ਤਵਾਰੀਖ਼ ਦਾ ਸੁਨਹਿਰਾ ਪੰਨਾ

0
255

ਮਹਾਨ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਲਹਿਰ ਦੇ ਮੁੱਖ ਆਗੂ ਸਨ ਜਿਨ੍ਹਾਂ ਦਾ ਜਨਮ 25 ਅਗਸਤ 1860 ਈ: ਵਿਚ ਪਿੰਡ ਸਰਿਹਾਲੀ, ਜ਼ਿਲ੍ਹਾ ਤਰਨਤਾਰਨ ਵਿਖੇ ਸਰਦਾਰ ਹੁਕਮ ਸਿੰਘ ਦੇ ਘਰ ਹੋਇਆ ਸੀ। ਹੁਕਮ ਸਿੰਘ ਬਰਤਾਨਵੀ ਫ਼ੌਜ ‘ਚ ਮਲਾਇਆ ਵਿਖੇ ਨੌਕਰੀ ਕਰਦੇ ਸਨ। ਉਨ੍ਹਾਂ ਦੇ ਬਾਪ ਨੇ ਵੀ ਅੰਗਰੇਜ਼ੀ ਰਾਜ ਵੇਲੇ ਸਿੱਖ ਰੈਜੀਮੈਂਟ ਵਿਚ ਨੌਕਰੀ ਕੀਤੀ ਸੀ। ਹੁਕਮ ਸਿੰਘ ਦਾ ਭਰਾ ਜਮੀਤ ਸਿੰਘ ਹਾਂਗਕਾਂਗ ਦੀ ਲੜਾਈ ਵਿਚ ਸ਼ਹੀਦ ਹੋ ਗਿਆ ਸੀ। ਬਾਬਾ ਗੁਰਦਿੱਤ ਸਿੰਘ ਨੂੰ ਖੇਤੀਬਾੜੀ ‘ਚ ਪਰਿਵਾਰ ਦਾ ਸਾਥ ਦਿੰਦਿਆਂ ਅਨਪੜ੍ਹਤਾ ਦਾ ਗਹਿਰਾ ਅਹਿਸਾਸ ਹੋਇਆ ਕਿਉਂਕਿ ਮਲਾਇਆ ਤੋਂ ਬਾਪ ਦੇ ਆਉਂਦੇ ਖਤ ਘਰ ਵਿਚ ਪੜ੍ਹਨ ਵਾਲਾ ਹੀ ਕੋਈ ਨਹੀਂ ਸੀ। ਉਨ੍ਹਾਂ ਨੇ ਪੰਜਾਬੀ ਦਾ ਕਾਇਦਾ ਲਿਆ ਅਤੇ ਪਹਿਲਾਂ ਘਰੇ ਹੀ ਗੁਜ਼ਾਰੇ ਜੋਗੀ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ। ਫਿਰ ਐਲੀਮੈਂਟਰੀ ਤਕ ਪੜ੍ਹਾਈ ਕਰ ਲਈ।

ਗੁਰਦਿੱਤ ਸਿੰਘ 1885 ‘ਚ ਆਪਣੇ ਬਾਪ ਕੋਲ ਮਲਾਇਆ ਜਾ ਕੇ ਠੇਕੇਦਾਰੀ ਦੇ ਕਾਰਜ ਵਿਚ ਹੱਥ ਵਟਾਉਣ ਲੱਗ ਪਏ। ਉਨ੍ਹਾਂ ਦੀ ਪਹਿਲੀ ਸ਼ਾਦੀ 1883 ‘ਚ ਬੀਬੀ ਰਤਨ ਕੌਰ ‘ਤਿੰਮੋਵਾਲ’ ਨਾਲ ਹੋਈ। ਰਤਨ ਕੌਰ ਦੇ ਕੋਈ ਔਲਾਦ ਨਾ ਹੋਣ ਕਾਰਨ ਉਨ੍ਹਾਂ ਨੇ ਸਹਿਮਤੀ ਨਾਲ ਦੂਜੀ ਸ਼ਾਦੀ 1903 ‘ਚ ਬੀਬੀ ਗੁਲਾਬ ਕੌਰ ‘ਬਤਾਲਾ’ ਨਾਲ ਕਰਵਾਈ। ਬੀਬੀ ਗੁਲਾਬ ਕੌਰ ਨੂੰ ਉਹ ਮਲਾਇਆ ਲੈ ਗਏ। ਉਨ੍ਹਾਂ ਦੇ ਇਕ ਬੱਚੇ ਦੀ ਮੌਤ ਹੋ ਗਈ। ਦੂਜਾ ਬੱਚਾ ਬਲਵੰਤ ਸਿੰਘ ਸੀ ਜਿਸ ਨੇ ਸੱਤ ਸਾਲ ਦੀ ਉਮਰ ‘ਚ ਬਾਪ ਗੁਰਦਿੱਤ ਸਿੰਘ ਨਾਲ ਕਾਮਾਗਾਟਾਮਾਰੂ ਦੇ ਖ਼ੂਨੀ ਸਾਕੇ ਦਾ ਸਾਰਾ ਹਾਲ ਅੱਖੀਂ ਵੇਖਿਆ ਸੀ। ਕਾਮਾਗਾਟਾਮਾਰੂ ਦੀਆਂ ਇਤਿਹਾਸਕ ਤਸਵੀਰਾਂ ਵਿਚ ਬਾਲ ਬਲਵੰਤ ਸਿੰਘ ਗੁਰਦਿੱਤ ਸਿੰਘ ਦੀ ਉਂਗਲੀ ਫੜੀ ਨਜ਼ਰ ਆਉਂਦਾ ਹੈ।

ਮਲਾਇਆ ‘ਚ ਗੁਰਦਿੱਤ ਸਿੰਘ ਨੇ ਪਹਿਰੇਦਾਰੀ ਦੀ ਨੌਕਰੀ, ਸੂਰਾਂ ਦੇ ਮਾਸ ਦਾ ਵਪਾਰ, ਦੁੱਧ ਦੀ ਡੇਅਰੀ ਆਦਿ ਕਈ ਕਾਰੋਬਾਰ ਕੀਤੇ। ਡੇਅਰੀ ਦੇ ਕੰਮ ਵਿਚ ਉਹ ਪੰਜਾਬ ਤੋਂ ਮੱਝਾਂ ਖ਼ਰੀਦ ਕੇ ਮਲਾਇਆ ਲਿਆਉਂਦੇ ਸਨ। ਵਪਾਰ ਦੀ ਆਮਦਨ ਨਾਲ ਉਨ੍ਹਾਂ ਨੇ ‘ਤੈਪਿੰਗ’ ਸ਼ਹਿਰ ਵਿਚ ਚਾਰ ਮਕਾਨ ਖ਼ਰੀਦੇ ਸਨ।

ਇਹ ਮਕਾਨ ਉਨ੍ਹਾਂ ਨੇ ਕਾਮਾਗਾਟਾਮਾਰੂ ਜਹਾਜ਼ ਪਟੇ ‘ਤੇ ਲੈਣ ਵੇਲੇ ਵੇਚ ਦਿੱਤੇ। ਕਾਰੋਬਾਰ ਦੇ ਸਿਲਸਿਲੇ ‘ਚ ਬਾਬਾ ਜੀ ਹਾਂਗਕਾਂਗ ਗਏ। ਉਹ ਗੁਰਦੁਆਰੇ ਠਹਿਰੇ। ਉੱਥੇ ਉਨ੍ਹਾਂ ਵੇਖਿਆ ਕਿ ਹਜ਼ਾਰਾਂ ਭਾਰਤੀ ਕਿਰਤੀ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਸਨ, ਉਹ ਕੈਨੇਡਾ -ਅਮਰੀਕਾ ਜਾਣ ਵਾਸਤੇ ਜਹਾਜ਼ੀ ਕੰਪਨੀਆਂ ਦੇ ਤਰਲੇ-ਮਿੰਨਤਾਂ ਕਰ ਰਹੇ ਸਨ। ਅੰਗਰੇਜ਼ ਸਾਮਰਾਜ ਦੀ ਦਹਿਸ਼ਤ ਕਾਰਨ ਕੰਪਨੀਆਂ ਭਾਰਤੀਆਂ ਨੂੰ ਕੈਨੇਡਾ ਨਹੀਂ ਲਿਜਾ ਰਹੀਆਂ ਸਨ। ਉਸ ਵਕਤ ਭਾਰਤ ਦੀ ਆਪਣੀ ਕੋਈ ਸਮੁੰਦਰੀ ਜਹਾਜ਼ੀ ਕੰਪਨੀ ਨਹੀਂ ਸੀ। ਕੈਨੇਡਾ ਜਾਣ ਵਾਲੇ ਇਹ ਲੋਕ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਏ ਸਨ। ਉਨ੍ਹਾਂ ਦੀ ਇਸ ਮੁਸੀਬਤ ਦਾ ਕਾਰਨ ਸੀ ਅੰਗਰੇਜ਼ਾਂ ਦੀ ਗੁਲਾਮੀ।

ਕੈਨੇਡਾ ਦੀ ਸ਼ਰਤ ਸੀ ਕਿ ਹਰੇਕ ਮੁਸਾਫਰ ਭਾਰਤ ਤੋਂ ਸਿੱਧਾ ਕੈਨੇਡਾ ਆਉਣ ਵਾਲੇ ਜਹਾਜ਼ ਵਿਚ ਆ ਸਕਦਾ ਹੈ ਅਤੇ ਉਸ ਕੋਲ ਦੋ ਸੌ ਡਾਲਰ ਵੀ ਜ਼ਰੂਰ ਹੋਣੇ ਚਾਹੀਦੇ ਹਨ। ਕੈਨੇਡਾ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਪਟੇ ‘ਤੇ ਲੈ ਕੇ ਉਸ ਦਾ ਨਾਂ ‘ਨਾਨਕ ਨਾਮ ਜਹਾਜ਼’ ਰੱਖ ਲਿਆ। ਇਹ ਜਹਾਜ਼ 376 ਮੁਸਾਫਰਾਂ ਨੂੰ ਲੈ ਕੇ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ‘ਤੇ ਪੁੱਜ ਗਿਆ।

ਜਹਾਜ਼ ਨੂੰ ਕੈਨੇਡਾ ਦੀ ਸਰਕਾਰ ਨੇ ਘਾਟ ‘ਤੇ ਲੱਗਣ ਦੀ ਥਾਂ ਤੇ ਸਮੁੰਦਰ ਦੇ ਡੂੰਘੇ ਪਾਣੀ ਵਿਚ ਰੋਕ ਦਿੱਤਾ। ਮੁਸਾਫਰਾਂ ਨੇ ਕੈਨੇਡਾ ਦੀ ਧਰਤੀ ‘ਤੇ ਉਤਰਨ ਲਈ ਲੰਬੀ ਜੱਦੋਜਾਇਦ ਕੀਤੀ ਪਰ ਕਾਮਯਾਬੀ ਨਾ ਮਿਲੀ। ਛੇ ਮਹੀਨੇ ਦੀ ਜੱਦੋਜਹਿਦ ਤੋਂ ਬਾਅਦ ਜਹਾਜ਼ 29 ਸਤੰਬਰ 1914 ਨੂੰ ਬਜਬਜ ਘਾਟ (ਕਲਕੱਤੇ) ਮੁੜ ਆਇਆ। ਅੰਗਰੇਜ਼ ਹਾਕਮਾਂ ਨੇ ਮੁਸਾਫਰਾਂ ਨੂੰ ਉਤਾਰ ਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਮੁਸਾਫਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਅੰਗਰੇਜ਼ਾਂ ਨੇ ਮੁਸਾਫਰਾਂ ‘ਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ ਜਿਸ ਕਾਰਨ 21 ਦੇ ਲਗਪਗ ਮੁਸਾਫਰ ਸ਼ਹੀਦ ਹੋ ਗਏ ਅਤੇ 9 ਜ਼ਖ਼ਮੀ ਹੋਏ।

ਜਦਕਿ 202 ਗ੍ਰਿਫ਼ਤਾਰ ਕੀਤੇ ਗਏ, 28 ਰੂਪੋਸ਼ ਹੋ ਗਏ ਅਤੇ 62 ਨੂੰ ਪੁਲਿਸ ਨੇ ਪੰਜਾਬ ਭੇਜ ਦਿੱਤਾ। ਬਾਬਾ ਗੁਰਦਿੱਤ ਸਿੰਘ ਗੋਲੀਕਾਂਡ ‘ਚੋਂ ਬਚ ਕੇ ਗੁਪਤਵਾਸ ਹੋ ਗਏ। ਉਨ੍ਹਾਂ ਦੇ ਪੁੱਤਰ ਬਲਵੰਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਕੁਝ ਚਿਰ ਅਲੀਪੁਰ ਜੇਲ੍ਹ ਵਿਚ ਰੱਖਿਆ ਅਤੇ ਫਿਰ ਪਿੰਡ ਸਰਿਹਾਲੀ ਭੇਜ ਦਿੱਤਾ। ਬਾਬਾ ਗੁਰਦਿੱਤ ਸਿੰਘ ਕਲਕੱਤੇ ਤੋਂ ਨਿਕਲ ਕੇ ਜ਼ਿੰਦਗੀ-ਮੌਤ ਨਾਲ ਝੂਜਦੇ ਹੋਏ ਬੰਬਈ ਪੁੱਜ ਗਏ। ਉੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਮੋਤੀ ਲਾਲ ਅਤੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤਾਂ ਕੀਤੀਆਂ।

ਗੁਪਤਵਾਸ ਦੇ ਦੌਰ ‘ਚ ਉਨ੍ਹਾਂ ਨੇ ਅੰਗਰੇਜ਼ ਹਾਕਮਾਂ ਵਿਰੁੱਧ ਜਲੰਧਰ, ਲੁਧਿਆਣਾ, ਮੁਸਤਫਾਬਾਦ, ਸਹਾਰਨਪੁਰ, ਹਰਿਦੁਆਰ, ਦੇਹਰਾਦੂਨ ਆਦਿ ਕਈ ਸ਼ਹਿਰਾਂ ਵਿਚ ‘ਖ਼ਿਲਾਫ਼ਤ ਕਮੇਟੀਆਂ’ ਸਥਾਪਤ ਕੀਤੀਆਂ। ਬਾਬਾ ਜੀ ਸੱਤ ਕੁ ਸਾਲ ਗੁਪਤਵਾਸ ਵਿਚ ਰਹਿ ਕੇ ਅੰਗਰੇਜ਼ਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦੇ ਰਹੇ। ਉਨ੍ਹਾਂ ਨੇ ਆਪ ਹੀ ਐਲਾਨ ਕਰ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ 16 ਨਵੰਬਰ 1921 ਨੂੰ ਗ੍ਰਿਫ਼ਤਾਰ ਹੋ ਜਾਣਗੇ। ਅੰਗਰੇਜ਼ ਹਾਕਮ ਉਨ੍ਹਾਂ ਨੂੰ ਗੁਰਪੁਰਬ ‘ਤੇ ਜਾਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ ਪਰ ਅੰਗਰੇਜ਼ਾਂ ਦੀ ਸਖ਼ਤੀ ਦੇ ਬਾਵਜੂਦ ਬਾਬਾ ਜੀ ਭੰਗੀ ਦੇ ਭੇਸ ‘ਚ ਗੁਰਦੁਆਰੇ ਪੁੱਜਣ ‘ਚ ਕਾਮਯਾਬ ਹੋ ਗਏ। ਉਨ੍ਹਾਂ ਨੇ 15-16 ਨਵੰਬਰ ਨੂੰ ਦੀਵਾਨ ‘ਚ ਜੋਸ਼ ਭਰਪੂਰ ਭਾਸ਼ਣ ਦੇ ਕੇ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ ਕਿ ਉਹ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਇਕ ਸੂਰਬੀਰ ਦੀ ਤਰ੍ਹਾਂ ਹਿੱਸਾ ਲੈਣ। ਦੀਵਾਨ ਦੀ ਸਮਾਪਤੀ ਤੋਂ ਬਾਅਦ 16 ਨਵੰਬਰ 1921 ਨੂੰ ਬਾਬਾ ਜੀ ਦੇ ਨਾਲ ਲੋਕਾਂ ਦਾ ਇਕ ਵੱਡਾ ਹਜੂਮ ਗ੍ਰਿਫ਼ਤਾਰ ਹੋਣ ਲਈ ਗੁਰਦੁਆਰੇ ਤੋਂ ਬਾਹਰ ਨਿਕਲਿਆ ਪਰ ਬਾਬਾ ਗੁਰਦਿੱਤ ਸਿੰਘ ਦੇ ਸਮਝਾਉਣ ‘ਤੇ ਲੋਕ ਵਾਪਸ ਚਲੇ ਗਏ ਅਤੇ ਅੰਗਰੇਜ਼ਾਂ ਨੇ ਬਾਬਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ।

ਬਾਬਾ ਗੁਰਦਿੱਤ ਸਿੰਘ ਦੀ ਜਦੋਂ 28 ਫਰਵਰੀ 1922 ਨੂੰ ਰਿਹਾਈ ਹੋਈ ਤਾਂ ਉਨ੍ਹਾਂ ਦੇ ਮਾਣ-ਸਨਮਾਨ ‘ਚ ਲੋਕਾਂ ਨੇ ਮੁਲਤਾਨ, ਮਿੰਟਗੁਮਰੀ, ਉਕਾੜੇ, ਲਾਹੌਰ, ਅੰਮ੍ਰਿਤਸਰ ਆਦਿ ਕਈ ਸ਼ਹਿਰਾਂ ਵਿਚ ਵੱਡੇ ਇਕੱਠ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਉਨ੍ਹਾਂ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਇਕੱਤਰ ਹੋਈ। ਬਾਬਾ ਜੀ ਨੇ ਰਾਜਸੀ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਮੁੜ 7 ਮਾਰਚ 1922 ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਪੰਜ ਸਾਲ ਜੇਲ੍ਹ ‘ਚ ਬੰਦ ਰੱਖਿਆ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਗੁਰਦਿੱਤ ਸਿੰਘ ਦੀ ਨਿਰੰਤਰ ਕੋਸ਼ਿਸ਼ ਨਾਲ ਪਹਿਲੀ ਜਨਵਰੀ 1952 ਨੂੰ ਬਜਬਜ ਘਾਟ ਵਿਖੇ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦ ਮੁਸਾਫਰਾਂ ਦੀ ਯਾਦਗਾਰ ਸਥਾਪਤ ਹੋਈ। ਉੱਥੇ ਹਰ ਸਾਲ ਸ਼ਹੀਦਾਂ ਦਾ ਦਿਨ ਮਨਾਇਆ ਜਾਂਦਾ ਹੈ। ਮਹਾਨ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਦੀ 24 ਜੁਲਾਈ 1954 ਨੂੰ ਮੌਤ ਹੋ ਗਈ। ਇਸ ਵਾਰ ਉਨ੍ਹਾਂ ਦੀ 66ਵੀਂ ਬਰਸੀ ਹੈ। ਬਾਬਾ ਗੁਰਦਿੱਤ ਸਿੰਘ, ਬਜਬਜ ਘਾਟ ਦੇ ਸ਼ਹੀਦਾਂ ਅਤੇ ਮੁਸਾਫਰਾਂ ਦੀ ਯਾਦਗਾਰ ਸਰਿਹਾਲੀ ਵਿਖੇ ਬਣਨੀ ਚਾਹੀਦੀ ਹੈ ਤਾਂ ਜੋ ਭਵਿੱਖੀ ਪੀੜ੍ਹੀਆਂ ਆਪਣੇ ਸ਼ਾਨਾਂਮੱਤੇ ਇਤਿਹਾਸ ਤੋਂ ਪ੍ਰੇਰਿਤ ਹੋ ਸਕੇ।

-ਪਿਰਥੀਪਾਲ ਸਿੰਘ ਮਾੜੀਮੇਘਾ