ਮਾਂ ਬੱਚੇ ਨੂੰ ਏਅਰਪੋਰਟ ‘ਤੇ ਭੁੱਲ, ਜਹਾਜ਼ ‘ਚ ਸਵਾਰ ਹੋਈ

0
642

ਜੇੱਦਾ : ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਇਕ ਔਰਤ ਗ਼ਲਤੀ ਨਾਲ ਆਪਣੇ ਬੱਚੇ ਨੂੰ ਛੱਡ ਕੇ ਜਹਾਜ਼ ‘ਚ ਸਵਾਰ ਹੋ ਗਈ। ਇਸ ਦਾ ਪਤਾ ਲੱਗਣ ‘ਤੇ ਜਹਾਜ਼ ਨੂੰ ਵਾਪਸ ਮੋੜਨਾ ਪਿਆ। ਹਾਲੇ ਇਹ ਸਪਸ਼ਟ ਨਹੀਂ ਹੈ ਕਿ ਜੇੱਦਾ ਸ਼ਹਿਰ ਸਥਿਤ ਅਬਦੁਲਾਜੀਜ਼ ਇੰਟਰਨੈਸ਼ਨਲ ਏਅਰਪੋਰਟ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਜਾ ਰਿਹਾ ਉਹ ਜਹਾਜ਼ ਉਡਾਣ ਭਰ ਚੁੱਕਾ ਸੀ ਜਾਂ ਰਨਵੇ ‘ਤੇ ਹੀ ਸੀ। ਜਹਾਜ਼ ‘ਚ ਚੜ੍ਹਨ ਤੋਂ ਬਾਅਦ ਆਪਣੇ ਬੱਚੇ ਨੂੰ ਨਾਲ ਨਾ ਵੇਖ ਕੇ ਉਹ ਮਹਿਲਾ ਘਬਰਾ ਗਈ। ਉਸ ਨੇ ਤੁਰੰਤ ਹੀ ਜਹਾਜ਼ ਦੇ ਅਮਲਾ ਦਲ ਨੂੰ ਇਸ ਦੀ ਸੂਚਨਾ ਦਿੱਤੀ।

ਇਸ ਤੋਂ ਬਾਅਦ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਤੋਂ ਜਹਾਜ਼ ਨੂੰ ਵਾਪਸ ਮੋੜਨ ਦੀ ਇਜਾਜ਼ਤ ਮੰਗੀ। ਕੰਟਰੋਲਰ ਦੀ ਇਜਾਜ਼ਤ ਮਿਲਣ ‘ਤੇ ਉਹ ਜਹਾਜ਼ ਨੂੰ ਏਅਰਪੋਰਟ ਦੇ ਗੇਟ ਕੋਲ ਵਾਪਸ ਲੈ ਗਿਆ। ਪਾਇਲਟ ਤੇ ਕੰਟਰੋਲਰ ਦੀ ਗੱਲਬਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਪਾਇਲਟ ਪਹਿਲਾਂ ਤਾਂ ਭਗਵਾਨ ਨੂੰ ਯਾਦ ਕਰਦਾ ਹੈ। ਉਸ ਤੋਂ ਬਾਅਦ ਉਸ ਨੇ ਕੰਟਰੋਲਰ ਨੂੰ ਪੁੱਛਿਆ ਕਿ ਕੀ ਅਸੀਂ ਵਾਪਸ ਆ ਸਕਦੇ ਹਾਂ? ਇਸ ਦਾ ਜਵਾਬ ਦਿੰਦਿਆਂ ਕੰਟਰੋਲਰ ਨੇ ਕਿਹਾ, ‘ਹਾਂ, ਤੁਸੀਂ ਗੇਟ ‘ਤੇ ਵਾਪਸ ਆ ਜਾਓ।’ ਘਟਨਾ ਤੋਂ ਹੈਰਾਨ ਇਕ ਕੰਟਰੋਲਰ ਵੀਡੀਓ ‘ਚ ਕਹਿ ਰਿਹਾ ਹੈ ਕਿ ਇਹ ਉਸ ਲਈ ਨਵਾਂ ਅਨੁਭਵ ਹੈ।