ਸੰਸਾਰ ਵਿਚ ਅਨੇਕਾਂ ਕਿਸਮਾਂ ਦੇ ਜਾਨਵਰ ਹਨ। ਕੱਛੂਕੁੰਮਾ (Turtle) ਉਨ੍ਹਾਂ ਵਿਚੋਂ ਇਕ ਹੈ, ਪਰ ਕਈ ਤਰ੍ਹਾਂ ਨਾਲ ਕੱਛੂਕੁੰਮਾ ਆਮ ਜਾਨਵਰਾਂ ਨਾਲੋਂ ਵੱਖਰਾ ਹੁੰਦਾ ਹੈ। ਧਰਤੀ ’ਤੇ ਸਭ ਤੋਂ ਲੰਬੇ ਸਮੇਂ ਤਕ ਜਿਉਣ ਵਾਲਾ ਜੀਵ ਵੀ ਕੱਛੂਕੁੰਮਾ ਹੀ ਹੁੰਦਾ ਹੈ। ਪੰਜਾਬ ਦੇ ਦਰਿਆਵਾਂ ਵਿਚ ਮਿਲਣ ਵਾਲੇ ਕੱਛੂਕੁੰਮਾ ਦੀ ਕਿਸਮ ਨੂੰ ਆਈ.ਯੂ.ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ) ਨੇ ਖ਼ਤਰੇ ਵਾਲੀ ਪ੍ਰਜਾਤੀ ਐਲਾਨਿਆ ਹੋਇਆ ਹੈ। ਇਹ ਹੈ ਤੰਗ-ਸਿਰ ਤੇ ਨਰਮ-ਸ਼ੈੱਲ ਵਾਲਾ ਕੱਛੂਕੁੰਮਾ ਹੈ ਜਿਸ ਨੂੰ ਅੰਗਰੇਜ਼ੀ ਵਿਚ ‘Narrow-headed Soft-shell Turtle’ ਕਹਿੰਦੇ ਹਨ।
ਇਹ ਭਾਰਤ ਵਿਚ ਗੋਦਾਵਰੀ, ਗੰਗਾ, ਮਹਾਨਦੀ, ਸਿੰਧ, ਪੰਜਾਬ ਵਿਚ ਬਿਆਸ, ਸਤਲੁਜ ਦਰਿਆ, ਅਸਾਮ, ਨੇਪਾਲ ਅਤੇ ਪਾਕਿਸਤਾਨ ਦੀਆਂ ਨਦੀਆਂ ਵਿਚ ਮਿਲਦਾ ਹੈ। ਪੰਜਾਬ ਵਿਚ ਇਹ ਹਰੀਕੇ, ਰੋਪੜ ਅਤੇ ਨੰਗਲ ਦੀਆਂ ਨਮ ਧਰਤੀਆਂ ਵਿਚ ਮਿਲਦਾ ਹੈ। ਇਸਦਾ ਕਿਸੇ ਵੇਲੇ ਉੱਤਰ ਭਾਰਤ ਵਿਚ ਵੱਡੇ ਪੱਧਰ ’ਤੇ ਸ਼ਿਕਾਰ ਕੀਤਾ ਜਾਂਦਾ ਸੀ ਕਿਉਂਕਿ ਜ਼ਿਆਦਾਤਰ ਇਸਦੇ ਬਾਹਰੀ ਕਵਚ ਨੂੰ ਦੂਸਰੇ ਕੱਛੂਆਂ ਦੀਆਂ ਪ੍ਰਜਾਤੀਆਂ ਦੇ ਮੁਕਾਬਲੇ ਵਧੇਰੇ ਚਰਬੀ ਵਾਲੀ ਸਮੱਗਰੀ ਦਾ ਮੂਲ ਸਰੋਤ ਸਮਝਿਆ ਜਾਂਦਾ ਹੈ। ਚੀਨ ਵਿਚ ਇਸਨੂੰ ਹੁਣ ਤਕ ਰਵਾਇਤੀ ਚੀਨੀ ਦਵਾਈ ਅਤੇ ਇਕ ਲਗਜ਼ਰੀ ਭੋਜਨ ਲਈ ਵਰਤਿਆ ਜਾਂਦਾ ਹੈ, ਜਿਸ ਵਿਚ ਚੀਨ ਦੇ ਲੋਕ ਇਸਨੂੰ ਸੂਪ ਦਾ ਆਧਾਰ ਮਨ ਕੇ ਬੜੇ ਸਵਾਦ ਨਾਲ ਪੀਂਦੇ ਹਨ।
ਇਹ ਕੱਛੂਕੁੰਮਾ ਗਹਿਰੇ ਪਾਣੀ ਵਿਚ ਰਹਿਣ ਨੂੰ ਤਰਜੀਹ ਦਿੰਦਾ ਹੈ ਅਤੇ ਇਹ ਰੇਤ ਦੇ ਥੱਲੇ ਪਾਣੀ ਵਿਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਜ਼ਿਆਦਾ ਸਮਾਂ ਰੇਤ ਹੇਠ ਬਿਤਾਉਣ ਕਾਰਨ ਕਈ ਵਾਰ ਸਿਰਫ਼ ਉਨ੍ਹਾਂ ਦੇ ਨੱਕ ਦੀ ਨੋਕ ਹੀ ਬਾਹਰ ਨੂੰ ਦਿਖਦੀ ਹੈ। ਇਸ ਤਰ੍ਹਾਂ ਕਰਕੇ ਇਹ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਜਦੋਂ ਸ਼ਿਕਾਰ ਨੇੜੇ ਆਉਂਦਾ ਹੈ ਤਾਂ ਉਹ ਆਪਣਾ ਸਿਰ ਬਾਹਰ ਕੱਢ ਲੈਂਦੇ ਹਨ ਅਤੇ ਸ਼ਿਕਾਰ ਨੂੰ ਫੜ ਲੈਂਦੇ ਹਨ। ਇਨ੍ਹਾਂ ਦੀ ਖੁਰਾਕ ਵਿਚ ਮੱਛੀ, ਡੱਡੂ, ਖੋਪੜੀਦਾਰ ਜੀਵ ਅਤੇ ਘੋਗੇ ਸ਼ਾਮਲ ਹਨ।
ਇਹ ਇਕ ਵੱਡੇ ਆਕਾਰ ਦਾ ਕੱਛੂ ਹੈ, ਜਿਸਦਾ ਇਕ ਆਇਤਾਕਾਰ ਸ਼ੈੱਲ (ਕਵਚ) ਹੁੰਦਾ ਹੈ। ਸ਼ੈੱਲ ਦੀ ਵੱਧ ਤੋਂ ਵੱਧ ਲੰਬਾਈ 45 ਇੰਚ ਹੁੰਦੀ ਹੈ ਅਤੇ ਸਰੀਰ ਦਾ ਭਾਰ 260 ਪੌਂਡ (118 ਕਿਲੋ) ਹੁੰਦਾ ਹੈ। ਨਰ ਕੱਛੂਕੁੰਮਾ ਦੀ ਪੂਛ ਮਾਦਾ ਕੱਛੂਕੁੰਮਾ ਨਾਲੋਂ ਮੁਕਾਬਲੇ ਵਿਚ ਆਮ ਤੌਰ ’ਤੇ ਲੰਬੀ ਹੁੰਦੀ ਹੈ, ਜਦੋਂਕਿ ਮਾਦਾ ਸਾਈਜ਼ ਵਿਚ ਨਰ ਨਾਲੋਂ ਵੱਡੀ ਹੁੰਦੀ ਹੈ। ਇਸਦੇ ਸਰੀਰ ਦਾ ਸਮੁੱਚਾ ਰੰਗ ਜੈਤੂਨ ਦੇ ਹਰੇ ਰੰਗ ਵਰਗਾ ਹੁੰਦਾ ਹੈ। ਮਾਦਾ ਨੂੰ ਪਾਣੀ ਦੇ ਕੰਢਿਆਂ ਲਾਗੇ ਆਲ੍ਹਣਾ ਲੱਭਣ ਅਤੇ ਆਂਡੇ ਦੇਣ ਲਈ ਰੇਤਲੀ ਜਾਂ ਰੇਹ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਮਾਦਾ ਕੱਛੂਕੁੰਮਾ ਅਗਸਤ ਤੋਂ ਮੱਧ-ਸਤੰਬਰ ਤਕ ਪਾਣੀ ਦੇ ਨੇੜੇ ਮਿੱਟੀ ਪੁੱਟ ਕੇ ਆਪਣਾ ਆਲ੍ਹਣਾ ਬਣਾਉਂਦੀ ਹੈ। ਮਾਦਾ ਵੱਲੋਂ ਆਂਡੇ ਦੇਣ ਤੋਂ ਬਾਅਦ ਆਮ ਤੌਰ ’ਤੇ ਬੱਚੇ ਨਿਕਲਣ ਲਈ 25.5 ਤੋਂ 36 ਡਿਗਰੀ ਸੈਲਸੀਅਸ ਤਾਪਮਾਨ ਤੇ 40-70 ਦਿਨ ਲੱਗ ਜਾਂਦੇ ਹਨ। ਬੱਚੇ ਕਾਫ਼ੀ ਹੱਦ ਤਕ ਆਪਣੇ ਨਿਰੰਤਰ ਵਿਕਾਸ ਦਾ ਕੰਮ ਆਪ ਹੀ ਕਰਦੇ ਹਨ। ਇਨ੍ਹਾਂ ਕੱਛੂਆਂ ਦੇ ਆਂਡਿਆਂ ਅਤੇ ਛੋਟੇ ਬੱਚਿਆਂ ’ਤੇ ਮਨੁੱਖ, ਗਿੱਦੜ, ਕੁੱਤੇ ਅਤੇ ਮੌਨੀਟਰ ਲਿਜਰਡ ਹਮੇਸ਼ਾਂ ਮਾੜੀ ਨਜ਼ਰ ਰੱਖਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕੱਛੂਕੁੰਮਾ ਦੇ ਇਕ ਸੌ ਤੋਂ ਵੱਧ ਬੱਚੇ ਹੁੰਦੇ ਹਨ, ਪਰ ਸੰਭਾਵਤ ਤੌਰ ’ਤੇ ਵਿਆਪਕ ਮਨੁੱਖੀ ਸ਼ਿਕਾਰ ਅਤੇ ਸ਼ੋਸ਼ਣ ਦੇ ਨਾਲ ਨਾਲ ਨਿਵਾਸ ਅਤੇ ਆਬਾਦੀ ਦੇ ਨਿਰੰਤਰ ਵਿਕਾਸ ਕਾਰਨ ਇਸ ਦੀ ਗਿਣਤੀ ਦਿਨ-ਬ-ਦਿਨ ਖ਼ਤਰੇ ਵੱਲ ਵਧ ਰਹੀ ਹੈ। ਇਸ ਲਈ ਹੀ ਆਈ.ਯੂ.ਸੀ.ਐੱਨ. ਨੇ ਇਸਨੂੰ ਆਪਣੀ ਲਾਲ ਸੂਚੀ ਵਿਚ ਸੂਚੀਬੱਧ ਕੀਤਾ ਹੈ ਅਤੇ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ,1972 ਦੀ ਅਨੁਸੂਚੀ 99 ਵਿਚ ਰੱਖਿਆ ਗਿਆ ਹੈ। ਭਾਰਤ ਵਿਚ ਇਸ ਨੂੰ ਬਿਨਾਂ ਰੁਕਾਵਟ ਦਰਿਆਵਾਂ, ਉਨ੍ਹਾਂ ਦੀਆਂ ਸਹਾਇਕ ਨਦੀਆਂ ਅਤੇ ਛੋਟੇ ਖਾਲਾਂ ਤੋਂ ਸ਼ਿਕਾਰੀਆਂ ਵੱਲੋਂ ਫੜਨ ਲਈ ਯਤਨ ਕੀਤੇ ਜਾਂਦੇ ਹਨ। ਬੇਸ਼ੱਕ ਪੰਜਾਬ ਵਿਚ ਇਨ੍ਹਾਂ ਦੇ ਸ਼ੋਸ਼ਣ ਦੇ ਕੇਸ ਨਾਂਮਾਤਰ ਹਨ, ਪਰ ਇਨ੍ਹਾਂ ਦੇ ਆਲ੍ਹਣਿਆਂ ਲਈ ਥਾਂ ਅਤੇ ਨਮ ਧਰਤੀ ਦੇ ਆਲੇ-ਦਆਲੇ ਨਾਜਾਇਜ਼ ਕਬਜ਼ੇ ਰੋਕਣ ਦੀ ਲੋੜ ਹੈ ਤਾਂ ਕਿ ਇਹ ਸ਼ਾਂਤੀ ਨਾਲ ਰਹਿ ਸਕਣ।
ਗੁਰਮੀਤ ਸਿੰਘ* *ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910