ਪਟਿਆਲਾ – ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਫ਼ਲਸਫ਼ੇ ‘ਚ ਹਵਾ ਪਾਣੀ ਤੇ ਧਰਤੀ ਨੂੰ ਅਹਿਮ ਮਹੱਤਤਾ ਦਿੱਤੀ ਹੈ | ਮਨੁੱਖੀ ਸਿਹਤ ਲਈ ਸਾਫ਼ ਸੁਥਰੀ ਹਵਾ ਦਾ ਹੋਣਾ ਲਾਜ਼ਮੀ ਹੈ | ਹਾਲਾਂਕਿ ਦੇਸ਼ ਅੰਦਰ ਧਰਤੀ ਤੇ ਜੰਗਲਾਤ 19 ਫ਼ੀਸਦੀ ਦੇ ਕਰੀਬ ਹੈ, ਜਦਕਿ ਪੰਜਾਬ ਦੀ ਧਰਤੀ ਜਿੱਥੇ ਗੁਰੂ ਸਾਹਿਬ ਨੇ ਇਹ ਸੰਦੇਸ਼ ਦਿੱਤੇ ਉਹ ਇਸ ਹੱਦ ਦੂਸ਼ਿਤ ਹੋ ਚੁੱਕੀ ਹੈ ਕਿ ਅੱਜ ਇਸ ਦੂਸ਼ਿਤ ਹਵਾ ਕਾਰਨ ਹੀ ਪੰਜਾਬ ਅੰਦਰ ਸ਼ੱਕਰ ਅਤੇ ਦਿਲ ਦੇ ਰੋਗਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ | ਅਫ਼ਸੋਸ ਇਸ ਗੱਲ ਦਾ ਹੈ ਕਿ ਦੇਸ਼ ਦਾ ਅੰਕੜਾ 19 ਫ਼ੀਸਦੀ ਅਤੇ ਪੰਜਾਬ ਦੀ ਧਰਤੀ ਤੇ ਜੰਗਲਾਤ 7 ਫ਼ੀਸਦੀ ਤੋਂ ਵੀ ਘੱਟ ਗਿਆ ਹੈ, ਜੋ ਇਸ ਵੇਲੇ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ | ਪੰਜਾਬ ਦੇ ਸਾਰੇ ਹੀ ਸ਼ਹਿਰਾਂ ਦੀ ਹਵਾ ਦੂਸ਼ਿਤ ਹੋ ਚੁੱਕੀ ਹੈ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨੀ ਜਾ ਰਹੀ ਹੈ | ਜੇਕਰ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ‘ਤੇ ਝਾਤੀ ਮਾਰੀ ਜਾਵੇ ਤਾਂ ਰਾਜ ਦਾ ਕੋਈ ਸ਼ਹਿਰ ਅਜਿਹਾ ਨਹੀਂ ਜਿੱਥੇ ਹਵਾ ਸ਼ੁੱਧ ਹੋਵੇ ਅਤੇ ਇਹ ਨਿਯਮਤ ਅੰਕੜੇ ਤੋਂ ਹੇਠਾਂ ਹੀ ਹੋਵੇ | ਸਭ ਤੋਂ ਅਹਿਮ ਗੱਲ ਇਹ ਹੈ ਕਿ ਸਿਫ਼ਤੀ ਦੇ ਸ਼ਹਿਰ ਅੰਮਿ੍ਤਸਰ ਦੀ ਜੇ ਹਵਾ ਦਾ ਅੰਕੜਾ ਦੇਖਿਆ ਜਾਵੇ ਤਾਂ ਇੱਥੇ ਸਾਲ 2016 ‘ਚ ਪ੍ਰਦੂਸ਼ਣ 232 ਮਾਈਕਰੋ ਗਰਾਮ ਪ੍ਰਤੀ ਘਣ ਮੀਟਰ ਸੀ, ਜਦਕਿ ਸਾਲ 2017 ‘ਚ ਇਹ ਮਾਤਰਾ ਘਟ ਕੇ 189 ਮਾਈਕਰੋ ਗਰਾਮ ਪ੍ਰਤੀ ਘਣਮੀਟਰ ‘ਤੇ ਪਹੁੰਚੀ ਹੈ, ਪਰ ਨਿਰਧਾਰਿਤ ਅੰਕੜੇ ਤੋਂ ਫਿਰ ਵੀ ਉੱਪਰ ਹੈ, ਜਿਸ ਨੂੰ ਦੂਸ਼ਿਤ ਦਾ ਦਰਜਾ ਦਿੱਤਾ ਗਿਆ ਹੈ, ਅੰਮਿ੍ਤਸਰ ਦੀ ਹਵਾ ਦਾ ਇਹ ਅੰਕੜਾ ਰਾਜ ਦੇ ਸ਼ਹਿਰਾਂ ਦਾ ਸਭ ਤੋਂ ਉਪਰਲਾ ਅੰਕੜਾ ਹੈ | ਪਟਿਆਲਾ ਦਾ ਅੰਕੜਾ ਵੀ 107 ਤੋਂ ਘਟ ਕੇ 101 ‘ਤੇ ਆ ਤਾਂ ਗਿਆ ਹੈ, ਪਰ ਨਿਯਮਤ ਅੰਕੜੇ ਤੋਂ ਫਿਰ ਵੀ ਵੱਧ ਹੈ | ਜੇਕਰ ਹੋਰਨਾਂ ਸ਼ਹਿਰਾਂ ਤੇ ਝਾਤੀ ਮਾਰੀ ਜਾਵੇ ਤਾਂ ਜਲੰਧਰ ਦਾ ਅੰਕੜਾ ਸਾਲ 2017 ‘ਚ 143 ਮਾਈਕਰੋ ਗਰਾਮ ਪ੍ਰਤੀ ਘਣਮੀਟਰ ਮਾਪਿਆ ਗਿਆ ਹੈ ਜਦਕਿ ਸਾਲ 2016 ‘ਚ ਇਹ 172 ਸੀ | ਇਸੇ ਤਰ੍ਹਾਂ ਜੇ ਸਾਲ 2016 ਤੇ 2017 ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਜਲੰਧਰ ਦਾ ਅੰਕੜਾ 172 ਦੇ ਮੁਕਾਬਲੇ 143, ਮੰਡੀ ਗੋਬਿੰਦਗੜ੍ਹ ਦਾ ਅੰਕੜਾ 126 ਦੇ ਮੁਕਾਬਲੇ 109, ਡੇਰਾਬੱਸੀ ਦਾ ਅੰਕੜਾ 98 ਦੇ ਮੁਕਾਬਲੇ 84, ਨੰਗਲ ਦਾ ਅੰਕੜਾ 91 ਦੇ ਮੁਕਾਬਲੇ 81, ਬਠਿੰਡਾ ਦਾ ਅੰਕੜਾ 117 ਦੇ ਮੁਕਾਬਲੇ 109, ਲੁਧਿਆਣੇ ਦੇ ਅੰਕੜੇ ‘ਚ ਕੋਈ ਬਹੁਤੀ ਤਬਦੀਲੀ ਨਹੀਂ ਹੈ, ਇਸ ਸ਼ਹਿਰ ਦਾ ਅੰਕੜਾ 139 ਤੋਂ ਘਟ ਕੇ 138 ਦਰਜ ਕੀਤਾ ਗਿਆ ਹੈ | ਇਸ ਤੋਂ ਇਲਾਵਾ ਦੋ ਸ਼ਹਿਰ ਅਜਿਹੇ ਹਨ, ਜਿੱਥੇ ਹਵਾ ਪ੍ਰਦੂਸ਼ਣ ਵਧਿਆ ਹੈ , ਉਨ੍ਹਾਂ ‘ਚ ਡੇਰਾ ਬਾਬਾ ਨਾਨਕ ‘ਚ ਅੰਕੜਾ 95 ਤੋਂ ਵੱਧ ਕੇ 100 ਅਤੇ ਖੰਨਾ ਸ਼ਹਿਰ ਦਾ ਅੰਕੜਾ ਵੀ 114 ਤੋਂ ਵਧ ਕੇ 121 ਮਾਈਕਰੋ ਗਰਾਮ ਪ੍ਰਤੀ ਘਣ ਮੀਟਰ ਹੋ ਗਿਆ ਹੈ |