇ ਸ੍ਰ. ਨਵਤੇਜ ਸਿੰਘ ਅਟਵਾਲ ਨੇ ਵੀ ਡਿਜ਼ੀਟਲ ਲਾਇਬ੍ਰੇਰੀ ਦੇ ਆਨਲਾਈਨ ਪੋਰਟਲ ਦੇ ਕੰਮ ਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ।
ਭਾਈ ਗੁਰਮੇਲ ਸਿੰਘ ਜੀ ਨੇ ਵੀ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਨ ਕੀਤੀਆਂ ਜਾ ਰਹੀਆਂ ਕੋਸਿਸਾਂ ਦਾ ਜਿਕਰ ਕੀਤਾ ਤੇ ਲਾਇਬ੍ਰੇਰੀ ਵੱਲੋਂ ਕਰਵਾਏ ਗਏ ਕਿਤਾਬ ਵਿਸ਼ਲੇਸ਼ਣ (book review) ਮੁਕਾਬਲੇ ਵਿੱਚ ਜੇਤੂ ਬੱਚਿਆਂ ਨੇ ਆਪਣੇ book review ਵੀ ਸੰਗਤ ਅੱਗੇ ਪੇਸ਼ ਕੀਤੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।
ਲਾਇਬ੍ਰੇਰੀ ਟੀਮ ਦੇ ਆਗੂ ਮੈਂਬਰ ਸ੍ਰੀ ਜਾਇਂਗ ਝਵੇਰੀ (Jayang Jhaveri) ਨੇ ਇਸ ਡਿਜ਼ੀਟਲ ਪਲੇਟਫਾਰਮ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਭਾਵੇਂ ਉਹ ਜੈਨ ਧਰਮ ਨਾਲ ਸੰਬੰਧਤ ਰੱਖਦੇ ਹਨ ਪਰ ਸਿੱਖ ਭਾਈਚਾਰੇ ਨਾਲ ਮਿਲ ਕੇ ਇਹ ਸੇਵਾ ਕਰਕੇ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਹੈ।
ਸਮਾਗਮ ਦੇ ਅਖੀਰ ਵਿੱਚ ਲਾਇਬ੍ਰੇਰੀਅਨ ਭਾਈ ਪ੍ਰਿਤਪਾਲ ਸਿੰਘ ਜੀ ਨੇ ਵੱਧ ਤੋਂ ਵੱਧ ਸੰਗਤ ਖਾਸ ਕਰਕੇ ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੁੜਨ ਦੀ ਬੇਨਤੀ ਕੀਤੀ। ਉਨਾਂ ਨੇ ਆਏ ਮਹਿਮਾਨਾਂ ਅਤੇ ਲਾਇਬ੍ਰੇਰੀ ਲਈ ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਸਟੇਜ ਦੀ ਸੇਵਾ ਮਿਸ ਮੁਸਕਾਨ ਸਮਤਾਨੀ ਨੇ ਬਾਖੂਬੀ ਨਿਭਾਈ॥
ਲਾਇਬ੍ਰੇਰੀ ਦੇ ਇਸ ਉਦਘਾਟਨ ਸਮਾਗਮ ਵਿੱਚ ਸ੍ਰ. ਹੈਰੀ ਬੰਗਾ ਚੇਅਰਮੈਨ Executive ਕਮੇਟੀ, ਸ੍ਰ. ਬੂਟਾ ਸਿੰਘ ਬਰਾੜ ਚੇਅਰਮੈਨ ਬਿਲਡਿੰਗ ਕਮੇਟੀ, ਸ੍ਰ ਸੁਖਦੇਵ ਸਿੰਘ ਬਰਾੜ ਮੀਤ ਪ੍ਰਧਾਨ ਮਨੇਜਮੈਂਟ ਕਮੇਟੀ, ਸ੍ਰ. ਜਗਸੀਰ ਸਿੰਘ ਸਕੱਤਰ ਮਨੇਜਮੈਂਟ ਕਮੇਟੀ, ਸ੍ਰ ਨਿਰਮਲ ਸਿੰਘ ਸਾਬਕਾ ਪ੍ਰਧਾਨ, ਸ੍ਰ ਸੁੱਖਾ ਸਿੰਘ ਗਿੱਲ, ਸ੍ਰ ਅਮਰਜੀਤ ਸਿੰਘ ਸਿੱਧੂ, ਸ੍ਰ ਸ਼ਰਨਜੀਤ ਸਿੰਘ, ਸ੍ਰ ਨਿਸ਼ਾਨ ਸਿੰਘ ਮੁੰਡਾ ਪਿੰਡ, ਕਮੇਟੀ ਮੈਂਬਰਾਂ ਅਤੇ ਹੋਰ ਵੀ ਬਹੁਤ ਸਾਰੇ ਪੱਤਵੰਤੇ ਸੱਜਣਾ ਨੇ ਭਾਗ ਲਿਆ।