ਤੰਦੂਰ

0
669

ਸਾਂਝ ਤੇ ਵਿਰਸਾ

ਬੇਸ਼ੱਕ ਅਸੀਂ ਅਪਣੀ ਜ਼ਿੰਦਗੀ ਅਗਾਂਹ ਨੂੰ ਜਿਉਂਦੇ ਹਾਂ,
ਪਰ ਬਹੁਤੀ ਸਮਝ ਸਾਨੂੰ ਪਿਛਲੀ ਜੀਵੀ ਜ਼ਿੰਦਗੀ
ਤੇ ਓਸ ਨਾਲ਼ ਜੁੜੀਆਂ ਯਾਦਾਂ ਤੋਂ ਹੀ ਆਉਂਦੀ ਹੈ

ਹੁਣ ਅਗਨੀ ਦੇ ਅਰਥ ਵੀ ਸਮਝ ਆਉਂਦੇ ਹਨ ਕਿ ਇਹੀ ਅਗਨੀ ਚੁੱਲ੍ਹੇ ਦੀ ਅਗਨੀ, ਇਹੀ ਅਗਨੀ ਸੱਤ ਫੇਰਿਆਂ ਦੀ ਅਗਨੀ, ਇਹੀ ਅਗਨੀ ਹਵਨ ਦੀ ਅਗਨੀ ਤੇ ਇਹੀ ਅਗਨੀ ਸ਼ਮਸ਼ਾਨ ਦੀ ਅਗਨੀ ਹੈ
*
ਗੱਲ 1990 ਦੇ ਵਿਸਾਖ ਮਹੀਨੇ ਤੋਂ ਕਰਤਾਰਪੁਰ ਸ਼ਹਿਰ ਦੇ ਮੁਹੱਲੇ ਬਉਲ਼ੀ ਵਾਲ਼ੇ ਤੋਂ ਸ਼ੁਰੂ ਕਰਦੀ ਹਾਂ। ਜਿਵੇਂ ਕੱਲ੍ਹ ਦੀ ਹੀ ਗੱਲ ਹੁੰਦੀ ਹੈ। ਕਰਤਾਰਪੁਰ ਸ਼ਹਿਰ ਗੰਗਸਰ ਵਿਚ ਵਿਸਾਖੀ ਦਾ ਮੇਲਾ ਲੱਗਦਾ ਸੀ। ਮੇਲੇ ਵਿਚ ਲੱਗੀਆਂ ਰੰਗ-ਬਰੰਗੀਆਂ ਦੁਕਾਨਾਂ ਵਿਚ ਹੱਟੀ ਹੁੰਦੀ ਸੀ, ਕੱਚੀ ਮਿੱਟੀ ਦੇ ਭਾਂਡਿਆਂ ਦੀ। ਓਸੇ ਦੁਕਾਨ ਤੋਂ ਕੋਈ ਅੱਸੀ-ਕੁ ਰੁਪਈਏ ਚ ਖ਼ਰੀਦਿਆ ਜਾਂਦਾ ਸੀ – ਗੈਸ ਸਿਲੰਡਰ ਵਰਗਾ ਵੱਡਾ ਸਾਰਾ ਤੰਦੂਰ। ਇਹ ਤੰਦੂਰ ਬਹੁਤ ਹੀ ਖ਼ਾਸ ਸੀ। ਇਹਨੂੰ ਖ਼ਰੀਦਣ ਲਈ ਪਹਿਲਾਂ ਸਾਰੇ ਘਰਾਂ ਤੋਂ ਪੈਸੇ ਕੱਠੇ ਕੀਤੇ ਜਾਂਦੇ ਸਨ। ਜਿਹਦਾ ਜਿੰਨਾ ਵਿਤ, ਉਹ ਓਨਾ ਹਿੱਸਾ ਪਾ ਦਿੰਦਾ ਸੀ। ਪੰਜ ਰੁਪਈਏ ਜਾਂ ਦਸ ਰੁਪਈਏ ਤੇ ਗਲ਼ੀ ਚ ਰਹਿੰਦੇ ਖਾਂਦੇ-ਪੀਂਦੇ ਘਰ ਆਪ ਹੀ ਬਾਕੀ ਦਾ ਬਕਾਇਆ ਪੂਰਾ ਕਰ ਦਿੰਦੇ। ਇੰਜ ਪੰਦਰਾਂ ਘਰਾਂ ਦੇ ਸਾਂਝੇ ਤੰਦੂਰ ਦੀ ਗੱਲ ਤੁਰਦੀ ਹੈ – ਮੁਹੱਲੇ ਬਉਲ਼ੀ ਵਾਲ਼ਿਓਂ, ਕਰਤਾਰਪੁਰੋਂ। ਪੰਜ ਸੁਆਣੀਆਂ ਘਰਾਂ ਦੇ ਕੰਮਾਂ ਤੋਂ ਵਿਹਲੀਆਂ ਹੋ ਲੈਣ ਜਾਂਦੀਆਂ ਸੀ – ਏਸ ਬਰਕਤਾਂ ਬੰਨ੍ਹਣ ਵਾਲੇ ਤੰਦੂਰ ਨੂੰ। ਪੰਜਾਂ ਚ ਪਰਮੇਸ਼ਰ ਹੁੰਦਾ, ਤੇ ਏਸ ਧਾਰਣਾ ਦੇ ਸਾਰੇ ਈ ਬਾਨੀ ਸਨ। ਚੰਗੀ ਤਰ੍ਹਾਂ ਪਰਖ ਕਰਕੇ ਗਲ਼ੀ ਦੀਆਂ ਬੀਬੀਆਂ ਸੁਆਣੀਆਂ ਚਾਂਈਂ-ਚਾਂਈਂ ਲਿਆਉਂਦੀਆਂ ਸਨ, ਸਭਨਾਂ ਦਾ ਸਾਂਝਾ-ਤੰਦੂਰ ਤੇ ਢਕਣ ਵਾਲ਼ੀ ਚੱਪਣੀ। ਫੇਰ ਸਲਾਹ ਨਾਲ਼ ਕੋਈ ਗੋਹਾ ਲੈ ਕੇ ਆਉਂਦੀ ਤੇ ਕੋਈ ਢਾਣੀ ਬਣਾ ਕੇ ਕੱਠੀਆਂ ਹੋ ਕੇ, ਖੇਤਾਂ ਨਾਲ਼ ਲੱਗਦੀ ਰੋਹੀ ਚੋਂ ਮਿੱਟੀ ਬੋਰੇ ਚ ਪਾ ਲਿਆਉਂਦੀਆਂ, ਕੋਈ ਕਿਤਿਓਂ ਤੂੜੀ ਦਾ ਜੁਗਾੜ ਕਰ ਲੈਂਦੀ। ਦਿਨ ਮਿਥ ਕੇ ਆਪੋ-ਅਪਣੇ ਕੰਮ ਸਮੇਂ ਸਿਰ ਮੁਕਾ ਤੰਦੂਰ ਗੱਡਣੇ ਦਾ ਕਾਰਜ ਆਰੰਭਿਆ ਜਾਂਦਾ। ਪਹਿਲਾਂ ਥੜ੍ਹੇ ’ਤੇ ਪਾਣੀ ਡੋਲ੍ਹ ਕੋ ਧੋਤਾ ਜਾਂਦਾ ਤੇ ਥਾਂ ਸੁੱਚੀ ਕੀਤੀ ਜਾਂਦੀ। ਏਸੇ ਥੜੇ ’ਤੇ ਪੁਰਾਣੇ ਜ਼ਮਾਨੇ ਚ ਬਓਲ਼ੀ ਹੁੰਦੀ ਸੀ, ਜਿਸ ਤੋਂ ਇਸ ਮੁਹੱਲੇ ਦਾ ਨਾਂ ਮੁਹੱਲਾ ਬਉਲ਼ੀ ਵਾਲ਼ਾ ਪੈ ਗਿਆ। ਏਸ ਜਗ੍ਹਾ ’ਤੇ ਡੇਕ ਦਾ ਰੁੱਖ ਵੀ ਸੀ। ਐਤਵਾਰ ਨੂੰ ਖ਼ੁਆਜਾ ਪੀਰ ਦੇ ਨਾਂ ਤੇ ਦਲ਼ੀਆ, ਵੀਰਵਾਰ ਦੀ ਨਿਆਜ਼ ਤੇ ਸਕੂਲੋਂ ਆ ਕੇ ਖੇਡਣ ਲਈ ਇਹ ਥੜ੍ਹਾ, ਇਹ ਡੇਕ ਹੀ ਬੱਚਿਆਂ ਲਈ ਸਭ ਕੁਝ ਸੀ। ਇਸੇ ਸਭ ਕੁਝ ਵਿਚ ਹੋਰ ਵਾਧਾ ਕਰ ਦਿੰਦਾ ਸੀ – ਤੰਦੂਰ। ਤੰਦੂਰ ਗੱਡਣ ਤੋਂ ਪਹਿਲਾਂ ਸਾਰਾ ਥੜ੍ਹਾ ਧੋਤਾ ਜਾਂਦਾ ਸੀ। ਓਸ ਗਿੱਲੇ ਥੜ੍ਹੇ ’ਤੇ ਨਿਆਣੇ ਤਿਲਕਤਿਲਕ ਕੇ ਰਿੜ੍ਹਨ ਦੀ ਖੇਡ ਖੇਡਦੇ। ਜੇ ਕੋਈ ਬੀਬੀ ਖਿਝ ਜਾਂਦੀ, ਤਾਂ ਕਹਿ ਦਿੰਦੀ: ‘ਦਾਦਣਿਓਂ ਅਕਲ ਨੂੰ ਹੱਥ ਮਾਰਿਆ ਕਰੋ!’ ਪਰ ਜੋ ਮਜ਼ਾ ਉਦੋਂ ਉਹ ਸਲਾਈਡ ਕਰਕੇ ਆਉਂਦਾ ਸੀ, ਉਹ ਵਾਕਿਆ ਈ ਦੋ ਜਹਾਨ ਤੋਂ ਵੱਖਰਾ ਹੁੰਦਾ। ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਥੜ੍ਹਾ ਬਜ਼ੁਰਗਾਂ ਦੀ ਸਹਿਮਤੀ ਨਾਲ਼ ਛੱਡਿਆ ਸਾਂਝੇ ਕੰਮਾਂ ਲਈ ਥਾਂ ਸੀ। ਹਰੇਕ ਦੇ ਕੰਮ ਆਉਂਦੀ ਇਹ ਚੌਰਸ ਆਕਾਰ ਚ ਛੱਡੀ ਖ਼ਾਲੀ ਥਾਂ। ਮਰਿਆਂ ਦਾ ਸੋਗ, ਵਿਆਹਾਂ ਦੀ ਨਾਨਕੀ ਛੱਕ, ਜਾਗੋ, ਜਗਰਾਤੇ ਤੇ ਚਾਹ ਦਾ ਲੰਗਰ, ਦਾਣੇ ਛੱਟਣ, ਗਰਮੀਆਂ ਨੂੰ ਤੰਦੂਰੀ ਰੋਟੀ ਤੇ ਹੋਰ ਜਿਹੜਾ ਵੀ ਸਾਂਝਾ ਕੰਮ ਹੁੰਦਾ, ਉਹ ਏਸੇ ਥੜ੍ਹੇ ’ਤੇ ਹੁੰਦਾ ਸੀ। ਦੀਵਾਲੀ ਵਾਲ਼ੇ ਦਿਨ ਹਰ ਘਰੋਂ ਇਕ ਦੀਵਾ ਵੀ ਸ਼ਰਧਾ ਨਾਲ਼ ਗੋਲ਼ ਚੱਕਰ ਚ ਰੱਖਿਆ ਜਾਂਦਾ। ਏਸੇ ਥੜ੍ਹੇ ’ਤੇ ਬੈਠ ਗਲ਼ੀ ਦੇ ਸਿਆਣੇ ਨਾਲ਼ੇ ਤਾਸ਼ ਖੇਡਦੇ ਤੇ ਨਾਲ਼ੇ ਸਾਰੇ ਬੱਚਿਆਂ ’ਤੇ ਨਿਗ੍ਹਾ ਰੱਖਦੇ। ਬਹੁਤਾ ਕਰਕੇ ਤਾਂ ਘਰਾਂ ਚ ਹੀ ਸਵੇਰ ਤੋਂ ਲੱਗ ਨਗ ਤਿਆਰ ਕਰ ਕੇ ਗਲ਼ੀ ਦੇ ਨਾਲ਼ ਲੱਗਦੀ ਫ਼ਰਨੀਚਰ ਮਾਰਕੀਟ ਚ ਤ੍ਰਕਾਲ਼ਾਂ ਨੂੰ ਵੇਚ ਆਉਂਦੇ। ਕੰਮ ਦਾ ਘਾਟਾ ਨਾ ਸੀ। ਸਾਰੀ ਗਲ਼ੀ ਦੇ ਤਰਖਾਣ ਇਕ ਤੋਂ ਇਕ ਵੱਧ ਕੇ ਕਾਰੀਗਰ ਸਨ, ਪਰ ਮਿਹਨਤਾਂ ਦੇ ਮੁੱਲ ਨਾ ਸੀ ਪੈਂਦੇ। ਆਟਾ-ਦਾਲ਼ ਚੱਲੀ ਜਾਂਦਾ ਸੀ। ਉਹ ਹੱਡ-ਭੰਨਵੀਂ ਮਿਹਨਤ ਦੇ ਸਬਰ-ਸਿਦਕ ਚ ਹੀ ਖ਼ੁਸ਼ ਸੀ। ਗੋਹਾ, ਮਿੱਟੀ, ਤੂੜੀ ਤੇ ਇੱਟਾਂ ਦੀ ਚਿਣਾਈ ਆਲ਼ੇ-ਦੁਆਲ਼ੇ ਕਰ ਕੇ ਤੰਦੂਰ ਗੱਡ ਹੋ ਜਾਂਦਾ ਸੀ। ਫੇਰ ਇਕ ਹਫ਼ਤੇ ਲਈ ਇਹਨੂੰ

ਸੁੱਕਣ ਨੂੰ ਛੱਡ ਦਿੱਤਾ ਜਾਂਦਾ ਸੀ। ਓਸੇ ਇਕ ਹਫ਼ਤੇ ਦੌਰਾਨ ਬਾਲਣ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਸੀ। ਤਰਖਾਣਾਂ ਦੀ ਗਲ਼ੀ ਸੀ, ਟਾਵੇਂ-ਟਾਵੇਂ ਘਰੀਂ ਲਵੇਰੇ ਵੀ ਸੀ। ਬਾਲਣ, ਲੱਕੜੀ, ਬੂਰਾ, ਪਾਥੀਆਂ, ਗੁੱਲੇ, ਜਮ੍ਹਾਂ ਕਰਕੇ ਇਕ ਖੂੰਜੇ ਗੁਹਾਰਣੀ ਲੱਗ ਜਾਂਦੀ ਤੇ ਤੰਦੂਰ ਖ਼ਰੀਦਣ ਵੇਲੇ ਹੀ ਬਚਦੇ ਪੈਸਿਆਂ ਚੋਂ ਦੋ ਤਰਪਾਲਾਂ ਵੀ ਲਿਆਂਦੀਆਂ ਜਾਂਦੀਆਂ ਸੀ। ਮੀਂਹ ਕਣੀ ਤੋਂ ਤੰਦੂਰ ਤੇ ਬਾਲਣ ਨੂੰ ਢਕ ਕੇ ਬਚਾਉਣ ਲਈ। ਥੜ੍ਹੇ ਦੇ ਐਨ ਨਾਲ਼ ਲੱਗਦੇ ਘਰ ਦੀ ਰਾਖੀ ਦੀ ਡਿਊਟੀ ਹੁੰਦੀ ਸੀ। ਵੈਸੈ ਤਾਂ ਬੀਬੀਆਂ ਵਿਹਲੀਆਂ ਹੋ ਕੇ ਗੱਲਾਂ ਮਾਰਨ ਨੂੰ ਥੜ੍ਹੇ ’ਤੇ ਹੀ ਹੁੰਦੀਆਂ ਸੀ। ਬਹੁਤਾ ਕਰਕੇ ਗਰਮੀਆਂ ਦੇ ਦਿਨੀਂ ਬਿਜਲੀ ਬੰਦ ਹੁੰਦੀ ਸੀ। ਆਪੋ-ਅਪਣੀ ਜ਼ਿੰਮੇਵਾਰੀ ਨਾਲ਼ ਸਾਰੇ ਜੀਅ ਅਪਣਾ ਫ਼ਰਜ਼ ਪੂਰਾ ਕਰਦੇ ਸੀ। ਕੰਮ ਨੂੰ ਕੋਈ ਬੋਝ ਨਾ ਸੀ ਮੰਨਦਾ। ਆਉਂਦੇ-ਜਾਂਦੇ ਆਵਾਰਾ ਪਸ਼ੂਆਂ ਤੋਂ ਤੰਦੂਰ ਦੀ ਰਾਖੀ, ਸਾਫ਼-ਸਫ਼ਾਈ, ਗਿੱਲੀ ਮਿੱਟੀ ਦਾ ਪੋਚਾ ਆਦਿ।

ਆਖ਼ਿਰ ਨੂੰ ਉਹ ਭਾਗਾਂ-ਭਰਿਆ ਦਿਨ ਵੀ ਆ ਜਾਂਦਾ, ਜਿਸ ਦਿਨ ਮਹੂਰਤ ਹੁੰਦਾ ਤੇ ਤੰਦੂਰ ਸੁੱਕ ਕੇ ਵਰਤਣ ਲਈ ਤਿਆਰ ਹੋ ਜਾਂਦਾ। ਪਹਿਲਾਂ ਮਿੱਸੀਆਂ ਰੋਟੀਆਂ ਲਾ ਕੇ ਕਾਵਾਂ, ਦਰਵੇਸ਼ਾਂ, ਗਾਵਾਂ ਨੂੰ ਦਿੱਤੀਆਂ ਜਾਂਦੀਆਂ; ਬਚਦੀਆਂ ਬੱਚਿਆਂ ਨੂੰ ਵੰਡ ਦਿੱਤੀਆਂ ਜਾਂਦੀਆਂ ਸੀ। ਤੰਗੀਆਂ ਤੁਰਸ਼ੀਆਂ ਦੇ ਦਿਨਾਂ ਚ ਜਦ ਸਬਜ਼ੀ ਖ਼ਰੀਦਣ ਲਈ ਪੈਸੇ ਨਾ ਵੀ ਹੁੰਦੇ; ਤਾਂ ਪਿਆਜ਼ਾਂ, ਲੂਣ ਨਾਲ਼ ਸਖ਼ਤ ਆਟਾ ਗੁੰਨ੍ਹ ਕੇ ਆਚਾਰ ਨਾਲ਼ ਰੋਟੀ ਬੜੇ ਸਬਰ ਨਾਲ਼ ਪਰਿਵਾਰ ਸਮੇਤ ਬਹਿ ਕੇ ਖਾਧੀ ਜਾਂਦੀ ਸੀ। ਜੇ ਕੋਈ ਬੱਚਾ ਅੜੀ ਕਰਦਾ, ਤਾਂ ਉਹਨੂੰ ਪੰਜਾਂ ਰੁਪਈਆਂ ਦਾ ਦਹੀ ਹਲਵਾਈ ਦੀ ਦੁਕਾਨ ਤੋਂ ਲਿਆ ਦਿੱਤਾ ਜਾਂਦਾ ਸੀ। ਹਲਵਾਈ ਵੀ ਚੰਗੇ ਹੁੰਦੇ ਸੀ। ਬੱਚਿਆਂ ਨੂੰ ਝੂੰਗੇ ਦਿੱਤੇ ਬਿਨਾਂ ਕਦੀ ਨਾ ਸੀ ਤੋਰਦੇ। ਕਹਿਣ ਦਾ ਮਤਲਬ ਕਿ ਪੂਰੀ ਤ੍ਰਿਪਤੀ ਹੁੰਦੀ। ਠੀਕ ਓਸੇ ਤਰ੍ਹਾਂ ਜਿਵੇਂ ਸ਼ਾਹ ਇਨਾਇਤ ਜੀ ਅਹਿਮਦ, ਰਜ਼ਾਕ, ਸੁਲੇਮਾਨ ਤੇ ਬੁੱਲ੍ਹੇ ਨੂੰ ਅਪਣੇ ਇਸ਼ਕ ਤੇ ਗਿਆਨ ਭਰਪੂਰ ਰੂਹਾਨੀ ਨਿਵਾਲੇ ਪਰੋਸਦੇ ਸਨ। ਮੇਰੇ ਮੁਹੱਲੇ ਦਾ ਤਾਂ ਇਹ ਨਿਤਨੇਮ ਸੀ। ਆਟੇ ਦੀ ਚਿੜੀ ਨਾਲ਼ ਬੁਹਾਰੀ ਦਾ ਮੋਟਾ ਤੀਲਾ ਕੱਢ ਕੇ ਹੱਥ ਚ ਘੁਮਾ-ਘੁਮਾ ਕੇ ਖੇਡਣਾ। ਓਸ ਚਿੜੀ ਨੂੰ ਤੰਦੂਰ ਚ ਤਪਾ ਕੇ ਕਾਵਾਂ, ਚਿੜੀਆਂ ਦੇ ਖਾਣ ਨੂੰ ਰੱਖਣਾ ਤੇ ਖਾਂਦਿਆਂ ਦੇਖਣਾ – ਬਾਲਪਣ ਦੇ ਭੋਲ਼ੇ ਮਨ ਵਿਚ ਦਯਾ ਭਾਵਨਾ ਦੀ ਨੀਂਹ ਸੀ: ਭਲਾ ਕਰੋ, ਭਲਾ ਹੋਵੇਗਾ। ਹੱਕ-ਸੱਚ ਦਾ ਖਾਣਾ, ਨੇਕ ਕਮਾਈ ਕਰਨਾ, ਵੰਡ ਕੇ ਛਕਣਾ, ਬਾਬੇ ਨਾਨਕ ਨੂੰ ਯਾਦ ਰੱਖਣਾ, ਸਤਿਨਾਮ ਦਾ ਜਾਪ ਕਰਦਿਆਂ ਤੰਦੂਰ ਨੂੰ ਲਾਲ ਕਰਨਾ – ਬੀਬੇ ਬਾਬੇ ਤੇ ਬੀਬੀਆਂ ਦੀਆਂ ਸ਼ਖ਼ਸੀਅਤ ਚ ਦੇਖ-ਦੇਖ ਕੇ ਆਪਮੁਹਾਰੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਇਹ ਸਾਰਾ ਕੁਝ ਮਨ ਵਿਚ ਵਸ ਜਾਂਦਾ ਹੈ। ਅਪਣੀ ਵੱਲੋਂ ਬੱਚਿਆਂ ਨੂੰ ਹੋਰ ਵੀ ਸਿਆਣੇ ਬਣਾਉਣ ਲਈ ਧੂੰਏਂ, ਲਾਟਾਂ, ਲਪਟਾਂ, ਅਗਨੀ ਦੇਵਤੇ ਦੀਆਂ ਗੱਲਾਂ ਨੂੰ ਵੀ ਕਦੇ ਠੱਲ੍ਹ ਨਾ ਲੱਗਦੀ ਸੀ। ਕਦੀ-ਕਦੀ ਬੀਬੀਆਂ ਨਿਆਣਿਆਂ ਨੂੰ ਕਹਿੰਦੀਆਂ ਕਿ ਅੱਗ ਤੋਂ ਪਰ੍ਹੇ ਹੋ ਜਾਓ; ਫੇਰ ਤੰਦੂਰ ਵਿਚ ਉਨ੍ਹਾਂ ਨੂੰ ਮਿੱਟੀ ਦੇ ਤੇਲ ਦਾ ਭਾਂਬੜ ਬਣਾ ਕੇ ਦਿਖਾਉਂਦੀਆਂ। ਬੱਚੇ ਦੇਖ ਕੇ ਖ਼ੁਸ਼ ਹੁੰਦੇ।

ਬਲਵੰਤ ਗਾਰਗੀ ਅਪਣੇ ਟੀਵੀ ਸੀਰੀਅਲ ਸਾਂਝਾ ਚੁੱਲ੍ਹਾ ਦੀਆਂ ਹਿਦਾਇਤਾਂ ਦਿੰਦਿਆਂ
ਹੁਣ ਉਮਰ ਦੇ ਚਾਰ ਦਹਾਕੇ ਜੀਉ ਕੇ ਅਗਨੀ ਦੇ ਅਰਥ ਵੀ ਸਮਝ ਆਉਂਦੇ ਹਨ ਕਿ ਇਹੀ ਅਗਨੀ ਚੁੱਲ੍ਹੇ ਦੀ ਅਗਨੀ, ਇਹੀ ਅਗਨੀ ਸੱਤ ਫੇਰਿਆਂ ਦੀ ਅਗਨੀ, ਇਹੀ ਅਗਨੀ ਹਵਨ ਦੀ ਅਗਨੀ ਤੇ ਇਹੀ ਅਗਨੀ ਸ਼ਮਸ਼ਾਨ ਦੀ ਅਗਨੀ ਹੈ। ਏਸੇ ਕਰਕੇ ਹੁਣ ਥੜ੍ਹਾ ਵੀ ਦੇਵੀ ਦੇਵਤਿਆਂ, ਗੁਰੂ-ਪੀਰਾਂ ਦੀ ਰਹਿਮਤ ਚ ਹੀ ਸੀ, ਇਹ ਯਕੀਨ ਹੋਰ ਵੀ ਪੱਕਾ ਹੋ ਗਿਆ ਹੈ। ਉਦੋਂ ਮੋਬਾਇਲ਼ ਫ਼ੋਨ ਨਾ ਸੀ ਹੁੰਦੇ। ਇਹੋ ਕੁਝ ਮਨੋਰੰਜਨ ਦੇ ਸਾਧਨ ਸਨ। ਭਖੇ ਲਾਲ ਤੰਦੂਰ ’ਤੇ ਜਿਹੜੀ ਮਰਜ਼ੀ ਚਾਚੀ-ਤਾਈ ਥੱਪ-ਥੱਪ ਕਰ ਜਿਹੜੇ ਮਰਜ਼ੀ ਘਰੋਂ ਗੁੰਨ੍ਹ ਕੇ ਆਏ ਆਟੇ ਦੀਆਂ ਰੋਟੀਆਂ ਥੱਪ ਕੇ ਲਾ ਦਿੰਦੀ। ਕੌਣ ਪੇੜੇ ਕਰ ਰਹੀ ਹੁੰਦੀ ਜਾਂ ਕੌਣ ਤੰਦੂਰ ਦੇ ਅੰਦਰ ਪੂਰੀ ਜੁਗਤ ਨਾਲ਼ ਰੋਟੀ ਲਾ ਕੇ ਲਾਹ ਰਹੀ ਹੁੰਦੀ – ਕਿਸੇ ਨੂੰ ਕੋਈ ਪਰਵਾਹ ਨਾ ਹੁੰਦੀ। ਚਾਚੀਆਂ ਤਾਈਆਂ, ਭੂਆ, ਦਾਦੀਆਂ ਦੀ ਇਹ ਸਾਂਝ ਫੁਲਕਾਰੀ ਦੇ ਰੇਸ਼ਮੀ ਤੰਦਾਂ ਜਿਹੀ ਸੀ। ਗਰਮੀਆਂ ਦੇ ਦਿਨਾਂ ਚ ਮੁੜ੍ਹਕੇ ਨਾਲ਼ ਭਿੱਜੇ ਉਨ੍ਹਾਂ ਦੇ ਮੂੰਹ ਤੰਦੂਰ ਤੋਂ ਘੱਟ ਲਾਲ ਨਹੀਂ ਸੀ ਹੁੰਦੇ, ਪਰ ਹਲੀਮੀ ਤੇ ਲਿਆਕਤ ਨਾਲ਼ ਭਰੇ ਸੁਭਾਅ ਚ ਖ਼ਾਸ ਤਰ੍ਹਾਂ ਦੇ ਠਰ੍ਹੰਮੇ ਵਾਲ਼ੀਆਂ ਇਹ ਸਾਰੀਆਂ ਈ ਔਰਤਾਂ ਸੰਸਾਰ ਨਾਲ਼ ਕੋਈ ਸੰਬੰਧ ਨਹੀਂ ਸੀ ਰੱਖਦੀਆਂ ਹੁੰਦੀਆਂ। ਘਰ ਤੇ ਘਰਾਂ ਦੇ ਜੀਆਂ ਪ੍ਰਤੀ ਤਨੋਂ-ਮਨੋਂ ਸਮਰਪਣ, ਪਿਆਰ ਤੇ ਸੇਵਾ ਭਾਵਨਾ ਹੀ ਉਨ੍ਹਾਂ ਦਾ ਸਾਰਾ ਸੰਸਾਰ ਹੁੰਦਾ ਸੀ। ਇਕ-ਦੂਜੇ ਨੂੰ ਮਸ਼ਕਰੀਆਂ ਕਰ ਲੈਂਦੀਆਂ ਤੇ ਸਾਂਝਾਂ ਹੋਰ ਦੂਣ ਸਵਾਈਆਂ ਹੋ ਜਾਂਦੀਆਂ ਸੀ। ਵਿੱਚੋਂ ਜਿਨ੍ਹਾਂ ਦੇ ਕੰਤ ਪਰਦੇਸੀਂ (ਡੁਬੱਈ, ਮਸਕਟ) ਹੁੰਦੇ, ਉਨ੍ਹਾਂ ਦੇ ਹਿਜਰ ਦੀਆਂ ਗੱਲਾਂ ਚ ਵੀ ਬਾਬਾ ਬੁੱਲ੍ਹੇ ਸ਼ਾਹ ਤੇ ਤੰਦੂਰ ਵਿੱਚੇ-ਵਿਚ ਜੁੜਿਆ ਹੁੰਦਾ:

ਅਲਿਫ਼ ਅੱਗ ਲੱਗੀ ਵਿਚ ਸੀਨੇ ਦੇ, ਸੀਨਾ ਤਪ ਕੇ ਵਾਂਗ ਤੰਦੂਰ ਹੋਇਆ
ਕੁਝ ਲੋਕਾਂ ਦੇ ਤਾਹਨਿਆਂ ਮਾਰ ਦਿੱਤਾ, ਕੁਝ ਸੱਜਣ ਅੱਖੀਆਂ ਤੋਂ ਦੂਰ ਹੋਇਆ।

ਇਕ-ਦੂਜੀ ਨੂੰ ਹੱਲਾਸ਼ੇਰੀ ਦਿੰਦੀਆਂ, ਇੰਜ ਸਾਰੀ ਗਲ਼ੀ ਦਾ ਸਾਂਝਾ ਤੰਦੂਰ ਬਰਕਤਾਂ ਬਣਾਈ ਰੱਖਦਾ ਤੇ ਮੋਹ ਦੀਆਂ ਤੰਦਾਂ ਜੁੜੀਆਂ ਰਹਿੰਦੀਆਂ। ਦੁੱਖ-ਸੁੱਖ ਹੁੰਦਾ। ਜੇ ਕਿਸੇ ਦੀ ਕੋਈ ਲੋੜ ਥੁੜ੍ਹਦੀ ਵੀ ਹੁੰਦੀ, ਤਾਂ ਸਭ ਨੂੰ ਪਤਾ ਹੁੰਦਾ ਤੇ ਆਪ-ਮੁਹਾਰੇ ਸਾਰੇ ਘਰ ਇਕ-ਦੂਜੇ ਦੇ ਰੱਬ ਬਣ ਜਾਂਦੇ। ਇਹ ਵੀ ਗੱਲ ਚੰਗੀ ਸੀ ਕਿ ਨਾ ਕੋਈ ਬਹੁਤਾ ਗ਼ਰੀਬ ਸੀ ਤੇ ਨਾ ਹੀ ਬਹੁਤਾ ਅਮੀਰ। ਠੰਢੇ ਹੋਏ ਤੰਦੂਰ ਚੋਂ ਕੋਲ਼ੇ ਕੱਢ ਕੇ ਕਦੇ-ਕਦੇ ਬੱਚੇ ਸ਼ਰਾਰਤਾਂ ਕਰਦੇ ਹੋਏ ਗੋਲ਼ ਚੱਕਰ ਬਣਾ ਦੋ ਅੱਖਾਂ, ਇਕ ਨੱਕ, ਭਰਵੱਟੇ, ਤੇ ਬੁੱਲ੍ਹ ਉਕੇਰ ਦਿੰਦੇ ਤੇ ਇਕ ਦੂਜੇ ਨੂੰ ਚਿੜ੍ਹਾਉਣ ਲਈ ਉਹਦਾ ਨਾਂ ਲਿਖ ਲੈਂਦੇ।
ਚਾਚੇ, ਭੂਆ, ਭਤੀਜੇ, ਭਤੀਜੀਆਂ ਕੱਠੇ ਈ ਸਕੂਲ ਜਾਂਦੇ ਤੇ ਕੱਠੇ ਈ ਖੇਡਦੇ। ਖਿੱਦੋ-ਖੂੰਡੀ, ਪਿੱਠੂ, ਸਟਾਪੂ, ਖੋ-ਖੋ, ਕੋਟਲਾ ਛਪਾਕੀ, ਛੂਹਣ-ਛੁਪਾਈ, ਬਾਂਦਰ-ਕਿੱਲਾ, ਬੰਟੇ, ਕਲੀ-ਜੋਟਾ, ਗੀਟੇ, ਲੁਕਣਮੀਚੀ, ਊਚ-ਨੀਚ, ਚੋਰ-ਸਿਪਾਹੀ, ਭੰਡਾ-ਭੰਡਾਰੀਆ, ਟੋਚਨ ਪਾ ਬਈ, ਅੱਡੀਛੜੱਪਾ, ਊਠਕ-ਬੈਠਕ, ਕਿੱਕਲੀ, ਰੱਸੀ-ਟੱਪਣਾ, ਚਿੜੀ ਉਡ-ਕਾਂ ਉਡ, ਅੰਨ੍ਹਾ-ਝੋਟਾ, ਲੂਣ-ਮਿਰਚ-ਮਸਾਲਾ ਲਿਖਦੀ ਦਾ ਗੱਚ ਵੀ ਭਰ ਰਿਹਾ ਹੈ ਤੇ ਮਿੰਨਾ-ਮਿੰਨਾ ਹਾਸਾ ਵੀ ਬੁੱਲ੍ਹਾਂ ’ਤੇ ਆ ਰਿਹਾ ਹੈ। ਦੂਰਬੀਨ ਨੂੰ ਪਿੱਛੇ ਨੂੰ ਘੁਮਾ ਕੇ ਵੇਖਣ ਵਰਗਾ ਹੈ ਇਹ ਸਾਰਾ ਕੁਛ; ਜੋ ‘ਕਾਸ਼’ ’ਤੇ ਆ ਰੁਕ ਰਿਹਾ ਹੈ। ਮੈਨੂੰ ਇਹ ਵੀ ਯਾਦ ਹੈ ਕਿ ਨਾਲ਼ ਦੀ ਗਲ਼ੀ ਦੀਆਂ ਬੀਬੀਆਂ ਕਿਸ ਤਰ੍ਹਾਂ ਸਬਰ ਨਾਲ਼ ਅਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹੁੰਦੀਆਂ ਸੀ। ਲੜਾਈ ਵੇਲੇ ਬੱਚੇ ਇਕ-ਦੂਜੇ ਨੂੰ ਮਿਹਣੇ ਮਾਰ ਕੇ ਕਹਿਣਾ ਨਹੀਂ ਸੀ ਭੁੱਲਦੇ ਕਿ ਜੇ ਸਾਡੀ ਗਲ਼ੀ ਦੇ ਤੰਦੂਰ ’ਤੇ ਅਪਣੀ ਬੀਬੀ ਨਾਲ਼ ਆਇਆ ਤਾਂ ਦੇਖੀਂ! ਜਦ ਮੀਂਹ-ਕਣੀ ਦਾ ਮੌਸਮ ਹੁੰਦਾ, ਤਾਂ ਤੰਦੂਰ ਤੇ ਬਾਲਣ ਤੇ ਤਰਪਾਲ ਪਾ ਕੇ ਢਕੇ ਜਾਂਦੇ। ਇਸ ਗੱਲ ਲਈ ਵੀ ਕਿਸੇ ਦੀ ਕੋਈ ਬੱਝੀ ਡਿਊਟੀ ਨਹੀਂ ਸੀ ਹੁੰਦੀ। ਪ੍ਰਾਹੁਣੇ ਆਉਂਦੇ ਤਾਂ ਬੜੇ ਆਹਰ ਨਾਲ਼ ਸੁਗ਼ਾਤ ਵਜੋਂ ਚਾਈਂ-ਚਾਈਂ ਬੜੇ ਅਦਬ ਨਾਲ਼ ਪੁੱਛ ਕੇ ਇਜਾਜ਼ਤ ਤੇ ਸਹਿਮਤੀ ਨਾਲ਼ ਉਨ੍ਹਾਂ ਵਾਸਤੇ ਤੰਦੂਰੀ ਰੋਟੀ ਲਾਹੀ ਜਾਂਦੀ ਸੀ। ਉਦੋਂ ਟੀ.ਵੀ. ’ਤੇ ਰਾਤ ਨੂੰ ਬਲਵੰਤ ਗਾਰਗੀ ਦਾ ‘ਸਾਂਝਾ ਚੁੱਲ੍ਹਾ’ ਨਾਂ ਦਾ ਲੜੀਵਾਰ ਨਾਟਕ ਵੀ ਆਇਆ ਕਰਦਾ ਸੀ। ਜੋ ਵਿਰਸੇ ਤੇ ਆਮ ਜ਼ਿੰਦਗੀ ਤੇ ਉਤਾਰ-ਚੜ੍ਹਾਅ ਨੂੰ ਵਿਖਾਉਂਦਾ ਕਿਤੇ ਨਾ ਕਿਤੇ ਵਿਰਸੇ ਤੇ ਲੋਕ-ਤੰਦ ਨਾਲ਼ ਜੁੜ ਕੇ ਰਹਿੰਦਾ ਸੀ।

ਹੁਣ ਨਾ ਤਾਂ ਉਹ ਤੰਦੂਰ ਹੈ, ਨਾ ਥੜ੍ਹਾ, ਨਾ ਚਾਚੇ ਤਾਇਆਂ ਦੀ ਕੋਈ ਕੱਠ ਵਾਲੀ ਗੱਲ ਰਹੀ। ਗਲ਼ੀ ਦੇ ਥੜ੍ਹੇ ’ਤੇ ਖੇਲ੍ਹਦੇ ਉਹ ਸਾਰੇ ਈ ਬੱਚੇ ਪੜ੍ਹ-ਲਿਖ ਵਿਦੇਸ਼ੀਂ ਜਾ ਵਸੇ। ਸੁਆਣੀਆਂ ਬੁੱਢੀਆਂ ਹੋ ਗਈਆਂ ਤੇ ਉਨ੍ਹਾਂ ਦੀਆਂ ਗੱਲਾਂ ਚ ਤੇ ਪਰਦੇਸੀਂ ਬੈਠੇ ਐੱਨ-ਆਰ-ਆਈ ਬਣਨ ਦਾ ਟੈਗ ਲੱਗੇ ਜਵਾਨ ਬੱਚਿਆਂ ਦੇ ਜ਼ਿਹਨ ਚ ਵਸਦਾ ਹੈ ਉਹ ਵਿਸਾਖੀ ਦੇ ਮੇਲੇ ਸਾਂਝੇ ਪੈਸੇ ਪਾ ਕੇ, ਪਿਆਰ ਤੇ ਬਰਕਤਾਂ ਨੂੰ ਬੰਨ੍ਹੀਂ ਰੱਖਣ ਵਾਲ਼ਾ ਵਿਰਸੇ ਦਾ ਮਾਣ-ਮੱਤਾ, ਅੱਜ ਦੇ ਮਸ਼ੀਨੀ ਯੁਗ ਚ ਗੁਆਚਿਆ; ਉਹ ਤੰਦੂਰ। ਰਬਿੰਦਰ ਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਦੀਆਂ ਲੀਹਾਂ ਦੀ ਯਾਦ ਦਿਵਾਉਂਦਾ। ਮੈਂ ਜਦ ਵੀ ਕਰੇਲੇ ਜਾਂ ਭਿੰਡੀਆਂ ਭਰ ਕੇ ਬਣਾਉਂਦੀ ਹਾਂ; ਤਾਂ ਮਾਂ, ਚਾਚੀ, ਤਾਈ, ਭੂਆ, ਬੀਬੀ ਦੇ ਹੱਥਾਂ ਦੀਆਂ ਲੱਗੀਆਂ ਤੰਦੂਰੀ ਰੋਟੀਆਂ ਨੂੰ ਯਾਦ ਕਰਕੇ ਹਾਂਜ ਤੇ ਚੀਸ ਉਠਦੀ ਹੈ। ਅੱਜ-ਕੱਲ੍ਹ ਤਾਂ ਇਹ ਸ਼ਬਦ ਵੀ ਅਲੋਪ ਹੋ ਗਏ ਹਨ ਤੇ ਹੁਣ ਇੱਕੋ ਈ ਅੱਖਰ ਚਾਚੀ, ਤਾਈ, ਭੂਆ ਦੀ ਥਾਂ ਬੱਚੇ ਵਰਤਦੇ ਹਨ: ‘ਆਂਟੀ’। ਬੇਸ਼ੱਕ ਅਸੀਂ ਅਪਣੀ ਜ਼ਿੰਦਗੀ ਅਗਾਂਹ ਨੂੰ ਜਿਉਂਦੇ ਹਾਂ, ਪਰ ਬਹੁਤੀ ਸਮਝ ਸਾਨੂੰ ਪਿਛਲੀ ਜੀਵੀ ਜ਼ਿੰਦਗੀ ਤੇ ਓਸ ਨਾਲ਼ ਜੁੜੀਆਂ ਯਾਦਾਂ ਤੋਂ ਹੀ ਆਉਂਦੀ ਹੈ। ਜੋ ਮਸ਼ਾਲ ਦੀ ਲਾਟ ਵਾਂਙ ਰੌਸ਼ਨ ਰਹਿੰਦੀ ਹੈ – ਜ਼ਿਹਨ ਚ ਤੇ ਅਮਰ ਹੋ ਨੈਤਿਕ ਕਦਰਾਂ-ਕੀਮਤਾਂ ਤੇ ਮਨੋਭਾਵਾਂ ਦਾ ਮੁੱਢ ਬੰਨ੍ਹਦੀ ਹੈ। ਕਿਸੇ ਵੀ ਚੀਜ਼ ਦਾ ਮੁੱਲ ਉਹਦੇ ਖੁੱਸ ਜਾਣ ’ਤੇ ਹੀ ਪੈਂਦਾ ਹੈ। ਪਰਦੇਸਾਂ ਚ ਘਰਾਂ ਦੇ ਕੋਠੇ, ਬਨੇਰੇ, ਕੌਲ਼ੇ, ਕੰਧਾਂ ਨਾਲ਼ ਲੱਗ ਕੇ ਖੜ੍ਹਣਾ; ਗੱਲਾਂ ਕਰਨਾ ਆਦਿ ਕੁਛ ਨਹੀਂ ਹੈ ਤੇ ਨਾ ਹੀ ਕੋਈ ਸਾਂਝਾ ਥੜ੍ਹਾ ਤੇ ਤੰਦੂਰ। ਇੱਥੇ ਹਫ਼ਤੇ ਭਰ ਦਾ ਖਾਣਾ ਬਣਾ ਕੇ ਫ਼੍ਰੀਜ਼ਰ ਚ ਰੱਖਿਆ ਜਾਂਦਾ ਹੈ। ਲੋਕ ਕੰਮਾਂ ’ਤੇ ਜਾਂਦੇ ਹਨ ਤੇ ਆ ਕੇ ਫ਼੍ਰੀਜ਼ਰ ਚੋਂ ਕੱਢ ਕੇ, ਮਾਈਕ੍ਰੋਵੇਵ ਚ ਝਟਕੀਂਭਟਕੀਂ ਖਾਣਾ ਤੱਤਾ ਕਰ ਖਾ ਕੇ ਸੌਂ ਜਾਂਦੇ ਹਨ। ਚਲ-ਸੋ-ਚਲ ਲੱਗੀ ਰਹਿੰਦੀ ਹੈ ਤੇ ਵਿੱਚੇ-ਵਿਚ ਚਲਦੀ ਹੈ – ਇਨ੍ਹਾਂ ਅਭੁੱਲ ਯਾਦਾਂ ਦੀ ਹਲੂਣੀ ਰੱਖਣ ਵਾਲ਼ੀ ਲੜੀ। ਓਸ ਕੱਚੀ ਮਿੱਟੀ, ਗੋਹੇ, ਤੂੜੀ ਤੇ ਇੱਟਾਂ ਨਾਲ਼ ਬਣੇ ਤੰਦੂਰ ਦੀ ਕੀਮਤ ਪੁੱਛਿਆਂ-ਈ-ਜਾਣੀਏਂ। ਨਦੀਮ ਕਾਦਰੀ ਦੀ ਨਜ਼ਮ ਦੇ ਸ਼ਬਦ ਮੇਰੀ ਗਲ਼ੀ, ਉਥੋਂ ਦੀ ਲੋਕਾਈ, ਮੇਰੀ ਮਿੱਟੀ, ਉਹ ਸੁੱਖ ਦੀ ਵੇਲਾ, ਤੇ ਹਮੇਸ਼ ਲਈ ਅਟਕੀ ਮੇਰੀ ਝਾਕਾ ਨੂੰ ਤੇ ਏਸ ਤੜਫ ਨੂੰ ਬਿਆਨ ਕਰਦੇ ਹਨ:

ਰੋਜ਼ ਅਜ਼ਲ ਤੋਂ ਮੈਂ ਤੇ ਬੀਬਾ ਵੇਖਾਂ ਤੇਰੀ ਰਾਹ
ਹਿਜਰ ਤੰਦੂਰੇ ਬਲ-ਬਲ ਸਾਡੇ ਹੋ ਗਏ ਹੱਡ ਸੁਆਹ
ਵਾਲ਼ੀਂ ਧੂੜ ਤੇ ਪੈਰੀਂ ਛਾਲੇ,
ਮੁੱਕਦੀ ਨਾਹੀ ਰਾਹ ਦੇ ਦੀਦਾਰ ਵੇ ਜੀਂਦੀ ਜਾਨੇਂ,
ਮੁੱਕ ਨਾ ਜਾਵਣ ਸਾਹ
* ਤੰਦੂਰ ਸ਼ਬਦ ਫ਼ਾਰਸੀ ਦੇ ਸ਼ਬਦ ਤਨੂਰ ਵਿੱਚੋਂ ਨਿਕਲ਼ਿਆ ਹੈ
ਸੋਨੀਆ ਪਾਲ ਈ-ਮੇਲ: soniapal2811@yahoo.co.in