ਵਿਗਿਆਨਕ ਖੋਜਾਂ ਨੇ ਦੁਨੀਆਂ ਨੂੰ ਇਕ ਪਿੰਡ ਬਣਾ ਦਿੱਤਾ ਹੈ। ਸੰਚਾਰ ਦੇ ਬਿਜਲਈ ਤੇ ਨਵੀਨ ਸਾਧਨ ਵਿਗਿਆਨ ਦੀਆਂ ਅਹਿਮ ਪ੍ਰਾਪਤੀਆਂ ਹਨ। ਇਨ੍ਹਾਂ ਵਿੱਚੋਂ ਟੀਵੀ, ਸੰਚਾਰ ਦਾ ਮਕਬੂਲ ਸਾਧਨ ਹੈ ਤੇ ਅਨੇਕ ਟੀਵੀ ਚੈਨਲਾਂ ਰਾਹੀਂ ਹਰ ਤਰ੍ਹਾਂ ਦੀ ਜਾਣਕਾਰੀ ਮਿੰਟੋ-ਮਿੰਟੀ ਪੁੱਜ ਜਾਂਦੀ ਹੈ। ਖ਼ਬਰਾਂ ਵਾਲੇ ਚੈਨਲਾਂ ਦੇ ਪੱਤਰਕਾਰ ਘਟਨਾ ਸਥਾਨ ’ਤੇ ਪਹੁੰਚ ਕੇ ਲਾਈਵ ਕਵਰੇਜ ਕਰਦੇ ਹਨ। ਇਹ ਕਵਰੇਜ ਓਬੀ ਵੈਨ (ਆਊਟਡੋਰ ਬਰਾਡਕਾਸਟਿੰਗ ਵੈਨ) ਦੀ ਮਦਦ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਸਟੂਡੀਓ ਵਾਲਾ ਸਾਜ਼ੋ-ਸਾਮਾਨ ਉਪਲੱਬਧ ਹੁੰਦਾ ਹੈ। ਖ਼ਬਰਾਂ ਵਾਲੇ ਚੈਨਲਾਂ ਦੀਆਂ ਇਹ ਗੱਡੀਆਂ ਛੋਟੇ ਆਕਾਰ ਦੀਆਂ ਹੁੰਦੀਆਂ ਹਨ, ਤਾਂ ਜੋ ਤੰਗ ਰਸਤਿਆਂ ਵਿੱਚੋਂ ਵੀ ਲੰਘ ਸਕਣ। ਇਸ ਨੂੰ ਅਪਰੇਟ ਕਰਨ ਲਈ 4-5 ਵਿਅਕਤੀਆਂ ਦੀ ਲੋੜ ਪੈਦੀ ਹੈ। ਖੁੱਲ੍ਹੀਆਂ ਥਾਵਾਂ ’ਤੇ ਕੀਤੀ ਜਾਂਦੀ ਕਵਰੇਜ ਲਈ ਓਬੀ ਟਰੱਕ ਵੀ ਵਰਤੇ ਜਾਂਦੇ ਹਨ। ਓਬੀ ਵੈਨ ਦੀ ਖੋਜ ਦਾ ਸਿਹਰਾ ਬੀਬੀਸੀ (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਨੂੰ ਜਾਂਦਾ ਹੈ, ਜਿਸ ਦੀ ਸਥਾਪਨਾ 95 ਸਾਲ ਪਹਿਲਾ ਜੌਨ ਰੀਥ ਨੇ 18 ਅਕਤੂਬਰ 1922 ਨੂੰ ਕੀਤੀ ਸੀ। ਬੀਬੀਸੀ ਨੇ ਓਬੀ ਵੈਨ ਦਾ ਤਕਨੀਕੀ ਢਾਂਚਾ 1928 ਵਿੱਚ ਤਿਆਰ ਕਰ ਲਿਆ ਸੀ। ਟੀਵੀ ਦੀ ਖੋਜ ਤੋਂ ਬਾਅਦ ਪਹਿਲੀ ਵਾਰ 1936 ਵਿੱਚ ਅਲੈਗਜ਼ੈਂਡਰ ਪੈਲੇਸ ਦੇ ਖੁੱਲ੍ਹੇ ਖੇਤਰ ਤੋਂ ਬਾਹਰੀ ਪ੍ਰਸਾਰਨ ਦੇ ਤਜਰਬੇ ਲਈ ਆਰਜ਼ੀ ਚਾਰਦੀਵਾਰੀ ਅੰਦਰ ਇਕ ਸਟੂਡੀਓ ਬਣਾਇਆ ਤੇ ਅੰਦਰੂਨੀ ਮੁੱਖ ਸਟੂਡੀਓ ਨਾਲ ਇਕ ਤਾਰ ਰਾਹੀਂ ਜੋੜਿਆ ਗਿਆ। ਸ਼ੁਰੂਆਤੀ ਦੌਰ ਵਿੱਚ ਇੰਗਲੈਡ ਦੇ ਮਸ਼ਹੂਰ ਬਾਗ਼ਬਾਨੀ ਲੇਖਕ ਸੀ ਐਚ ਮਿਡਲਟਨ ਨਾਲ ਮਿਲ ਕੇ ਪਹਿਲਾ ਬਾਗ਼ਬਾਨੀ ਆਧਾਰਿਤ ਲਾਈਵ ਪ੍ਰੋਗਰਾਮ ਰੇਡੀਓ ਤਕਨੀਕ ਸਹਾਰੇ ਬਾਹਰੋਂ ਪ੍ਰਸਾਰਿਤ ਕੀਤਾ। ਮਈ 1937 ਵਿੱਚ ਇਸ ਟੀਮ ਨੇ ਦੇਸ਼ ਵਿੱਚ ਫਿਲਮਾਂ ਤੇ ਵੱਡੇ ਲਾਈਵ ਸ਼ੋਅ’ਜ਼ ਦੇ ਪ੍ਰਸਾਰਨ ਸ਼ੁਰੂ ਕਰ ਦਿੱਤੇ। ਪਹਿਲੀ ਸਭ ਤੋਂ ਵੱਡਾ ਸਿੱਧਾ ਪ੍ਰਸਾਰਨ ਰਾਜਕੁਮਾਰ ਜੌਰਜ ਛੇਵੇਂ ਤੇ ਰਾਣੀ ਐਲਿਜ਼ਾਬੈੱਥ ਦੇ ਰਾਜਗੱਦੀ ਸਾਂਭਣ ਸਮੇਂ ਦਾ ਸੀ। ਉਸ ਵੇਲੇ ਭਾਵੇਂ ਟੀਵੀ ਆਮ ਨਹੀਂ ਸਨ, ਪਰ ਬੀਬੀਸੀ ਲਈ ਇਹ ਵੱਡੀ ਉਪਲੱਬਧੀ ਸੀ। ਅਗਸਤ 1950 ਵਿੱਚ ਬਾਹਰੀ ਪ੍ਰਸਾਰਨ ਲਈ ਤਜਰਬੇ ਮੁੜ ਸ਼ੁਰੂ ਕੀਤੇ ਗਏ। ਇਤਿਹਾਸ ਦਾ ਪਹਿਲਾ ਸਿੱਧਾ ਪ੍ਰਸਾਰਨ ਉਤਰੀ ਫਰਾਂਸ ਦੇ ਕੈਲਸਿਸ ਤੱਟ ਤੋਂ ਸ਼ੁਰੂ ਕੀਤਾ ਗਿਆ। ਉਸ ਸਮੇਂ ਨੈੱਟਵਰਕ ਨੂੰ ਤਰਤੀਬ ਵਿੱਚ ਲਿਆਉਣ ਲਈ ਦੋ ਮਹੀਨੇ ਦਾ ਸਮਾਂ ਲੱਗਿਆ। ਇੱਕੀਵੀਂ ਸਦੀ ਵਿੱਚ ਇੰਟਰਨੈੱੱਟ ਨਾਲ ਆਈਆਂ ਵਿਆਪਕ ਤਬਦੀਲੀਆਂ ਨੇ ਇਸ ਤਕਨੀਕ ਨੂੰ ਸਰਲ ਬਣਾ ਦਿੱਤਾ ਹੈ।
##ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ ਸੰਪਰਕ: 99880-03419