ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਕ੍ਰਿਕਟ ਖੇਡ ‘ਚ ਲਗਾਤਾਰ ਬੁਲੰਦੀਆਂ ਹਾਸਲ ਕਰਦਿਆਂ ਪੰਜਾਬਣ ਕੁਲਬੀਰ ਦਿਓਲ ਵਲੋਂ ਹਾਂਗਕਾਂਗ ਦੀ ਨੈਸ਼ਨਲ ਟੀਮ ਵਿਚ ਸ਼ਾਮਿਲ ਹੋ ਕੇ ਇਤਿਹਾਸ ਰਚਿਆ ਗਿਆ ਹੈ | ਪੰਜਾਬ ਤੋਂ ਹੁਸ਼ਿਆਰਪੁਰ ਦੇ ਕਸਬੇ ਮਾਹਿਲਪੁਰ ਨਾਲ ਸੰਬੰਧਿਤ ਸੁਰਿੰਦਰ ਦਿਓਲ ਦੀ ਧੀ ਨੇ ਗੁਰਦੁਆਰਾ ਖ਼ਾਲਸਾ ਦੀਵਾਨ ਦੀਆਂ ਵਿਸਾਖੀ ਖੇਡਾਂ ‘ਚ ਭਾਗ ਲੈਂਦਿਆਂ ਖੇਡਾਂ ਪ੍ਰਤੀ ਲਗਨ ਕਾਰਨ ਸਕੂਲ ‘ਚ ਅਥਲੈਟਿਕਸ ਮੀਟ ‘ਚ ਭਾਗ ਲੈ ਕੇ ਉੱਚ ਮੁਕਾਮ ਹਾਸਲ ਕੀਤੇ | 2015 ਤੋਂ ਯੂ. ਐਸ. ਆਰ. ਐਲ. ਕਲੱਬ ‘ਚ ਕ੍ਰਿਕਟ ਖੇਡ ਦੀ ਸ਼ੁਰੂਆਤ ਕੀਤੀ | ਕੁਲਬੀਰ ਦਿਓਲ ਵਲੋਂ ਕ੍ਰਿਕਟ ਖੇਡ ਦੀ ਸ਼ੁਰੂਆਤ ਤੋਂ ਹੀ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹਾਂਗਕਾਂਗ ਲੀਗ ਕ੍ਰਿਕਟ ਕੱਪ 2015-16 ਵਿਚ ਬੈਸਟ ਬਾਲਰ ਆਫ਼ ਦ ਯੀਅਰ, 2016-17 ‘ਚ ਵੋਮੈਨ ਆਫ਼ ਦ ਟੂਰਨਾਮੈਂਟ ਅਤੇ 2021-22 ਦੀ ਬੈਸਟ ਬਾਲਰ ਆਫ਼ ਦ ਯੀਅਰ ਅਤੇ ਵੋਮੈਨ ਪਲੇਅਰ ਆਫ਼ ਦ ਯੀਅਰ ਖ਼ਿਤਾਬ ਹਾਸਲ ਕਰਕੇ ਇਤਿਹਾਸ ਰਚਿਆ | ਕੁਲਬੀਰ ਦਿਓਲ ਦੀ ਸ਼ਾਨਦਾਰ ਖੇਡ ਨੂੰ ਵੇਖਦਿਆਂ ਹਾਂਗਕਾਂਗ ਕ੍ਰਿਕਟ ਟੀਮ ਵਲੋਂ ਇਸ ਨੂੰ ਐਂਟਰੀ ਦੇ ਕੇ ਪੰਜਾਬੀ ਭਾਈਚਾਰੇ ਦੀ ਸ਼ਾਨ ਵਿਚ ਵਾਧਾ ਕੀਤਾ ਗਿਆ |