1983 ‘ਚ ਹਾਂਗਕਾਂਗ ਤੋਂ ਵਾਪਿਸ ਆਉਂਦੇ ਸਮੇਂ ਕੁਝ ਖਿਡਾਰੀਆਂ ਨੇ ਕੀਮਤੀ ਸਾਮਾਨ ਦੀ ਕੀਤੀ ਸੀ ਸਮਗਲਿੰਗ : ਹਨੀਫ਼

0
697

ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਹਾਕੀ ਕਪਤਾਨ ਹਨੀਫ਼ ਖ਼ਾਨ ਨੇ ਦੋਸ਼ ਲਾਇਆ ਹੈ ਕਿ 1983 ਵਿਚ ਹਾਂਗਕਾਂਗ ਤੋਂ ਵਾਪਿਸ ਆਉਂਦੇ ਸਮੇਂ ਉਨ੍ਹਾਂ ਦੀ ਟੀਮ ਦੇ ਕੁਝ ਖਿਡਾਰੀਆਂ ਤੇ ਅਧਿਕਾਰੀਆਂ ਨੇ ਦੇਸ਼ ਵਿਚ ਕੀਮਤੀ ਸਾਮਾਨ ਦੀ ਸਮਗਲਿੰਗ ਕੀਤੀ ਸੀ। ਉਸ ਸਮੇਂ ਟੀਮ ਦੀ ਵਾਗਡੋਰ ਸੰਭਾਲਣ ਵਾਲੇ ਹਨੀਫ਼ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ 1983 ਵਿਚ ਇਕ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਤੋਂ ਬਾਅਦ ਹਾਂਗਕਾਂਗ ਤੋਂ ਵਾਪਿਸ ਮੁੜ ਰਹੇ ਸੀ ਤਦ ਟੀਮ ਦੇ ਸਾਮਾਨ ਨਾਲ ਕਾਰ ਸਪੇਅਰ ਪਾਰਟਸ, ਵੀਸੀਆਰ, ਗਲਾਸ ਫਰੇਮ ਵਰਗੀਆਂ ਚੀਜ਼ਾਂ ਦੀ ਸਮਗਲਿੰਗ ਕਰ ਕੇ ਪਾਕਿਸਤਾਨ ਲਿਆਂਦਾ ਗਿਆ ਸੀ। ਉਨ੍ਹਾਂ ਦਿਨਾਂ ਦੌਰਾਨ ਇਸ ਸਾਮਾਨ ‘ਤੇ ਦੇਸ਼ ਵਿਚ ਪਾਬੰਦੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਸਮਗਲਿੰਗ ਦੇ ਸਾਮਾਨ ਦੀ ਕੀਮਤ ਲਗਭਗ ਡੇਢ ਕਰੋੜ ਰੁਪਏ ਸੀ। ਕਸਟਮ ਡਿਊਟੀ ਅਧਿਕਾਰੀਆਂ ਦੀ ਜਾਂਚ ਵਿਚ ਟੀਮ ਦੇ ਕੁਝ ਮੈਂਬਰ ਤੇ ਅਧਿਕਾਰੀ ਸਮਗਲਿੰਗ ਦੇ ਗਿਰੋਹ ਵਿਚ ਸ਼ਾਮਲ ਪਾਏ ਗਏ। ਪਿਛਲੇ ਦਿਨੀਂ ਰਾਸ਼ਟਰੀ ਟੀਮ ਦੇ ਨਾਲ ਮੁੱਖ ਕੋਚ ਤੇ ਮੈਨੇਜਰ ਦੀ ਭੂਮਿਕਾ ਨਿਭਾਉਣ ਵਾਲੇ ਹਨੀਫ਼ ਨੇ ਕਿਹਾ ਕਿ ਬਾਅਦ ਵਿਚ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਗਿਆ।