ਕਰਤਾਰਪੁਰ ਸਾਹਿਬ ਲਾਂਘਾ ਦੋ ਤਰਫ਼ਾ ਬਣੇ

0
707

ਪਾਕਿਸਤਾਨ ਵਿਚ ਸਰਹੱਦ ਦੇ ਬਿਲਕੁੱਲ ਨਜ਼ਦੀਕ ਪੈਂਦੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਬਾਰੇ ਕਾਫੀ ਦੇਰ ਤੋਂ ਚਰਚਾ ਚੱਲਦੀਆਂ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਵੀ ਪਾਕਿਸਤਾਨ ਵਿਚ ਹੈ ਤੇ ਜਿੱਥੇ ਉਨ੍ਹਾਂ ਆਖਰੀ ਦਿਨ ਬਿਤਾਏ, ਉਹ ਵੀ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਸਰਹੱਦ ਦੇ ਸਿਰਫ਼ 4 ਕਿਲੋਮੀਟਰ ਅੱਗੇ ਹੈ। ਇਥੇ ਬੀਐੱਸਐੱਫ ਦੇ ਇਕ ਅਫ਼ਸਰ ਨੇ ਪੱਕਾ ਥੜ੍ਹਾ ਬਣਾ ਕੇ ਉਪਰ ਦੂਰਬੀਨ ਫਿੱਟ ਕਰ ਦਿੱਤੀ ਸੀ। ਲੋਕੀਂ ਸਿਰ ਢੱਕ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਤੇ ਹੱਥ ਜੋੜ ਕੇ ਸ਼ਰਧਾ ਭੇਂਟ ਕਰਦੇ। ਇਸ ਦੂਰਬੀਨ ਦੇ ਕੋਲ ਹੀ ਇਕ ਗੁਰਦੁਆਰਾ ਵੀ ਬਣ ਗਿਆ ਜਿੱਥੇ ਲੋਕ ਆਰਾਮ ਕਰਦੇ ਤੇ ਪ੍ਰਸ਼ਾਦ ਪਾਣੀ ਵੀ ਛਕਦੇ ਹਨ।
ਲੋਕੀਂ ਗੱਲਾਂ ਤਾਂ ਕਰਦੇ ਸਨ ਕਿ ਇਥੋਂ ਪਾਕਿਸਤਾਨ ਵਿਚੋਂ ਦੀ ਲਾਂਘਾ ਬਣ ਜਾਵੇ ਅਤੇ ਜਾ ਕੇ ਦਰਸ਼ਨ ਕੀਤੇ ਜਾਣ ਪਰ ਕੋਈ ਗੰਭੀਰ ਨਹੀਂ ਸਨ। ਕੋਈ ਨਹੀਂ ਸੋਚਦਾ ਸੀ ਕਿ ਇਹ ਸੱਚਮੁੱਚ ਬਣ ਜਾਵੇਗਾ। ਸਿੱਖ ਸੰਸਥਾਵਾਂ ਦੇ ਕਹਿਣ ‘ਤੇ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਕ ਦੋ ਪੱਤਰ ਤਾਂ ਲਿਖੇ ਪਰ ਕਦੇ ਜ਼ੋਰ ਨਾਲ ਮੰਗ ਨਹੀਂ ਰੱਖੀ ਸੀ। ਨਵਾਜ਼ ਸ਼ਰੀਫ਼ ਦਿੱਲੀ ਆਏ ਅਤੇ ਨਰਿੰਦਰ ਮੋਦੀ ਲਾਹੌਰ ਗਏ ਪਰ ਕਿਸੇ ਗੱਲ ਨਹੀਂ ਛੇੜੀ; ਲੇਕਿਨ ਇਹ ਤਾਂ ਪਤਾ ਨਹੀਂ ਕੀ ਸੋਚ ਸੀ ਕਿ ਪਾਕਿਸਤਾਨ ਦੀ ਨਵੀਂ ਬਣੀ ਸਰਕਾਰ ਨੇ ਚੋਣ ਜਿੱਤਣ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਦਾ ਮਨ ਬਣਾ ਲਿਆ।
ਸਭ ਜਾਣਦੇ ਹਨ ਕਿ ਇਮਰਾਨ ਖ਼ਾਨ ਦੀ ਜਿੱਤ ਵਿਚ ਪਾਕਿਸਤਾਨ ਦੀ ਫੌਜ ਦਾ ਵੱਡਾ ਹੱਥ ਸੀ। ਇਸੇ ਲਈ ਕਈ ਲੋਕ ਕਹਿੰਦੇ ਹਨ ਕਿ ਇਹ ਫੌਜ ਦੀ ਹੀ ਕੋਈ ਸਕੀਮ ਸੀ ਅਤੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਗਏ ਨਵਜੋਤ ਸਿੰਘ ਸਿੱਧੂ ਨੂੰ ਫੌਜ ਦੇ ਸਰਬਰਾਹ ਕਮਰ ਜਾਵੇਦ ਬਾਜਵਾ ਨੇ ਹੀ ਇਸ ਦਾ ਸੰਕੇਤ ਦਿੱਤਾ।
ਸਾਡੇ ਵਾਲੇ ਪਾਸੇ ਫ਼ਜ਼ੂਲ ਹੀ ਬਹਿਸ ਚੱਲੀ ਕਿ ਕੀ ਇਸ ਦਾ ਸਿਹਰਾ ਅਕਾਲੀ ਪਾਰਟੀ ਨੂੰ ਜਾਵੇ ਜਾਂ ਕੇਂਦਰ ਦੀ ਸਰਕਾਰ ਨੂੰ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਜਿਸ ਨਾਲ ਜਨਰਲ ਬਾਜਵਾ ਨੇ ਗੱਲ ਕੀਤੀ ਸੀ। ਅਸਲ ਗੱਲ ਇਹ ਹੈ ਕਿ ਇਹ ਨਿਰੋਲ ਪਾਕਿਸਤਾਨ ਦੀ ਸਰਕਾਰ ਦਾ ਆਪਣਾ ਫ਼ੈਸਲਾ ਸੀ ਤੇ ਦੁੱਖ ਦੀ ਗੱਲ ਹੈ ਕਿ ਅਕਾਲੀ ਲੀਡਰਾਂ, ਪੰਜਾਬ ਸਰਕਾਰ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਪਾਕਿਸਤਾਨ ਸਰਕਾਰ ਤੇ ਇਮਰਾਨ ਖ਼ਾਨ ਦਾ ਰਸਮੀ ਧੰਨਵਾਦ ਵੀ ਨਹੀਂ ਕੀਤਾ। ਇਸ ਨੂੰ ਪਾਕਿਸਤਾਨ ਸਰਕਾਰ ਦੀ ਸਾਜ਼ਿਸ਼ ਵੀ ਕਿਹਾ ਗਿਆ ਪਰ ਇਹ ਸਵਾਗਤ ਯੋਗ ਸੀ, ਇਹ ਚੰਗੀ ਨੀਤੀ ਸੀ, ਕਿਉਂਕਿ ਇਮਾਰਾਨ ਖ਼ਾਨ ਨੇ ਜਲਦੀ ਹੀ ਕਸ਼ਮੀਰੀ ਪੰਡਤਾਂ ਦੇ ਸਥਾਨ ਸ਼ਾਰਧਾ ਪੀਠ ਦਾ ਰਸਤਾ ਖੋਲ੍ਹਣ ਦੀ ਪੇਸ਼ ਕਰ ਦਿੱਤੀ ਸੀ। ਵੱਡੇ ਦੁੱਖ ਦੀ ਗੱਲ ਹੈ ਕਿ ਅਸੀਂ ਇਸ ਦਾ ਠੀਕ ਹੁੰਗਾਰਾ ਨਹੀਂ ਦਿੱਤਾ ਅਤੇ ਵਿਹਾਰਕ ਕਾਰਵਾਈ ਨਹੀਂ ਤੋਰੀ।
ਸ਼ਾਰਧਾ ਪੀਠ ਹਿੰਦੋਸਤਾਨ ਪਾਕਿਸਤਾਨ ਸਰਹੱਦ ਜਿਸ ਨੂੰ ਉਥੇ ਕੰਟਰੋਲ ਲਾਈਨ (ਰੇਖਾ) ਕਿਹਾ ਜਾਂਦਾ ਹੈ, ਤੋਂ 40 ਕਿਲੋਮੀਟਰ ਹੈ। ਇਹ ਬਹੁਤ ਰਮਣੀਕ ਇਲਾਕਾ ਹੈ ਅਤੇ ਰਸਤੇ ਵਿਚ ਕਈ ਪਿੰਡ ਆਉਂਦੇ ਹਨ। ਜੇ ਇਹ ਲਾਂਘਾ ਅਮਲ ਵਿਚ ਆ ਜਾਵੇ ਤਾਂ ਸਿਰਫ਼ ਕਸ਼ਮੀਰੀ ਪੰਡਤਾਂ ਦੀ ਹੀ ਗੱਲ ਨਹੀਂ, ਦੋ ਕਸ਼ਮੀਰਾਂ ਦੇ ਆਪਸੀ ਰਾਬਤੇ ਦਾ ਰਾਹ ਖੁੱਲ੍ਹ ਜਾਂਦਾ ਹੈ। ਅੱਗੇ ਜਾ ਕੇ ਇਹ ਲਾਂਘਾ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੀ ਬਹੁਤ ਚੰਗੀ ਸ਼ੁਰੂਆਤ ਹੋ ਸਕਦਾ ਸੀ। ਇਸ ਦੇ ਨਾਲ ਹੋਰ ਕਈ ਕਿਸਮ ਦੇ ਲਾਂਘਿਆਂ ਦੀ ਮੰਗ ਉਠ ਸਕਦੀ ਸੀ ਤੇ ਕਈ ਰਸਤੇ ਖੁੱਲ੍ਹਦੇ ਸਨ। ਦਰਅਸਲ ਕਈ ਤਰ੍ਹਾਂ ਦੇ ਲਾਂਘੇ ਅਤੇ ਲੋਕਾਂ ਦੇ ਆਪਸੀ ਮੇਲ ਜੋਲ ਦੇ ਵਧਦੇ ਰਸਤੇ ਹੀ ਭਾਰਤ ਤੇ ਪਾਕਿਸਤਾਨ ਦੇ ਚੰਗੇ ਸਬੰਧਾਂ ਦੀ ਬੁਨਿਆਦ ਬਣ ਸਕਦੇ ਹਨ ਤੇ ਸਾਡੇ ਕਈ ਮਸਲਿਆਂ ਦਾ ਇਕ ਤਰ੍ਹਾਂ ਦਾ ਵਿਹਾਰਕ ਹੱਲ।

ਅਭੈ ਸਿੰਘ

ਕਸ਼ਮੀਰ ਵਾਦੀ ਵਿਚ ਹੀ ਇਕ ਜਗ੍ਹਾ ‘ਮੱਠਾ ਬਾਜ਼ੀ ਸ਼ਰੀਫ਼ ਦੀ ਦਰਗਾਹ’ ਸਰਹੱਦ ਤੋਂ ਸਿਰਫ਼ 500 ਮੀਟਰ ਸਾਡੇ ਵਾਲੇ ਪਾਸੇ ਪੈਂਦੀ ਹੈ। ਪਹਿਲਾਂ ਇੱਥੇ ਦੋਹਾਂ ਪਾਸਿਆਂ ਦੇ ਲੋਕ ਅਣਐਲਾਨੇ ਇੰਤਜ਼ਾਮ ਨਾਲ ਹੀ ਆ ਕੇ ਇਬਾਦਤ ਕਰਦੇ ਤੇ ਵਾਪਸ ਚਲੇ ਜਾਂਦੇ ਰਹੇ। ਫਿਰ 1981 ਵਿਚ ਬਾਕਾਇਦਾ ਤੌਰ ‘ਤੇ ਰਸਤਾ ਖੋਲ੍ਹ ਦਿੱਤਾ। ਉਧਰੋਂ ਗਿਣ ਕੇ ਲੋਕ ਲੰਘਾਏ ਜਾਂਦੇ ਤੇ ਵਾਪਸੀ ਵੇਲੇ ਵੀ ਗਿਣ ਲਏ ਜਾਂਦੇ। ਇਸ ਨੂੰ 1983 ਵਿਚ ਬੰਦ ਕਰ ਦਿੱਤਾ ਗਿਆ। ਫਿਰ ਇਧਰੋਂ ਜਦੋਂ ਲਾਊਡ ਸਪੀਕਰ ਉਪਰ ਰਾਤਾਂ ਨੂੰ ਨਮਾਜ਼ ਪੜ੍ਹੀ ਜਾਂਦੀ ਤਾਂ ਦੂਸਰੀ ਤਰਫ਼ ਦੇ ਲੋਕ ਦੂਰ ਖੜ੍ਹੇ ਹੋ ਕੇ ਹੀ ਸਿਜਦਾ ਕਰ ਲੈਂਦੇ। ਦੁੱਖ ਦੀ ਗੱਲ ਹੈ ਕਿ 1990 ਵਿਚ ਇਹ ਲਾਊਡ ਸਪੀਕਰ ਵੀ ਬੰਦ ਕਰਵਾ ਦਿੱਤੇ। ਹੁਣ ਢੁਕਵਾਂ ਮੌਕਾ ਹੈ, ਭਾਰਤ ਸਰਕਾਰ ਨੂੰ ਪਾਕਿਸਤਾਨ ਵੱਲੋਂ 4 ਕਿਲੋਮੀਟਰ ਲਾਂਘਾ ਖੋਲ੍ਹਣ ਦੇ ਹੁੰਗਾਰੇ ਵਜੋਂ ਮੱਠਾ ਸ਼ਰੀਫ਼ ਦਾ ਇਹ ਅੱਧਾ ਕਿਲੋਮੀਟਰ ਦਾ ਰਸਤਾ ਜ਼ਰੂਰ ਖੋਲ੍ਹਣਾ ਚਾਹੀਦਾ ਹੈ।
ਇਸੇ ਤਰ੍ਹਾਂ ਸਰਹੱਦ ਦੇ ਦੋਹੀਂ ਪਾਸੀਂ ਕਈ ਤਰ੍ਹਾਂ ਦੇ ਅਸਥਾਨ ਹਨ ਜਿਨ੍ਹਾਂ ਉਪਰ ਦੋਹਾਂ ਪਾਸਿਆਂ ਦੇ ਲੋਕ ਕਈ ਜਗ੍ਹਾ ਦੂਰੋਂ ਤੇ ਕਈ ਜਗ੍ਹਾ ਤਾਂ ਨਜ਼ਦੀਕ ਆ ਕੇ ਵੀ ਸਿਜਦਾ ਕਰਦੇ ਹਨ। ਇਨ੍ਹਾਂ ਨੂੰ ਵਿਧੀਵਤ ਬਣਾ ਦੇਣਾ ਚਾਹੀਦਾ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕ ਵੀ ਅਜਿਹੀਆਂ ਮਜ਼ਾਰਾਂ ਹਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਵਿਚ ਵੀ। ਉਧਰ ਹੁਣੇ ਹੁਣੇ ਚੀਨ ਨੇ ਲਾਹੌਰ ਵਿਚ ਆਪਣੇ ਸਫ਼ਾਰਤਖਾਨੇ ਦਾ ਵੀਜ਼ਾ ਕੇਂਦਰ ਖੋਲ੍ਹਿਆ ਹੈ। ਅਜਿਹਾ ਕੇਂਦਰ ਭਾਰਤ ਦਾ ਵੀ ਖੁੱਲ੍ਹ ਸਕਦਾ ਹੈ ਅਤੇ ਅੰਮ੍ਰਿਤਸਰ ਵਿਚ ਪਾਕਿਸਤਾਨ ਦਾ, ਤਾਂ ਜੋ ਲੋਕ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ ਆਉਣਾ ਜਾਣਾ, ਘੁੰਮਣਾ ਫਿਰਨਾ ਬਣਾ ਸਕਣ। ਕਿਹਾ ਜਾਵੇਗਾ ਕਿ ਅਜੇ ਹਾਲਾਤ ਕਸ਼ੀਦਗੀ ਭਰੇ ਹਨ, ਅਜਿਹੀਆਂ ਗੱਲ ਸੰਭਵ ਨਹੀਂ; ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਤਾਂ ਇਸੇ ਕਸ਼ੀਦਗੀ ਵਿਚ ਹੀ ਸੰਭਵ ਹੋ ਰਿਹਾ ਹੈ। ਫਿਰ ਲੋਕਾਂ ਦਾ ਆਉਣਾ ਜਾਣਾ ਹੀ ਕਸ਼ੀਦਗੀਆਂ ਦੂਰ ਕਰਨ ਦਾ ਸਭ ਤੋਂ ਕਾਰਾਗਰ ਸਾਧਨ ਹੈ। ਹਾਂ, ਜਿਨ੍ਹਾਂ ਦਾ ਸਿਆਸੀ ਆਧਾਰ ਹੀ ਕਸ਼ੀਦਗੀਆਂ ਹਨ, ਉਨ੍ਹਾਂ ਦੀ ਗੱਲ ਉੱਕਾ ਵੱਖਰੀ ਹੈ।
ਇਸ ਵੇਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਮੁੱਖ ਚਰਚਾ ਪਾਕਿਸਤਾਨ ਵੱਲੋਂ ਲਗਾਈ 20 ਡਾਲਰ ਦੀ ਫੀਸ ਬਾਰੇ ਹੈ ਜੋ 1400 ਰੁਪਏ ਬਣਦੀ ਹੈ। ਪਹਿਲਾਂ ਇਸ ਗੱਲ ਦਾ ਖ਼ਿਆਲ ਨਹੀਂ ਸੀ ਅਤੇ ਨਾ ਹੀ ਇਹ ਸੀ ਕਿ ਇਸ ਵਾਸਤੇ ਇੰਨੀਆਂ ਵੱਡੀਆਂ ਬਿਲਡਿੰਗਾਂ ਬਣਨਗੀਆਂ। ਪਾਕਿਸਤਾਨ ਦਾ ਪੱਖ ਹੈ ਕਿ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਹ ਖਰਚੇ ਦਾ ਸਿਰਫ਼ 10 ਫੀਸਦੀ ਹੀ ਲੈ ਰਹੇ ਹਨ। ਦੂਜੇ ਪਾਸੇ ਸਾਨੂੰ ਇਹ ਲਗਦਾ ਹੈ ਕਿ 4 ਕਿਲੋਮੀਟਰ ਵਾਸਤੇ ਇੰਨੀਆਂ ਸਹੂਲਤਾਂ ਦੀ ਲੋੜ ਹੀ ਨਹੀਂ ਸੀ। ਤੁਸੀਂ ਬੰਦਿਆਂ ਦੀ ਸ਼ਨਾਖ਼ਤ ਲੈ ਕੇ ਤੋਰੀ ਜਾਵੋ ਤੇ ਗਿਣਤੀ ਕਰਦੇ ਜਾਓ। ਫਿਰ ਵੀ ਉਹ ਦੂਸਰਾ ਮੁਲਕ ਹੈ, ਉਸ ਦੀਆਂ ਆਪਣੀਆਂ ਜ਼ਰੂਰਤਾਂ ਹੋ ਸਕਦੀਆਂ ਹਨ, ਅਸੀਂ ਜ਼ਿਆਦਾ ਨੁਕਤਾਚੀਨੀ ਨਹੀਂ ਕਰ ਸਕਦੇ। ਅਸੀਂ ਜਾਣਦੇ ਹਾਂ, ਲੋਕ ਇਸ ਫੀਸ ਤੋਂ ਖੁਸ਼ ਨਹੀਂ ਪਰ ਦੇਣ ਬਾਰੇ ਬਿਨਾ ਉਜ਼ਰ ਤਿਆਰ ਹੋਣਗੇ। ਇਸ ਬਾਰੇ ਅਕਾਲੀ ਲੀਡਰਾਂ ਅਤੇ ਅਮਰਿੰਦਰ ਸਿੰਘ ਵੱਲੋਂ ਜਜ਼ੀਆ ਕਹਿਣਾ ਬਹੁਤ ਗ਼ਲਤ ਹੈ। ਇਹ ਗੱਲ ਕਿਸੇ ਠੀਕ ਤਰੀਕੇ ਨਾਲ ਨਾਲ ਵੀ ਕੀਤੀ ਜਾ ਸਕਦੀ ਹੈ।
ਚੰਗਾ ਤਾਂ ਇਹ ਹੈ ਕਿ ਭਾਰਤ ਆਪਣੇ ਵੱਲੋਂ ਹੋਰ ਲਾਂਘੇ ਖੋਲ੍ਹੇ, ਬਿਨਾ ਫੀਸ ਚੰਗੀਆਂ ਸਹੂਲਤਾਂ ਦੀ ਮਿਸਾਲ ਪੇਸ਼ ਕਰੇ। ਹੋਰ ਚੰਗਾ ਹੋਵੇ ਕਿ ਭਾਰਤ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਆਪਣੇ ਵੱਲੋਂ ਹੀ ਦੋ ਤਰਫ਼ਾ ਬਣਾਉਣ ਦੀ ਤਜਵੀਜ਼ ਕਰੇ। ਹਫ਼ਤੇ ਵਿਚ ਦੋ ਦਿਨ ਜਾਂ ਸ਼ੁਰੂਆਤ ਵਿਚ ਸਿਰਫ਼ ਇਕ ਦਿਨ ਪਾਕਿਸਤਾਨ ਦੇ ਨਾਗਰਿਕਾਂ ਵਾਸਤੇ ਡੇਰਾ ਬਾਬਾ ਨਾਨਕ ਆਉਣ ਦੀ ਖਾਤਰ ਰੱਖਿਆ ਜਾਵੇ। ਇਸ ਦੀ ਕੋਈ ਫੀਸ ਨਾ ਹੋਵੇ। ਇਸ ਵਿਚ ਉਥੋਂ ਦੇ ਸਿੱਖ ਆਉਣ, ਹਿੰਦੂ ਆਉਣ, ਮੁਸਲਿਮ ਆਉਣ, ਸਭ ਦਾ ਸਵਾਗਤ ਹੋਵੇ। ਉਹ ਆ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਦਰਸ਼ਨ ਕਰਨ, ਲੰਗਰ ਛਕਣ ਅਤੇ ਪਿੰਡ ਵਿਚ ਵੀ ਘੁੰਮਣ। ਉਹ ਵੀ ਖੁਸ਼ ਹੋਣਗੇ ਅਤੇ ਸਾਡੇ ਲੋਕ ਵੀ। ਇਥੇ ਵੱਖ ਵੱਖ ਚੀਜ਼ਾਂ ਦੀਆਂ ਦੁਕਾਨਾਂ ਲੱਗ ਸਕਦੀਆਂ ਹਨ ਜਿਸ ਵਿਚ ਉਹ ਖ਼ਰੀਦੋ ਫਰੋਖ਼ਤ ਕਰਨ, ਸਾਡੇ ਵਪਾਰੀ ਵੀ ਖੁਸ਼ ਹੋਣ ਤੇ ਉਹ ਵੀ ਥੈਲੇ ਭਰ ਕੇ ਲੈ ਕੇ ਜਾਣ।
ਇਸ ਨਾਲ ਵੱਡੇ ਮਕਸਦ ਦੀ ਪੂਰਤੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਭ ਭੇਦ ਭੁਲਾ ਕੇ ਮਨੁਖਤਾ ਦੀ ਸਾਂਝ’ ਦੇ ਮੁੱਖ ਸੰਦੇਸ਼ ਨੂੰ ਅਮਲੀ ਰੂਪ ਵਿਚ ਦੂਰ ਦਰਾਜ ਤੱਕ ਪਹੁੰਚਾਇਆ ਜਾ ਸਕਦਾ ਹੈ, ਸਿਰਫ਼ ਇਸੇ ਤਰੀਕੇ ਨਾਲ।
… ਅਭੈ ਸਿੰਘ ਸੰਪਰਕ: 98783-75903