ਸਰਕਾਰ ਵਿਰੋਧੀ ਮਾਰਚ

0
311

ਹਾਂਗਕਾਂਗ : ਹਾਂਗਕਾਂਗ ਵਿੱਚ ਅੱਜ ਸਰਕਾਰ ਵਿਰੋਧੀ ਮਾਰਚ ਵਿੱਚ ਇਕ ਹਜ਼ਾਰ ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਸਰਕਾਰ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਜੋਸ਼ੂਆ ਵੌਂਗ ਸਮੇਤ ਸ਼ਹਿਰ ਦੇ ਹੋਰਨਾਂ ਉੱਚ ਪੱਧਰੀ ਜਮਹੂਰੀਅਤ ਪਸੰਦ ਕਾਰਕੁਨਾਂ ਨੇ ਕੀਤੀ। ਕਾਰਕੁਨਾਂ ਮੁਤਾਬਕ ਨੀਮ ਖੁਦਮੁਖਤਿਆਰੀ ਵਾਲੇ ਇਸ ਸ਼ਹਿਰ ’ਤੇ ਚੀਨ ਦੇ ਵਧਦੇ ਦਬਾਅ ਕਰਕੇ ਹਾਂਗਕਾਂਗ ਦੇ ਲੋਕਾਂ ਦੇ ਹੱਕ ਤੇ ਆਜ਼ਾਦੀ ਖੁੱਸਣ ਦਾ ਜੋਖ਼ਮ ਵੱਧ ਗਿਆ ਹੈ। ਜਮਹੂਰੀਅਤ ਪੱਖੀ ਕੈਂਪ ਇਸ ਗੱਲੋਂ ਫ਼ਿਕਰਮੰਦ ਹੈ ਕਿ ਅਦਾਲਤੀ ਫ਼ੈਸਲਿਆਂ ਮਗਰੋਂ ਪ੍ਰਚਾਰਕਾਂ ਨੂੰ ਜੇਲ੍ਹੀਂ ਡੱਕਣ ਮਗਰੋਂ ਹਾਂਗਕਾਂਗ ਵਿੱਚ ਰੋਸ ਮੁਜ਼ਾਹਰਿਆਂ ਨੂੰ ਕਾਨੂੰਨੀ ਤੌਰ ’ਤੇ ਰੋਕਣ ਲਈ ਭੰਨ-ਤੋੜ ਵਿਰੋਧੀ ਕਾਨੂੰਨ ਪੇਸ਼ ਕੀਤਾ ਜਾ ਸਕਦਾ ਹੈ।
ਵੌਂਗ (21), ਜਿਸ ਨੂੰ 2014 ਵਿੱਚ ਅੰਬਰੇਲਾ ਮੁਹਿੰਮ ਹੇਠ ਵਿੱਢੇ ਜਮਹੂਰੀਅਤ ਪੱਖੀ ਪ੍ਰਦਰਸ਼ਨਾਂ ਕਰਕੇ ਜੇਲ੍ਹੀਂ ਡੱਕ ਦਿੱਤਾ ਗਿਆ ਸੀ, ਅੱਜਕੱਲ੍ਹ ਜ਼ਮਾਨਤ ’ਤੇ ਹੈ ਤੇ ਉਸ ਦੀ ਅਪੀਲ ਅਦਾਲਤ ਵਿੱਚ ਵਿਚਾਰਧੀਨ ਹੈ। ਸੱਜਰੇ ਪ੍ਰਦਰਸ਼ਨਾਂ ਕਰਕੇ ਵੀਰਵਾਰ ਨੂੰ ਉਸ ’ਤੇ ਹੋਰ ਦੋਸ਼ ਆਇਦ ਕੀਤੇ ਜਾ ਸਕਦੇ ਹਨ, ਜਿਸ ਤੋਂ ਭਾਵ ਹੈ ਕਿ ਉਸ ਨੂੰ ਜੇਲ੍ਹ ਵਿੱਚ ਹੋਰ ਸਮਾਂ ਰਹਿਣਾ ਪੈ ਸਕਦਾ ਹੈ। ਵੌਂਗ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਕੋਈ ਵੀ ਜੇਲ੍ਹ ਦੀ ਸਜ਼ਾ ਨਹੀਂ ਕੱਟਣਾ ਚਾਹੁੰਦਾ, ਪਰ ਜੇਕਰ ਇਹ ਹਾਂਗਕਾਂਗ ਦੇ ਲੋਕਾਂ ਨੂੰ ਨਿਆਂ ਤੇ ਜਮਹੂਰੀਅਤ ਦੀ ਸਾਂਭ ਸੰਭਾਲ ਪ੍ਰਤੀ ਲਾਮਬੰਦ ਕਰਦੀ ਹੈ ਤਾਂ ਇਹ ਕੀਮਤੀ ਹੈ ਤੇ ਮੈਂ ਇਹ ਕੀਮਤ ਤਾਰਨ ਲਈ ਤਿਆਰ ਹਾਂ।’ -ਏਐਫਪੀ