‘ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ’ ਮਾਸੂਮੀਅਤ ਅਤੇ ਗ਼ਰੀਬ ਦੀ ਤ੍ਰਾਸਦੀ ਤੇ ਵਿਚਾਰਗੀ ਬਿਆਨਦਾ ਇਹ ਮੁਹਾਵਰਾ ਅਸੀਂ ਬਚਪਨ ਤੋਂ ਪੜ੍ਹਦੇ-ਸੁਣਦੇ ਆ ਰਹੇ ਹਾਂ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਤੇ ਆਜ਼ਾਦੀ ਤੋਂ ਬਾਅਦ ਕਾਲੇ ਅੰਗਰੇਜ਼ਾਂ ਨੇ ਸੱਤਾ ਸੁੱਖ ਦੇ ਨਸ਼ੇ ਵਿਚ ਜਿਸ ਤਰ੍ਹਾਂ ਆਮ ਜਨਤਾ ਨੂੰ ਪੈਰਾਂ ਦੀ ਮਿੱਟੀ ਸਮਝ ਕੇ ਰੋਲਿਆ ਹੈ, ਉਸ ਦੀ ਵੇਦਨਾ ਦੁਨੀਆ ਦੇ ਮਹਾਨ ਗਣਰਾਜ ਦੀ ਵੱਡੀ ਤ੍ਰਾਸਦੀ ਬਣ ਚੁੱਕੀ ਹੈ। ਕੁਝ ਅਮੀਰਜ਼ਾਦਿਆਂ ਦੀ ਰਖੈਲ ਬਣ ਚੁੱਕੀ ਭਾਰਤੀ ਰਾਜਨੀਤੀ ’ਤੇ ਕਾਬਜ਼ ਹੋਣ ਲਈ ਭ੍ਰਿਸ਼ਟਾਚਾਰ ਦੇ ਸਭ ਹੱਦਾਂ-ਬੰਨੇ ਟੱਪ ਕੇ ਦੌਲਤ ਇਕੱਠੀ ਕਰਨੀ ਅਤੇ ਉਸ ਬੇਤਹਾਸ਼ਾ ਇਕੱਠੀ ਕੀਤੀ ਦੌਲਤ ਦਾ ਬੇਕਿਰਕੀ ਨਾਲ ਖ਼ਰਚ ਕਰਨਾ ਅਤੇ ਸੱਤਾ ਹਾਸਲ ਕਰ ਕੇ ਫਿਰ ਉਸੇ ਚੱਕਰ ਵਿਚ ਪੈਣਾ ਸਾਡੀ ਰਾਜਨੀਤੀ ਦੀ ਚੌਰਾਸੀ ਬਣ ਗਈ ਹੈ। ਗੱਲ ਚਿੜੀ ਦੀ ਕਰ ਰਹੇ ਸੀ ਤਾਂ ਰੋਜ਼ਾਨਾ ਸਮਾਜ ਵਿਚ ਵਿਚਰਦੀਆਂ ਹੋਣੀਆਂ-ਅਣਹੋਣੀਆਂ ਦਾ ਵਿਸ਼ਲੇਸ਼ਣ ਕਰ ਕੇ ਦੇਖਦੇ ਹਾਂ ਤਾਂ ਆਜ਼ਾਦੀ ਤੋਂ ਬਾਅਦ ਜਿਸ ਲੋਕਰਾਜ ਦਾ ਸੁਪਨਾ ਸਾਡੇ ਸ਼ਹੀਦਾਂ ਨੇ ਸਿਰਜ ਕੇ ਅਸਹਿ ਤੇ ਅਕਹਿ ਤਸ਼ੱਦਦ ਝੱਲਿਆ ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹਿਆ ਸੀ, ਉਸ ਆਜ਼ਾਦੀ ਦੇ ਵਾਰਿਸ ਬਣੇ ਬੈਠੇ ਅਖੌਤੀ ਲੋਕ ਨਾਇਕ ਜੋ ਵਿਹਾਰ ਆਪਣੇ ਮਕਬੂਲ ਵੋਟਰਾਂ ਨਾਲ ਕਰਦੇ ਹਨ, ਕਿਸੇ ਤੋਂ ਗੁੱਝਾ ਨਹੀਂ ਹੈ। ਖ਼ੁਦ ਤਾਂ ਸਰਕਾਰੀ ਖ਼ਜ਼ਾਨਿਆਂ ਦੇ ਸਿਰ ’ਤੇ ਉੱਡਣ ਖਟੋਲਿਆਂ ਵਿਚ ਉਡਾਰੀਆਂ ਮਾਰਦੇ ਹਨ। ਜਨਤਾ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਤਰਾਸ਼ਦੀ ਜਿਊਂਦੇ ਜੀਅ ਨਰਕ ਭੋਗ ਰਹੀ ਹੈ। ਸੰਵਿਧਾਨ ਵੱਲੋਂ ਬਖ਼ਸ਼ੇ ਗਏ ਮੁੱਢਲੇ ਅਧਿਕਾਰਾਂ ਦਾ ਉਸ ਵਾਸਤੇ ਕੋਈ ਮੁੱਲ ਨਹੀਂ ਹੈ। ਕਿਸਾਨ ਮਜ਼ਦੂਰੀ ਕਰਨ ਲਈ ਮਜਬੂਰ ਹਨ ਤੇ ਵੱਡੇ ਜ਼ਿਮੀਂਦਾਰ ਕਿਸਾਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇ ਲਾਭ ਲੈ ਰਹੇ ਹਨ। ਛੋਟੇ ਕਿਸਾਨ ਜਿਨ੍ਹਾਂ ਨੇ ਆਪਣੀ ਜ਼ਮੀਨ ਨੂੰ ਖ਼ੁਦ ਵਾਹਿਆ, ਸਿੰਜਿਆ ਅਤੇ ਫ਼ਸਲਾਂ ਪਾਲ ਕੇ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕੀਤੀ ਪਰ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਚੱਕੀ ਵਿਚ ਪਿਸ ਰਹੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਜਾਬਰਾਂ ਦੇ ਕਬਜ਼ੇ ਹੋ ਗਏ ਅਤੇ ਕਿਸਾਨ ਜ਼ਿੰਦਗੀ ਦੀਆਂ ਮਜਬੂਰੀਆਂ ਦੇ ਹਲਟ ਗੇੜਦੇ-ਗੇੜਦੇ ਵੱਡੇ ਕਰਜ਼ਿਆਂ ਦੇ ਜਾਲ ਵਿਚ ਫਸ ਕੇ ਤਿਲ-ਤਿਲ ਮਰਨ ਲਈ ਮਜਬੂਰ ਹੋ ਗਏ। ਭਾਰਤ ਵਿਚ ਲੋਕਰਾਜ ਹੈ। ਲੋਕਾਂ ਦੇ ਰਾਜ ਵਿਚ ਗਵਾਰਾਂ, ਜਾਬਰਾਂ, ਸਮਰੱਥਾਂ ਵਾਸਤੇ ਸਕੂਲ ਹਨ, ਹਸਪਤਾਲ ਹਨ, ਆਵਾਜਾਈ ਦੀਆਂ ਸਭ ਸਹੂਲਤਾਂ ਨਾਲ ਲੈਸ ਸਾਧਨ ਹਨ ਪਰ ਉਨ੍ਹਾਂ ਦੇ ਖੇਤਾਂ ’ਚ ਕੰਮ ਕਰਦੇ ਕਿਸੇ ਛੋਟੇ ਕਿਸਾਨ ਲਈ ਬਿਨਾਂ ਜ਼ਿੱਲਤ ਤੇ ਲਾਚਾਰੀ ਤੋਂ ਕੁਝ ਵੀ ਨਹੀਂ। ਸੰਵਿਧਾਨ ਅਨੁਸਾਰ ਸਿੱਖਿਆ, ਸਿਹਤ, ਰੁਜ਼ਗਾਰ ਹਰ ਦੇਸ਼ ਦਾ ਮੁੱਢਲਾ ਅਧਿਕਾਰ ਹੈ ਪਰ ਇਹ ਕੁਝ ਸਮਰੱਥ ਲੋਕ ਹੀ ਹਾਸਲ ਕਰ ਰਹੇ ਹਨ। ਜਨਤਾ ਅਸਲ ’ਚ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੀ ਹੈ। ਜਨਤਾ ਚਿੜੀ ਵਿਚਾਰੀ ਤਾਂ ਉਨ੍ਹਾਂ ਦੇ ਮੂੰਹ ਤੱਕਣ ਜੋਗੀ ਹੀ ਹੈ, ਚਾਰੋਂ ਤਰਫ ਸ਼ਿਕਾਰੀਆਂ ਦੀ ਭਰਮਾਰ ਹੈ ਜੋ ਕਰਨ ਉਹੀ ਕਰਨ, ਚਿੜੀ ਵਿਚਾਰੀ ਕੀ ਕਰੇ? …… -ਪੋਰਿੰਦਰ ਸਿੰਗਲਾ, ਢਪਾਲੀ (ਬਠਿੰਡਾ)