ਓਰਬਿਟ ਮਲਟੀਪਲੈਕਸ ’ਤੇ ਛਾਪੇਮਾਰੀ

0
510

ਮੋਗਾ – ਆਬਕਾਰੀ ਅਤੇ ਕਰ ਵਿਭਾਗ ਨੇ ਇੱਥੇ ਵੱਡੀ ਕਾਰਵਾਈ ਕਰਦਿਆਂ ਜ਼ੀਰਾ ਰੋਡ ਸਥਿਤ ਓਰਬਿਟ ਰਿਜ਼ੋਰਟਸ ’ਤੇ ਛਾਪੇ ਮਾਰੇ, ਜਿਸ ਵਿਚ ਮਲਟੀਪਲੈਕਸ, ਹੋਟਲ ਅਤੇ ਰੈਸਟੋਰੈਂਟ ਸ਼ਾਮਲ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰ ਵਿਭਾਗ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਇੱਥੇ ਗੁਡਸ ਸਰਵਿਸ ਟੈਕਸ (ਜੀ. ਐੱਸ. ਟੀ.) ਵਿਚ ਕਥਿਤ ਤੌਰ ’ਤੇ ਬੇਨਿਯਮੀਆਂ ਹੋ ਰਹੀਆ ਹਨ। ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਡੀ. ਈ. ਟੀ. ਸੀ.) ਹਰਪਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਦੇ 20 ਦੇ ਲਗਭਗ ਅਧਿਕਾਰੀਆਂ ਨੇ ਕੰਪਿਊਟਰ ਪ੍ਰਣਾਲੀ ਦੇ ਦੋ ਮੁੱਖ ਸਰਵਰਾਂ (ਸੀ. ਪੀ. ਯੂ. ਐੱਸ.) ਨੂੰ ਆਪਣੇ ਕਬਜ਼ੇ ਵਿਚ ਲੈ ਕੇ ਓਰਬਿਟ ਰਿਜ਼ੋਰਟਸ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਰਿਕਾਰਡ ਦੀ ਪਡ਼ਤਾਲ ਕੀਤੀ। ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਰਿਜ਼ੋਰਟਸ ਦੇ ਅਧਿਕਾਰੀਆਂ ਨੇ ਹੋਟਲ ਅਤੇ ਰੈਸਟੋਰੈਂਟ ਵਿਚ ਵਿਕਰੀ ਅਤੇ ਸੇਵਾਵਾਂ ਦਾ ਸਹੀ ਕੰਪਿਊਟਰੀਕਰਨ ਰਿਕਾਰਡ ਕਾਇਮ ਨਹੀਂ ਕੀਤਾ। ਅਧਿਕਾਰੀ ਦਾ ਦੱਸਣਾ ਸੀ ਕਿ ਕੰਪਿਊਟਰਾਂ ਵਿਚ ਸਿਰਫ਼ ਇਕ ਦਿਨ ਦਾ ਸੇਲਜ਼ ਅਤੇ ਸਰਵਿਸਿਜ਼ ਰਿਕਾਰਡ ਹੀ ਦਿਖਾਈ ਦੇ ਰਿਹਾ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਮਗਰੋਂ ਇਸ ਰਿਜ਼ੋਰਟਸ ’ਤੇ ਗੁਪਤ ਤੌਰ ’ਤੇ ਵਿਭਾਗੀ ਅਧਿਕਾਰੀਆਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ।

ਦੱਸਣਾ ਬਣਦਾ ਹੈ ਕਿ ਇਸ ਰਿਜ਼ੋਰਟਸ ਦੇ ਮਾਲਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਯੋਗੇਸ਼ ਗੋਇਲ ਹਨ, ਜਿਹਡ਼ੇ 2009 ਤੋਂ 2012 ਤੱਕ ਅਕਾਲੀ ਦਲ ਦੀ ਹਕੁੂਮਤ ਵੇਲੇ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਵੀ ਰਹੇ ਹਨ। ਵਿਭਾਗ ਨੇ ਹੋਟਲ ਮਾਲਕਾਂ ਨੂੰ ਮਾਮਲੇ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸੇ ਦੌਰਾਨ ਹੀ ਜਦੋਂ ਯੋਗੇਸ਼ ਗੋਇਲ ਦੇ ਸਪੁੱਤਰ ਤੁਸ਼ਾਰ ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਭ ਕੁਝ ਨਿਯਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਕੀਤੀ ਗਈ ਚੈਕਿੰਗ ਰੁਟੀਨ ਦੀ ਚੈਕਿੰਗ ਹੀ ਹੈ।