ਹਾਂਗਕਾਂਗ ਵਿਚ ਅੰਤਰਰਾਸ਼ਟਰੀ ਦਸਤਾਰ ਦਿਵਸ ਸਬੰਧੀ ਸਮਾਗਮਾਂ ਦੀ ਸ਼ੁਰੂਆਤ

0
495

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਦਸਤਾਰ ਦਿਵਸ ਸਬੰਧੀ ਦੋ ਪੜਾਵੀ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਪਹਿਲੇ ਪੜਾਅ ਅਧੀਨ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ 7 ਸਾਲ ਤੋਂ ਘੱਟ ਉਮਰ ਵਿਚ ਹਰਵੀਰ ਸਿੰਘ ਵਲੋਂ ਪਹਿਲਾ ਸਥਾਨ 8 ਤੋਂ 10 ਸਾਲ ਦੇ ਵਰਗ ਵਿਚ ਮਨਸਹਿਜ ਸਿੰਘ ਵਲੋਂ ਪਹਿਲਾ ਅਤੇ ਕਰਮਵੀਰ ਕੌਰ ਵਲੋਂ ਦੂਸਰਾ, 11 ਤੋਂ 13 ਸਾਲ ਵਰਗ ਦੇ ਮੁਕਾਬਲੇ ਵਿਚ ਹਰਮਨ ਸਿੰਘ ਵਲੋਂ ਪਹਿਲਾ ਅਤੇ ਸੁਖਰਾਜ ਸਿੰਘ ਵਲੋਂ ਦੂਸਰਾ ਅਤੇ 14 ਸਾਲ ਤੋਂ ਉੱਪਰ ਦੇ ਵਰਗ ਵਿਚ ਦਿਲਜੀਤ ਸਿੰਘ ਵਲੋਂ ਪਹਿਲਾ, ਨਵਕਰਨ ਸਿੰਘ ਵਲੋਂ ਦੂਸਰਾ ਅਤੇ ਪ੍ਰਭਰੂਪ ਸਿੰਘ ਵਲੋਂ ਤੀਸਰਾ ਇਨਾਮ ਪ੍ਰਾਪਤ ਕੀਤਾ ਗਿਆ | ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ ਅਤੇ ਦਸਤਾਰਾਂ ਸਜਾਉਣ ਦੇ ਇਛੁੱਕ ਨੌਜਵਾਨਾਂ ਨੂੰ ਮੁਫ਼ਤ ਦਸਤਾਰਾਂ ਦੀ ਵੰਡ ਕੀਤੀ ਗਈ |
ਦਸਤਾਰ ਦੀ ਸਿੱਖ ਸਮਾਜ ਵਿਚ ਭੂਮਿਕਾ ਅਤੇ ਦਸਤਾਰਧਾਰੀਆਂ ਵਲੋਂ ਵਿਸ਼ਵ ਪੱਧਰ ‘ਤੇ ਪਾਏ ਯੋਗਦਾਨ ਬਾਰੇ ਬੀਬੀ ਸੁਰਚਨਾ ਕੌਰ ਵਲੋਂ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ | ਪ੍ਰਧਾਨ ਖ਼ਾਲਸਾ ਦੀਵਾਨ ਦਲਜੀਤ ਸਿੰਘ ਜ਼ੀਰਾ ਸਮੇਤ ਹਾਂਗਕਾਂਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਅੰਤਰਰਾਸ਼ਟਰੀ ਦਸਤਾਰ ਦਿਵਸ ਨਾਲ ਸਬੰਧਿਤ ਦੂਸਰੇ ਪੜਾਅ ਅਧੀਨ ਸਮਾਗਮ ਸਟਾਰ ਫੈਰੀ, ਚਿਮ ਚਾ ਸ਼ੂਈ ਵਿਖੇ 24 ਮਾਰਚ ਨੂੰ ਕਰਵਾਇਆ ਜਾਵੇਗਾ, ਜਿਸ ਵਿਚ ਵਿਦੇਸ਼ੀ ਸੈਲਾਨੀਆਂ ਨੂੰ ਦਸਤਾਰ ਅਤੇ ਸਿੱਖ ਪ੍ਰਰੰਪਰਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ |