ਅੰਮਿ੍ਤਸਰ, 16 ਨਵੰਬਰ- ਭਾਰਤ ਦੇ ਰਾਸ਼ਟਰਪਤੀ ਬਣਨ ਬਾਅਦ ਪਹਿਲੀ ਵਾਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਰਾਮ ਨਾਥ ਕੋਵਿੰਦ ਦੇਸ਼ ਦੇ ਦੂਜੇ ਅਜਿਹੇ ਰਾਸ਼ਟਰਪਤੀ ਹਨ, ਜਿੰਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪੰਗਤ ‘ਚ ਬੈਠ ਕੇ ਲੰਗਰ ਛੱਕਿਆ | ਸੂਚਨਾ ਅਨੁਸਾਰ ਕੋਵਿੰਦ ਜੋ ਆਪਣੇ ਪਰਿਵਾਰ ਸਮੇਤ ਪਹਿਲੀ ਵਾਰ ਦਰਸ਼ਨ ਕਰਨ ਪੁੱਜੇ ਸਨ, ਨੇ ਪਹਿਲਾਂ ਹੀ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨੂੰ ਸੁਚਿਤ ਕੀਤਾ ਸੀ ਕਿ ਉੁਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਘਰ ਵਿਖੇ ਆਮ ਸੰਗਤ ਵਾਂਗ ਲੰਗਰ ਛਕਣਾ ਚਾਹੁਣਗੇ ਤੇ ਇਸ ਲਈ ਕੋਈ ਵਿਸ਼ੇਸ਼ ਉਚੇਚ ਨਾ ਕੀਤਾ ਜਾਵੇ | ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਗੁਰੂ ਘਰ ‘ਚੋਂ ਲੰਗਰ ਛੱਕ ਚੁੱਕੇ ਹਨ, ਪਰ ਕੋਵਿੰਦ ਅਜਿਹਾ ਕਰਨ ਵਾਲ ਪਹਿਲੇ ਗੈਰ ਸਿੱਖ ਰਾਸ਼ਟਰਪਤੀ ਹਨ |
ਹੁਣ ਤੱਕ 6 ਰਾਸ਼ਟਰਪਤੀ ਕਰ ਚੁੱਕੇ ਹਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ
ਇਸੇ ਦੌਰਾਨ ਪ੍ਰਾਪਤ ਵੇਰਵਿਆਂ ਅਨੁਸਾਰ ਸਮੇਂ-ਸਮੇਂ ਭਾਰਤ ਦੇ 6 ਰਾਸ਼ਟਰਪਤੀ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ | ਜਿੰਨ੍ਹਾਂ ‘ਚ ਵੀ. ਵੀ. ਗਿਰੀ, ਨੀਲਮ ਸੰਜੀਵਾ ਰੈਡੀ, ਗਿਆਨੀ ਜੈਲ ਸਿੰਘ, ਡਾ: ਏ. ਪੀ. ਜੇ. ਅਬਦੁੁਲ ਕਲਾਮ, ਪ੍ਰਤਿਭਾ ਸਿੰਘ ਪਾਟਿਲ ਅਤੇ ਰਾਮ ਨਾਥ ਕੋਵਿੰਦ ਸ਼ਾਮਿਲ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ: ਕਲਾਮ ਦੋ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸਨ |































