ਘੱਗਰਾ ਵੀਹ ਗਜ਼ ਦਾ

0
291

ਕਿਸੇ ਇਲਾਕੇ ਦਾ ਖਾਣ-ਪੀਣ, ਰਸਮ-ਰਿਵਾਜ ਤੇ ਪਹਿਰਾਵਾ ਉੱਥੋਂ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚ ਪਹਿਰਾਵਾ ਮੁੱਖ ਤੌਰ ‘ਤੇ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ ਕਿਉਂਕਿ ਪਹਿਰਾਵੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਅਕਤੀ ਕਿਸ ਖਿੱਤੇ ਨਾਲ ਸਬੰਧ ਰੱਖਦਾ ਹੈ। ਪੰਜਾਬੀ ਸੱਭਿਆਚਾਰ ਦਾ ਆਪਣਾ ਪਹਿਰਾਵਾ ਹੈ, ਜੋ ਪੂਰੇ ਸੰਸਾਰ ਵਿਚ ਮਸ਼ਹੂਰ ਹੈ। ਪੰਜਾਬੀ ਸੱਭਿਆਚਾਰ ਵਿਚ ਮਰਦ ਕੁੜਤਾ-ਪਜਾਮਾ, ਕੁੜਤਾ-ਚਾਦਰਾ ਜਾਂ ਧੋਤੀ-ਚਾਦਰਾ ਪਹਿਨਦੇ ਸਨ ਅਤੇ ਔਰਤਾਂ ਸਲਵਾਰ-ਕਮੀਜ਼ ਤੇ ਘੱਗਰਾ ਪਹਿਨਦੀਆਂ ਹਨ।

ਪੁਰਾਣੇ ਸਮਿਆਂ ‘ਚ ਬਣਾਇਆ ਜਾਣ ਵਾਲਾ ਘੱਗਰਾ ਮੁੱਖ ਤੌਰ ‘ਤੇ 9 ਤੋਂ 20 ਗਜ਼ ਦਾ ਹੁੰਦਾ ਸੀ। ਵਧੀਆ ਆਕਾਰ ਦੇਣ ਲਈ ਇਸ ਨੂੰ ਕਲੀਆਂ ਪਾਈਆਂ ਜਾਂਦੀਆਂ। ਇਸ ਨੂੰ ਕਢਾਈ ਕਰ ਕੇ ਜਾਂ ਗੋਟਾ ਲਾ ਕੇ ਸਜਾਇਆ ਜਾਂਦਾ ਸੀ। ਇਹ ਕਢਾਈ ਘੱਗਰੇ ਦੇ ਹੇਠਲੇ ਪਾਸੇ ਕਿਨਾਰੇ ‘ਤੇ ਜਾਂ ਕਿਨਾਰੇ ਤੋਂ ਥੋੜ੍ਹਾ ਜਿਹਾ ਫ਼ਰਕ ਰੱਖ ਕੇ ਕੀਤੀ ਜਾਂਦੀ। ਇਸ ਨੂੰ ਸਖ਼ਤ ਬਣਾਉਣ ਲਈ ਅਬਰਕ ਲਗਾਈ ਜਾਂਦੀ ਸੀ। ਘੱਗਰੇ ‘ਤੇ ਲੱਗੀ ਇਹ ਅਬਰਕ ਜਦੋਂ ਧੁੱਪ ‘ਚ ਚਮਕਦੀ ਤਾਂ ਇਸ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੀ। ਖ਼ਾਸ ਮੌਕਿਆਂ ‘ਤੇ ਪਾਏ ਜਾਣ ਵਾਲੇ ਘੱਗਰਿਆਂ ਨੂੰ ਮਹਿੰਗੇ ਗੋਟਿਆਂ ਅਤੇ ਕਢਾਈ ਨਾਲ ਸ਼ਿੰਗਾਰਿਆ ਜਾਂਦਾ ਸੀ। ਇਨਾਸਾਨ ਦੇ ਚਾਰ ਕੱਪੜਿਆਂ ਵਿੱਚੋਂ ਘੱਗਰਾ ਇਕ ਹੈ ਜਿਸ ਵਿਚ ਕਮੀਜ਼, ਸਲਵਾਰ, ਘੱਗਰਾ ਅਤੇ ਸਿਰ ‘ਤੇ ਲਈ ਜਾਣ ਵਾਲੀ ਫੁਲਕਾਰੀ ਜਾਂ ਚੁੰਨੀ ਸ਼ਾਮਲ ਹੈ। ਇਸ ਨੂੰ ‘ਤੇਵਰ’ ਵੀ ਕਿਹਾ ਜਾਂਦਾ ਹੈ। ਘੱਗਰਾ ਪੰਜਾਬੀ ਔਰਤਾਂ ਤੋਂ ਇਲਾਵਾ ਹਰਿਆਣਾ ਦਾ ਕੁਝ ਹਿੱਸਾ, ਪੱਛਮੀ ਪੰਜਾਬ ਤੇ ਹਿਮਾਚਲ ਦੀਆਂ ਔਰਤਾਂ ਵੀ ਘੱਗਰਾ ਪਹਿਨਦੀਆਂ ਹਨ। ਘੱਗਰੇ ਦਾ ਇਕ ਛੋਟਾ ਰੂਪ ਘੱਗਰੀ ਹੈ, ਜੋ ਰਵਾਇਤੀ ਤੌਰ ‘ਤੇ ਹਰਿਆਣਾ ਅਤੇ ਹਿਮਾਚਲ ਵਿਚ ਪਹਿਨੀ ਜਾਂਦੀ ਸੀ ਪਰ 1960 ਦੇ ਦਹਾਕੇ ‘ਚ ਇਸ ਨੇ ਆਪਣੀ ਪ੍ਰਸਿੱਧੀ ਗੁਆਉਣੀ ਸ਼ੁਰੂ ਕਰ ਦਿੱਤੀ। ਘੱਗਰੇ ਨਾਲ ਸਬੰਧਤ ਕੁਝ ਗੀਤ ਵੀ ਮਿਲਦੇ ਹਨ :
-ਮੇਰੇ ਘੱਗਰੇ ਦੀ ਨੀ ਲੋਨ ਭਿੱਜ ਗਈ

ਮੈਂ ਸਹੁਰੇ ਪਿੰਡ ਗਈ ਉੱਥੇ ਗਿੱਟੇ-ਗਿੱਟੇ ਪਾਣੀ

ਉੱਥੇ ਗੋਡੇ-ਗੋਡੇ ਪਾਣੀ ਉੱਥੇ ਲੱਕ-ਲੱਕ ਪਾਣੀ

ਇਹਨੂੰ ਚੁੱਕਿਆ ਬਥੇਰਾ ਇਹਨੂੰ ਸਾਂਭਿਆ ਬਥੇਰਾ

ਹਾਏ ਨੀ! ਫੇਰ ਵੀ ਲੋਨ ਭਿੱਜ ਗਈ…

-ਇਕ ਤਾਂ ਡਰਦੀ

ਪਤਲੇ ਲੱਕ ਤੋਂ

ਦੂਜਾ ਘੱਗਰਾ ਵੀਹ ਗਜ਼ ਵਾਲਾ

ਹੌਲ਼ੀ ਨਾਰ ਪਟੋਲੇ ਵਰਗੀ

ਘੜਾ ਪਾਣੀ ਦਾ ਭਾਰਾ

ਆ ਕੇ ਮੁੰਡਿਆ ਰੱਖ ਦੇ ਸਿਰ ‘ਤੇ

ਖੂਹ ‘ਤੇ ਖੜ੍ਹੀ ਉਡੀਕਾਂ ਕਰਦੀ

ਲੋਕੀ ਕਹਿੰਦੇ ਪਾਣੀ ਭਰਦੀ…

-ਆਉਂਦੀ ਕੁੜੀ ਨੇ

ਘੱਗਰਾ ਸਮਾਇਆ

ਕੁੰਦੇ ਚਾਰ ਰੱਖਦੀ

ਮਾਰੀ ਸ਼ੌਂਕ ਦੀ

ਮਾਰੀ ਸ਼ੌਂਕ ਦੀ

ਹੱਥ ‘ਚ ਰੁਮਾਲ ਰੱਖਦੀ…

ਪੁਰਾਣੇ ਵੇਲਿਆਂ ‘ਚ ਕੁਆਰੀਆਂ ਕੁੜੀਆਂ ਸਧਾਰਨ ਕਮੀਜ਼ ਸਲਵਾਰ ਪਹਿਨਦੀਆਂ ਸਨ ਪਰ ਵਿਆਹੀਆਂ ਔਰਤਾਂ ਲਈ ਘੱਗਰਾ ਪਹਿਨਣਾ ਲਾਜ਼ਮੀ ਹੁੰਦਾ ਸੀ ਕਿਉਂਕਿ ਇਸ ਨਾਲ ਪਤਾ ਲੱਗ ਜਾਂਦਾ ਸੀ ਕਿ ਕੌਣ ਪਿੰਡ ਦੀ ਨੂੰਹ ਹੈ ਤੇ ਕੌਣ ਧੀ। ਅੱਜ ਕੱਲ੍ਹ ਘੱਗਰਾ ਪਾਉਣ ਦਾ ਰਿਵਾਜ ਲਗਪਗ ਖ਼ਤਮ ਹੋ ਗਿਆ ਹੈ। ਹੁਣ ਘੱਗਰੇ ਸਿਰਫ਼ ਵਿਆਹਾਂ ਵਿਚ ਜਾਗੋ ਅਤੇ ਸੱਭਿਆਚਾਰਕ ਪ੍ਰੋਗਰਾਮਾਂ ‘ਤੇ ਹੀ ਵੇਖਣ ਨੂੰ ਮਿਲਦੇ ਹਨ।
#ਹਰਪ੍ਰੀਤ ਕੌਰ ਪਬਰੀ