ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

0
574

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।
ਅੱਜ ਬਾਤਾਂ ਪਾਉਣ ਦਾ ਰਿਵਾਜ ਨਹੀਂ ਰਿਹਾ। ਸੋਸ਼ਲ ਮੀਡੀਆ ਤੇ ਸੂਚਨਾ-ਕ੍ਰਾਂਤੀ ਨੇ ਪੰਜਾਬੀਆਂ ਨੂੰ ਬਾਤ ਪਾਉਣੀ ਭੁਲਾ ਦਿੱਤੀ ਹੈ। ਪੰਜਾਬੀ ਘਰਾਂ ਵਿੱਚ ਬਾਤ ਪਾਉਣਾ ਮੋਬਾਈਲ ਤੇ ਟੀ.ਵੀ. ਦੀ ਭੇਟ ਚੜ੍ਹ ਗਿਆ ਹੈ। ਬਾਤ ਪਾਉਣ ਵੇਲੇ ਬੱਚੇ ਵੀਡੀਓ ਗੇਮਾਂ ਖੇਡਦੇ ਹਨ ਜਾਂ ਫਿਰ ਕਾਰਟੂਨ ਫ਼ਿਲਮਾਂ ਵੇਖਦੇ ਹਨ। ਕੋਈ ਵੇਲਾ ਹੁੰਦਾ ਸੀ, ਬਾਤ ਮੁਕਾ ਕੇ ਸਿਰਫ਼ ਏਨਾ ਕਹਿਣਾ ਪੈਂਦਾ ਸੀ ਕਿ ‘ਐਡੀ ਸੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ’ ਤੇ ਬੱਚੇ ਘੜੀਆਂ-ਪਲਾਂ ਵਿੱਚ ਘੂਕ ਸੌਂ ਜਾਂਦੇ ਸਨ। ਇੱਕ-ਦੋ ਬਾਤਾਂ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਕਰ ਦਿੰਦੀਆਂ ਸਨ। ਬਾਤ ਵਿਚਲਾ ਸੰਘਣਾ ਕਥਾਰਸ ਬੱਚਿਆਂ ਦਾ ਮਨੋਰੰਜਨ ਕਰਦਾ ਸੀ। ਬਾਤਾਂ ਬੱਚਿਆਂ ਦੀ ਮਨੋਰੰਜਨ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰ ਦਿੰਦੀਆਂ ਸਨ।
ਅਜੋਕੀਆਂ ਕਾਰਟੂਨ ਫ਼ਿਲਮਾਂ ਤੇ ਵੀਡੀਓ ਗੇਮਾਂ ਬੱਚਿਆਂ ਦਾ ਮਨੋਰੰਜਨ ਜ਼ਰੂਰ ਕਰਦੀਆਂ ਹਨ, ਪਰ ਇਹ ਉਨ੍ਹਾਂ ਦੀ ਥਕਾਵਟ ਨਹੀਂ ਉਤਾਰਦੀਆਂ ਤੇ ਨਾ ਹੀ ਤ੍ਰਿਸ਼ਨਾ ਪੂਰੀ ਕਰਦੀਆਂ ਹਨ। ਬੱਚਿਆਂ ਨੂੰ ਸੌਣ ਲਈ ਟੀ. ਵੀ. ਅੱਗਿਓਂ ਖਿੱਚ-ਧੂਹ ਕੇ ਉਠਾਉਣਾ ਪੈਂਦਾ ਹੈ, ਮੋਬਾਈਲ ਉਨ੍ਹਾਂ ਦੇ ਹੱਥਾਂ ਵਿੱਚੋਂ ਖੋਹਣੇ ਪੈਂਦੇ ਹਨ। ਇਸ ਧੱਕੇਸ਼ਾਹੀ ਕਾਰਨ ਬੱਚਿਆਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਸਵੇਰੇ ਮੰਜੇ ਤੋਂ ਉੱਠਣ ਸਾਰ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਹੁੰਦਾ ਹੈ। ਬੱਚੇ ਨਿਤ -ਨਵੀਆਂ ਫ਼ਿਲਮਾਂ ਤੇ ਖੇਡਾਂ ਦੀ ਭਾਲ ਵਿੱਚ ਭਟਕਦੇ ਹਨ।

ਕਾਰਟੂਨ ਫ਼ਿਲਮਾਂ ਤੇ ਵੀਡੀਓ ਗੇਮਾਂ ਨੇ ਬੱਚਿਆਂ ਨੂੰ ਬਜ਼ੁਰਗਾਂ ਤੋਂ ਦੂਰ ਕਰ ਦਿੱਤਾ ਹੈ। ਪੁਰਾਣੇ ਸਮਿਆਂ ਵਿੱਚ ਬੱਚੇ ਬਾਤਾਂ ਸੁਣਦੇ ਹੋਏ ਬਜ਼ੁਰਗਾਂ ਦਾ ਮਨ ਵੀ ਪ੍ਰਚਾਉਂਦੇ ਸਨ। ਬਜ਼ੁਰਗਾਂ ਨੂੰ ਇਕਲਾਪੇ ਦਾ ਅਹਿਸਾਸ ਨਹੀਂ ਹੁੰਦਾ ਸੀ। ਅਜੋਕੇ ਬਜ਼ੁਰਗ ਆਵਾਜ਼ਾਂ ਮਾਰ-ਮਾਰ ਹਾਰ ਜਾਂਦੇ ਹਨ। ਬੱਚੇ, ਉਨ੍ਹਾਂ ਦੇ ਨੇੜੇ ਨਹੀਂ ਢੁਕਦੇ। ਜ਼ਮਾਨਾ ਬਦਲ ਗਿਆ ਹੈ। ਨਵੀਆਂ ਸੂਚਨਾ ਤਕਨੀਕਾਂ ਨੇ ਸਮੁੱਚੇ ਸੰਸਾਰ ਨੂੰ ਇੱਕ ਪਿੰਡ ਬਣਾ ਦਿੱਤਾ ਹੈ। ਇਸ ਸੂਚਨਾ ਕ੍ਰਾਂਤੀ ਨੇ ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੀਆਂ ਵਿਧੀਆਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਬੱਚਿਆਂ ਲਈ ਫੱਟੀ ਤੇ ਸਲੇਟ ਦੀ ਥਾਂ ਕੰਪਿਊਟਰਾਂ ਨੇ ਲੈ ਲਈ ਹੈ। ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ ਤੇ ਸਿਖਾਉਣਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਹੈ। ਸਿਖਾਉਣ ਦੀਆਂ ਨਵੀਆਂ ਵਿਧੀਆਂ ਨੇ ਬੱਚਿਆਂ ਦੀ ਯਾਦ ਸ਼ਕਤੀ ਵਧਾ ਦਿੱਤੀ ਹੈ, ਪਰ ਜ਼ਰਾ ਗਹੁ ਨਾਲ ਵੇਖਿਆਂ ਪਤਾ ਚੱਲਦਾ ਹੈ ਕਿ ਕੰਪਿਊਟਰ ਦੇ ਇਸ ਯੁੱਗ ਨੇ ਬੱਚਿਆਂ ਨੂੰ ਵੀ ਕੰਪਿਊਟਰ ਬਣਾ ਦਿੱਤਾ ਹੈ। ਬੱਚਿਆਂ ਨੂੰ ਸਕੂਲਾਂ ਵਿੱਚ ਜਿੰਨਾ ਕੁ ਗਿਆਨ ਦਿੱਤਾ ਜਾਂਦਾ ਹੈ, ਉਹ ਓਨੇ ਤਕ ਸੀਮਤ ਹੋ ਕੇ ਰਹਿ ਗਏ ਹਨ। ਅਜੋਕੇ ਬੱਚੇ ਨਾ ਕਲਪਨਾ ਕਰਨ ਦੇ ਯੋਗ ਰਹੇ ਹਨ ਤੇ ਨਾ ਹੀ ਉਨ੍ਹਾਂ ਕੋਲ ਪਲਾਟ ਘੜਨ ਤੇ ਬਿਰਤਾਂਤ ਵਰਨਣ ਦੀ ਯੋਗਤਾ ਹੈ।
ਬਾਤਾਂ ਲੋਕ ਸਾਹਿਤ ਹਨ। ਬਾਤ ਪਾਉਣ ਵਾਲਾ ਲੋੜ ਅਨੁਸਾਰ ਇਨ੍ਹਾਂ ਵਿੱਚ ਆਪਣੇ ਵੱਲੋਂ ਕੁਝ ਜੋੜਦਾ ਤੇ ਕੁਝ ਘਟਾਉਂਦਾ ਰਹਿੰਦਾ ਸੀ। ਇਹ ਜੋੜ-ਘਟਾ ਬਾਤਾਂ ਵਿੱਚ ਹੋਰ ਰੌਚਕਤਾ ਪੈਦਾ ਕਰਦਾ ਸੀ। ਬਾਤ ਪਾਉਣ ਵਾਲਾ ਰੌਚਕਤਾ ਲਈ ਬਾਤ ਵਿਚਲੇ ਰੂੜ ਪਾਤਰਾਂ ਦੀ ਥਾਂ ਸਥਾਨਕ ਪਾਤਰ ਵੀ ਵਰਤ ਲੈਂਦਾ ਸੀ। ਬਾਤ ਵਿੱਚ ਜੋੜ-ਘਟਾ ਤੇ ਸਥਾਨਕ ਪਾਤਰਾਂ ਦੀ ਵਰਤੋਂ ਬੱਚਿਆਂ ਨੂੰ ਕਲਪਨਾ ਕਰਨ ਦੇ ਯੋਗ ਤੇ ਬਿਰਤਾਂਤ ਘੜਨ ਦੇ ਕਾਬਲ ਬਣਾਉੁਂਦੀ ਸੀ। ਇੱਕ ਹੀ ਬਾਤ ਨੂੰ ਨਾਨੀ ਆਪਣੇ ਢੰਗ ਨਾਲ ਸੁਣਾਉਂਦੀ ਹੁੰਦੀ ਸੀ ਤੇ ਦਾਦੀ ਆਪਣੇ ਢੰਗ ਨਾਲ। ਨਾਨੀ ਤੇ ਦਾਦੀ ਆਪੋ-ਆਪਣੇ ਢੰਗ ਨਾਲ ਬਿਰਤਾਂਤ ਵਰਨਣ ਕਰਦੀਆਂ ਸਨ। ਇਹੋ ਕਾਰਨ ਸੀ ਕਿ ਇੱਕੋ ਬਾਤ ਨੂੰ ਵਾਰ-ਵਾਰ ਸੁਣਨ ਦੇ ਬਾਵਜੂਦ ਬੱਚਿਆਂ ਦਾ ਮਨ ਨਹੀਂ ਅੱਕਦਾ ਸੀ। ਨਾਨੀਆਂ-ਦਾਦੀਆਂ ਬਾਤਾਂ ਪਾਉਂਦੀਆਂ ਹੋਈਆਂ ਬੱਚਿਆਂ ਨੂੰ ਸਿਖਾ ਦਿੰਦੀਆਂ ਸਨ ਕਿ ਗੱਲਬਾਤ ਕਰਦਿਆਂ ਕਿਹੜੇ ਵੇਲੇ ਕਿੱਥੇ-ਕਿਹੜੀ ਸੁਰ ਦੀ ਵਰਤੋਂ ਕਰਨੀ ਹੈ।
ਬਾਤਾਂ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਸਨ। ਇਤਿਹਾਸਕ ਪਾਤਰਾਂ, ਸੂਰਮਿਆਂ ਤੇ ਮਹਾਪੁਰਸ਼ਾਂ ਨਾਲ ਜੁੜੀਆਂ ਬਾਤਾਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਦੀਆਂ ਸਨ। ਜਨੌਰਾਂ ਨਾਲ ਜੁੜੀਆਂ ਬਾਤਾਂ ਬੱਚਿਆਂ ਨੂੰ ਆਪਣੇ ਚੌਗਿਰਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਸਨ ਤੇ ਕੁਦਰਤੀ ਰਹੱਸਾਂ ਨਾਲ ਜੁੜੀਆਂ ਬਾਤਾਂ ਕਾਰਨ ਬੱਚਿਆਂ ਦੀ ਭੂਗੋਲ ਵਿੱਚ ਰੁਚੀ ਜਾਗਦੀ ਸੀ।
ਬਾਤਾਂ ਦਾ ਵੇਲਾ ਖਾਣ ਵਾਲੀਆਂ ਕਾਰਟੂਨ ਫ਼ਿਲਮਾਂ ਤੇ ਖੇਡਾਂ ਬੱਚਿਆਂ ਕੋਲੋਂ ਸਮਾਂ ਹੀ ਨਹੀਂ ਖੋਹਦੀਆਂ, ਇਹ ਬੱਚਿਆਂ ਨੂੰ ਪੁੱਠੇ ਪਾਸੇ ਵੱਲ ਜਾਣ ਲਈ ਪ੍ਰੇਰਿਤ ਵੀ ਕਰਦੀਆਂ ਹਨ। ਕਈ ਖੇਡਾਂ ਤਾਂ ਬੱਚਿਆਂ ਨੂੰ ਆਤਮਘਾਤ ਕਰਨ ਲਈ ਵੀ ਮਜਬੂਰ ਕਰਦੀਆਂ ਹਨ। ਕਾਰਟੂਨ ਫ਼ਿਲਮਾਂ ਤੇ ਨੈੱਟ ਉੱਪਰਲੀਆਂ ਖੇਡਾਂ ਵਾਂਗ ਪਰੀਆਂ ਨਾਲ ਜੁੜੀਆਂ ਬਾਤਾਂ ਵਿੱਚ ਵੀ ਦੈਵੀ ਅੰਸ਼ ਹੁੰਦੇ ਸਨ। ਪਰੀਆਂ ਨਾਲ ਜੁੜੀਆਂ ਬਾਤਾਂ ਵਿਚਲੇ ਪਾਤਰ ਵੀ ਅਲੌਕਿਕ ਸ਼ਕਤੀ ਦੇ ਮਾਲਕ ਹੁੰਦੇ ਸਨ, ਪਰ ਪਰੀਆਂ ਨਾਲ ਜੁੜੀਆਂ ਬਾਤਾਂ ਵਿਚਲੀ ਅਲੌਕਿਕ ਸ਼ਕਤੀ ਦਾ ਕਾਰਨ ਪਾਤਰ ਦੀ ਮਿਹਨਤ ਤੇ ਪਾਤਰਾਂ ਦਾ ਤਪ ਜਾਂ ਭਗਤੀ ਹੁੰਦੀ ਸੀ। ਇਹ ਤੱਥ ਬਾਤ ਦੇ ਬਿਰਤਾਂਤ ਵਿੱਚੋਂ ਹੀ ਝਲਕਦਾ ਹੁੰਦਾ ਸੀ। ਇਸੇ ਕਰਕੇ ਬਾਤਾਂ ਸੁਣਨ ਵਾਲੇ ਬੱਚੇ ਕਦੇ ਵੀ ਆਪਣੇ-ਆਪ ਨੂੰ ਦਿਬ ਸ਼ਕਤੀ ਦਾ ਮਾਲਕ ਨਹੀਂ ਸਮਝਦੇ ਸਨ ਤੇ ਆਪਣੇ ਲਈ ਮੁਸੀਬਤਾਂ ਨਹੀਂ ਸਹੇੜਦੇ ਸਨ। ਬਾਤਾਂ ਸੁਣਨ ਵਾਲੇ ਬੱਚੇ ਆਤਮ-ਘਾਤ ਵੱਲ ਨਹੀਂ ਤੁਰਦੇ ਸਨ। ਭਾਵੇਂ ਉਹ ਜਾਦੂ ਦੇ ਚਿਰਾਗ਼ ਤੇ ‘ਖੁੱਲ੍ਹ ਜਾ ਸਿਮ-ਸਿਮ’ ਵਰਗੇ ਬੋਲਾਂ ਵਿਚਲੀ ਸ਼ਕਤੀ ਅਕਸਰ ਸੁਣਦੇ ਸਨ।
ਬਾਤਾਂ ਪਾਉਣ ਵਾਲੀਆਂ ਨਾਨੀਆਂ-ਦਾਦੀਆਂ ਮਨੋਵਿਗਿਆਨੀਆਂ ਵਾਂਗ ਜਾਣਦੀਆਂ ਸਨ ਕਿ ਬਾਲ ਮਨ ਦੀ ਪਸ਼ੂ-ਪੰਛੀਆਂ ਤੇ ਜਨੌਰਾਂ ਪ੍ਰਤੀ ਰੁਚੀ ਹੁੰਦੀ ਹੈ। ਜਨੌਰਾਂ ਨਾਲ ਬੱਚਿਆਂ ਦੇ ਮੋਹ ਤੋਂ ਲਾਹਾ ਲੈਂਦੇ ਹੋਏ, ਉਹ ਬੱਚਿਆਂ ਨੂੰ ਜਨੌਰਾਂ ਨਾਲ ਜੁੜੀਆਂ ਬਾਤਾਂ ਸੁਣਾ ਕੇ ਕਈ ਕੁਝ ਸਿਖਾ ਜਾਂਦੀਆਂ ਸਨ। ਮੁਰਗ਼ੇ ਦੀ ਬਾਂਗ ਦੇਣ ਦੀ ਆਦਤ ਤੋਂ ਬੱਚਿਆਂ ਨੂੰ ਸੁਵੱਖਤੇ ਉੱਠਣ, ਸਮੇਂ ਦਾ ਪਾਬੰਦ ਬਣਨ, ਪਰਉਪਕਾਰੀ ਬਣਨ ਤੇ ਰੁਟੀਨ ਵਿੱਚ ਕੰਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਕੋਇਲ ਦੀ ਬਾਤ ਸੁਣਾ ਕੇ ਮਿੱਠ-ਬੋਲੜੇ ਬਣਨ ਦਾ ਸਬਕ ਦਿੱਤਾ ਜਾਂਦਾ ਸੀ। ਬਾਤਾਂ ਵਾਲਿਆਂ ਨੇ ਸ਼ੇਰ ਨੂੰ ਜੰਗਲ ਵਿੱਚ ਰਾਜ ਕਰਨ ਦੇ ਗੁਰ ਸਿਖਾਉਣ ਕਾਰਨ ਬਿੱਲੀ ਨੂੰ ਸ਼ੇਰ ਦੀ ਮਾਸੀ ਕਿਹਾ ਹੈ। ਉਨ੍ਹਾਂ, ਬਿੱਲੀ ਮਾਸੀ ਦੀ ਹੁਸ਼ਿਆਰੀ ਤੇ ਸੂਝ ਤੋਂ ਵੀ ਬੱਚਿਆਂ ਨੂੰ ਕਈ ਕੁਝ ਸਿਖਾਇਆ ਹੈ। ਸੋ, ਆਓ ਆਪਣੇ ਵਿਰਸੇ ਵੱਲ ਮੁੜੀਏ। ਬਾਤ ਪਾਈਏ ਤੇ ਵਿਰਸੇ ਦੇ ਵਾਰਿਸਾਂ ਦਾ ਰਾਹ ਰੁਸ਼ਨਾਈਏ।          #ਇਕਬਾਲ ਸਿੰਘ ਹਮਜਾਪੁਰ