ਜਦੋਂ ਕਾਮਰੇਡ ਸੁਤੰਤਰ ਨੇ ਡੀ ਸੀ ਤੇ ਰਿਵਾਲਰਵ ਤਾਣਿਆ!!

0
373

ਸੰਗਰੂਰ : ਹੁਣ ਜੇ ਦੇਸ਼ ਪੱਧਰ ‘ਤੇ ਚੋਣਾਂ ਵਿਚ ਧਾਂਦਲੀਆਂ ਹੋ ਰਹੀਆਂ ਹਨ, ਇਹ ਹੁਣੇ ਪੈਦਾ ਨਹੀਂ ਹੋਈਆਂ, ਸਗੋਂ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਹ ਗੱਲ 1971 ਦੀ ਹੈ, ਜਦੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੀਪੀਆਈ ਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਤੇਜਾ ਸਿੰਘ ਸੁਤੰਤਰ ਸਨ ਤੇ ਉਨ੍ਹਾਂ ਦੀ ਚੋਣ ਮੁਹਿੰਮ ਸ਼੍ਰੋਮਣੀ ਅਕਾਲੀ ਦਲ ਨਾਲ ਏਨੀ ਖਹਿ ਕੇ ਚੱਲੀ ਸੀ ਕਿ ਵੋਟਾਂ ਦਾ ਫ਼ਰਕ 210 ਵੋਟਾਂ ‘ਤੇ ਆ ਗਿਆ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦੇਵ ਸਿੰਘ ਮਾਨ ਉਮੀਦਵਾਰ ਸਨ ਤੇ ਉਹ ਸੁਰਜੀਤ ਸਿੰਘ ਬਰਨਾਲਾ ਨੇੜੇ ਸਨ। ਬਰਨਾਲਾ ਚਾਹੁੰਦੇ ਸਨ ਕਿ ਕੁਝ ਵੀ ਹੋਵੇ ਬਲਦੇਵ ਸਿੰਘ ਮਾਨ ਨੂੰ ਇਹ ਚੋਣ ਜਿਤਾਈ ਜਾਵੇ। ਉਨ੍ਹਾਂ ਨੇ ਪ੍ਰਚਾਰ ਦੌਰਾਨ ਰਾਤ-ਦਿਨ ਤਾਂ ਇਕ ਕੀਤਾ ਹੀ ਤੇ ਉਹ ਜੋ ਕੁਝ ਵੀ ਕਰ ਸਕਦੇ ਸੀ, ਕੀਤਾ। ਉਸ ਵੇਲੇ ਲੋਕ ਸਭਾ ਹਲਕਾ ਸੰਗਰੂਰ ਵਿਚ ਵਿਧਾਨ ਸਭਾ ਹਲਕਾ ਫੂਲ ਪੈਂਦਾ ਹੁੰਦਾ ਸੀ ਤੇ ਉਸ ‘ਤੇ ਸੀਪੀਆਈ ਦਾ ਜ਼ੋਰ ਸੀ। ਉਸ ਜ਼ੋਰ ਕਾਰਨ ਤੇਜਾ ਸਿੰਘ ਸੁਤੰਤਰ ਮੁਕਾਬਲੇ ਵਿਚ ਆਏ ਸਨ ਪਰ ਜਦੋਂ ਗਿਣਤੀ ਅਖੀਰਲੇ ਪੜਾਅ ‘ਤੇ ਆਈ ਤਾਂ ਪ੍ਰਕਾਸ਼ ਸਿੰਘ ਬਾਦਲ, ਜੋ ਉਸ ਸਮੇਂ ਮੁੱਖ ਮੰਤਰੀ ਸਨ, ਨੇ ਸਿਆਸੀ ਦਬਦਬਾ ਵਰਤਿਆ ਤੇ ਸੁਰਜੀਤ ਸਿੰਘ ਬਰਨਾਲਾ ਖੁਦ ਸੰਗਰੂਰ ਵਿਖੇ ਬਲਦੇਵ ਸਿੰਘ ਮਾਨ ਨੂੰ ਚੋਣ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸੀ। ਇਹ ਸਿੱਟਾ ਨਿਕਲਿਆ ਕਿ ਡੀਸੀ ਚਰਨ ਦਾਸ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਉਹ 210 ਵੋਟਾਂ ਦੇ ਫ਼ਰਕ ਨਾਲ ਬਲਦੇਵ ਸਿੰਘ ਮਾਨ ਵੱਲੋਂ ਚੋਣ ਜਿੱਤੇ ਜਾਣ ਦਾ ਐਲਾਨ ਕਰਨ ਤੇ ਤੇਜਾ ਸਿੰਘ ਸੁਤੰਤਰ ਨੂੰ ਹਾਰਿਆ ਐਲਾਨ ਦੇਣ।
ਇਸ ਗੱਲ ਦਾ ਪਤਾ ਸੁਤੰਤਰ ਨੂੰ ਵੀ ਲੱਗ ਗਿਆ। ਉਹ ਡਿਪਟੀ ਕਮਿਸ਼ਨਰ ਚਰਨ ਦਾਸ ਦੇ ਕੋਲ ਬੈਠੇ ਸਨ। ਮੌਕਾ ਹੱਥੋਂ ਜਾਂਦਾ ਦੇਖ ਕੇ ਉਨ੍ਹਾਂ ਨੇ ਆਪਣਾ ਰਿਵਾਲਵਰ ਕੱਿਢਆ ਤੇ ਡੀਸੀ ਚਰਨ ਦਾਸ ਦੀ ਬੱਖੀ ਨਾਲ ਲਾ ਲਿਆ ਤੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ, ”ਮੈਂ ਬਹੁਤ ਬੁੱਢਾ ਹੋ ਗਿਆ ਹਾਂ। ਤੁਸੀਂ ਮੈਨੂੰ ਸਿਆਸੀ ਤੌਰ ‘ਤੇ ਮਾਰ ਰਹੇ ਹੋ, ਇਸ ਲਈ ਮੈਂ ਇਹ ਮੌਤ ਮਰਨ ਦੀ ਬਜਾਏ ਜੇਲ੍ਹ ਵਿਚ ਸੜ ਗਲ ਕੇ ਮਰਨਾ ਬਿਹਤਰ ਸਮਝਾਂਗਾ ਪਰ ਮੈਂ ਕਾਮਰੇਡ ਹਾਂ, ਦਿਨ-ਦਿਹਾੜੇ ਆਪਣੇ ਹੱਕਾਂ ‘ਤੇ ਡਾਕਾ ਨਹੀਂ ਮਾਰਨ ਦੇਵਾਂਗਾ।”

ਡਿਪਟੀ ਕਮਿਸ਼ਨਰ ਬੱਖੀ ਨਾਲ ਰਿਵਾਲਵਰ ਲਗਦਿਆਂ ਹੀ ਪਾਣੀ ਪਾਣੀ ਹੋ ਗਿਆ ਤੇ ਉਸ ਨੇ ਆਪਣੇ ਅੱਗੇ ਪਏ ਮਾਈਕ ‘ਤੇ ਐਲਾਨ ਕਰ ਦਿੱਤਾ ਕਿ 210 ਵੋਟਾਂ ਦੇ ਫ਼ਰਕ ਨਾਲ ਤੇਜਾ ਸਿੰਘ ਸੁਤੰਤਰ ਚੋਣ ਜਿੱਤ ਗਏ ਹਨ ਤੇ ਬਲਦੇਵ ਸਿੰਘ ਮਾਨ ਨੂੰ ਹਾਰਿਆ ਹੋਇਆ ਉਮੀਦਵਾਰ ਕਰਾਰ ਦਿੰਦਾ ਹਾਂ। ਗੱਲ ਇੱਥੇ ਹੀ ਬੱਸ ਨਹੀਂ ਤੇਜਾ ਸਿੰਘ ਸੁਤੰਤਰ ਆਪਣੀ ਜਿੱਤ ਦਾ ਸਰਟੀਫਿਕੇਟ ਲੈ ਕੇ ਗਿਣਤੀ ਕੇਂਦਰ ਵਿੱਚੋਂ ਬਾਹਰ ਆਏ। ਬਾਹਰ ਸੀਪੀਆਈ ਦੇ ਆਗੂ ਤੇ ਵਰਕਰ ਹਜ਼ਾਰਾਂ ਦੀ ਗਿਣਤੀ ਵਿਚ ਖੜੇ੍ਹ ਸਨ, ਜਿਹੜੇ ਜੇਤੂ ਤੇਜਾ ਸਿੰਘ ਸੁਤੰਤਰ ਨੂੰ ਨਾਲ ਲੈ ਕੇ ਨਾਅਰੇ ਮਾਰਦੇ ਹੋਏ ਚਲੇ ਗਏ।
ਦੱਸਿਆ ਜਾਂਦਾ ਹੈ ਕਿ ਇਹ ਚੋਣ ਵਿਚ ਸੀਪੀਐੱਮ ਦੇ ਉਮੀਦਵਾਰ ਹਰਨਾਮ ਸਿੰਘ ਚਮਕ ਸਨ ਤੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਬੰਗਲਾਦੇਸ਼ ਵਿਚ ਪਾਕਿਸਤਾਨ ਦੀਆਂ ਫੌਜਾਂ ਤੋਂ ਹਥਿਆਰ ਸੁਟਵਾਉਣ ਵਾਲੇ ਜਨਰਲ ਹਰਬਖ਼ਸ਼ ਸਿੰਘ ਕਿਸਾਨ ਯੂਨੀਅਨ ਦੀ ਹਮਾਇਤ ਨਾਲ ਚੋਣ ਲੜੇ ਸਨ।