ਹਾਂਗਕਾਂਗ ਦੀਆਂ ਲਾਈਬ੍ਰੇਰੀਆਂ, ਖੇਡ ਕੇਂਦਰ ਅਤੇ ਅਜਾਇਬਘਰ ਬੰਦ

0
867

ਹਾਂਗਕਾਂਗ(ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਹਾਂਗਕਾਂਗ ਵਿਚ ਖ਼ਤਰਨਾਕ ਪੱਧਰ ‘ਤੇ ਹੋ ਰਹੇ ਫੈਲਾਅ ਨੂੰ ਵੇਖਦਿਆਂ ਲਾਈਬ੍ਰੇਰੀਆਂ, ਖੇਡ ਕੇਂਦਰਾਂ, ਅਜਾਇਬ ਘਰਾਂ ਦੀਆਂ ਸੇਵਾਵਾਂ ਨੂੰ ਦੁਬਾਰਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ | ਹਾਂਗਕਾਂਗ ਦੇ ਕਰੀਬ ਇਕ 1,80,000 ਸਰਕਾਰੀ ਕਰਮਚਾਰੀਆਂ ਨੂੰ ਘਰਾਂ ਵਿਚੋਂ ਹੀ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | 20 ਅਪ੍ਰੈਲ ਨੂੰ ਖੁੱਲ੍ਹਣ ਵਾਲੇ ਹਾਂਗਕਾਂਗ ਦੇ ਸਾਰੇ ਵਿੱਦਿਅਕ ਅਦਾਰੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾ ਚੁੱਕੇ ਅਤੇ ਡਿਪਲੋਮਾ ਆਫ਼ ਸੈਕੰਡਰੀ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਗਈਆਂ ਹਨ | ਮਹਾਂਮਾਰੀ ਦੇ ਫੈਲਾਅ ਦੀ ਗੰਭੀਰਤਾ ਨੂੰ ਵੇਖਦਿਆਂ ਹਾਂਗਕਾਂਗ ਮੁਖੀ ਵਲੋਂ ਹਾਂਗਕਾਂਗ ਵਾਪਸੀ ਕਰਨ ਵਾਲੇ ਨਿਵਾਸੀਆਂ ਅਤੇ ਯਾਤਰੂਆਂ ਦੇ ਕੋਰੋਨਾ ਵਾਇਰਸ ਦੇ ਟੈਸਟ ਦੀ ਜਾਂਚ ਨੂੰ ਲਾਜ਼ਮੀ ਕੀਤਾ ਜਾ ਚੁੱਕਾ ਹੈ ਭਾਵੇਂ ਉਨ੍ਹਾਂ ‘ਚ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹੋਣ ਜਾਂ ਨਾ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੀਨ ਤੋਂ ਫੈਲ ਰਹੀ ਮਹਾਂਮਾਰੀ ਦੇ ਮਾਮਲੇ ਘਟਣ ਤੇ ਹਾਂਗਕਾਂਗ ਸਰਕਾਰ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਜਨਤਕ ਤੌਰ ‘ਤੇ ਆਮ ਕੀਤਾ ਗਿਆ ਸੀ ਅਤੇ ਪਹਿਲੇ ਪੜਾਅ ਅਧੀਨ ਲਾਈਬ੍ਰੇਰੀਆਂ, ਖੇਡਾਂ ਕੇਂਦਰਾਂ ਅਤੇ ਅਜਾਇਬਘਰਾਂ ਨੂੰ ਖੋਲਿ੍ਹਆ ਗਿਆ ਸੀ ਪਰ ਯੂਰਪੀਨ ਦੇਸ਼ਾਂ ਤੋਂ ਮਹਾਂਮਾਰੀ ਦੀ ਲਾਗ ਵਾਲੇ ਯਾਤਰੂਆਂ ਦੇ ਮਾਮਲਿਆਂ ਵਿਚ ਬੀਤੇ ਹਫ਼ਤੇ ਇਕ ਦਮ ਹੋਏ ਵਾਧੇ ਕਾਰਨ ਹਾਂਗਕਾਂਗ ਸਰਕਾਰ ਵਲੋਂ ਉਕਤ ਸਾਰੀਆਂ ਸੇਵਾਵਾਂ ਨੂੰ ਇਹਤਿਆਤ ਰੱਦ ਕੀਤਾ ਗਿਆ | ਹਾਂਗਕਾਂਗ ਵਿਚ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 273 ਮਾਮਲੇ ਹੋ ਚੁੱਕੇ ਹਨ |