ਹਾਂਗਕਾਂਗ (ਏਜੰਸੀ)-ਹਾਂਗਕਾਂਗ ‘ਚ ‘ਦ ਸਕੂਰਾ’ ਨਾਂਅ ਦੇ ਦੁਰਲੱਭ ਬੈਂਗਣੀ-ਗੁਲਾਬੀ ਹੀਰੇ ਨੂੰ ਨਿਲਾਮ ਕੀਤਾ ਗਿਆ | ਕ੍ਰਿਸਟੀਜ਼ ਜਵੈਲਰੀ ਡਿਪਾਰਟਮੈਂਟ ਵਲੋਂ ਕਰਵਾਈ ਨਿਲਾਮੀ ‘ਚ ਇਸ ਹੀਰੇ ਨੂੰ ਕਰੀਬ 213 ਕਰੋੜ ਰੁਪਏ ‘ਚ ਖ਼ਰੀਦਿਆ ਗਿਆ | ਇਸ ਦੀ ਖ਼ਾਸ ਗੱਲ ਹੈ ਕਿ ਇਹ ਸਭ ਤੋਂ ਵੱਡਾ ਬੈਂਗਣੀ-ਗੁਲਾਬੀ ਹੀਰਾ ਹੈ | ਇਸ ਹੀਰੇ ਦਾ ਭਾਰ 15.18 ਕੈਰੇਟ ਦਾ ਹੈ | ਇਸ ਹੀਰੇ ਨੂੰ ਪਲੇਟੀਨਮ ਤੇ ਸੋਨੇ ਦੀ ਅੰਗੂਠੀ ‘ਚ ਜੜ੍ਹ ਕੇ ਨਿਲਾਮ ਕੀਤਾ ਗਿਆ | ਜਵੈਲਰੀ ਡਿਪਾਰਟਮੈਂਟ ਦੇ ਵਿਕੀ ਸੇਕ ਨੇ ਦੱਸਿਆ ਕਿ ਨਿਲਾਮੀ ਦੌਰਾਨ ਇਹ ਹੀਰਾ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ | ਇਕ ਸਾਲ ਪਹਿਲਾਂ 14.8 ਕੈਰੇਟ ਦੇ ਬੈਂਗਣੀ ਹੀਰੇ ‘ਦ ਸਪਿਰਿਟ ਆਫ਼ ਰੋਜ਼’ ਦੀ ਨਿਲਾਮੀ ਕੀਤੀ ਗਈ ਸੀ, ਜਿਸ ‘ਚ ਇਸ ਹੀਰੇ ਨੂੰ 196 ਕਰੋੜ ਰੁਪਏ ‘ਚ ਵੇਚਿਆ ਗਿਆ | ‘ਦ ਸਕੂਰਾ’ ਭਾਰ ਤੇ ਕੀਮਤ ਦੋਵਾਂ ‘ਚ ਹੀ ਉਸ ‘ਤੇ ਭਾਰੀ ਪਿਆ ਅਤੇ ‘ਸਪਿਰਿਟ ਆਫ਼ ਰੋਜ਼’ ਦਾ ਰਿਕਾਰਡ ਤੋੜ ਦਿੱਤਾ | ਇਸ ਦੀ ਬੋਲੀ ਇਕ ਏਸ਼ਿਆਈ ਗਾਹਕ ਨੇ ਲਗਾਈ, ਹਾਲਾਂਕਿ ਉਸ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ |