ਚੰਦਰ ਗ੍ਰਹਿਣ: ਜਾਣੋ ਇਸ ਦਾ ਪੌਰਾਣਿਕ ਤੇ ਵਿਗਿਆਨਕ ਮਹੱਤਵ

0
266

ਨਵੀਂ ਦਿੱਲੀ (ਜੇਐੱਨਐੱਨ) : ਜੂਨ ਮਹੀਨੇ ਸੂਰਜ ਤੇ ਚੰਦਰ ਗ੍ਰਹਿਣ ਦੋਵੇਂ ਹੀ ਲੱਗਣ ਵਾਲੇ ਹਨ। ਚੰਦਰ ਗ੍ਰਹਿਣ ਜਿੱਥੇ ਜੂਨ ਦੇ ਪਹਿਲੇ ਹਫ਼ਤੇ ਪੰਜਵੇਂ ਦਿਨ ਭਾਵ 5 ਜੂਨ ਨੂੰ ਲੱਗੇਗਾ , ਉੱਥੇ ਹੀ 21 ਜੂਨ ਨੂੰ ਸੂਰਜ ਗ੍ਰਹਿਣ (Solar Eclipse) ਲੱਗੇਗਾ। ਇਨ੍ਹਾਂ ਦੋਵਾਂ ਦੀਆਂ ਹੀ ਆਪਣੀਆਂ ਪੌਰਾਣਿਕ ਕਥਾਵਾਂ, ਮਾਨਤਾਵਾਂ ਤੇ ਮਹੱਤਵ ਹਨ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਦਾ ਹੀ ਵਿਗਿਆਨਕ ਮਹੱਤਵ ਵੀ ਹੈ। ਇੱਥੇ ਅਸੀਂ ਤੁਹਾਨੂੰ ਇਸ ਖਗੋਲੀ ਘਟਨਾ ਪਿੱਛੇ ਲੁਕੇ ਕਾਰਨਾਂ ਦੀ ਜਾਣਕਾਰੀ ਦੇ ਰਹੇ ਹਾਂ…
ਚੰਦਰ ਗ੍ਰਹਿਣ (Lunar Eclipse)
ਚੰਦਰ ਗ੍ਰਹਿਣ ਉਸ ਸਮੇਂ ਲਗਦਾ ਹੈ ਜਦੋਂ ਸੂਰਜ, ਧਰਤੀ ਤੇ ਚੰਦਰਮਾ ਇੱਕੋ ਸੇਧ ‘ਚ ਹੁੰਦੇ ਹਨ। ਇਹ ਉਸ ਵੇਲੇ ਲਗਦਾ ਹੈ ਜਦੋਂ ਪੂਰਾ ਚੰਦਰਮਾ ਨਿਕਲਿਆ ਹੁੰਦਾ ਹੈ ਤੇ ਧਰਤੀ ਸੂਰਜ ਤੇ ਚੰਦਰਮਾ ਵਿਚਕਾਰ ਆ ਜਾਂਦੀ ਹੈ। ਅਜਿਹੇ ਵਿਚ ਸੂਰਜ ਦੀਆਂ ਕਿਰਨਾਂ ਚੰਦਰਮਾ ਤਕ ਨਹੀਂ ਪਹੁੰਚਦੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਚਾਰ ਚੰਦਰ ਗ੍ਰਹਿਣ ਲੱਗਣੇ ਹਨ। ਇਨ੍ਹਾਂ ਵਿਚੋਂ ਪਹਿਲਾ ਚੰਦਰ ਗ੍ਰਹਿਣ ਇਕ ਜਨਵਰੀ ਨੂੰ ਲੱਗ ਚੁੱਕਾ ਹੈ। ਦੂਸਰਾ ਇਸ ਮਹੀਨੇ ਹੈ। ਤੀਸਰਾ ਜੁਲਾਈ ਤੇ ਚੌਥਾ ਨਵੰਬਰ ‘ਚ ਲੱਗੇਗਾ। 5 ਜੂਨ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਉਪ-ਛਾਇਆ ਹੋਵੇਗਾ ਯਾਨੀ ਚੰਦਰਮਾ, ਧਰਤੀ ਦੇ ਹਲਕੇ ਪਰਛਾਵੇਂ ‘ਚੋਂ ਲੰਘੇਗਾ।
ਇਹ ਚੰਦਰ ਗ੍ਰਹਿਣ 3 ਘੰਟੇ ਤੇ 18 ਮਿੰਟ ਦਾ ਹੋਵੇਗਾ। 5 ਜੂਨ ਨੂੰ ਇਸ ਦੀ ਸ਼ੁਰੂਆਤ ਰਾਤ 11.15 ਵਜੇ ਹੋਵੇਗੀ ਤੇ 6 ਜੂਨ ਨੂੰ ਸਵੇਰੇ 12.54 ਵਜੇ ਤਕ ਇਹ ਆਪਣੇ ਸਿਖਰਲੇ ਪੜਾਅ ‘ਚ ਹੋਵੇਗਾ। 6 ਜੂਨ ਦੀ ਸਵੇਰ 2.34 ‘ਤੇ ਇਹ ਖ਼ਤਮ ਹੋ ਜਾਵੇਗਾ। ਏਸ਼ੀਆ, ਯੂਰਪ, ਆਸਟ੍ਰੇਲੀਆ ਤੇ ਅਫ਼ਰੀਕੀ ਲੋਕ ਇਸ ਗ੍ਰਹਿਣ ਨੂੰ ਦੇਖ ਸਕਦੇ ਹਨ। ਤੁਹਾਨੂੰ ਇੱਥੇ ਇਹ ਵੀ ਦੱਸ ਦੇਈਏ ਕਿ ਉਪ-ਛਾਇਆ ਚੰਦਰ ਗ੍ਰਹਿਣ ਹੋਣ ਕਾਰਨ ਲੋਕਾਂ ਵਿਚਕਾਰ ਸਾਧਾਰਨ ਚੰਦਰਮਾ ਤੇ ਗ੍ਰਹਿਣ ਵਾਲੇ ਚੰਦਰਮਾ ਵਿਚਕਾਰ ਅੰਤਰ ਕਰਨਾ ਮੁਸ਼ਕਲ ਹੋਵੇਗਾ। ਇਸ ਗ੍ਰਹਿਣ ਨੂੰ ਪੂਰੇ ਭਾਰਤ ‘ਚ ਦੇਖਿਆ ਜਾ ਸਕੇਗਾ। ਗ੍ਰਹਿਣ ਦੌਰਾਨ ਚੰਦਰਮਾ ਦੇ ਅਕਾਰ ‘ਚ ਕੋਈ ਪਰਿਵਰਤਨ ਨਹੀਂ ਆਵੇਗਾ ਪਰ ਚੰਦਰਮਾ ਦਾ ਅਕਸ ਕੁਝ ਧੁੰਦਲਾ ਜ਼ਰੂਰ ਹੋ ਜਾਵੇਗਾ। ਇਸ ਦੀ ਵਜ੍ਹਾ ਇਹ ਹੈ ਕਿ ਇਹ ਅਸਲੀ ਚੰਦਰ ਗ੍ਰਹਿਣ ਨਹੀਂ ਹੈ, ਇਹ ਇਕ ਉਪ-ਛਾਇਆ ਚੰਦਰ ਗ੍ਰਹਿਣ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਵੀ ਅਜਿਹਾ ਚੰਦਰ ਗ੍ਰਹਿਣ ਲੱਗਾ ਸੀ।
ਹਿੰਦੂ ਧਰਮ ‘ਚ ਮਾਨਤਾ
ਹਿੰਦੂ ਧਰਮ ‘ਚ ਮੰਨਿਆ ਜਾਂਦਾ ਹੈ ਕਿ ਚੰਦਰ ਗ੍ਰਹਿਣ ਪਿੱਛੇ ਰਾਹੂ ਤੇ ਕੇਤੂ ਦਾ ਅਸਰ ਹੁੰਦਾ ਹੈ। ਸਮੁੰਦਰ ਮੰਥਨ ਦੌਰਾਨ ਦੇਵਤਿਆਂ ਤੇ ਦਾਨਵਾਂ ਵਿਚਕਾਰ ਅੰਮ੍ਰਿਤ ਲਈ ਜੰਗ ਛਿੜੀ ਹੋਈ ਸੀ। ਅੰਮ੍ਰਿਤ ਦਾ ਸੇਵਨ ਦੇਵਤਿਆਂ ਨੂੰ ਕਰਵਾਉਣ ਲਈ ਭਗਵਾਨ ਵਿਸ਼ਨੂੰ ਸੁੰਦਰ ਕੰਨਿਆ ਦਾ ਰੂਪ ਧਾਰ ਕੇ ਸਾਰਿਆਂ ਵਿਚਕਾਰ ਅੰਮ੍ਰਿਤ ਵੰਡਣ ਲੱਗੇ। ਇਸ ਦੌਰਾਨ ਇਕ ਅਸੁਰ ਦੇਵਤਿਆਂ ਵਿਚਕਾਰ ਜਾ ਬੈਠਾ। ਉਸ ਨੇ ਜਿਉਂ ਹੀ ਅੰਮ੍ਰਿਤ ਹਾਸਲ ਕੀਤਾ ਤਾਂ ਭਗਵਾਨ ਸੂਰਜ ਤੇ ਚੰਦਰਮਾ ਨੂੰ ਪਤਾ ਲੱਗ ਗਿਆ। ਜਦੋਂ ਉਨ੍ਹਾਂ ਇਸ ਦੀ ਜਾਣਕਾਰੀ ਭਗਵਾਨ ਵਿਸ਼ਨੂੰ ਨੂੰ ਦਿੱਤੀ ਤਾਂ ਉਨ੍ਹਾਂ ਆਪਣੇ ਸੁਦਰਸ਼ਨ ਚੱਕਰ ਨਾਲ ਉਸ ਦੀ ਧੌਣ ਧੜ ਨਾਲੋਂ ਵੱਖਰੀ ਕਰ ਦਿੱਤੀ। ਅੰਮ੍ਰਿਤ ਪੀਣ ਕਾਰਨ ਉਹ ਮਰਿਆ ਨਹੀਂ ਤੇ ਉਸ ਦਾ ਸਿਰ ਤੇ ਧੜ ਅਲੱਗ ਹੋ ਕੇ ਰਾਹੂ ਤੇ ਕੇਤੂ ਨਾਂ ਨਾਲ ਮਸ਼ਹੂਰ ਹੋ ਗਏ। ਇਸ ਘਟਨਾ ਪਿੱਛੇ ਕਾਰਨ ਰਾਹੂ ਤੇ ਕੇਤੂ ਸੂਰਜ ਤੇ ਚੰਦਰਮਾ ਨੂੰ ਗ੍ਰਹਿਣ ਦੇ ਰੂਪ ‘ਚ ਲਗਦੇ ਹਨ।
ਗ੍ਰਹਿਣ ਲੱਗਣ ਤੋਂ ਪਹਿਲਾਂ ਚੰਦਰਮਾ ਧਰਤੀ ਦੀ ਉਪ-ਛਾਇਆ ‘ਚ ਪ੍ਰਵੇਸ਼ ਕਰਦਾ ਹੈ ਜਿਸ ਨੂੰ ਚੰਦਰ ਮਾਲਿਨਯ ਕਹਿੰਦੇ ਹਨ। ਉਪਛਾਇਆ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਉਪਛਾਇਆ ‘ਚ ਪ੍ਰਵੇਸ਼ ਕਰ ਕੇ ਉਪਛਾਇਆ ਸ਼ੰਕੂ ਤੋਂ ਹੀ ਬਾਹਰ ਨਿਕਲ ਕੇ ਆ ਜਾਂਦਾ ਹੈ ਤੇ ਭੂਭਾ ਜਿਸ ਨੂੰ ਅੰਗਰੇਜ਼ੀ ‘ਚ Umbra ਕਹਿੰਦੇ ਹਨ, ‘ਚ ਪ੍ਰਵੇਸ਼ ਨਹੀਂ ਕਰਦਾ। ਇਸ ਲਈ ਉਪਛਾਇਆ ਵੇਲੇ ਚੰਦਰਮਾ ਦਾ ਬਿੰਬ ਸਿਰਫ਼ ਧੁੰਦਲਾ ਪੈਂਦਾ ਹੈ, ਕਾਲਾ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਇਸ ਨੂੰ ਉਪਛਾਇਆ ਚੰਦਰ ਗ੍ਰਹਿਣ ਕਹਿੰਦੇ ਹਨ।
ਇਸ ਗ੍ਰਹਿਣ ‘ਚ ਦੂਸਰੇ ਗ੍ਰਹਿਣ ਬਰਾਬਰ ਪਾਬੰਦੀਆਂ ਨਹੀਂ ਹੁੰਦੀਆਂ। ਇਸ ਵਿਚ ਨਾ ਸੂਤਕ ਮੰਨਿਆ ਜਾਂਦਾ ਹੈ ਤੇ ਨਾ ਹੀ ਪੂਜਾ-ਪਾਠ ਦੀ ਕੋਈ ਮਨਾਹੀ ਹੁੰਦੀ ਹੈ। ਜਾਗਣ ਦੀ ਕੋਈ ਪਾਬੰਦੀ ਨਹੀਂ ਹੈ। ਇਸ ਨੂੰ ਨਾ ਦੇਖਣ ਵਰਗਾ ਵੀ ਨਿਯਮ ਨਹੀਂ ਹੈ। ਇਸ ਦੌਰਾਨ ਤੁਸੀਂ ਭੋਜਨ ਕਰ ਸਕਦੇ ਹੋ ਤੇ ਸਾਧਾਰਨ ਰੂਟੀਨ ਜਾਰੀ ਰੱਖ ਸਕਦੇ ਹਨ। ਗ੍ਰਹਿਣ ਲਈ ਦਾਨ ਕਰਨ ਦਾ ਨਿਯਮ ਵੀ ਇਸ ‘ਤੇ ਲਾਗੂ ਨਹੀਂ ਹੁੰਦਾ। ਇਸ ਦੇ ਬਾਵਜੂਦ ਤੁਹਾਨੂੰ ਦੱਸ ਦੇਈਏ ਕਿ ਦਾਨ ਦੇਣਾ ਪ੍ਰਾਚੀਣ ਕਾਲ ਤੋਂ ਭਾਰਤੀ ਸੰਸਕ੍ਰਿਤੀ ਦਾ ਇਕ ਹਿੱਸਾ ਰਿਹਾ ਹੈ। ਬੇਸ਼ੱਕ ਉਪਛਾਇਆ ਚੰਦਰ ਗ੍ਰਹਿਣ ਦੌਰਾਨ ਦਾਨ ਦੇਣ ਦੀ ਪਾਬੰਦੀ ਨਹੀਂ ਹੈ ਪਰ ਅਜਿਹਾ ਕਰਨ ਨਾਲ ਜਿਹੜੀ ਮਾਨਸਿਕ ਸ਼ਾਂਤੀ ਤੇ ਦੂਸਰਿਆਂ ਨੂੰ ਲਾਭ ਮਿਲਦਾ ਹੈ, ਇਸ ਦੀ ਕਲਪਨਾ ਕਰਨਾ ਵੀ ਸੁਖਦ ਹੁੰਦਾ ਹੈ।