ਜਲੰਧਰ — ਅਜੋਕੇ ਸਮੇਂ ‘ਚ ਜਿੱਥੇ ਨੌਜਵਾਨ ਪੀੜ੍ਹੀ ‘ਚ ਮੋਬਾਇਲਾਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ, ਉਥੇ ਹੀ ਵਿਆਹੁਤਾ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਵਿਆਹੁਤਾ ਔਰਤਾਂ ਦਾ ਵੀ ਵਟਸਐਪ ਅਤੇ ਫੇਸਬੁੱਕ ਤੋਂ ਇਲਾਵਾ ਕਿਸੇ ਹੋਰ ਚੀਜ਼ ‘ਚ ਉਤਸ਼ਾਹ ਨਹੀਂ ਹੈ। ਅਜਿਹੀਆਂ ਹੀ ਕੁਝ ਸ਼ਿਕਾਇਤਾਂ ਜਲੰਧਰ ‘ਚ ਸਾਹਮਣੇ ਆਈਆਂ ਹਨ, ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਸਰ, ਮੇਰੀ ਪਤਨੀ ਸਾਰਾ ਦਿਨ ਮੋਬਾਇਲ ਫੋਨ ਨਾਲ ਚਿਪਕੀ ਰਹਿੰਦੀ ਹੈ। ਵਟਸਐਪ ਅਤੇ ਫੇਸਬੁੱਕ ਤੋਂ ਇਲਾਵਾ ਉਸ ਨੂੰ ਘਰ ਦੇ ਕੰਮ ‘ਚ ਕੋਈ ਉਤਸ਼ਾਹ ਨਹੀਂ ਹੈ। ਸ਼ਾਮ ਨੂੰ ਨੌਕਰੀ ਤੋਂ ਘਰ ਆਉਣ ‘ਤੇ ਪਾਣੀ ਤੱਕ ਨਹੀਂ ਪੁੱਛਦੀ। ਜੇਕਰ ਕੋਈ ਫੋਨ ਆਉਂਦਾ ਹੈ ਤਾਂ ਉਹ ਸੁਣਨ ਲਈ ਕਮਰੇ ਤੋਂ ਬਾਹਰ ਚਲੀ ਜਾਂਦੀ ਹੈ। ਇਹ ਸਾਰੀਆਂ ਸ਼ਿਕਾਇਤਾਂ ਮਹਿਲਾ ਥਾਣਾ ‘ਚ ਬਣੇ ਕਾਊਂਸਲਿੰਗ ਐਂਡ ਸਪੋਰਟ ਸੈਂਟਰ ‘ਚ ਆ ਰਹੀਆਂ ਹਨ। ਸੈਂਟਰ ‘ਚ ਸ਼ਿਕਾਇਤਾਂ ਸੁਣਨ ਲਈ ਕਾਊਂਸਲਰਸ ਨਿਯੁਕਤ ਕੀਤੇ ਹਨ, ਜਿਨ੍ਹਾਂ ਦੇ ਕੋਲ ਹਰ ਮਹੀਨੇ ਘਰੇਲੂ ਝਗੜਿਆਂ ਦੀਆਂ ਕਰੀਬ ਢਾਈ ਸੌ ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ‘ਚੋਂ 40 ਸ਼ਿਕਾਇਤਾਂ ਪਤੀਆਂ ਵੱਲੋਂ ਆਪਣੀਆਂ ਪਤਨੀਆਂ ਦੇ ਖਿਲਾਫ ਦਾਖਲ ਹੁੰਦੀਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ‘ਚ ਲੜਾਈ-ਝਗੜੇ ਦਾ ਇਕ ਹੀ ਕਾਰਨ ਹੁੰਦਾ ਹੈ, ਪਤਨੀ ਦਾ ਸੋਸ਼ਲ ਮੀਡੀਆ ‘ਚ ਰੁੱਝੇ ਰਹਿਣਾ।
ਪੇਕੇ ਦੱਸਦੀ ਹੈ ਛੋਟੀ-ਛੋਟੀ ਗੱਲ: ਕੁਝ ਦਿਨ ਪਹਿਲਾਂ ਇਕ ਕੇਸ ਕਾਊਂਸਲਰ ਦੇ ਕੋਲ ਆਇਆ ਸੀ, ਜਿਸ ‘ਚ ਪਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਰਾਤ ਡੇਢ ਵਜੇ ਤੱਕ ਵਟਸਐਪ ‘ਤੇ ਚੈਟਿੰਗ ਕਰਦੀ ਹੈ। ਜਦੋਂ ਪਤੀ ਫੋਨ ਚੈੱਕ ਕਰਨ ਲਈ ਕਹਿੰਦਾ ਹੈ ਤਾਂ ਉਹ ਮਨ੍ਹਾ ਕਰ ਦਿੰਦੀ ਹੈ। ਕਈ ਵਾਰ ਇਹ ਲੱਗਦਾ ਹੈ ਕਿ ਪੂਰਾ ਦਿਨ ਛੋਟੀਆਂ-ਛੋਟੀਆਂ ਗੱਲਾਂ ਫੋਨ ‘ਤੇ ਆਪਣੇ ਪੇਕੇ ਪਰਿਵਾਰ ਨੂੰ ਦੱਸਦੀ ਰਹਿੰਦੀ ਹੈ ਜਾਂ ਕਿਸੇ ਨਾਲ ਗੱਲਾਂ ਕਰਦੀ ਹੈ।
ਮੋਬਾਇਲ ਬਣਿਆ ਤਲਾਕ ਦਾ ਕਾਰਨ: ਅਜਿਹੇ ਹੀ ਇਕ ਕੇਸ ‘ਚ ਮੋਬਾਇਲ ਦੇ ਕਾਰਨ ਨਵ-ਵਿਆਹੁਤਾ ਜੋੜੇ ‘ਚ ਤਲਾਕ ਲੈਣ ਤੱਕ ਦੀ ਨੌਬਤ ਆ ਗਈ। ਪਤਨੀ ਦਾ ਦੋਸ਼ ਹੈ ਕਿ ਪਤੀ ਪੂਰੇ ਅਧਿਕਾਰ ਦੇ ਨਾਲ ਜਦੋਂ ਚਾਹੇ ਉਸ ਦਾ ਮੋਬਾਇਲ ਚੈੱਕ ਕਰਦਾ ਹੈ ਪਰ ਜਦੋਂ ਉਹ ਫੋਨ ਮੰਗਦੀ ਹੈ ਤਾਂ ਪਤੀ ਆਪਣਾ ਮੋਬਾਇਲ ਨਹੀਂ ਦਿੰਦਾ ਹੈ। ਉਥੇ ਹੀ ਪਤੀ ਦਾ ਦੋਸ਼ ਹੈ ਕਿ ਪਤਨੀ ਵੀ ਆਪਣਾ ਮੋਬਾਇਲ ਫੋਨ ਨਹੀਂ ਦਿੰਦੀ ਹੈ। ਇਸੇ ਮੁੱਦੇ ‘ਤੇ ਦੋਹਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ। ਹੁਣ ਕੇਸ ਪੈਨਲ ਦੇ ਕੋਲ ਕਾਊਂਸਲਿੰਗ ਲਈ ਚੱਲ ਰਿਹਾ ਹੈ।
ਬੱਚਿਆਂ ਦੀ ਪੜ੍ਹਾਈ ‘ਤੇ ਵੀ ਪੈਂਦਾ ਹੈ ਅਸਰ: ਅਬਰੋਲ
ਪੈਨਲ ਮੈਂਬਰ ਪਰਵੀਨ ਅਬਰੋਲ ਦਾ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਅਜਿਹੇ ਕੇਸ ਆਉਂਦੇ ਹਨ, ਜਿਨ੍ਹਾਂ ‘ਚ ਪਤੀ-ਪਤਨੀ ਇਕ ਦੂਜੇ ਨੂੰ ਆਪਣਾ ਫੋਨ ਚੈੱਕ ਕਰਨ ਤੋਂ ਰੋਕਦੇ ਹਨ ਤਾਂ ਦੋਵਾਂ ‘ਚ ਦਰਾਰ ਆ ਜਾਂਦੀ ਹੈ। ਕਈ ਕੇਸਾਂ ‘ਚ ਪਤਨੀਆਂ ਮੋਬਾਇਲ ‘ਚ ਇੰਨੀਆਂ ਡੁੱਬ ਜਾਂਦੀਆਂ ਹਨ ਕਿ ਬੱਚਿਆਂ ਦੀ ਪੜ੍ਹਾਈ ਤੱਕ ਨਹੀਂ ਕਰਵਾਉਂਦੀਆਂ, ਜਿਸ ਦਾ ਬੱਚਿਆਂ ‘ਤੇ ਬੁਰਾ ਅਸਰ ਪੈਂਦਾ ਹੈ।
ਘੱਟ ਹੋ ਰਹੀ ਆਪਸੀ ਕਾਊਂਸਲਿੰਗ ਅੰਡਰਸਟੈਂਡਿੰਗ: ਭੰਡਾਰੀ
ਪੈਨਲ ਮੈਂਬਰ ਬਲਵਿੰਦਰ ਭੰਡਾਰੀ ਦਾ ਕਹਿਣਾ ਹੈ ਕਿ ਮੋਬਾਇਲ ਕਾਰਨ ਪਤੀ-ਪਤਨੀ ਦੀ ਆਪਸੀ ਅੰਡਰਸਟੈਂਡਿੰਗ ਘੱਟ ਹੋ ਰਹੀ ਹੈ। ਪਤੀ-ਪਤਨੀ ਦੋਵੇਂ ਇਕ ਦੂਜੇ ‘ਤੇ ਮੋਬਾਇਲ ‘ਚ ਰੁੱਝੇ ਰਹਿਣ ਦੇ ਦੋਸ਼ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਤੀ-ਪਤਨੀ ਦੋਹਾਂ ਨੂੰ ਸਲਾਹ ਦਿੰਦੇ ਹਨ ਕਿ ਮੋਬਾਇਲ ਛੱਡ ਕੇ ਦੋਵੇਂ ਇਕ ਦੂਜੇ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਤਾਂਕਿ ਆਪਸੀ ਅੰਡਰਸਟੈਂਡਿੰਗ ਮਜ਼ਬੂਤ ਹੋਵੇ ਅਤੇ ਗਲਤਫਹਿਮੀਆਂ ਖਤਮ ਹੋ ਜਾਣ।