ਸਊਦੀ ਅਰਬ ਦੇ ਸਰਕਾਰੀ ਮੀਡੀਆ ਮੁਤਾਬਕ ਸਊਦੀ ਦੇ ਸ਼ਾਹ ਸਲਮਾਨ ਨੇ ਇੱਕ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਔਰਤਾਂ ਨੂੰ ਪਹਿਲੀ ਵਾਰੀ ਡਰਾਈਵਿੰਗ ਦੀ ਇਜਾਜ਼ਤ ਦਿੱਤੀ ਗਈ ਹੈ।
ਸਊਦੀ ਅਰਬ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਦੇ ਗੱਡੀ ਚਲਾਉਣ ‘ਤੇ ਰੋਕ ਹੈ।
2018 ਤੋਂ ਲਾਗੂ ਹੋਵੇਗਾ ਫੈਸਲਾ
ਸਊਦੀ ਪ੍ਰੈਸ ਏਜੰਸੀ ਮੁਤਾਬਕ ਸਾਊਦੀ ਵਿਭਾਗਾਂ ਨੂੰ ਇਸ ਮਾਮਲੇ ‘ਚ 30 ਦਿਨਾਂ ਅੰਦਰ ਰਿਪੋਰਟ ਤਿਆਰ ਕਰਨੀ ਹੈ, ਅਤੇ ਇਹ ਹੁਕਮ ਜੂਨ 2018 ਤੋਂ ਲਾਗੂ ਹੋਵੇਗਾ।
ਔਰਤਾਂ ਨੂੰ ਡਰਾਈਵਿੰਗ ਦਾ ਅਧਿਕਾਰ ਦਿਵਾਉਣ ਲਈ ਸਾਲਾਂ ਤੋਂ ਮੁਹਿੰਮ ਚਲਾਈ ਗਈ। ਕਈ ਔਰਤਾਂ ਨੂੰ ਇਸ ਪਬੰਦੀ ਨੂੰ ਤੋੜਨ ਲਈ ਸਜ਼ਾ ਵੀ ਦਿੱਤੀ ਗਈ।
ਸਊਦੀ ਪ੍ਰੈਸ ਏਜੰਸੀ ਮੁਤਾਬਕ ਇਸ ਫੈਸਲੇ ਨਾਲ ਟਰੈਫਿਕ ਨੇਮਾਂ ‘ਚ ਕਈ ਸੋਧ ਵੀ ਕੀਤੇ ਜਾਣਗੇ। ਇਸ ਵਿੱਚ ਔਰਤਾਂ ਅਤੇ ਮਰਦਾਂ ਲਈ ਇੱਕੋ ਡਰਾਈਵਿੰਗ ਲਾਈਸੈਂਸ ਜਾਰੀ ਕਰਨਾ ਵੀ ਸ਼ਾਮਿਲ ਹੈ।
ਸ਼ਰੀਆ ਕਨੂੰਨ ਦਾ ਰੱਖਿਆ ਜਾਵੇਗਾ ਖ਼ਿਆਲ
ਇਸ ਹੁਕਮ ਵਿੱਚ ਸ਼ਰੀਆ ਕਨੂੰਨ ਦਾ ਵੀ ਖਿਆਲ ਰੱਖਣ ਦੀ ਗੱਲ ਕਹੀ ਗਈ ਹੈ, ਹਾਲਾਂਕਿ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
ਸਊਦੀ ਪ੍ਰੈਸ ਏਜੰਸੀ ਨੇ ਕਿਹਾ ਕਿ ਇੱਕ ਸੀਨੀਅਰ ਧਾਰਮਿਕ ਵਿਦਵਾਨਾਂ ਦੀ ਕੌਂਸਲ ਦੇ ਮੈਂਬਰਾਂ ਨੇ ਬਹੁਮਤ ਵਿੱਚ ਇਸ ਫੈਸਲੇ ਦੀ ਹਿਮਾਇਤ ਕੀਤੀ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਾ ਸਵਾਗਤ ਕਰਦੇ ਹੋਏ ਇਸ ਨੂੰ ਸਹੀ ਦਿਸ਼ਾ ਵਿੱਚ ਚੁੱਕਿਆ ਕਦਮ ਦੱਸਿਆ ਹੈ।