ਚੰਡੀਗੜ੍ਹ: ਦੇਸ਼ ਦੀ ਆਜ਼ਾਦ ਲਈ ਮਰ ਮਿਟਣ ਵਾਲਿਆਂ ਦੇ ਬੁੱਤਾਂ ਉੱਪਰ ਵੀ ਮੋਦੀ ਸਰਕਾਰ ਦਾ ਜੀਐਸਟੀ ਲੱਗ ਰਿਹਾ ਹੈ। ਮੰਗਲਵਾਰ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਲਾਏ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ 50 ਹਜ਼ਾਰ ਰੁਪਏ ਜੀਐਸਟੀ ਲੱਗਾ ਹੈ। ਇਸ ਬੁੱਤ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਜਲ੍ਹਿਆਂਵਾਲਾ ਬਾਗ ਵਿੱਚ ਸਥਾਪਤ ਕੀਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਨਿਰਮਾਣ ਲਈ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਨੂੰ ਤਕਰੀਬਨ 50 ਹਜ਼ਾਰ ਰੁਪਏ ਜੀਐਸਟੀ ਦਾ ਭੁਗਤਾਨ ਕਰਨਾ ਪਿਆ ਹੈ।
ਸ਼ਹੀਦ ਊਧਮ ਸਿੰਘ ਨੂੰ ਜੁਲਾਈ 1940 ਵਿੱਚ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦਿੱਤੇ ਜਾਣ ਤੋਂ 78 ਵਰ੍ਹਿਆਂ ਬਾਅਦ ਉਸ ਦਾ ਬੁੱਤ ਇੱਥੇ ਜਲ੍ਹਿਆਂਵਾਲਾ ਬਾਗ ਵਿੱਚ ਸਥਾਪਤ ਕੀਤਾ ਗਿਆ ਹੈ। ਇਹ ਆਦਮਕੱਦ ਬੁੱਤ ਤਕਰੀਬਨ 11 ਫੁੱਟ ਉਚਾ ਹੈ, ਜਿਸ ਨੂੰ ਚਾਰ ਫੁੱਟ ਉਚੇ ਮੰਚ ’ਤੇ ਸਥਾਪਤ ਕੀਤਾ ਗਿਆ ਹੈ। ਇਹ ਬੁੱਤ ਫਾਈਬਰ ਗਲਾਸ ਦਾ ਬਣਿਆ ਹੋਇਆ ਹੈ। ਕੰਬੋਜ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਦੱਸਿਆ ਕਿ ਬੁੱਤ ਦੀ ਸਥਾਪਨਾ ’ਤੇ ਤਕਰੀਬਨ 10 ਲੱਖ ਰੁਪਏ ਖਰਚ ਆਇਆ ਹੈ।