ਸੰਘਰਸ਼ ਦੀ ਲੰਮੀ ਗਾਥਾ ਹੈ ਕਾਮਾਗਾਟਾ ਮਾਰੂ ਦਾ ਨਿਰੰਤਰ ਸਫ਼ਰ

0
722
ਸ਼ਤਾਬਦੀ ’ਤੇ ਵਿਸ਼ੇਸ਼

23 ਮਈ 1914 ਨੂੰ ਪੰਜਾਬ ਤੋਂ 376 ਮੁਸਾਫਰਾਂ ਨੂੰ ਲੈ ਕੇ ਭਾਫ ਨਾਲ ਚੱਲਣ ਵਾਲਾ ਇਕ ਜਾਪਾਨੀ ਸਮੁੰਦਰੀ ਜਹਾਜ਼ ਵੈਨਕੂਵਰ ਬੰਦਰਗਾਹ ’ਤੇ ਪੁੱਜਿਆ। ਏਸ਼ਿਆਈ ਪਰਵਾਸੀਆਂ ਨੂੰ ਕੈਨੇਡਾ ਆਉਣ ਤੋਂ ਰੋਕਣ ਲਈ ਬਣਾਏ ਗਏ ਕਾਨੂੰਨ ਕਾਰਨ 352 ਮੁਸਾਫਰਾਂ ਨੂੰ ਕੈਨੇਡਾ ਦੀ ਧਰਤੀ ’ਤੇ ਉਤਰਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਅਤੇ ਭਾਰਤ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ। ਵਤਨ ਵਾਪਸੀ ’ਤੇ ਮੁਸਾਫਰਾਂ ਨੇ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਅਤੇ ਬਜਬਜ ਘਾਟ ’ਤੇ ਪੁਲੀਸ ਨੇ ਗੋਲੀਆਂ ਚਲਾ ਕੇ 19 ਮੁਸਾਫਰਾਂ ਨੂੰ ਸ਼ਹੀਦ ਕਰ ਦਿੱਤਾ।

ਕੰਵਰ ਸੰਧੂ

ਵੈਨਕੂਵਰ ਅਤੇ ਟੋਰਾਂਟੋ ਵਿੱਚ ‘ਜੀ ਆਇਆਂ ਨੂੰ’ ਪੰਜਾਬੀ ਵਿੱਚ ਲਿਖੇ ਸੂਚਕ ਤੁਹਾਡਾ ਸਵਾਗਤ ਕਰਦੇ ਹਨ। ਕੈਲਗਰੀ ਵਿੱਚ ਇਕ ਪਾਰਕ ਦਾ ਨਾਂ ਹਰਨਾਮ ਸਿੰਘ ਹਰੀ ਦੇ ਨਾਂ ਸਮਰਪਿਤ ਕੀਤਾ ਗਿਆ ਹੈ ਜੋ ਇਥੇ ਆ ਕੇ ਵਸਣ ਵਾਲੇ ਪਹਿਲੇ ਸਿੱਖ ਸਨ ਅਤੇ ਉਹ ਅਲਬਰਟਾ ਵਿੱਚ ਸਫਲ ਕਿਸਾਨ ਸਾਬਤ ਹੋਏ ਸੀ। ਦਸਤਾਰਧਾਰੀ ਸਿੱਖ ਅਫਸਰ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦਾ ਹਿੱਸਾ ਹਨ। ਕੈਨੇਡਾ ਦੀਆਂ ਸਿਆਸੀ ਹਸਤੀਆਂ ਦੇ ਨਾਵਾਂ ਦੀ ਪੜਚੋਲ ਕਰਦਿਆਂ ਤੁਹਾਨੂੰ ਇਸ ਦਾ ਉੱਤਰੀ ਭਾਰਤ ਨਾਲ ਭੁਲੇਖਾ ਪੈਂਦਾ ਹੈ। ਕੈਨੇਡਾ ਵਿੱਚ ਪੰਜਾਬੀਆਂ ਨੇ ਵਾਕਈ ਮੁਕਾਮ ਹਾਸਲ ਕਰ ਲਿਆ ਹੈ।
ਇਥੇ ਆ ਕੇ ਵਸਣ ਵਾਲਾ ਪਹਿਲਾ ਸਿੱਖ ਕੇਸਰ ਸਿੰਘ ਫੌਜੀ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ 1897 ਵਿੱਚ ਵੈਨਕੂਵਰ ਪੁੱਜਿਆ ਸੀ। ਕੇਸਰ ਸਿੰਘ ਤੋਂ ਬਾਅਦ ਕਈ ਹੋਰ ਆਏ, ਜਿਨ੍ਹਾਂ ਨੂੰ ਰੇਲਵੇ, ਆਰਾ ਮਿੱਲਾਂ ਅਤੇ ਖਾਣਾਂ ਵਿੱਚ ਕੰਮ ਮਿਲਿਆ। ਕੈਨੇਡਾ ਦੀ 1900 ਦੀ ਮਰਦਮਸ਼ੁਮਾਰੀ ਅਨੁਸਾਰ ਉਦੋਂ ਉੱਥੇ ਲਗਪਗ 2000 ਭਾਰਤੀ ਸਨ, ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਸਨ। ਕੈਨੇਡਾ ਏਸ਼ਿਆਈ ਪਰਵਾਸੀਆਂ ਲਈ ਦੁਆਰ ਖੋਲ੍ਹਣ ਲਈ ਇਕ ਲਹੂਵੀਟਵਾਂ ਸੰਘਰਸ਼ ਕਰਨਾ ਪਿਆ ਸੀ।
23 ਮਈ 1914 ਨੂੰ ਹਾਂਗਕਾਂਗ ਤੋਂ ਭਾਰਤੀ ਮੁਸਾਫਰਾਂ ਨੂੰ ਲੈ ਕੇ ਪੁੱਜੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕੰਢੇ ਨਾ ਲੱਗਣ ਦਿੱਤਾ ਅਤੇ ਵਾਪਸ ਭੇਜ ਦਿੱਤਾ ਗਿਆ। ਇਹ ਭਾਰਤ ਤੋਂ ਸਿੱਖਾਂ ਅਤੇ ਹੋਰਨਾਂ ਦੇ ਕੈਨੇਡਾ ਲਈ ਪਰਵਾਸ ਦੀ ਇਕ ਯੁੱਗ ਪਲਟਾਊ ਘਟਨਾ ਬਣ ਗਈ। ਅੱਜ ਉਸ ਘਟਨਾ ਤੋਂ 100 ਸਾਲਾਂ ਬਾਅਦ ਕੈਨੇਡਾ ਵਿੱਚ 10 ਲੱਖ ਤੋਂ ਵੱਧ ਭਾਰਤੀ ਵਸ ਰਹੇ ਹਨ ਜਿਨ੍ਹਾਂ ’ਚੋਂ ਲਗਪਗ 5 ਲੱਖ ਸਿੱਖ ਹਨ। ਇਸ ਵੇਲੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕੁੱਲ ਆਬਾਦੀ ਦਾ ਲਗਪਗ ਤਿੰਨ ਫੀਸਦ ਬਣਦੀ ਹੈ। ਬਿਟ੍ਰਿਸ਼ ਕੋਲੰਬੀਆ ਦੇ ਸਰੀ ਅਤੇ ਓਂਟਾਰੀਓ ਦੇ ਬਰੈਂਪਟਨ ਜਿਹੇ ਸ਼ਹਿਰਾਂ ਵਿੱਚ ਸਿੱਖਾਂ ਸਮੇਤ ਪੰਜਾਬੀਆਂ ਦੀ ਬਹੁ-ਗਿਣਤੀ ਹੈ।
ਕਾਮਾਗਾਟਾ ਮਾਰੂ ਕਾਂਡ ਕੈਨੇਡੀਅਨ ਸਰਕਾਰ ਵੱਲੋਂ ਘੜੇ ਗਏ ਵਿਤਕਰੇਬਾਜ਼ ਆਵਾਸ ਕਾਨੂੰਨਾਂ ਖ਼ਿਲਾਫ਼ ਵੱਡੇ ਸੰਘਰਸ਼ ਦੀ ਸ਼ੁਰੂਆਤ ਸੀ। 1907 ਵਿੱਚ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ। ਭਾਰਤੀਆਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਲਈ ਪ੍ਰਤੀ ਜੀਅ 200 ਡਾਲਰ ਦੇਣੇ ਪੈਂਦੇ ਸਨ ਜੋ ਉਸ ਵਕਤ ਬਹੁਤ ਵੱਡੀ ਰਕਮ ਸੀ। 1908 ਵਿੱਚ ਕੰਟੀਨਿਊਸ ਪਾਸੇਜ ਐਕਟ ਪਾਸ ਕਰ ਦਿੱਤਾ ਗਿਆ ਜਿਸ ਤਹਿਤ ਕੈਨੇਡਾ ਆਉਣ ਵਾਲੇ ਹਰੇਕ ਸ਼ਖਸ ਨੂੰ ਆਪਣੇ ਮੂਲ ਸਥਾਨ ਤੋਂ ਸਿੱਧਾ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਜੋ ਏਸ਼ਿਆਈ ਦੇਸ਼ਾਂ ਦੇ ਲੋਕਾਂ ਲਈ ਅਸੰਭਵ ਸੀ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲੀ ਦਾ ਬਾਬਾ ਗੁਰਦਿੱਤ ਸਿੰਘ ਸੰਧੂ, ਜੋ ਉਸ ਵੇਲੇ ਹਾਂਗਕਾਂਗ ਵਿੱਚ ਇਕ ਧਨਾਢ ਵਪਾਰੀ ਸੀ, ਨੇ ਭਾਰਤੀਆਂ ਨਾਲ ਹੋ ਰਹੇ ਵਿਕਤਰੇ ਖ਼ਿਲਾਫ਼ ਆਵਾਜ਼ ਉਠਾਈ। ਉਨ੍ਹਾਂ ਦੀ ਦਲੀਲ ਸੀ ਕਿ ਬਰਤਾਨਵੀ ਪਰਜਾ, ਬਰਤਾਨਵੀ ਪਰਜਾ ਹੈ। ਭਾਵੇਂ ਉਹ ਭਾਰਤ ਵਿੱਚ ਰਹਿੰਦੀ ਹੈ ਜਾਂ ਕੈਨੇਡਾ ਵਿੱਚ ਅਤੇ ਉਸ ਨਾਲ ਇਕੋ ਜਿਹਾ ਸਲੂਕ ਹੋਣਾ ਚਾਹੀਦਾ ਹੈ ਅਤੇ ਬਰਤਾਨਵੀ ਸਾਮਰਾਜ ਵਿੱਚ ਬਸਤੀਵਾਦੀ ਨਾਗਰਿਕ ਜਿੱਥੇ ਮਰਜ਼ੀ ਜਾ ਕੇ ਰਹਿ ਸਕਦਾ ਹੈ।
‘ਨਿਰੰਤਰ ਸਫ਼ਰ ਦੀ ਨੇਮਬੰਦੀ’ ਨੂੰ ਵੰਗਾਰਦਿਆਂ ਬਾਬਾ ਗੁਰਦਿੱਤ ਸਿੰਘ ਨੇ ਇਕ ਸਟੀਮਰ ਜਹਾਜ਼ ਕਿਰਾਏ ’ਤੇ ਲੈ ਕੇ ਕੈਨੇਡਾ ਜਾਣ ਦਾ ਫੈਸਲਾ ਕੀਤਾ। ਕੈਨੇਡਾ ਉਸ ਵੇਲੇ ਸਵੈ-ਸ਼ਾਸਿਤ ਬਰਤਾਨਵੀ ਬਸਤੀ ਹੋਣ ਕਰਕੇ, ਬਰਤਾਨਵੀ ਸ਼ਾਸਕ ਬਾਬਾ ਗੁਰਦਿੱਤ ਸਿੰਘ ਦੀ ਯੋਜਨਾ ਤੋਂ ਤ੍ਰਭਕ ਗਏ, ਜਿਨ੍ਹਾਂ ਬਾਰੇ ਸ਼ੰਘਾਈ ਦੇ ਇਕ ਅਖ਼ਬਾਰ ਨੇ ਲਿਖਿਆ ਸੀ ਕਿ ਇਕ ਸਫੈਦ ਦਾੜ੍ਹੀ ਤੇ ਨਿਰਛਲ ਅੱਖਾਂ ਵਾਲਾ ਇਕ ਬਜ਼ੁਰਗ ਆਪਣੇ ਲੋਕਾਂ ਨੂੰ ਇਸ ਆਸ ਨਾਲ ਕੈਨੇਡਾ ਲੈ ਕੇ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਲਈ ਮੌਕਿਆਂ ਦੇ ਦੁਆਰ ਖੁੱਲ੍ਹ ਜਾਣਗੇ।
ਬਾਬਾ ਗੁਰਦਿੱਤ ਸਿੰਘ ਵੱਲੋਂ ਹਾਂਗਕਾਂਗ ਵਿੱਚ ਗਦਰ ਲਹਿਰ ਦੀ ਹਮਾਇਤ ਕਰਨ ਕਰਕੇ ਅੰਗਰੇਜ਼ ਸ਼ਾਸਕ ਹੋਰ ਵੀ ਚੁਕੰਨੇ ਹੋ ਗਏ ਕਿ ਕਿਤੇ ਉਹ ਪਹਿਲੀ ਸੰਸਾਰ ਜੰਗ ਦੇ ਮੌਕੇ ਬਗਾਵਤ ਨਾ ਫੈਲਾ ਦੇਣ। ਦਿਲਚਸਪ ਗੱਲ ਇਹ ਹੈ ਕਿ ਜਹਾਜ਼ ਦੇ ਮੁਸਾਫਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ ਪਰ ਉਸ ਵੇਲੇ ਦੀਆਂ ਬਰਤਾਨਵੀ ਅਖਬਾਰਾਂ ਨੇ ਉਨ੍ਹਾਂ ਸਾਰਿਆਂ ਨੂੰ ਹਿੰਦੂ ਹੀ ਲਿਖਿਆ। ਜਦੋਂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਦਾਖ਼ਲ ਹੋਣ ਤੋਂ ਮਨਾਂ ਕਰ ਦਿੱਤਾ ਤਾਂ ਜੁਲਾਈ 1914 ਵਿੱਚ ਮੁਸਾਫਰ ਭੜਕ ਗਏ ਅਤੇ ਕੈਨੇਡਾ ਸਰਕਾਰ ਨੇ ਫੌਜ ਤਾਇਨਾਤ ਕਰ ਦਿੱਤੀ। 23 ਜੁਲਾਈ ਨੂੰ ਸਿਰਫ 20 ਮੁਸਾਫਰਾਂ ਨੂੰ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਬਾਕੀਆਂ ਨੂੰ ਜਬਰੀ ਵਾਪਸ ਭੇਜ ਦਿੱਤਾ ਗਿਆ। ਜਦੋਂ ਸਤੰਬਰ 1914 ਨੂੰ ਜਹਾਜ਼ ਕਲਕੱਤੇ ਪੁੱਜਿਆ ਤਾਂ ਮੁਸਾਫਰਾਂ ਦੁਆਲੇ ਪਹਿਰਾ ਲਗਾ ਦਿੱਤਾ ਗਿਆ। ਬਜਬਜਟ ਘਾਟ ’ਤੇ ਪੁਲੀਸ ਅਤੇ ਮੁਸਾਫਰਾਂ ਵਿਚਕਰ ਝੜਪ ਹੋ ਗਈ ਅਤੇ ਗੋਲੀਬਾਰੀ ਵਿੱਚ 19 ਮੁਸਾਫਰ ਸ਼ਹੀਦ ਹੋ ਗਏ। (ਦੇਖੋ ਘਟਨਾਵਾਂ ਦੀ ਲੜੀ)
ਪਿਛਲੇ ਸਾਲ ਬਜਬਜ ਰੇਲਵੇ ਸਟੇਸ਼ਨ ਦਾ ਪੱਛਮੀ ਬੰਗਾਲ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਬਜਬਜ ਰੇਲਵੇ ਸਟੇਸ਼ਨ ਵਜੋਂ ਮੁੜ ਨਾਮਕਰਨ ਕੀਤਾ ਗਿਆ। ਕਾਮਗਾਟਾ ਮਾਰੂ ਕਾਂਡ ਤੋਂ ਬਾਅਦ ਆਉਣ ਵਾਲੇ ਦਹਾਕਿਆਂ ਵਿੱਚ ਇਹ ਰੁਝਾਨ ਬਣ ਗਿਆ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਸੰਖਿਆ ਵਧਣੀ ਸ਼ੁਰੂ ਹੋ ਗਈ। ਕੈਨੇਡਾ ਵਿੱਚ ਜਾ ਕੇ ਵਸੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿੱਚੋਂ ਬਹੁਤਿਆਂ ਨੇ 1960ਵਿਆਂ ਅਤੇ 1970ਵਿਆਂ ਵਿੱਚ ਪਰਵਾਸ ਕੀਤਾ ਸੀ ਜਦੋਂ ਕੈਨੇਡਾ ਦੇ ਆਵਾਸ ਨੇਮਾਂ ਵਿੱਚ ਢਿੱਲ ਦਿੱਤੀ ਗਈ ਸੀ। 1985 ਵਿੱਚ ਜਦੋਂ ਏਅਰ ਇੰਡੀਆ ਦੀ ਉਡਾਣ (ਮਾਂਟਰੀਅਲ-ਲੰਡਨ-ਦਿੱਲੀ-ਬੰਬਈ) ਨੂੰ ਉਡਾ ਦਿੱਤਾ ਗਿਆ ਸੀ, ਦੇ ਵਰ੍ਹੇ ਨੂੰ ਛੱਡ ਕੇ ਪੰਜਾਬੀਆਂ ਨੂੰ ਕੈਨੇਡਾ ਦੇ ਸਮਾਜੀ ਤਾਣੇ-ਬਾਣੇ ਦਾ ਅਹਿਮ ਹਿੱਸਾ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ।
ਬਹੁਤ ਸਾਰੇ ਪੰਜਾਬੀਆਂ ਨੇ ਸਿਆਸੀ ਅਤੇ ਹੋਰਨਾਂ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ। ਜਦੋਂ 2000 ਵਿੱਚ  ਉੱਜਲ ਦੁਸਾਂਝ ਪਹਿਲੇ ਭਾਰਤੀ ਦੇ ਤੌਰ ’ਤੇ ਕੈਨੇਡਾ ਦੇ ਕਿਸੇ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਇਸ ਦਾ ਸਿਹਰਾ ਕਾਮਾਗਾਟਾ ਮਾਰੂ ਕਾਂਡ ਦੇ ਸ਼ਹੀਦਾਂ ਨੂੰ ਦਿੱਤਾ ਸੀ ਜਿਨ੍ਹਾਂ ਸੁਤੰਤਰਤਾ ਅਤੇ ਲੋਕਤੰਤਰ ਦੀ ਅਲਖ  ਜਗਾਈ ਸੀ। ਕੈਨੇਡਾ ਵਿੱਚ ਸੂਬਾਈ ਅਤੇ ਕੌਮੀ ਪੱਧਰ ’ਤੇ ਪੰਜਾਬੀ ਮੂਲ ਦੇ ਸਿਆਸਤਦਾਨਾਂ ਕਾਮਾਗਾਟਾ ਮਾਰੂ ਕਾਂਡ ਦੇ ਸ਼ਹੀਦਾਂ ਦਾ ਹਮੇਸ਼ਾ ਹਵਾਲਾ ਦਿੰਦੇ ਰਹੇ ਹਨ।
ਬਿਨਾਂ ਸ਼ੱਕ ਪੰਜਾਬ ਤੋਂ ਗਏ ਬਹੁਤ ਸਾਰੇ ਪੰਜਾਬੀਆਂ ਲਈ ਕੈਨੇਡਾ ਦੇ ਬਹੁਭਾਂਤੇ ਸਮਾਜ ਵਿੱਚ ਰਚਣ-ਮਿਚਣ ਅਤੇ ਨਾਲ ਹੀ ਆਪਣੀਆਂ ਰਵਾਇਤਾਂ ਤੇ ਵਿਰਸੇ ਦੀ ਰਾਖੀ ਕਰਨ ਦੀਆਂ ਚੁਣੌਤੀਆਂ ਹਨ।
ਕਾਮਾਗਾਟਾ ਮਾਰੂ ਕਾਂਡ ਨੇ ਬਹੁਤ ਸਾਰੇ ਇਤਿਹਾਸਕਾਰਾਂ, ਲੇਖਕਾਂ ਅਤੇ ਫਿਲਮਸਾਜ਼ਾਂ ਦਾ ਧਿਆਨ ਖਿੱਚਿਆ। 38 ਸਾਲ ਪਹਿਲਾਂ ਇਸ ਕਾਂਡ ਬਾਰੇ ਸ਼ੈਰੌਨ ਪੌਲਕ ਨੇ ਪਹਿਲੀ ਵਾਰ ਇਕ ਨਾਟਕ ‘ਕਾਮਾਗਾਟਾ ਮਾਰੂ ਇਨਸੀਡੈਂਟ’ ਲਿਖਿਆ ਸੀ ਜਿਸ ਤੋਂ ਬਾਅਦ ਅਜਮੇਰ ਰੋਡੇ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ ਇਸ ਘਟਨਾ ’ਤੇ ਨਾਟਕ ਲਿਖੇ।
2004 ਵਿੱਚ ਅਲੀ ਕਾਜ਼ਿਮੀ ਨੇ ਪੁਰਸਕਾਰ ਜੇਤੂ ਆਪਣੀ ਦਸਤਾਵੇਜ਼ੀ ਫੀਚਰ ਫਿਲਮ  ‘ਕੰਟੀਨਿਊਸ ਜਰਨੀ’ ਇਸ ਘਟਨਾ ਦੇ ਡੂੰਘੇ ਬਿਰਤਾਂਤ ਅਤੇ ਕੁਝ ਦੁਰਲੱਭ ਫੁਟੇਜ ਦੀ ਪੇਸ਼ਕਾਰੀ ਕੀਤੀ ਸੀ। ਸੀਬੀਐਸ ਨੇ ਭਾਰਤੀ-ਕੈਨੇਡੀਅਨ ਪਟਕਥਾ ਲੇਖਕ ਸੁਗੀਤ ਵਰਗੀਜ਼ ਦਾ ਲਿਖਿਆ ਰੇਡੀਓ ‘ਐਂਟਰੀ ਡਿਨਾਈਡ’ ਪੇਸ਼ ਕੀਤਾ ਸੀ।
ਉੱਘੀ ਫਿਲਮਸਾਜ਼ ਦੀਪਾ ਮਹਿਤਾ ਨੇ 2006 ਵਿੱਚ ਇਸ ਘਟਨਾ ਬਾਰੇ ਫਿਲਮ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ। 2012 ਵਿੱਚ ਫਿਲਮਸਾਜ਼ ਅਲੀ ਕਾਜ਼ਿਮੀ ਨੇ ਆਪਣੀ ਕਿਤਾਬ ‘ਅਨਡਿਜ਼ਾਇਰੇਬਲਜ਼: ਵਾÂ੍ਹੀਟ ਕੈਨੇਡਾ ਐਂਡ ਦਿ ਕਾਮਾਗਾਟਾ ਮਾਰੂ’ ਪ੍ਰਕਾਸ਼ਤ ਕੀਤੀ ਸੀ। 2012 ਵਿੱਚ ਹੀ ਸਾਇਮਨ ਫਰੇਜ਼ਰ ਯੂਨੀਵਰਸਿਟੀ ਲਾਇਬਰੇਰੀ ਨੇ ਇਕ ਵੈੱਬਸਾਈਟ komagata maru:continuingthejourney ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਕੈਨੇਡਾ ਦੇ ਨਾਗਰਿਕਤਾ ਅਤੇ ਆਵਾਸ ਵਿਭਾਗ ਦੀ ਮਦਦ ਨਾਲ ਸਥਾਪਤ ਕੀਤੀ ਗਈ ਇਸ ਵੈੱਬਸਾਈਟ ’ਤੇ ਨਾ ਕੇਵਲ ਇਸ  ਇਤਿਹਾਸਕ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਸਗੋਂ ਸਕੂਲੀ, ਉੱਤਰ ਸੈਕੰਡਰੀ ਅਧਿਆਪਨ ਤੇ ਖੋਜ ਅਤੇ ਆਮ ਪਾਠਕਾਂ ਲਈ ਜਾਣਕਾਰੀ ਮਿਲਦੀ ਹੈ। ਇਹ ਕੈਨੇਡਾ ਜਿਹੇ ਮੁਲਕ ਵਿੱਚ ਭਾਈਚਾਰੇ ਵੱਲੋਂ ਮਾਨਤਾ ਲੈਣ ਲਈ ਲੜੇ ਗਏ ਸੰਘਰਸ਼ ਦਾ ਪ੍ਰਤੀਕ ਹੋ ਨਿੱਬੜੀ ਹੈ ਜੋ ਇਸ ਵੇਲੇ ਦੁਨੀਆਂ ਭਰ ਵਿੱਚ ਪਰਵਾਸੀਆਂ ਦੇ ਮੁਲਕ ਵਜੋਂ ਜਾਣਿਆ ਜਾਂਦਾ ਹੈ।

ਘਟਨਾਵਾਂ ਦੀ ਲੜੀ

* 4 ਅਪਰੈਲ 1914 ਨੂੰ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਕਾਮਾਗਾਟਾ ਮਾਰੂ ਹਾਂਗਕਾਂਗ ਤੋਂ 165 ਮੁਸਾਫ਼ਰ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ।
* 8 ਅਪਰੈਲ ਨੂੰ ਸ਼ੰਘਾਈ ਤੋਂ ਕਈ ਹੋਰ ਮੁਸਾਫ਼ਰ ਜਹਾਜ਼  ’ਤੇ ਸਵਾਰ ਹੋ ਗਏ।
* 3 ਮਈ ਨੂੰ 376 ਮੁਸਾਫ਼ਰਾਂ ਸਮੇਤ ਜਹਾਜ਼ ਯੋਕੋਹਾਮਾ ਤੋਂ ਰਵਾਨਾ ਹੋਇਆ।
* 23 ਮਈ ਨੂੰ ਜਹਾਜ਼ ਵੈਨਕੂਵਰ ਨੇੜੇ ਬਰੀਡ ਘਾਟ ’ਤੇ ਪੁੱਜਿਆ ਪਰ ਇਸ ਨੂੰ ਬੰਦਰਗਾਹ ’ਤੇ ਲੱਗਣ ਦੀ ਆਗਿਆ ਨਾ ਦਿੱਤੀ ਗਈ।
* 6 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੀ ਅਪੀਲ ਕੋਰਟ ਨੇ ਆਵਾਸ ਅਤੇ ਬਸਤੀਕਰਨ ਵਿਭਾਗ ਦੇ ਫੈਸਲੇ ਨੂੰ ਸਹੀ ਕਰਾਰ ਦੇ ਦਿੱਤਾ। ਭੜਕੇ ਹੋਏ ਮੁਸਾਫ਼ਰਾਂ ਨੇ ਕਪਤਾਨ ਨੂੰ ਫਾਰਗ ਕਰ ਦਿੱਤਾ ਅਤੇ ਕੈਨੇਡਾ ਸਰਕਾਰ ਨੇ ਜਹਾਜ਼ ਨੂੰ ਬੰਦਰਗਾਹ ਤੋਂ ਪਿਛਾਂਹ ਭੇਜਣ ਦਾ ਹੁਕਮ ਦੇ ਦਿੱਤਾ।
* 19 ਜੁਲਾਈ ਨੂੰ ਭੜਕੇ ਮੁਸਾਫ਼ਰਾਂ ਨੇ ਹਮਲਾ ਕਰ ਦਿੱਤਾ ਅਤੇ ਕੈਨੇਡੀਅਨ ਸਰਕਾਰ ਨੇ ਫ਼ੌਜ ਸੱਦ ਲਈ।
* 23 ਜੁਲਾਈ ਨੂੰ 20 ਮੁਸਾਫ਼ਰਾਂ ਨੂੰ ਦਾਖ਼ਲੇ ਦੀ ਆਗਿਆ ਦੇ ਦਿੱਤੀ ਗਈ ਪਰ ਬਾਕੀਆਂ ਨੂੰ ਜਹਾਜ਼ ਸਮੇਤ ਵਾਪਸ ਭੇਜਣ ਦਾ ਹੁਕਮ ਦਿੱਤਾ।
* 27 ਸਤੰਬਰ ਨੂੰ ਕਾਮਾਗਾਟਾ ਮਾਰੂ ਕਲਕੱਤੇ ਪੁੱਜਿਆ। ਮੁਸਾਫ਼ਰਾਂ ’ਤੇ ਪਹਿਰਾ ਲਗਾ ਦਿੱਤਾ ਗਿਆ। ਬਜਬਜ ਘਾਟ ’ਤੇ ਦੰਗਾ ਭੜਕ ਪਿਆ। ਜਹਾਜ਼ ਦਾ ਮੋਹਰੀ ਬਾਬਾ ਗੁਰਦਿੱਤ ਸਿੰਘ ਬਚ ਨਿਕਲਿਆ।
* 1922 ਨੂੰ ਬਾਬਾ ਗੁਰਦਿੱਤ ਸਿੰਘ ਨੇ ਮਹਾਤਮਾ ਗਾਂਧੀ ਦੀ ਅਪੀਲ ’ਤੇ ਅੰਗਰੇਜ਼ਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਉਨ੍ਹਾਂ ਨੂੰ ਪੰਜ ਸਾਲਾਂ ਦੀ ਕੈਦ ਦੀ ਸਜ਼ਾ ਹੋਈ।

ਟ੍ਰਿਬਿਊਨ ਦਾ ਸੰਪਾਦਕੀ

‘‘ਪਰਵਾਸੀ ਨਿਰੰਤਰ ਸਫ਼ਰ ਦੇ ਕਾਨੂੰਨ ਦੀਆਂ ਸ਼ਰਤਾਂ ਮੁਤਾਬਕ ਹੀ ਉੱਥੇ ਗਏ ਸਨ ਅਤੇ ਕੈਨੇਡਾ ਅਜਿਹੀ ਕੋਈ ਕਾਨੂੰਨੀ ਦਲੀਲ ਪੇਸ਼ ਨਹੀਂ ਕਰ ਸਕਦੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਇਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਤੌਰ ’ਤੇ ਵਾਪਸ ਨਹੀਂ ਭੇਜਿਆ ਜਾ ਸਕਦਾ ਅਤੇ ਜੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਕੈਨੇਡੀਅਨ ਇਕ ਅਜਿਹੀ ਗੜਬੜ ਨੂੰ ਸੱਦਾ ਦੇ ਰਹੇ ਹੋਣਗੇ ਜਿਸ ਦੇ ਸਿੱਟੇ ਵਜੋਂ ਦੱਖਣੀ ਅਫ਼ਰੀਕਾ ਨਾਲੋਂ ਕਿਤੇ ਵੱਧ ਭਿਆਨਕ ਹੋਣਗੇ।

ਪਸ਼ਚਾਤਾਪ ਦੇ ਵੱਖ ਵੱਖ ਪੱਖ

* 1951 ਵਿੱਚ ਪੱਛਮੀ ਬੰਗਾਲ ਸਰਕਾਰ ਦੇ ਕਤਲੇਆਮ ਦੀ ਯਾਦ ਵਿੱਚ ਕਲਕੱਤਾ ’ਚ ਬਜਬਜ ਵਿਖੇ ਯਾਦਗਾਰ ਉਸਾਰੀ।
* 23 ਜੁਲਾਈ 1989 ਨੂੰ ਕਾਮਾਗਾਟਾ ਮਾਰੂ ਜਹਾਜ਼ ਦੀ ਰਵਾਨਗੀ ਦੀ 75ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ਦੇ ਇਕ ਗੁਰਦੁਆਰੇ ਵਿੱਚ ਯਾਦਗਾਰੀ ਸਮਾਰੋਹ ਕੀਤਾ ਗਿਆ।
* 23 ਮਈ 2008 ਨੂੰ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਨੇ 1914 ਵਿੱਚ ਕਾਮਾਗਾਟਾ ਮਾਰੂ ਕਾਂਡ ਬਾਰੇ ਇਕ ਮੁਆਫ਼ੀ ਮਤਾ ਪਾਸ ਕੀਤਾ।
* 3 ਅਗਸਤ 2008 ਨੂੰ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਰੀ (ਬ੍ਰਿਟਿਸ਼ ਕੋਲੰਬੀਆ) ਵਿਖੇ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਸਰਕਾਰ ਦੀ ਤਰਫ਼ੋਂ ਕਾਮਾਗਾਟਾ ਮਾਰੂ ਕਾਂਡ ਬਾਰੇ ਮੁਆਫ਼ੀ ਮੰਗੀ।
* 1 ਮਈ 2014 ਨੂੰ ਕੈਨੇਡਾ ਡਾਕ ਵਿਭਾਗ ਵੱਲੋਂ ਜਹਾਜ਼ ਦੀ ਆਮਦ ਦੀ 100ਵੀਂ ਵਰ੍ਹੇਗੰਢ ਮੌਕੇ ਇਕ ਡਾਕ ਟਿਕਟ ਜਾਰੀ ਕੀਤੀ ਗਈ।

Source : PunjabiTribuneOnline