ਆਉਂਦੀ ਇੱਕ ਫ਼ਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਅੰਤ੍ਰਿਮ ਬਜਟ ਪੇਸ਼ ਕਰੇਗੀ। ਇਸ ਵਾਰ ਦਾ ਇਹ ਅੰਤ੍ਰਿਮ ਬਜਟ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਪੇਸ਼ ਕਰਨਗੇ ਕਿਉਂਕਿ ਅਰੁਣ ਜੇਟਲੀ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਇਲਾਜ ਲਈ ਵਿਦੇਸ਼ ਗਏ ਹੋਏ ਹਨ। ਇਸੇ ਕਾਰਨ ਵਿੱਤ ਕਾਰਪੋਰੇਟ ਮਾਮਲਿਆਂ ਦਾ ਚਾਰਜ ਪੀਯੂਸ਼ ਗੋਇਲ ਨੂੰ ਦਿੱਤਾ ਗਿਆ ਹੈ।
ਕੁਝ ਹੀ ਮਹੀਨਿਆਂ ’ਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਅਜਿਹੇ ਹਾਲਾਤ ਵਿੱਚ ਸਾਰੇ ਹੀ ਖੇਤਰਾਂ ਨੂੰ ਇਹੋ ਆਸ ਹੈ ਕਿ ਐਤਕੀਂ ਦੇ ਬਜਟ ਵਿੱਚ ਸਭਨਾਂ ਲਈ ਕੁਝ ਖ਼ਾਸ ਹੋਵੇਗਾ। ਆਓ ਇੱਕ ਝਾਤ ਅਜਿਹੇ ਕੁਝ ਖ਼ਾਸ ਸ਼ਬਦਾਂ ’ਤੇ ਪਾਈਏ, ਜਿਸ ਦਾ ਜ਼ਿਕਰ ਵਿੱਤ ਮੰਤਰੀ ਹਰ ਵਾਰ ਆਪਣੇ ਬਜਟ ਭਾਸ਼ਣ ਦੌਰਾਨ ਕਰਦੇ ਹਨ।
ਜੀਡੀਪੀ – ਗ੍ਰੌਸ ਡੋਮੈਸਟਿਕ ਪ੍ਰੋਡਕਟ
ਜੀਡੀਪੀ (GDP – Gross Domestic Product) ਭਾਵ ‘ਕੁੱਲ ਘਰੇਲੂ ਉਤਪਾਦਨ’। ਇਸ ਦਾ ਮਤਲਬ ਹੈ ਸਾਰੇ ਖੇਤਰਾਂ ਦੇ ਕੁੱਲ ਉਤਪਾਦ ਵਿੱਚ ਸ਼ਾਮਲ ਹੋਈ ਵਾਧੂ ਮਾਤਰਾ। ਜੀਡੀਪੀ ਨੂੰ ਕੇਂਦਰੀ ਅੰਕੜਾ ਦਫ਼ਤਰ ਵੱਲੋਂ ਨਾਪਿਆ ਜਾਂਦਾ ਹੈ।
ਵਿੱਤੀ ਘਾਟਾ
ਆਮਦਨ ਅਤੇ ਖ਼ਰਚ ਵਿਚਾਲੇ ਸੰਤੁਲਨ ਕਾਇਮ ਰੱਖਣ ਲਈ ਸਰਕਾਰ ਹਰ ਸਾਲ ਜੋ ਵਾਧੂ ਰਕਮ ਉਧਾਰ ਲੈਂਦੀ ਹੈ, ਉਸ ਨੂੰ ਵਿੱਤੀ ਘਾਟਾ ਕਿਹਾ ਜਾਂਦਾ ਹੈ।
ਪੂੰਜੀ ਅਤੇ ਰੈਵੇਨਿਊ–ਖ਼ਰਚ
ਸਬਸਿਡੀ ਅਤੇ ਵਿਆਜ ਦੀ ਅਦਾਇਗੀ ਅਜਿਹੇ ਖ਼ਰਚੇ ਹੁੰਦੇ ਹਨ, ਜਿਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਪੂੰਜੀ ਦਾ ਨਿਰਮਾਣ ਨਹੀਂ ਹੁੰਦਾ। ਉਨ੍ਹਾਂ ਨੂੰ ਪੂੰਜੀ ਅਤੇ ਰੈਵੇਨਿਊ (ਮਾਲ) ਖ਼ਰਚ ਕਹਾ ਜਾਂਦਾ ਹੈ।
ਸਬਸਿਡੀ
ਸਬਸਿਡੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਉਹ ਫ਼ਾਇਦਾ ਹੈ ਜੋ ਜਾਂ ਤਾਂ ਨਕਦੀ ਵਿੱਚ ਹੁੰਦਾ ਹੈ ਜਾਂ ਫਿਰ ਗ਼ਰੀਬਾਂ ਨੂੰ ਦਿੱਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਰਾਹਤ ਹੁੰਦੀ ਹੈ। ਕੰਪਨੀਆਂ ਨੂੰ ਟੈਕਸ ਵਿੱਚ ਮਿਲਣ ਵਾਲੀ ਛੋਟ ਵੀ ਸਬਸਿਡੀ ਦਾ ਹੀ ਹਿੱਸਾ ਹੁੰਦੀ ਹੈ। ਇਸ ਛੋਟ ਦਾ ਮਤਲਬ ਕੰਪਨੀਆਂ ਵਿੱਚ ਉਦਯੋਗੀਕਰਨ ਅਤੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ।
ਟੈਕਸ ਰੈਵੇਨਿਊ
ਟੈਕਸ ਰੈਵੇਨਿਊ ਸਰਕਾਰ ਦੀ ਆਮਦਨ ਦਾ ਮੁੱਖ ਬੁਨਿਆਦੀ ਸਰੋਤ ਹੁੰਦਾ ਹੈ। ਸਰਕਾਰ ਦੇ ਖ਼ਰਚੇ ਵਿਅਕਤੀ ਜਾਂ ਫਿਰ ਕੰਪਨੀਆਂ ਵੱਲੋਂ ਹਰ ਸਾਲ ਜਮ੍ਹਾ ਕੀਤੇ ਜਾਣ ਵਾਲੇ ਟੈਕਸ ਨਾਲ ਚੱਲਦੇ ਹਨ।
ਨਾਨ–ਟੈਕਸ ਰੈਵੇਨਿਊ
ਸਰਕਾਰ ਲਈ ਅਜਿਹੇ ਵਾਧੂ ਸਰੋਤ ਜੋ ਟੈਕਸ ਤੋਂ ਵੱਖਰੇ ਹੁੰਦੇ ਹਨ। ਇਨ੍ਹਾਂ ਵਿੱਚ ਵਿਆਜ ਦੀ ਪ੍ਰਾਪਤੀ, ਸਪੈਕਟਰਮ ਨੀਲਾਮੀ ਅਤੇ ਅਪਨਿਵੇਸ਼ ਤੋਂ ਇਲਾਵਾ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ।
ਕਰਜ਼ੇ ਦੀ ਅਦਾਇਗੀ
ਕਰਜ਼ੇ ਦੀ ਵਿਆਜ ਸਮੇਤ ਅਦਾਇਗੀ ਵੀ ਸਰਕਾਰ ਦੀ ਆਮਦਨ ਦਾ ਵਸੀਲਾ ਹੁੰਦੀ ਹੈ। ਸਰਕਾਰ ਦੇਸ਼ ਵਿੱਚ ਕਰਜ਼ੇ ਦੀ ਭਰਪਾਈ ਬਾਂਡ ਰਾਹੀਂ ਕਰਦੀ ਹੈ, ਤਾਂ ਵਿਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਏਜੰਸੀਆਂ ਦੀ ਮਦਦ ਨਾਲ ਹੁੰਦੀ ਹੈ।
ਬਾਜ਼ਾਰ ਤੋਂ ਪੈਸਾ ਲੈਣਾ
ਸਰਕਾਰ ਬਾਜ਼ਾਰ ਤੋਂ ਪੈਸਾ ਚੁੱਕਣ ਲਈ ਕਈ ਤਰ੍ਹਾਂ ਦੇ ਬਾਂਡ ਜਾਰੀ ਕਰਦੀ ਹੈ, ਤਾਂ ਜੋ ਉਹ ਵਾਧੂ ਖ਼ਰਚੇ ਪੂਰੇ ਕਰ ਸਕੇ।