ਲੰਡਨ ਵਿੱਚ ਸੁੱਤਾ ਫਿਦਾ ਹੁਸੈਨ

0
316

ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਕੰਪਨੀ ਵਲੋਂ ਵੋਕਿੰਗ ਵਿੱਚ ਇਕ ਹਫਤੇ ਦੀ ਮੇਰੀ ਟਰੇਨਿੰਗ ਸੀ। ਵੋਕਿੰਗ ਲੰਡਨ ਦੀ ਵੱਖੀ ਵਿੱਚ ਪੈਂਦਾ ਟਾਊਨ ਹੈ ਤੇ ਉਥੇ ਸਾਡੀ ਕੰਪਨੀ ਦਾ ਹੈਡਆਫਿਸ ਹੈ। ਟਰੇਨਿੰਗ ਦੇ ਆਖਰੀ ਦਿਨ ਅਸੀਂ ਜਲਦੀ ਵਿਹਲੇ ਹੋ ਗਏ। ਮੇਰਾ ਇਕ ਸਹਿਕਾਮਾ ਜ਼ਰਾ ਆਰਟਿਸਟਕ ਸੁਹਜ ਵਾਲਾ ਸੀ, ਮੈਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਕਿ ਵੋਕਿੰਗ ਦੇ ਬਰੁੱਕਵੁੱਡ ਕਬਰਸਤਾਨ ਵਿੱਚ ਮਸ਼ਹੂਰ ਪੇਂਟਰ ਮਕਬੂਲ ਫਿਦਾ ਹੁਸੈਨ ਸੁੱਤਾ ਪਿਆ ਹੈ, ਕਿਉਂ ਨਾ ਉਸ ਨੂੰ ਸਿਜਦਾ ਕਰ ਆਇਆ ਜਾਵੇ। ਸੁੱਤੇ ਪਏ ਹੋਣ ਤੋਂ ਉਸ ਦਾ ਭਾਵ ਸੀ ਕਿ ਉਸ ਦੀ ਕਬਰ ਇਥੇ ਹੈ। ਕਿਉਂਕਿ ਮੈਂ ਹੁਸੈਨ ਦੀ ਕਲਾ ਦਾ ਮਦਾਹ ਹਾਂ। ਪਿਛਲੇ ਕੁਝ ਸਾਲਾਂ ਵਿੱਚ ਉਸ ਦੀਆਂ ਕਲਾ-ਕ੍ਰਿਤਾਂ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਉਹ ਸਭ ਦਾ ਧਿਆਨ ਖਿਚਦਾ ਸੀ। ਮੈਂ ਤੇ ਮੇਰਾ ਸਹਿਕਾਮਾ ਉਸ ਦੀ ਕਬਰ ‘ਤੇ ਗਏ। ਕਬਰ ਹਾਲੇ ਪੱਕੀ ਨਹੀਂ ਸੀ ਬਣਾਈ। ਕਿਉਂਕਿ ਕਬਰ ਦਾ ਕੋਈ ਹਿਸਾਬ ਕਿਤਾਬ ਹੁੰਦਾ ਹੈ ਕਿ ਇਸ ਨੂੰ ਸੈਟਲ ਹੋ ਜਾਣ ਨੂੰ ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਹੁਸੈਨ ਦੀ ਕਬਰ ਤੋਂ ਆ ਕੇ ਮੈਂ ਕਈ ਦਿਨ ਤੱਕ ਉਸ ਬਾਰੇ ਹੀ ਸੋਚਦਾ ਰਿਹਾ ਕਿ ਜਿਵੇਂ ਉਸ ਦਾ ਅੰਤ ਹੋਇਆ ਇਵੇਂ ਨਹੀਂ ਸੀ ਹੋਣਾ ਚਾਹੀਦਾ।
ਮਕਬੂਲ ਫਿਦਾ ਹੁਸੈਨ ਇਕ ਬੰਦੇ ਦਾ ਨਾਂ ਨਹੀਂ ਸੀ ਉਹ ਇਕ ਸੰਸਥਾ ਸੀ। ਪਚੱਨਵੇਂ ਸਾਲ ਦੀ ਉਮਰ ਤੱਕ ਜੀਵਿਆ ਤੇ ਉਸ ਨੇ ਚਾਲੀ ਹਜ਼ਾਰ ਦੇ ਨੇੜੇ ਤੇੜੇ ਪੇਂਟਿੰਗਜ਼ ਬਣਾਈਆਂ ਤੇ ਸਾਰੀਆਂ ਹੀ ਅਰਥ ਭਰਪੂਰ ਸਨ। ਉਹ ਮੁਸਲਮਾਨ ਪਰਿਵਾਰ ਵਿੱਚ ਜੰਮਿਆਂ ਸੀ ਪਰ ਉਹ ਬਹੁਤਾ ਧਾਰਮਿਕ ਨਹੀਂ ਸੀ। ਉਸ ਨੂੰ ਹਿੰਦੂ ਧਰਮ ਦੀ ਵਿਸ਼ਾਲਤਾ ਬਹੁਤ ਖਿੱਚ ਪਾਉਂਦੀ ਸੀ ਤੇ ਹਿੰਦੂ ਧਰਮ ਨੂੰ ਉਸ ਨੇ ਆਪਣੀਆਂ ਬਹੁਤ ਸਾਰੀਆਂ ਪੇਟਿੰਗਜ਼ ਦਾ ਵਿਸ਼ਾ ਬਣਾਇਆ ਜਿਸ ਦਾ ਉਸ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਮੁਕੱਦਮੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਆਪਣਾ ਦੇਸ਼ ਛੱਡਣਾ ਪਿਆ। ਤੇ ਉਸ ਦੀ ਮੌਤ ਵੀ ਲੰਡਨ ਦੇ ਰੁਆਇਲ ਬਰੈਂਪਟਨ ਹਸਪਤਾਲ ਵਿੱਚ ਹੋਈ ਤੇ ਉਸ ਦੀ ਕਬਰ ਵੀ ਲੰਡਨ ਵਿੱਚ ਹੈ। ਉਸ ਦੇ ਚਹੇਤਿਆਂ ਨੇ ਉਸ ਦੀ ਦੇਹ ਨੂੰ ਵਾਪਸ ਭਾਰਤ ਲੈ ਜਾਣਾ ਚਾਹਿਆ ਸੀ ਪਰ ਉਸ ਦੀ ਵਸੀਅਤ ਸੀ ਕਿ ਉਸ ਨੂੰ ਯੂਕੇ ਵਿੱਚ ਹੀ ਦਫਨਾਇਆ ਜਾਵੇ।
ਮਕਬੂਲ ਫਿਦਾ ਹੁਸੈਨ ਬਹੁਤ ਵਿਧਾਵੀ ਕਲਾਕਾਰ ਸੀ। ਉਸ ਨੇ ਵੱਖ ਵੱਖ ਯੌਨਰਜ਼ ਵਿੱਚ ਪੇਂਟਿੰਗਜ਼ ਬਣਾਈਆਂ। ਉਸ ਨੇ ਐਬਸਟਰੈਕਟ ਆਰਟ, ਐਕਸਪਰੈਸਨਿਜ਼ਮ, ਐਬਸਟਰੈਕਟ ਐਕਸਪਰੈਸਨਿਜ਼ਮ, ਨਿਓ ਡੈਟਾ ਆਦਿ ਵਿਧਾ ਦੀਆਂ ਤਸਵੀਰਾਂ ਬਣਾਈਆਂ। ਉਸ ਨੂੰ ਭਾਰਤ ਦਾ ਪਿਕਾਸੋ ਵੀ ਕਿਹਾ ਜਾਂਦਾ ਹੈ। ਉਸ ਦੀਆਂ ਬਣਾਈਆਂ ਪੇਂਟਿੰਗਜ਼ ਦੁਨੀਆਂ ਭਰ ਦੀਆਂ ਗੈਲਰੀਆਂ ਦੀਆਂ ਸ਼ਾਨ ਬਣਦੀਆਂ ਰਹੀਆਂ ਹਨ। ਉਹ ਭਾਰਤ ਦਾ ਸਭ ਤੋਂ ਮਹਿੰਗਾ ਕਲਾਕਾਰ ਸੀ। ਸੰਨ 2008 ਵਿੱਚ ਕਰਿਸਟੀ ਔਕਸ਼ਨ ਵਿੱਚ ਉਸ ਦੀ ਇਕ ਪੇਂਟਿੰਗ ਦੀ ਬੋਲੀ ਸੋਲਾਂ ਲੱਖ ਡਾਲਰ ਦੀ ਲੱਗੀ ਸੀ ਜੋ ਕਿ ਆਪਣੇ ਆਪ ਵਿੱਚ ਇਕ ਰਿਕਾਰਡ ਸੀ। ਭਾਰਤ ਦੇ ਤਕਰੀਬਨ ਸਾਰੇ ਹੀ ਇਨਾਮ ਉਸ ਨੂੰ ਮਿਲੇ ਹੋਏ ਸਨ ਜਿਵੇਂ ਕਿ ਪਦਮ ਭੂਸ਼ਨ, ਪਦਮ ਵਿਭੂਸ਼ਨ, ਪਦਮ ਸ਼ਿ੍ਰੀ ਆਦਿ। ਇਕ ਇਨਾਮ ‘ਭਾਰਤ ਰਤਨ’ ਜੋ ਹਿੰਦੁਸਤਾਨ ਦਾ ਸਭ ਤੋਂ ਵੱਡਾ ਇਨਾਮ ਹੈ, ਨਹੀਂ ਸੀ ਮਿਲਿਆ ਹਾਲੇ ਪਰ ਜੇ ਭਾਰਤ ਵਿੱਚ ਰਹਿੰਦਾ ਤਾਂ ਸ਼ਾਇਦ ਉਹ ਵੀ ਮਿਲ ਜਾਂਦਾ।
ਫਿਦਾ ਹੁਸੈਨ ਪਹਿਲਾਂ ਤੋਂ ਹੀ ਹਿੰਦੂ ਦੇਵੀਆਂ-ਦੇਵਤਿਆਂ ਦੀਆਂ ਤਸਵੀਰਾਂ ਬਣਾਉਂਦਾ ਆਇਆ ਸੀ ਜਿਸ ਕਰਕੇ ਉਹ ਸਦਾ ਹੀ ਵਿਵਾਦ ਵਿੱਚ ਰਹਿੰਦਾ। ਇਸੇ ਵਿਵਾਦ ਨੇ ਉਸ ਦੀ ਮਸ਼ਹੂਰੀ ਵਿੱਚ ਵੀ ਖੂਬ ਵਾਧਾ ਕੀਤਾ ਸੀ। ਮਾਤਾ ਦੁਰਗਾ ਤੇ ਸਰਸਵਤੀ ਦੀਆਂ ਨੰਗੀਆਂ ਤਸਵੀਰਾਂ ਕਾਰਨ ਉਹ ਵੱਡੀ ਤਨਕੀਦ ਦਾ ਨਿਸ਼ਾਨਾ ਬਣਿਆਂ। ਇਹ ਤਨਕੀਦ ਤਾਂ ਸੱਤਵਿਆਂ ਤੋਂ ਹੀ ਸ਼ੁਰੂ ਹੋ ਗਈ ਸੀ ਪਰ 1996 ਵਿੱਚ ਆ ਕੇ ਇਹ ਬਹੁਤਾ ਤੂਲ ਫੜ ਗਈ। ਅਸਲ ਵਿੱਚ ਹਿੰਦੂ ਮੰਥਲੀ ਮੈਗਜ਼ੀਨ ‘ਵਿਚਾਰ ਮਿਮਾਸ’ ਨੇ ਫਿਦਾ ਹੁਸੈਨ ਦੀਆਂ ਬਣਾਈਆਂ ਤਸਵੀਰਾਂ ਦੇ ਖਿਲਾਫ ਇਕ ਲੇਖ ਛਾਪਿਆ ਸੀ ਕਿ ਇਹ ਪੇਂਟਿੰਗਜ਼ ਹਨ ਜਾਂ ਪ੍ਰਚਾਰ ਹੈ। ਉਸੇ ਵੇਲੇ ਉਸ ਉਪਰ ਅੱਠ ਮੁਕੱਦਮੇ ਠੋਕ ਦਿੱਤੇ ਗਏ ਸਨ। ਭਾਵੇਂ ਹਾਈ ਕੋਰਟ ਨੇ ਬਾਅਦ ਵਿੱਚ ਇਹ ਸਾਰੇ ਮੁਕੱਦਮੇ ਖਾਰਜ ਕਰ ਦਿੱਤੇ ਸਨ ਪਰ ਹਿੰਦੂ ਮੂਲਵਾਦੀਆਂ ਨੇ ਉਸ ਨੂੰ ਮੁਆਫ ਨਹੀਂ ਸੀ ਕੀਤਾ। ਬਜਰੰਗ ਦਲ ਵਲੋਂ ਉਸ ਦੇ ਘਰ ਉਪਰ ਪੱਥਰਬਾਜ਼ੀ ਵੀ ਕੀਤੀ ਗਈ ਸੀ। ਜਾਨੋਂ ਮਾਰਨ ਦੀਆਂ ਧਮਕੀਆਂ ਤਾਂ ਅਕਸਰ ਉਸ ਨੂੰ ਮਿਲਦੀਆਂ ਰਹਿੰਦੀਆਂ ਸਨ। ੳਹਨਾਂ ਦਿਨਾਂ ਵਿੱਚ ਇੰਗਲੈਂਡ ਵਿੱਚ ਉਸ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਚੱਲ ਰਹੀ ਸੀ ਤੇ ਇਸੇ ਕਾਰਨ ਉਸ ਨੂੰ ਇਹ ਪ੍ਰਦਰਸ਼ਨੀ ਬੰਦ ਕਰਨੀ ਪਈ ਸੀ।
ਇਥੇ ਹੀ ਬਸ ਨਹੀਂ ਫਿਦਾ ਹੁਸੈਨ ਨੇ ਭਾਰਤ ਮਾਤਾ ਦੀ ਵੀ ਨੰਗੀ ਦੀ ਤਸਵੀਰ ਬਣਾ ਦਿੱਤੀ ਸੀ ਜਿਸ ਕਾਰਨ ਉਸ ਦਾ ਵਿਰੋਧ ਬਹੁਤ ਵੱਡੇ ਪੱਧਰ ਤੱਕ ਫੈਲ ਗਿਆ ਸੀ। 6 ਫਰਬਰੀ 2006 ਨੂੰ ਇੰਡੀਆ ਟੂਡੇ ਨੇ ਆਪਣੀ ਅਖ਼ਬਾਰ ਵਿੱਚ ਇਕ ਮਸ਼ਹੂਰੀ ਲਾਈ ਜਿਸ ਦਾ ਨਾਂ ਰੱਖਿਆ ਗਿਆ ‘ਆਰਟ ਔਫ ਮਿਸ਼ਨ ਕਸ਼ਮੀਰ’ ਤੇ ਉਸ ਵਿੱਚ ਭਾਰਤ ਮਾਤਾ ਦੀ ਨੰਗੀ ਦੀ ਤਸਵੀਰ ਲਾ ਕੇ ਉਸ ਦੇ ਅੰਗਾਂ ਉਪਰ ਵੱਖ ਵੱਖ ਰਾਜਾਂ ਦੇ ਨਾਂ ਲਿਖੇ ਗਏ। ਫਿਦਾ ਹੁਸੈਨ ਨੂੰ ਇਸ ਤਸਵੀਰ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਦੁਖ ਪਹੁੰਚਾਉਣ ਦੇ ਕਾਨੂੰਨ ਹੇਠ ਚਾਰਜ ਕਰ ਲਿਆ ਗਿਆ। ਉਸ ਵੇਲੇ ਦੀ ਮਸ਼ਹੂਰ ਐਕਟਿਵਿਸਟ ਨਫੀਸਾ ਅਲੀ ਵਲੋਂ ਇਸ ਤਸਵੀਰ ਦੀ ਪ੍ਰਦਰਸ਼ਨੀ ਦਾ ਇੰਤਜ਼ਾਮ ਕੀਤਾ ਗਿਆ। ਬਹੁਤ ਸਾਰੀਆਂ ਸੰਸਥਾਵਾਂ ਵਲੋਂ ਇਸ ਪੇਂਟਿੰਗ ਦਾ ਵਿਰੋਧ ਕਰਨ ਕਾਰਨ ਫਿਦਾ ਹੁਸੈਨ ਨੇ ਸਭ ਤੋਂ ਮੁਆਫੀ ਮੰਗ ਲਈ ਤੇ ਇਸ ਨੂੰ ਵਾਪਸ ਲੈਣ ਦਾ ਵਾਅਦਾ ਵੀ ਕੀਤਾ। ਹੈਰਾਨੀ ਦੀ ਗੱਲ ਇਹ ਹੋਈ ਕਿ ਪ੍ਰਦਰਸ਼ਨੀ ਵਿੱਚ ਇਹ ਪੇਂਟਿੰਗ ਬੋਲੀ ਲੱਗ ਕੇ ਅੱਸੀ ਲੱਖ ਰੁਪਏ ਵਿੱਚ ਵਿਕ ਗਈ। ਬਾਅਦ ਵਿੱਚ ਹੁਸੈਨ ਨੇ ਇਹ ਤਸਵੀਰ ਆਪਣੀ ਵੈੱਬਸਾਈਟ ‘ਤੇ ਵੀ ਪਾ ਦਿੱਤੀ। ਜ਼ਿਆਦਾ ਵਿਰੋਧ ਤੇ ਖਤਰਿਆਂ ਕਾਰਨ ਹੁਸੈਨ ਇੰਗਲੈਂਡ ਚਲੇ ਗਿਆ।
2007 ਵਿੱਚ ਫਿਦਾ ਹੁਸੈਨ ਉਪਰ ਸੈਂਕੜੇ ਮੁਕੱਦਮੇ ਦਰਜ ਸਨ ਪਰ ਉਹ ਕਿਸੇ ਵਿੱਚ ਪੇਸ਼ ਨਹੀਂ ਸੀ ਹੋਇਆ ਕਿੳਂਕਿ ਉਹ ਤਾਂ ਇੰਗਲੈਂਡ ਵਿੱਚ ਬੈਠਾ ਸੀ। ਉਹ ਮੁੜ ਕੇ ਕਦੇ ਭਾਰਤ ਨਹੀਂ ਸੀ ਗਿਆ। ਉਸ ਨੂੰ ਡਰ ਸੀ ਕਿ ਉਸ ਨੂੰ ਫੜ ਲਿਆ ਜਾਵੇਗਾ ਤੇ ਬਾਕੀ ਦੀ ਉਮਰ ਉਸ ਨੂੰ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ। ਉਸ ਦਾ ਭਾਰਤ ਛੱਡਣ ‘ਤੇ ਬਹੁਤ ਸਾਰੇ ਬੁਧੀਜੀਵੀਆਂ ਨੇ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਕਸੂਰਵਾਰ ਠਹਿਰਾਇਆ। ਮੁੰਬਈ ਦੇ ਕਾਰੋਬਾਰੀ ਇਦਾਰਿਆਂ ਦੀ ਇਕ ਮੁਖੀ ਹਰਸ਼ਾ ਗੋਇੰਕਾ ਨੇ ਫਿਦਾ ਹੁਸੈਨ ਦਾ ਦੇਸ਼ ਛੱਡਣ ਲਈ ਮਜਬੂਰ ਹੋਣ ਨੂੰ ਸਿਸਟਮ ਦੀ ਕਮਜ਼ੋਰੀ ਦੱਸਿਆ ਜਿਹੜਾ ਆਪਣੇ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਦਾ। ਚੰਦਨ ਮਿਤਰਾ ਨਾਂ ਦੇ ਇਕ ਲੇਖਕ ਨੇ ਵੀ ਹੁਸੈਨ ਦੇ ਦੇਸ਼ ਛੱਡਣ ਨੂੰ ਕਾਨੂੰਨ ਦੀ ਕਮਜ਼ੋਰੀ ਕਿਹਾ ਸੀ। ਇਕ ਹੋਰ ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ ਨੇ ਫਿਦਾ ਹੁਸੈਨ ਦੇ ਖਿਲਾਫ ਬਿਆਨ ਦਿੰਦਿਆਂ ਉਸ ਨੂੰ ਸਵਾਲ ਪੁੱਛਿਆ ਸੀ ਕਿ ਉਹ ਜਿਵੇਂ ਹਿੰਦੂ ਦੇਵੀਆਂ ਦੀਆਂ ਗਲਤ ਤਸਵੀਰਾਂ ਬਣਾਉਂਦਾ ਹੈ ਕੀ ਉਹ ਕਿਸੇ ਇਸਲਾਮਿਕ ਸ਼ਖਸੀਅਤ ਦੀ ਅਜਿਹੀ ਤਸਵੀਰ ਬਣਾ ਸਕਦਾ ਹੈ। ਪਰ ਬਾਅਦ ਵਿੱਚ ਸਤੀਸ਼ ਗੁਜਰਾਲ ਨੇ ਆਪਣੇ ਬਿਆਨ ਬਾਰੇ ਮੁਆਫੀ ਮੰਗਦਿਆਂ ਕਿਹਾ ਸੀ ਕਿ ਫਿਦਾ ਹੁਸੈਨ ‘ਦਾ ਮੌਬ ਕਲਚਰ’ ਦਾ ਸ਼ਿਕਾਰ ਹੋ ਗਿਆ ਹੈ। ਪ੍ਰਸਿੱਧ ਨੇਤਾ ਤੇ ਲੇਖਕ ਸ਼ਸ਼ੀ ਥਰੂਰ ਫਿਦਾ ਹੁਸੈਨ ਦੇ ਹੱਕ ਵਿੱਚ ਨਿਤਰਿਆ ਸੀ ਤੇ ਉਸ ਨੇ ਭਾਰਤੀ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਹੁਸੈਨ ਦਾ ਦੁੱਖ ਘੱਟ ਕਰਨ ਲਈ ਉਸ ਨੂੰ ਭਾਰਤ ਰਤਨ ਦਾ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਪਰ ਸਰਕਾਰ ਨੇ ਉਸ ਦੀ ਗੱਲ ਨਾ ਮੰਨੀ। ਫਿਦਾ ਹੁਸੈਨ ਦਾ ਇਸ ਸਾਰੇ ਮਾਮਲੇ ਵਿੱਚ ਆਪਣਾ ਕਹਿਣਾ ਸੀ ਕਿ ਕੋਈ ਵੀ ਹਿੰਦੂ ਲੀਡਰ ਉਸ ਦੀਆਂ ਕ੍ਰਿਤਾਂ ਦੇ ਖਿਲਾਫ ਨਹੀਂ ਬੋਲਿਆ ਪਰ ਉਹਨਾਂ ਨੇ ਉਸ ਦੇ ਹੱਕ ਵਿੱਚ ਵੀ ਆਵਾਜ਼ ਨਹੀਂ ਉਠਾਈ। ਜਿਹੜੇ ਲੋਕ ਉਸ ਦੇ ਖਿਲਾਫ ਬੋਲ ਰਹੇ ਸਨ ਉਹਨਾਂ ਦਾ ਮਕਸਦ ਰਾਜਨੀਤਕ ਲਾਭ ਲੈਣੇ ਸੀ।
ਇੰਗਲੈਂਡ ਆ ਕੇ ਵੀ ਫਿਦਾ ਹੁਸੈਨ ਆਪਣੇ ਖੇਤਰ ਵਿੱਚ ਸਰਗਰਮ ਰਿਹਾ। ਉਸ ਦਾ ਇਕ ਟਿਕਾਣਾ ਲੰਡਨ ਵਿੱਚ ਸੀ ਤੇ ਦੂਜਾ ਦੋਹਾ ਵਿੱਚ। ਆਪਣੇ ਆਪ ਸਹੇੜੀ ਜਲਾਵਤਨੀ ਤੋਂ ਪਹਿਲਾਂ ਵੀ ਉਹ ਬਹੁਤੀ ਦੇਰ ਦੋਹਾ ਵਿੱਚ ਹੀ ਰਿਹਾ ਕਰਦਾ ਸੀ, ਭਾਰਤ ਤਾਂ ਜਦ ਦੋਹਾ ਵਿੱਚ ਬਹੁਤੀ ਗਰਮੀ ਪੈਣ ਲੱਗਦੀ ਤਾਂ ਹੀ ਆਉਂਦਾ। 2008 ਵਿੱਚ ਫਿਦਾ ਹੁਸੈਨ ਨੂੰ ਭਾਰਤ ਦੇ ਇਤਿਹਾਸ ਉਪਰ ਵੱਡੀ ਸਕੇਲ ‘ਤੇ ਬੱਤੀ ਪੇਂਟਿੰਗਜ਼ ਬਣਾਉਣ ਦਾ ਆਰਡਰ ਮਿਲਿਆ ਸੀ ਜਿਹਨਾਂ ਵਿੱਚੋਂ ਉਹ ਅੱਠ ਪੇਂਟਿੰਗਜ਼ ਹੀ ਪੂਰੀਆਂ ਕਰ ਸਕਿਆ। ਕਤਰ ਦੇ ਰਾਜੇ ਦੀ ਘਰ ਵਾਲੀ, ਜਿਸ ਨੂੰ ਕਲਾ ਵਿੱਚ ਬਹੁਤ ਦਿਲਚਸਪੀ ਸੀ, ਨੇ ਉਸ ਨੂੰ ਅਰਬ ਸਿਵਿਲਾਈਜੇਸ਼ਨ ਉਪਰ ਪੇਂਟਿੰਗ ਬਣਾਉਣ ਦੀ ਫਰਮਾਇਸ਼ ਮਿਲੀ ਸੀ। ਉਥੇ ਉਸ ਨੇ ਇਕ ਹੋਰ ਪੇਂਟਿੰਗ ਇੰਡੀਅਨ ਸਿਵਿਲਾਈਜੇਸ਼ਨ ਉਪਰ ਪੇਟਿੰਗ ਵੀ ਬਣਾਈ। ਇਹ ਦੋਵੇਂ ਪੇਂਟਿੰਗਜ਼ ਕਤਰ ਦੇ ਮਿਊਜ਼ੀਅਮ ਵਿੱਚ ਪਈਆਂ ਹਨ। 2010 ਵਿੱਚ ਕਤਰ ਸਰਕਾਰ ਨੇ ਉਸ ਨੂੰ ਕਤਰ ਦੀ ਨੈਸ਼ਨੈਲਟੀ ਦੇ ਦਿੱਤੀ ਗਈ ਤਾਂ ਉਸ ਨੇ ਭਾਰਤੀ ਪਾਸਪੋਰਟ ਤਿਆਗ ਕੇ ਕਤਰ ਦਾ ਪਾਸਪੋਰਟ ਲੈ ਲਿਆ ਸੀ। ਇਸੇ ਸਾਲ ਹੀ ਜੌਰਡਨ ਦੀ ਇਕ ਸੰਸਥਾ ਵਲੋਂ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਪੰਜ ਸੌ ਮੁਸਲਮਾਨਾਂ ਦੀ ਇਕ ਲਿਸਟ ਤਿਆਰ ਕੀਤੀ ਗਈ ਜਿਸ ਵਿੱਚ ਮਕਬੂਲ ਫਿਦਾ ਹੁਸੈਨ ਦਾ ਨਾਂ ਵੀ ਸੀ।
ਉਸ ਦੀ 92 ਸਾਲ ਦੀ ਉਮਰ ਵਿੱਚ ਕੇਰਲਾ ਸਰਕਾਰ ਨੇ ਉਸ ਨੂੰ ‘ਰਾਜਾ ਰਵੀ ਵਰਮਾ’ ਨਾਮੀਂ ਇਕ ਵਕਾਰੀ ਇਨਾਮ ਦੇਣ ਦਾ ਐਲਾਨ ਕੀਤਾ ਪਰ ਸਰਕਾਰ ਦੇ ਅੰਦਰ ਹੀ ਇਕ ਗਰੁੱਪ ਇਸ ਦਾ ਵਿਰੋਧ ਕਰਨ ਲੱਗਾ ਤੇ ਇਸ ਦੇ ਖਿਲਾਫ ਹਾਈਕੋਰਟ ਵਿੱਚ ਰਿੱਟ ਕਰ ਦਿੱਤੀ ਗਈ। ਇਵੇਂ ਇਹ ਇਨਾਮ ਵਿਚਕਾਰੇ ਹੀ ਰਹਿ ਗਿਆ। ਮਕਬੂਲ ਫਿਦਾ ਹੁਸੈਨ 95 ਸਾਲ ਦੀ ਉਮਰ ਭੋਗ ਕੇ 9 ਜੂਨ 2011 ਨੂੰ ਲੰਡਨ ਦੇ ਰੁਆਇਲ ਬਰੈਂਪਟਨ ਹਸਪਤਾਲ ਵਿੱਚ ਦਿਲ ਦੇ ਦੌਰੇ ਨਾਲ ਪੂਰਾ ਹੋ ਗਿਆ। ਇਵੇਂ ਉਸ ਦਿਨ ਇਕ ਯੁੱਗ ਦਾ ਅੰਤ ਹੋ ਗਿਆ। ਫਿਦਾ ਹੁਸੈਨ ਇਕ ਪੇਂਟਰ ਹੀ ਨਹੀਂ ਸੀ ਸਗੋਂ ਇਕ ਕਲਾਕਾਰ ਵੀ ਸੀ। ਮਾਧੁਰੀ ਦੀਖਸ਼ਤ ਨੂੰ ਲੈ ਕੇ ਉਸ ਨੇ ‘ਗਜ ਗਾਮਿਨੀ’ ਨਾਂ ਦੀ ਫਿਲਮ ਵੀ ਬਣਾਈ ਸੀ। ਗਜ ਗਾਮਿਨੀ ਦਾ ਮਤਲਬ ਹੁੰਦਾ ਹੈ- ਹਾਥੀ ਚਾਲ ਚੱਲਣ ਵਾਲੀ ਔਰਤ। ਉਹ ਮਾਧੁਰੀ ਦਾ ਬਹੁਤ ਵੱਡਾ ਆਸ਼ਕ ਸੀ। ਉਸ ਨੇ ਮਾਧੁਰੀ ਦੀਆਂ ਤਸਵੀਰਾਂ ਵੀ ਬਣਾਈਆਂ। ਇਸ ਫਿਲਮ ਵਿੱਚ ਉਸ ਨੇ ਮਾਧੁਰੀ ਦੇ ਸਰੀਰ ਨੂੰ ਵੱਖ ਵੱਖ ਕੋਨਾਂ ਤੋਂ ਫਿਲਮਾਇਆ। ਇਵੇਂ ਹੀ ਉਸ ਨੇ ਇਕ ਹੋਰ ਫਿਲਮ ਬਣਾਈ ਜਿਸ ਦਾ ਨਾਂ ਸੀ- ‘ਮੀਨਾਕਸ਼ੀ-ਟੇਲ ਆਫ ਥਰੀ ਸਿਟੀ’ ਜਿਸ ਦੀ ਹੀਰੋਇਨ ਤੱਬੂ ਸੀ ਪਰ ਇਸ ਫਿਲਮ ਨੂੰ ਮੁਸਲਮਾਨਾਂ ਨੇ ਸਿਨਮਿਆਂ ਵਿੱਚੋਂ ਲਹਾ ਦਿੱਤਾ ਕਿ ਇਸ ਵਿੱਚ ਇਕ ਕਵਾਲੀ ਇਸਲਾਮ ਦੇ ਖਿਲਾਫ ਸੀ। ਉਸ ਨੇ ਕੁਝ ਹੋਰ ਫਿਲਮਾਂ ਵੀ ਬਣਾਈਆਂ। ਇਹਨਾਂ ਫਿਲਮਾਂ ਲਈ ਉਸ ਨੂੰ ਕੁਝ ਇਨਾਮ ਵੀ ਮਿਲੇ।
ਮੈਂ ਸੋਚਦਾ ਹਾਂ ਕਿ ਉਹ ਵੇਲਾ ਫਿਰ ਵੀ ਚੰਗਾ ਸੀ ਕਿ ਉਸ ਨੂੰ ਦੇਸ਼ ਛੱਡਣ ਦਾ ਮੌਕਾ ਦੇ ਦਿੱਤਾ ਗਿਆ, ਜਿਹੜੇ ਅੱਜ ਦੇ ਹਾਲਾਤ ਹਨ ਇਹੋ ਗੱਲ ਅੱਜ ਦੇ ਸਮੇਂ ਵਿੱਚ ਵਾਪਰਦੀ ਤਾਂ ਸ਼ਾਇਦ ਉਸ ਨੂੰ ਦੇਸ਼ ਛੱਡਣ ਦਾ ਮੌਕਾ ਵੀ ਨਾ ਦਿੱਤਾ ਜਾਂਦਾ।
……. ਹਰਜੀਤ ਅਟਵਾਲ