ਦਿੱਲੀ ਹਵਾਈ ਅੱਡੇ ਤੋਂ ‘ਪੰਜਾਬ ਰੋਡਵੇਜ਼ ਦੀ ਵੌਲਵੋ ਬੱਸ ਸੇਵਾ ਹੋਈ ਬੰਦ`

0
467

ਨਵੀਂ ਦਿੱਲੀ : ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਪੰਜਾਬ, ਖ਼ਾਸ ਤੌਰ `ਤੇ ਜਲੰਧਰ ਲਈ ਹੁਣ ਪੰਜਾਬ ਰੋਡਵੇਜ਼ ਦੀ ਵੌਲਵੋ ਬੱਸ ਸੇਵਾ ਉਪਲਬਧ ਨਹੀਂ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਇਸ ਦਾ ਰੌਲ਼ਾ ਪੈ ਰਿਹਾ ਸੀ ਕਿ ਇਹ ਸੇਵਾ ਬੰਦ ਹੋ ਜਾਵੇਗੀ। ਹੁਣ ਪਤਾ ਲੱਗਾ ਹੈ ਕਿ ਦਿੱਲੀ ਦੇ ਹਵਾਈ ਅੱਡੇ ਤੋਂ ਜਲੰਧਰ ਲਈ ਪੰਜਾਬ ਰੋਡਵੇਜ਼ ਦੀ ਵੌਲਵੋ ਬੱਸ ਸੇਵਾ ਸਨਿੱਚਰਵਾਰ ਰਾਤ ਤੋਂ ਬੰਦ ਹੋ ਗਈ ਹੈ। ਯਾਤਰੀਆਂ ਦੀਆਂ ਅਗਾਊਂ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਦਿੱਲੀ ਹਵਾਈ ਅੱਡੇ ਤੋਂ ਜਲੰਧਰ ਲਈ ਪੰਜਾਬ ਰੋਡਵੇਜ਼ ਦੀ ਵੌਲਵੋ ਬੱਸ ਸੇਵਾ ਬੰਦ ਹੋਣ ਦੀ ਪੁਸ਼ਟੀ ਜਲੰਧਰ ਡਿਪੂ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਵੀ ਕੀਤੀ ਹੈ। ਦਿੱਲੀ ਪੁਲਿਸ ਨੇ ਸਨਿੱਚਰਵਾਰ ਨੂੰ ਹਵਾਈ ਅੱਡੇ `ਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੂੰ ਆਖ ਦਿੱਤਾ ਸੀ ਕਿ 12 ਵਜੇ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਵੌਲਵੋ ਬੱਸ ਰਵਾਨਾ ਨਹੀਂ ਹੋਣ ਦਿੱਤੀ ਜਾਵੇਗੀ।
ਉਂਝ ਜਲੰਧਰ ਤੋਂ ਇਹ ਵੌਲਵੋ ਬੱਸ ਜਾਂਦੀ ਹੈ ਪਰ ਉਹ ਯਾਤਰੀਆਂ ਨੂੰ ਹਵਾਈ ਅੱਡੇ `ਤੇ ਉਤਾਰਨ ਦੀ ਥਾਂ ਸ਼ੈਰੇਟਨ ਹੋਟਲ ਕੋਲ ਹੀ ਛੱਡ ਦਿੰਦੀ ਹੈ। ਉਥੋਂ ਅੱਗੇ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਸ਼ਟਲ ਸਰਵਿਸ ਲੈਣੀ ਪੈਂਦੀ ਹੈ।
ਹੁਣ ਤੱਕ ਵੌਲਵੋ ਬੱਸ ਸੇਵਾ ਬੰਦ ਹੋਣ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਦਿੱਲੀ ਹਵਾਈ ਅੱਡੇ `ਤੇ ਨਿਯੁਕਤ ਮੁਲਾਜ਼ਮ ਵੀ ਵਾਪਸ ਡਿਪੂ ਪਰਤ ਆਏ ਹਨ।