…ਹੁਣ ਨਾ ਹੱਥੀਂ ਦੁੱਧ ਰਿੜਕਦੀਆਂ ਮੁਟਿਆਰਾਂ ਵੇ

0
614

ਉਪਰੋਕਤ ਸਿਰਲੇਖ ’ਚ ਪੂਰੀ ਸੱਚਾਈ ਹੈ, ਕਿਉਂਕਿ ਪੰਜਾਬ ਵਿਚ ਕੋਈ ਵੀ ਘਰ ਅਜਿਹਾ ਨਹੀਂ ਹੋਵੇਗਾ, ਜਿਥੇ ਮੁਟਿਆਰਾਂ ਹੱਥ ਨਾਲ ਦੁੱਧ ਰਿੜਕਦੀਆਂ ਹੋਣਗੀਆਂ। ਆਖਰ ਇਸ ਲਈ ਸਮਾਂ ਹੀ ਕਿਸ ਕੋਲ ਹੈ, ਕਿਉਂਕਿ ਹੱਥ ਨਾਲ ਨਾਲ ਦੁੱਧ ਰਿੜਕਣ ਨਾਲ ਘੰਟਾ-ਡੇਢ ਘੰਟਾ ਲੱਗ ਜਾਂਦਾ ਹੈ ਪਰ ਇਸ ਦੇ ਮੁਕਾਬਲੇ ਬਿਜਲੀ ਵਾਲੀ ਮਧਾਣੀ ਕੁਝ ਹੀ ਮਿੰਟਾਂ ਵੀ ਇਹ ਕੰਮ ਕਰ ਦਿੰਦੀ ਹੈ। ਪੰਜਾਬ ਵਿਚ ਭਾਵੇਂ ਕਈ ਪਿੰਡਾਂ ਦੀ ਨੁਹਾਰ, ਰਹਿਣ ਸਹਿਣ ਤੇ ਹੋਰ ਤੌਰ ਤਰੀਕੇ ਨਹੀਂ ਬਦਲੇ ਪਰ ਕਮਾਈ ਦੇ ਸਾਧਨ ਜ਼ਰੂਰ ਬਦਲ ਚੁੱਕੇ ਹਨ। ਪਿੰਡਾਂ ਵਿਚ ਦੁੱਧ ਨੂੰ ਰਿੜਕਣ ਦਾ ਕੰਮ ਪਹਿਲਾਂ ਵੀ ਮਧਾਣੀ (ਰਿੜਕਣੀ) ਰਾਹੀਂ ਕੀਤਾ ਜਾਂਦਾ ਸੀ ਤੇ ਕੀਤਾ ਹੁਣ ਵੀ ਮਧਾਣੀ ਨਾਲ ਹੀ ਜਾਂਦਾ ਹੈ ਪਰ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਪਿੰਡ ਦੀਆਂ ਸੁਆਣੀਆਂ ਵਲੋਂ ਇਕ ਤਰਖਾਣ ਦੁਆਰਾ ਬਣਾਈ ਗਈ ਲੱਕੜ ਦੀ ਮਧਾਣੀ ਵਰਤੀ ਜਾਂਦੀ ਸੀ, ਜੋ ਸਾਡੇ ਪੰਜਾਬੀ ਵਿਰਸੇ ਦਾ ਅਨਿਖੜਵਾਂ ਅੰਗ ਹੀ ਨਹੀਂ ਸੀ, ਸਗੋਂ ਪੰਜਾਬੀ ਵਿਰਸੇ ਨੂੰ ਵੀ ਚਾਰ ਚੰਦ ਲਗਾਉਂਦੀ ਸੀ ਪਰ ਹੁਣ ਦੁੱਧ ਰਿੜਕਣ ਦਾ ਕੰਮ ਇਲੈਕਟ੍ਰਾਨਿਕ ਮਧਾਣੀਆਂ ਨਾਲ ਕੀਤਾ ਜਾਂਦਾ ਹੈ। ਅੱਜ ਜੋ ਅਸੀਂ ਦਹੀਂ-ਮੱਖਣ ਖਾਂਦੇ ਹਾਂ ਤੇ ਜਿਹੜੀ ਲੱਸੀ ਪੀਂਦੇ ਹਾਂ ਉਹ ਇਲੈਕਟ੍ਰਾਨਿਕ ਮਸ਼ੀਨਾਂ ਜਾਂ ਮਸ਼ੀਨਾਂ ਨਾਲ ਹੀ ਤਿਆਰ ਹੁੰਦੀ ਹੈ।

ਪਹਿਲੇ ਸਮੇਂ ਵਿਚ ਦੁੱਧ ਰਿੜਕਣ ਦਾ ਕੰਮ ਹੱਥ ਨਾਲ ਬਣੀ ਮਧਾਣੀ ਦੁਆਰਾ ਕੀਤਾ ਜਾਂਦਾ ਸੀ ਤੇ ਦੁੱਧ ਰਿੜਕਣ ਦਾ ਕੰਮ ਘਰਾਂ ਦੀਆਂ ਔਰਤਾਂ (ਸੁਆਣੀਆਂ, ਮੁਟਿਆਰਾਂ) ਹੀ ਕਰਦੀਆਂ ਸਨ। ਜ਼ਿਆਦਾਤਰ ਔਰਤਾਂ ਸਵੇਰੇ ਉ¤ਠ ਕੇ ਹੀ ਦੁੱਧ ਰਿੜਕਦੀਆਂ ਸਨ। ਦੁੱਧ ਰਿੜਕਣ ਦੀ ਇਸ ਕਿਰਿਆ ਨੂੰ ਇਕ ਤੋਂ ਦੋ ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਸੀ। ਮੁਟਿਆਰਾਂ ਦੁੱਧ ਰਿੜਕਣ ਦਾ ਕੰਮ ਜ਼ਿਆਦਾਤਰ ਚਾਟੀ (ਘੁੰਮਿਆਰ ਵਲੋਂ ਬਣਾਈ ਗਈ ਘੜੇ ਦੇ ਆਕਾਰ ਦੀ) ਵਿਚ ਕਰਦੀਆਂ ਸਨ। ਸੁਆਣੀਆਂ ਵਲੋਂ ਰਾਤ ਨੂੰ ਚੰਗੀ ਤਰ੍ਹਾਂ ਸਾਂਭ-ਸੰਭਾਲ ਕੇ ਦੁੱਧ ਨੂੰ ਖੱਟਾ ਲਗਾ ਕੇ ਜਮਾ ਕੇ ਰੱਖ ਦਿੱਤਾ ਜਾਂਦਾ ਸੀ ਤੇ ਸਵੇਰੇ ਤੜਕਸਾਰ ਮੁਟਿਆਰਾਂ ਘਰ ਦੇ ਕੰਮਕਾਰ ਕਰਨ ਤੋਂ ਪਹਿਲਾਂ ਜਾਂ ਫਿਰ ਕੰਮ ਕਾਰ ਤੋਂ ਵਿਹਲੀਆਂ ਹੋਣ ਤੋਂ ਬਾਅਦ ਜੰਮਿਆ ਹੋਇਆ ਦੁੱਧ ਜੋ ਕਿ ਦਹੀਂ ਦਾ ਰੂਪ ਧਾਰਨ ਕਰ ਲੈਂਦਾ ਸੀ, ਨੂੰ ਰਿੜਕਣ ਦਾ ਕੰਮ ਕਰਦੀਆਂ ਸਨ। ਦੁੱਧ ਰਿੜਕਣ ਤੋਂ ਬਾਅਦ ਉਸ ਵਿਚੋਂ ਮੱਖਣ ਨੂੰ ਅਲੱਗ ਕੱਢ ਲਿਆ ਜਾਂਦਾ ਸੀ ਤੇ ਮੱਖਣ ਕੱਢਣ ਤੋਂ ਬਾਅਦ ਉਸ ਵਿਚ ਸਿਰਫ ਲੱਸੀ ਹੀ ਰਹਿ ਜਾਂਦੀ ਸੀ, ਜਿਸ ਨੂੰ ਪਿੰਡਾਂ ਦੇ ਘਰਾਂ ਵਿਚ ਬੜਾ ਸਵਾਦ ਲੈ-ਲੈ ਕੇ ਪੀਆ ਜਾਂਦਾ ਸੀ। ਕਈ ਘਰਾਂ ਵਿਚ ਲੱਸੀ ਸਬਜ਼ੀ ਦਾ ਡੰਗ ਸਾਰਦੀ ਸੀ। ਲੱਸੀ ’ਤੇ ਪੰਜਾਬ ਵਿਚ ਬੜੇ ਗੀਤ ਤੇ ਮੁਹਾਰੇ ਬਣ ਚੁੱਕੇ ਹਨ। ਜਿਵੇਂ :

ਲੱਸੀ ਮਿਲੇ ਪੀਣ ਨੂੰ,
ਗੂੜ੍ਹ ਮਿਲੇ ਖਾਣ ਨੂੰ,
ਵੇਖ ਮੇਰੇ ਮਿੱਤਰਾ,
ਲੋਹੇ ਵਰਗੀ ਜਾਨ ਨੂੰ।

ਭਾਵ ਕਿ ਲੱਸੀ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਤੇ ਇਸ ਨੂੰ ਅਲੱਗ ਅਲੱਗ ਚੀਜ਼ਾਂ ਨਾਲ ਲੈਣ ਨਾਲ ਕਈ ਤਰ੍ਹਾਂ ਦੇ ਸਰੀਰਕ ਰੋਗ ਦੂਰ ਹੁੰਦੇ ਹਨ। ਜਿਵੇਂ ਲੱਸੀ ਵਿਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਪੇਟ ਵਿਚਲੇ ਕੀੜੇ ਦੂਰ ਹੁੰਦੇ ਹਨ।

ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੁੱਧ, ਦਹੀਂ, ਮੱਖਣ ਤਾਂ ਕੀ ਲੱਸੀ ਵਰਗੀਆਂ ਚੀਜ਼ਾਂ ਵੀ ਬੰਦ ਪੈਕਟਾਂ ਵਿਚ ਮਿਲਣ ਲੱਗ ਪਈਆਂ ਹਨ। ਪੰਜਾਬ ਦੇ ਜਿਹੜੇ ਮਾੜੇ ਮੋਟੇ ਘਰਾਂ ਵਿਚ ਲੱਸੀ ਰਿੜਕੀ ਵੀ ਜਾਂਦੀ ਹੈ, ਉਹ ਵੀ ਇਲੈਕਟ੍ਰਾਨਿਕ ਮਸ਼ੀਨਾਂ ਨਾਲ ਹੀ। ਪੰਜਾਬੀ ਵਿਰਸੇ ਦੀ ਸ਼ਾਨ ਮਧਾਣੀ ਤਾਂ ਪਿੰਡਾਂ ਵਿਚੋਂ ਲੱਗਭਗ ਅਲੋਪ ਹੀ ਹੋ ਗਈ ਹੈ। ਜੇਕਰ ਕਿਸੇ ਥਾਂ ’ਤੇ ਮਧਾਣੀ ਪਈ ਹੈ ਤਾਂ ਉਹ ਵੀ ਪੰਜਾਬ ਦੇ ਹੋਟਲਾਂ, ਰੈਸਟੋਰੈਂਟਾਂ ਵਿਚ ਸ਼ੋਅਪੀਜ਼ ਵਿਚ ਪਈ ਹੈ ਤਾਂ ਜੋ ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਦੀ ਯਾਦ ਕਰਵਾ ਕੇ ਆਪਣੇ ਵੱਲ ਖਿੱਚਿਆ ਜਾ ਸਕੇ ਤੇ ਆਪਣੇ ਹੋਟਲਾਂ ਦੀ ਸ਼ਾਨ ਤੇ ਕਮਾਈ ਵਿਚ ਵਧਾਈ ਜਾ ਸਕੇ।

ਪੰਜਾਬ ਦੇ ਪੇਂਡੂ ਸਕੂਲਾਂ ਦੇ ਛੋਟੀਆਂ ਸ਼੍ਰੇਣੀਆਂ ਦੇ ਪਾਠਕਰਾਂ ਵਿਚ ਤਾਂ ਕਿਤੇ ਕਿਤੇ ਮਧਾਣੀ ਦਾ ਜ਼ਿਕਰ ਆਉਂਦਾ ਹੈ ਪਰ ਪੰਜਾਬ ਦੇ ਹਾਈ ਫਾਈ ਮਾਡਰਨ ਪਿੰਡਾਂ ਤੇ ਸ਼ਹਿਰਾਂ ਵਿਚ ਤਾਂ ਇਸ ਨੂੰ ਬੱਚੇ, ਨੌਜਵਾਨ ਤੇ ਕੀ ਬਜ਼ੁਰਗ ਸਭ ਭੁੱਲੀ ਬੈਠੇ ਹਨ ਤੇ ਜਿਹੜੇ ਮਾੜੇ ਮੋਟੇ ਪਿੰਡਾਂ ਦੇ ਲੋਕ ਇਸ ਤੋਂ ਜਾਣੂ ਹਨ, ਉਹ ਵੀ ਇਸ ਨੂੰ ਭੁੱਲ ਜਾਣਗੇ। ਦਰਅਸਲ ਇਸ ਨੂੰ ਭੁੱਲਣਾ ਸਾਡੀ ਇਕ ਵੱਡੀ ਭੁੱਲ ਹੋਵੇਗੀ, ਕਿਉਂਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜੀਆਂ ਚੀਜ਼ਾਂ ਜੋ ਪੰਜਾਬੀ ਵਿਰਸੇ ਦੀ ਸ਼ਾਨ ਹਨ, ਨੂੰ ਵਿਸਾਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੋਂ ਇਨ੍ਹਾਂ ਵਸਤਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਸੋ ਸਾਡੀ ਇਹ ਰਾਏ ਹੈ ਕਿ ਅਸੀਂ ਆਪਣੇ ਇਸ ਮਹਾਨ ਪੰਜਾਬੀ ਵਿਰਸੇ ਨੂੰ ਵਿਸਰਣ ਨਾ ਦੇਈਏ ਤੇ ਇਸ ਤੋਂ ਸਮੇਂ ਸਮੇਂ ’ਤੇ ਆਪਣੇ ਬੱਚਿਆਂ ਤੇ ਅਣਜਾਣ ਲੋਕਾਂ ਨੂੰ ਜਾਣੂ ਕਰਵਾਈਏ।

ਪੰਜਾਬੋਂ ਜਾ ਕੇ ਵਿਦੇਸ਼ਾਂ ਵਿਚ ਵਸਦੇ ਮਾਪਿਆਂ ਨੂੰ ਵੀ ਇਸ ਗੱਲ ਲਈ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਇਸ ਅਮੀਰ ਵਿਰਸੇ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਰਹਿਣ, ਤਾਂ ਜੋ ਕਦੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਮੌਕਾ ਮਿਲੇ ਤਾਂ ਉਹ ਇਹ ਨਾ ਕਹਿਣ ਕਿ ਇਨ੍ਹਾਂ ਚੀਜ਼ਾਂ ਬਾਰੇ ਤਾਂ ਉਨ੍ਹਾਂ ਕਦੇ ਸੁਣਿਆ ਹੀ ਨਹੀਂ ਜਾਂ ਫਿਰ ਐਵੇਂ ਨਾ ਹੋਵੇ ਕਿ ਵਿਦੇਸ਼ੋਂ ਆਏ ਪੰਜਾਬੀ ਭਰਾਵਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਕੋਈ ਦੱਸਣ ਵਾਲਾ ਹੀ ਨਾ ਹੋਵੇ। ਸੋ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਜਿਸ ਪੰਜਾਬ ਦੇ ਜੰਮਪਲ ਹੋਣ ਦਾ ਤੁਸੀਂ ਮਾਣ ਮਹਿਸੂਸ ਕਰਦੇ ਹੋ, ਉਸ ਪੰਜਾਬ ਦੇ ਅਮੀਰ ਵਿਰਸੇ ਨੂੰ ਵਿਰਸਣ ਤੋਂ ਬਚਾਉਣ ਲਈ ਜ਼ਰਾ ਕੁ ਹੀ ਹੰਭਲਾ ਮਾਰ ਲਈਏ, ਬਹੁਤ ਹੈ।

-ਜਤਿੰਨ ਕੰਬੋਜ
09888012792
jatinkamboj@gmail.com