ਕੰਵਰ ਗਰੇਵਾਲ ਨੇ ਵੱਖਰੇ ਅੰਦਾਜ਼ ਚ ਲੁੱਟਿਆ ਹਾਂਗਕਾਂਗ ਦਾ ਮੇਲਾ

0
51

ਪੰਜਾਬੀ ਚੇਤਨਾ (ਹਾਂਗਕਾਂਗ): ਬੀਤੇ ਐਤਵਾਰ ਹਾਂਗਕਾਂਗ ਵਿੱਚ ਪੰਜਾਬ ਯੂਥ ਕਲੱਬ ਵੱਲੋਂ ਵਿਸਾਖੀ ਮੇਲਾ ” ਮਹਿਕ ਪੰਜਾਬ ਦੀ” ਜਿਸ ਵਿੱਚ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੋਕਾਂ ਦਾ ਭਰਭੂਰ ਮਨੋਰੰਜਨ ਕੀਤਾ। ਆਮ ਪੰਜਾਬੀ ਪ੍ਰੋਗਰਾਮਾਂ ਵਾਂਗ ਹੀ ਇਹ ਵੀ ਮਿਥੇ ਸਮੇਂ ਤੋਂ ਥੋੜਾ ਪਛੜ ਕੇ ਸ਼ੁਰੂ ਹੋਇਆ। ਪੰਜਾਬ ਯੂਥ ਕਲੱਬ ਦੇ ਸਕੱਤਰ ਸ੍ਰ. ਨਵਤੇਜ ਸਿੰਘ ਅਟਵਾਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਰਾਸ਼ਟਰਪਤੀ ਅਵਾਰਡ ਵਿਜੇਤਾ ਸਾਇਰ ਜਸਦੀਪ ‘ਸਾਗਰ’ ਨੇ ਸਟੇਜ ਬਾਖੂਬੀ ਨਿਭਾਈ।
ਸ਼ੁਰੂਆਤ ਵਿੱਚ ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸ੍ਰ ਗੁਰਦੇਵ ਸਿੰਘ ਗਾਲਿਬ ਮੁੱਖ ਮਹਿਮਾਨ ਅਤੇ ਖਾਸ ਮਹਿਮਾਨਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ।
ਪ੍ਰਧਾਨ ਸਰਦਾਰ ਗਾਲਿਬ ਨੇ ਮੁੱਖ ਦਾਨੀਆਂ ਸ੍ਰੀ ਹੈਰੀ ਬੰਗਾ , ਸ਼੍ਰੀ ਮਤੀ ਪੁਰਵਿਜ਼ ਸ਼ਰੌਫ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨਾਂ ਦੀ ਬਦੌਲਤ ਇਹ ਪ੍ਰੋਗਰਾਮ ਨੇਪਰੇ ਚੜਿਆ ਹੈ । ਉਹਨਾਂ ਨੇ ਕਿਹਾ ਕਿ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਪੈਸੇ ਕਮਾਉਣਾ ਨਹੀਂ ਸਗੋਂ ਪੈਸੇ ਇਕੱਠੇ ਕਰਕੇ ਲੋਕ ਭਲਾਈ ਦੇ ਕੰਮਾਂ ਲਈ ਲਗਾਉਣਾ ਹੈ। ਉਹਨਾਂ ਨੇ ਦਰਸ਼ਕਾਂ ਨੂੰ ਇਹ ਕਿਹਾ ਕਿ ਤੁਹਾਡੀ ਖਰੀਦੀ ਹੋਈ ਇੱਕ ਇੱਕ ਟਿਕਟ ਦਾ ਪੈਸਾ ਲੋਕ ਭਲਾਈ ਲਈ ਖਰਚਿਆ ਜਾਵੇਗਾ| ਉਨਾਂ ਦੱਸਿਆ ਕੇ ਬੱਚਤ ਦਾ ਸਾਰਾ ਪੈਸਾ ਪੰਜਾਬੀ ਕਲਾਸਾਂ, ਕਿੰਡਰ ਗਾਰਟਨ, ਗੱਤਕੇ ਦੀ ਸਿਖਲਾਈ , ਦੋ ਹੋਰ ਹਾਂਗਕਾਂਗ ਦੀਆਂ ਸੰਸਥਾਵਾਂ ਅਤੇ ਖੇਡਾਂ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਖਰਚਿਆ ਜਾਵੇਗਾ। ਉਹਨਾਂ ਸਾਰੇ ਸਰੋਤਿਆਂ ਦਾ ਅਤੇ ਬਾਕੀ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਹੋਇਆਂ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਕਲੱਬ ਦੇ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਮੁੱਖ ਮਹਿਮਾਨ ਸ੍ਰ. ਸਤਵੰਤ ਖਨਾਲੀਆ- ਮੁਖੀ ਭਾਰਤੀ ਸਫਾਰਤਖਾਨਾ ਹਾਂਗਕਾਂਗ ਅਤੇ ਖ਼ਾਸ ਮਹਿਮਾਨਾਂ ਸ੍ਰ ਹਰਵਿੰਦਰ ਸਿੰਘ (ਹੈਰੀ ਬੰਗਾ) ਅਤੇ ਮਿਸ ਰਾਣੋ ਵੱਸਨ ( ਸ਼੍ਰੀ ਮਤੀ ਪੁਰਵਿਜ਼ ਸ਼ਰੌਫ ) ਦਾ ਸਨਮਾਨ ਕੀਤਾ ਗਿਆ।
ਫਿਰ ਸਟੇਜ ਤੇ ਆਈ ਹੈਰੀ ਬਾਠ ਦੀ ਫੰਜਾਬੀ ਭੰਗੜਾ ਟੀਮ , ਭਾਵੇਂ ਇਹ ਬਹੁਤ ਸਾਲਾਂ ਤੋਂ ਲਗਾਤਾਰ ਹਾਂਗਕਾਂਗ ਵਿੱਚ ਭੰਗੜੇ ਨੂੰ ਪ੍ਰਮੋਟ ਕਰ ਰਹੇ ਹਨ ਪਰ ਬਹੁ ਗਿਣਤੀ ਲੋਕਾਂ ਨੇ ਇਹਨਾਂ ਦੀ ਕਲਾ ਦੇ ਜੌਹਰ ਪਹਿਲੀ ਵਾਰ ਦੇਖੇ। ਇਸ ਦਾ ਅਨੰਦ ਮਾਣਿਆ ਤੇ ਖੂਬ ਤਾੜੀਆਂ ਨਾਲ ਇਹਨਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਤੋਂ ਬਾਦ ਆਏ ਹਾਂਗਕਾਂਗ ਦੇ ਆਪਣੇ ਗਾਇਕ ‘ ਗੁਰਦੀਪ ਸਵੱਦੀ’।
ਉਸ ਨੇ ਆਪਣੇ 2 ਗੀਤਾਂ ਨਾਲ ਹਾਜ਼ਰੀ ਲੁਆਈ, ਜਿਨਾਂ ਵਿੱਚ ਇੱਕ ਸੀ ‘ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ’ ਅਤੇ ਦੂਜਾ ‘ ਚਲ ਮੇਰੇ ਨਾਲ ਕੁੜੀਏ ਮੈਂ ਆਪਣਾ ਵਤਨ ਦਿਖਾਵਾਂ ਨੀ’ ਸਾਰੇ ਸਰੋਤਿਆਂ ਨੇ ਇਸ ਦੀ ਵੀ ਭਰਪੂਰ ਤਾੜੀਆਂ ਨਾਲ ਤਾਰੀਫ਼ ਕੀਤੀ।
ਇਸ ਤੋਂ ਬਾਅਦ ਸ਼ੁਰੂ ਹੋਇਆ ਕੰਵਰ ਗਰੇਵਾਲ ਦਾ ਦੌਰ ਜਿਸ ਦੀ ਸੂਫੀ ਗਾਇਕੀ ਦੀ ਲੋਕਾਂ ਦੇ ਦਿਲਾਂ ਅੰਦਰ ਅਲੱਗ ਹੀ ਜਗਾ ਹੈ। ਪ੍ਰੋਗਰਾਂਮ ਦੀ ਸ਼ੁਰੂਆਤ ਕੀਤੀ ਧਾਰਮਿਕ ਗੀਤ ਨਾਲ ਤੇ ਫਿਰ ਚੱਲਿਆ ਦੌਰ ਕੰਵਰ ਦੇ ਨਵੇਂ ਪੁਰਾਣੇ ਗੀਤਾਂ ਦਾ । ਉਸ ਨੇ ਲਗਭਗ ਆਪਣੇ ਸਾਰੇ ਗੀਤ ਹੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਸਾਹਮਣੇ ਪੇਸ਼ ਕੀਤੇ ਤੇ ਲੋਕਾਂ ਨੇ ਇਹਨਾਂ ਦਾ ਨੱਚ ਗਾ ਕੇ ਅਨੰਦ ਮਾਣਿਆ।
ਸਾਰੇ ਪ੍ਰੋਗਰਾਮ ਦੌਰਾਨ ਹੀ ਕੰਵਰ ਲੋਕਾਂ ਵਿੱਚ ਆ ਕੇ ਗਾਉਂਦਾ ਰਿਹਾ ਅਤੇ ਲੋਕ ਉਸ ਨੂੰ ਦਾਦ ਦਿੰਦੇ ਰਹੇ। ਕੁਝ ਗੀਤਾਂ ਵਿਚ ਹਾਂਗਕਾਂਗ ਵਾਲੀ ਭੰਗੜਾ ਟੀਮ ਦੇ ਮੈਬਰਾਂ ਵੀ ਹਾਜ਼ਰੀ ਲੁਆਈ ਜਿਸ ਦਾ ਲੋਕਾਂ ਨੇ ਭਰਭੂਰ ਹੁੰਗਾਰਾ ਦਿੱਤਾ।
ਕੰਵਰ ਗਰੇਵਾਲ ਕਰੀਬ ਢਾਈ ਘੰਟੇ ਗਾਉਂਦਾ ਰਿਹਾ ਜਿਸ ਦੌਰਾਨ ਕੋਈ ਵੀ ਹਾਲ ਤੋਂ ਬਾਹਰ ਨਹੀਂ ਗਿਆ, ਇਹ ਇਸ ਪ੍ਰੋਗਰਾਮ ਦੀ ਅਹਿਮ ਗੱਲ ਸੀ। ਦੂਜਾ ਇਹ ਵੀ ਦੇਖਣ ਵਿਚ ਮਿਲਿਆ ਕਿ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਹਾਜ਼ਰੀ ਭਰੀ ਜਿਸ ਨੇ ਇਸ ਪ੍ਰੋਗਰਾਮ ਨੂੰ ਪਰਿਵਾਰਕ ਹੋਣ ਦਾ ਸਨਮਾਨ ਦਿੱਤਾ।
ਅਖੀਰ ਤੋਂ ਕੁਝ ਮਿੰਟ ਪਹਿਲਾਂ ਗਾਇਕ ਕੰਵਰ ਗਰੇਵਾਲ ਦਾ ਸਨਮਾਨ ਪੰਜਾਬ ਯੂਥ ਕਲੱਬ ਦੇ ਅਹੁੱਦੇਦਾਰਾਂ ਵੱਲੋਂ ਕੀਤਾ ਗਿਆ ਤੇ ਪ੍ਰੋਗਰਾਂਮ ਕੁੱਝ ਸਮਾਂ ਹੋਰ ਜਾਰੀ ਰਿਹਾ।
ਅਖੀਰ ਵਿੱਚ ਲੋਕਾਂ ਦੀ ਖ਼ਵਾਹਿਸ਼ ਮੁਤਾਬਕ ਕੰਵਰ ਨੇ ਸਟੇਜ ਤੋਂ ਅਨਾਊਂਸਮੈਂਟ ਕੀਤੀ ਅਤੇ ਤਕਰੀਬਨ 1 ਘੰਟਾ ਲੋਕਾਂ ਨਾਲ ਫੋਟੋਆਂ ਖਿਚਵਾਉਂਦਾ ਰਿਹਾ ਜਿਸ ਤੇ ਹਰ ਕੋਈ ਖੁਸ਼ ਸੀ।
ਜਿੱਥੇ ਇਹ ਪ੍ਰੋਗਰਾਮ ਇਕ ਖੁਸ਼ੀ ਵਾਲੇ ਮਹੌਲ ਵਿੱਚ ਰਿਹਾ ਪਰ ਇਕ ਦਰਦ ਵੀ ਹਰ ਇੱਕ ਦੇ ਸੀਨੇ ਵਿੱਚ ਸੀ, ਉਹ ਸੀ ਵੀਰ ਜੱਸੀ ਤੁਗਲ ਦੀ ਗੈਰਹਾਜ਼ਰੀ।
ਪੰਜਾਬ ਯੂਥ ਕਲੱਬ ਦੇ ਮੁੱਢਲੇ ਮੈਬਰਾਂ ਵਿੱਚੋ ਇੱਕ, ਜੱਸੀ ਤੁਗਲ ਵਾਲਾ ਨੇ ਇਸ ਪ੍ਰੋਗਰਾਮ ਦੀ ਵਿਉਂਤ ਮੈਬਰਾਂ ਨਾਲ ਬੈਠ ਕੇ ਖੁਦ ਬਣਾਈ ਪਰ ਅਚਾਨਕ 16 ਜਨਵਰੀ 2024 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਲੱਬ ਵੱਲੋਂ ਇਹ ਪ੍ਰੋਗਰਾਮ ਉਸ ਦੀ ਯਾਦ ਵਿੱਚ ਉਸ ਨੂੰ ਸਮਰਪਿਤ ਕੀਤਾ ਗਿਆ। 

LEAVE A REPLY

Please enter your comment!
Please enter your name here