ਚੀਨ ਦੇ ਠੱਗਾਂ ਨੇ ਲੱਖਾਂ ਭਾਰਤੀਆਂ ਨੂੰ ਲਾਇਆ 150 ਕਰੋੜ ਦਾ ਚੂਨਾ

0
351

ਨਵੀਂ ਦਿੱਲੀ : ਕੋਰੋਨਾ ਕਾਲ ‘ਚ ਚੀਨ ਦੇ ਠੱਗਾਂ ਨੇ ਲੱਖਾਂ ਭਾਰਤੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਫ਼ਰਜ਼ੀ ਚਾਇਨੀਜ਼ ਐਪ (ਪਾਵਰ ਬੈਂਕ) ਜ਼ਰੀਏ ਨਾ ਸਿਰਫ਼ ਦੇਸ਼ ਭਰ ‘ਚ ਲੱਖਾਂ ਲੋਕਾਂ ਦਾ ਡਾਟਾ ਚੋਰੀ ਕੀਤਾ, ਬਲਕਿ ਪੈਸਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਤੋਂ 150 ਕਰੋੜ ਰੁਪਏ ਠੱਗ ਲਏ। ਇਸ ਐਪ ਨਾਲ ਪੂਰੇ ਦੇਸ਼ ਦੇ 50 ਲੱਖ ਲੋਕ ਜੁੜੇ ਹੋਏ ਹਨ ਤੇ ਸਾਰੀ ਠੱਗੀ ਸਿਰਫ਼ ਦੋ ਮਹੀਨੇ ‘ਚ ਕੀਤੀ ਗਈ ਹੈ।
ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੰਟਰਨੈੱਟ ਮੀਡੀਆ ‘ਤੇ ਠੱਗੀ ਦੇ ਸ਼ਿਕਾਰ ਲੋਕਾਂ ਦੀ ਸ਼ਿਕਾਇਤਾਂ ‘ਤੇ ਖ਼ੁਦ ਨੋਟਿਸ ਲੈਂਦਿਆਂ ਇਸ ਨਾਲ ਜੁੜੇ 11 ਲੋਕਾਂ ਨੂੇ ਗਿ੍ਫ਼ਤਾਰ ਕੀਤਾ ਹੈ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਉੱਤਰਾਖੰਡ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਪਾਵਰ ਬੈਂਕ ਐਪ ਜ਼ਰੀਏ ਧੋਖਾਧੜੀ ‘ਚ ਨੋਇਡਾ ਤੋਂ ਇਕ ਵਿਅਕਤੀ ਦੀ ਗਿ੍ਫ਼ਤਾਰੀ ਕੀਤੀ ਸੀ। ਉੱਤਰਾਖੰਡ ਪੁਲਿਸ ਮੁਤਾਬਕ ਠੱਗੀ ਦੀ ਰਕਮ ਢਾਈ ਸੌ ਕਰੋੜ ਰੁਪਏ ਤਕ ਹੈ।
ਸਾਈਬਰ ਸੈੱਲ ਦੇ ਡੀਸੀਪੀ ਅਨਯੇਸ਼ ਰਾਏ ਨੇ ਕਿਹਾ ਕਿ ਇੰਟਰਨੈੱਟ ਮੀਡੀਆ ‘ਤੇ ਪਾਵਰ ਬੈਂਕ ਤੇ ਈਜ਼ੀ ਪਲਾਨ ਨੂੰ ਲੈ ਕੇ ਖੂਬ ਪੋਸਟਾਂ ਕੀਤੀਆਂ ਜਾ ਰਹੀਆਂ ਸਨ। ਲੋਕ ਇਨ੍ਹਾਂ ਐਪਲੀਕੇਸ਼ਨਸ ਨੂੰ ਡਾਊਨਲੋਡ ਕਰ ਕੇ ਇਸਤੇਮਾਲ ਕਰ ਰਹੇ ਸਨ। ਪਾਵਰ ਬੈਂਕ ਐਪ ਗੂਗਲ ਪਲੇ ਸਟੋਰ ‘ਤੇ ਉਪਲੱਬਧ ਸੀ, ਉੱਥੇ ਈਜ਼ੀ ਪਲਾਨ ਵੈੱਬਸਾਈਟ ‘ਤੇ ਉਪਲੱਬਧ ਸੀ। ਇਨ੍ਹਾਂ ਦੋਵੇਂ ਐਪਸ ‘ਤੇ ਨਿਵੇਸ਼ ਕਰਨ ‘ਤੇ ਦੁੱਗਣੀ ਰਕਮ ਦੇਣ ਦੀ ਗੱਲ ਕਹੀ ਜਾ ਰਹੀ ਸੀ, ਕਿਉਂਕਿ ਇਨ੍ਹਾਂ ਐਪਸ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਸੰਦੇਸ਼ ਸਪੈਮ ਵਜੋਂ ਭੇਜੇ ਜਾ ਰਹੇ ਸਨ, ਅਜਿਹੇ ‘ਚ ਇਨ੍ਹਾਂ ਦੋਵੇਂ ਐਪਸ ਨੂੰ ਸ਼ੱਕੀ ਰੂਪ ਵਜੋਂ ਪਛਾਣਿਆ ਗਿਆ।
ਰਾਸ਼ਟਰੀ ਸਾਈਬਰ ਫੋਰੈਂਸਿਕ ਲੈਬ ‘ਚ ਜਾਂਚ ‘ਚ ਪਤਾ ਲੱਗਾ ਕਿ ਝਾਂਸਾ ਦੇਣ ਲਈ ਪਾਵਰ ਬੈਂਕ ਐਪ ਨੇ ਖੁਦ ਨੂੰ ਬੈਂਗਲੁਰੂ ਸਥਿਤ ਟੈਕਨਾਲੋਜੀ ਸਟਾਰਟ ਅੱਪ ਦੇ ਰੂਪ ‘ਚ ਪੇਸ਼ ਕੀਤਾ, ਜਿਸ ਸਰਵਰ ‘ਤੇ ਐਪ ਨੂੰ ਹੋਸਟ ਕੀਤਾ ਗਿਆ, ਉਹ ਚੀਨ ‘ਚ ਸਥਿਤ ਪਾਇਆ ਗਿਆ। ਜਾਂਚ ‘ਚ ਪਤਾ ਲੱਗਾ ਕਿ ਇਸ ਐਪ ‘ਤੇ ਪੈਸਿਆਂ ਦੇ ਲੈਣ-ਦੇਣ ਲਈ ਵੱਡੀ ਗਿਣਤੀ ‘ਚ ਭਾਰਤੀ ਵੀ ਸ਼ਾਮਲ ਹਨ।