ਕੈਨੇਡਾ ਦੇ ਸ਼ਹਿਰ ਡੈਲਟਾ ਦੀ ਨਗਰਪਾਲਿਕਾ ਨੇ ਲਾਇਆ ਕਾਮਾਗਾਟਾਮਾਰੂ ਸਟੋਰੀ ਬੋਰਡ

0
240

ਐਬਟਸਫੋਰਡ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੀ ਨਗਰਪਾਲਿਕਾ ਨੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਦੀ ਯਾਦ ਵਿਚ ਉੱਤਰੀ ਡੈਲਟਾ ਦੇ ਸੋਸ਼ਲ ਹਾਰਟ ਪਲਾਜ਼ਾ ਵਿਖੇ ਇਕ ਸਟੋਰੀ ਬੋਰਡ ਲਾਇਆ ਹੈ | ਇਸ ਸਟੋਰੀ ਬੋਰਡ ‘ਤੇ ਪੰਜਾਬੀ ਤੇ ਅੰਗਰੇਜ਼ੀ ਵਿਚ ਕਾਮਾਗਾਟਾਮਾਰੂ ਦੇ ਬਿਰਤਾਂਤ ਦਾ ਇਤਿਹਾਸ ਲਿਖਿਆ ਹੋਇਆ ਹੈ | ਇਸ ਮੌਕੇ ਡੈਲਟਾ ਦੇ ਮੇਅਰ ਜੌਰਜ ਹਾਰਵੀ ਨੇ ਕਿਹਾ ਕਿ ਡੈਲਟਾ ਇਕ ਬਹੁਸੱਭਿਅਕ ਤੇ ਬਹੁਭਾਸ਼ਾਈ ਲੋਕਾਂ ਦਾ ਸ਼ਹਿਰ ਹੈ ਤੇ ਇਸ ਸਟੋਰੀ ਬੋਰਡ ਤੋਂ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਭਾਵੇਂ ਅਸੀਂ ਅਤੀਤ ਵਿਚ ਹੋਏ ਅਨਿਆਂ ਨੂੰ ਭੁੱਲ ਨਹੀਂ ਸਕਦੇ ਪਰ ਇਸ ਧਰਤੀ ‘ਤੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ ਤੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਤੀਤ ਬਾਰੇ ਜਾਗਰੂਕ ਕਰਕੇ ਆਪਣੀ ਅਮੀਰ ਵਿਰਾਸਤ ਛੱਡ ਸਕਦੇ ਹਾਂ | ਇਹ ਸਟੋਰੀ ਬੋਰਡ ਕਾਮਾਟਾਗਾਟਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਹੋਏ ਅਨਿਆਂ ਨੂੰ ਹਮੇਸ਼ਾ ਯਾਦ ਕਰਵਾਉਂਦਾ ਰਹੇਗਾ | ਇਸ ਮੌਕੇ ਕਾਮਾਗਾਟਾਮਾਰੂ ਸੁਸਾਇਟੀ ਕੈਨੇਡਾ ਦੇ ਉੱਪ ਪ੍ਰਧਾਨ ਰਾਜ ਸਿੰਘ ਤੂਰ ਤੇ ਡੈਲਟਾ ਦੇ ਸਕੂਲ ਟਰੱਸਟੀ ਜੈਸੀ ਦੁਸਾਂਝ ਵੀ ਹਾਜ਼ਰ ਸਨ |