ਚੀਨੀ ਕੰਪਨੀ ‘ਚ ਅੱਗ ਲੱਗਣ ਕਾਰਨ 38 ਮੌਤਾਂ

0
127

ਬੀਜਿੰਗ (ਏਜੰਸੀ)-ਮੱਧ ਚੀਨ ਦੇ ਹੇਨਾਨ ਸੂਬੇ ‘ਚ ਇਕ ਵਪਾਰਕ ਕੰਪਨੀ ‘ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਸੂਚਨਾ ਵਿਭਾਗ ਨੇ ਦੱਸਿਆ ਕਿ ਹੇਨਾਨ ਸੂਬੇ ‘ਚ ਅਨਯਾਂਗ ਸ਼ਹਿਰ ਦੇ ਵੇਨਫੇਂਗ ਜ਼ਿਲ੍ਹੇ ‘ਚ ਇਕ ਪਲਾਂਟ ‘ਚ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੂੰ ਚਾਰ ਘੰਟੇ ਦਾ ਸਮਾਂ ਲੱਗਾ। ਅੱਗ ਬੁਝਾਊ ਅਮਲੇ ਨੇ ਰਾਤ ਦੇ ਕਰੀਬ 11 ਵਜੇ ਅੱਗ ‘ਤੇ ਕਾਬੂ ਪਾਇਆ। ਸਰਕਾਰੀ ਸੀ. ਜੀ. ਟੀ. ਐਨ. ਦੀ ਰਿਪੋਰਟ ਅਨੁਸਾਰ 38 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਚਾਅ ਕਾਰਜਾਂ ਲਈ ਸਥਾਨਿਕ ਅੱਗ ਬੁਝਾਊ ਟੀਮ ਦੇ 63 ਵਾਹਨ ਅਤੇ ਅੱਗ ਬੁਝਾਉਣ ਵਾਲੀਆਂ 240 ਗੱਡੀਆਂ ਭੇਜੀਆਂ ਗਈਆਂ। ਚੀਨ ਦੇ ਹੰਗਾਮੀ ਪ੍ਰਬੰਧਨ ਮੰਤਰਾਲੇ ਵਲੋਂ ਵੀ ਇਕ ਟੀਮ ਮੌਕੇ ‘ਤੇ ਭੇਜੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਾ। ਪੁਲਿਸ ਨੇ ਕੁਝ ਸ਼ੱਕੀਆਂ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਹੈ।