ਜਲੰਧਰ – ਜਲੰਧਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਹੁਣ ਹਵਾਈ ਯਾਤਰਾ ਕਰਨ ਲਈ ਬਹੁਤੀ ਦੇਰ ਤੇ ਦੂਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਜਲੰਧਰ ਨੇੜੇ ਆਦਮਪੁਰ ‘ਚ ਬਣ ਰਹੇ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ 13 ਅਪ੍ਰੈਲ ਤੋਂ ਸਪਾਈਸਜੈਟ ਏਅਰਲਾਈਨਜ਼ ਦੀ ਉਡਾਣ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ | ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਚ ਸੁਰੱਖਿਆ ਲਈ ਲੱਗੀਆਂ ਮਸ਼ੀਨਾਂ, ਆਲੇ-ਦੁਆਲੇ ਲੱਗੇ ਬੋਰਡ ਤੇ ਇਮਾਰਤ ਇਸ ਗੱਲ ਦਾ ਸਬੂਤ ਹੈ ਕਿ ਨਾਗਰਿਕ ਹਵਾਈ ਅੱਡੇ ਦੀ ਸਭ ਤਿਆਰੀਆਂ ਕਰੀਬ ਮੁਕੰਮਲ ਹੋ ਚੁੱਕੀਆਂ ਹਨ | ਦੱਸਣਯੋਗ ਹੈ ਕਿ ਬੀਤੇ ਸਾਲ ਇਸ ਹਵਾਈ ਅੱਡੇ ਨੂੰ ਬਣਾਉਣ ਲਈ ਕੰਮ ਦੀ ਸ਼ੁਰੂਆਤ ਹੋਈ ਸੀ ਤੇ ਪਿਛਲੇ ਸਾਲ ਹੀ ਇਸ ਦੇ ਮੁਕੰਮਲ ਹੋ ਜਾਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਸਪਾਈਸਜੈਟ ਵਲੋਂ ਕੁਝ ਗੱਲਾਂ ਨੂੰ ਲੈ ਕੇ ਉਠਾਏ ਇਤਰਾਜ਼ਾਂ ਦੇ ਚੱਲਦਿਆਂ ਦੇਰੀ ਹੋ ਗਈ | ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਤੇ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਕੇਵਲ ਕਿਸ਼ਨ ਨੇ ਦੱਸਿਆ ਕਿ ਹਵਾਈ ਅੱਡੇ ਦੀ ਸੁਰੱਖਿਆ ਸੂਬਾ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਵੇਗੀ ਤੇ 13 ਅਪ੍ਰੈਲ ਤੋਂ ਉਡਾਣ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ |