ਲਾਓਸ ‘ਚ ਟੁੱਟਿਆ ਡੈਮ, ਕਈ ਮੌਤਾਂ

0
783

ਬੈਂਕਾਕ : ਦੱਖਣੀ ਪੂਰਬੀ ਲਾਓਸ ਵਿੱਚ ਪਣਬਿਜਲੀ ਯੋਜਨਾ ਨਾਲ ਸਬੰਧਤ ਡੈਮ ਦਾ ਬੰਨ੍ਹ ਟੁੱਟਣ ਕਾਰਨ ਛੇ ਪਿੰਡ ਪਾਣੀ ਵਿੱਚ ਡੁੱਬ ਗਏ ਅਤੇ ਸੈਂਕੜੇ ਲੋਕ ਲਾਪਤਾ ਹੋ ਗਏ। ਮਿ੍ਤਕਾਂ ਦੀ ਗਿਣਤੀ ਦਾ ਹਾਲੇ ਪਤਾ ਨਹੀਂ ਚਲ ਸਕਿਆ।
ਲਾਓਸ ਵਿੱਚ ਨਦੀਆਂ ਦਾ ਵੱਡਾ ਨੈਟਵਰਕ ਹੈ, ਜਿਥੇ ਪਣਬਿਜਲੀ ਦੇ ਡੈਮ ਬਣਾਏ ਜਾ ਰਹੇ ਹਨ, ਜਾਂ ਬਣਾਉਣ ਦੀ ਯੋਜਨਾ ਹੈ। ਲਾਓਸ ਆਪਣੀ ਵਧੇਰੇ ਬਿਜਲੀ ਥਾਈਲੈਂਡ ਵਰਗੇ ਗੁਆਂਢੀ ਮੁਲਕਾਂ ਨੂੰ ਵੇਚਦਾ ਹੈ।
ਲਾਓਸ ਏਜੰਸੀ ਨੇ ਦੱਸਿਆ ਕਿ ਬੰਨ੍ਹ ਟੁੱਟਣ ਦੀ ਘਟਨਾ ਸੋਮਵਾਰ ਰਾਤ ਅੱਠ ਵਜੇ ਦੱਖਣੀ ਪੂਰਬੀ ਅੱਤਾਪੂ ਸੂਬੇ ਦੇ ਸਨਾਮਕਸੇ ਜ਼ਿਲ੍ਹੇ ਵਿੱਚ ਵਾਪਰੀ। ਬੰਨ੍ਹ ਟੁੱਟਣ ਬਾਅਦ ਨੇੜਲੇ ਪਿੰਡਾਂ ਵਿੱਚ ਹੜ੍ਹ ਆ ਗਿਆ ਅਤੇ ਉਹ ਪਾਣੀ ਵਿੱਚ ਡੁੱਬ ਗਏ। ਰਿਪੋਰਟ ਅਨੁਸਾਰ ਇਸ ਘਟਨਾ ਵਿੱਚ ਸੈਂਕੜੇ ਲੋਕਾਂ ਦੇ ਮਰਨ ਦਾ ਖਦਸ਼ਾ ਹੈ ਅਤੇ ਸੈਂਕੜੇ ਲਾਪਤਾ ਹੋ ਗਏ ਹਨ। ਰਿਪੋਰਟ ਵਿੱਚ ਛਪੀਆਂ ਫੋਟੋਆਂ ਵਿੱਚ ਲੋਕ ਬੱਚਿਆਂ ਨੂੰ ਫੜੀ ਅਤੇ ਲੱਕੜ ਦੀਆਂ ਛੋਟੀਆਂ ਕਿਸ਼ਤੀਆਂ ਅਤੇ ਚਿੱਕੜ ਵਿੱਚ ਚਲਦੇ ਨਜ਼ਰ ਆਉਂਦੇ ਹਨ। ਜ਼ਿਲ੍ਹੇ ਦੇ ਦੱਖਣੀ ਹਿੱਸੇ ਵਿੱਚ ਕਈ ਮਕਾਨ ਪਾਣੀ ਵਿੱਚ ਰੁੜ੍ਹ ਗਏ। ਹੜ੍ਹ ਪੀੜਤਾਂ ਲਈ ਰਾਹਤ ਦਾ ਐਲਾਨ ਕੀਤਾ ਗਿਆ ਹੈ।
ਅੱਤਾਪੂ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ ਸਾਡੇ ਕੋਲ ਹਾਲੇ ਤਕ ਮਰਨ ਅਤੇ ਲਾਪਤਾ ਹੋਏ ਲੋਕਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।’’ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖਿੱਤੇ ਵਿੱਚ ਫੋਨ ਸੇਵਾ ਵੀ ਠੱਪ ਹੈ। ਰਾਹਤ ਟੀਮ ਨੂੰ ਭੇਜ ਦਿੱਤਾ ਗਿਆ ਹੈ ਜੋ ਉਨ੍ਹਾਂ ਦੀ ਮਦਦ ਕਰੇਗੀ ਅਤੇ ਉਨ੍ਹਾਂ ਨੂੰ ਪਹਿਲਾ ਬੁਨਿਆਦੀ ਸਹਿਯੋਗ ਮੁਹੱਈਆ ਕਰਾਏਗੀ।
1.2 ਕਰੋੜ ਦਾ ਇਹ ਬੰਨ੍ਹ ਪ੍ਰਾਜੈਕਟ ਵੀਅਤਨਾਮ ਅਧਾਰਤ ਸ਼ੀ ਪੀਅਨ ਸ਼ੀ ਨੈਮਨੋਇ ਪ੍ਰਾਵਰ ਕੰਪਨੀ ਜਾਂ ਪੀਐਨਪੀਸੀ ਦਾ ਸਾਂਝਾ ਉੱਦਮ ਸੀ। 410 ਮੈਗਾਵਾਟ ਸਮੱਰਥਾ ਵਾਲੇ ਇਸ ਬੰਨ੍ਹੇ ਨੇ 2019 ਤੋਂ ਵਪਾਰਕ ਕਾਰੋਬਾਰ ਸ਼ੁਰੂ ਕਰਨਾ ਸੀ। ਜ਼ਿਕਰਯੋਗ ਹੈ ਕਿ ਮੁਲਕ ਵਿੱਚ 10 ਬੰਨ੍ਹ ਚਾਲੂ ਹਾਲਤ ਵਿੱਚ ਹਨ ,ਜਦੋਂ ਕਿ 10 ਤੋਂ 20 ਉਸਾਰੀ ਅਧੀਨ ਅਤੇ ਦਰਜਨਾਂ ਦੀ ਯੋਜਨਾ ਹੈ।

-ਏਐਫਪੀ