ਅਲੋਪ ਹੋ ਰਿਹਾ ਪੰਜਾਬੀ ਵਿਰਸਾ —- ਦਰਵਾਜ਼ੇ

0
467

ਉਨ੍ਹਾਂ ਸਮਿਆਂ ਵਿਚ ਘਰਾਂ ਦੇ ਦਰਵਾਜ਼ੇ ਵੀ ਇਸੇ ਤਰ੍ਹਾਂ ਦੇ ਡਾਟਦਾਰ ਹੁੰਦੇ ਸਨ ਪਰ ਉਨ੍ਹਾਂ ਦਾ ਆਕਾਰ ਇਨ੍ਹਾਂ ਦਰਵਾਜ਼ਿਆਂ ਨਾਲੋਂ ਛੋਟਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਲੈ-ਦੇ ਕੇ ਬਹੁਤਿਆਂ ਦਾ ਇਕ ਹੀ ਘਰ ਹੁੰਦਾ ਸੀ। ਰਿਹਾਇਸ਼ ਵੀ ਉਸੇ ਘਰ ਵਿਚ ਹੁੰਦੀ ਸੀ। ਪਸ਼ੂ ਵੀ ਉਸੇ ਘਰ ਵਿਚ ਰੱਖੇ ਜਾਂਦੇ ਸਨ।
ਊਠ ਪੱਠਿਆਂ ਦੇ ਲੱਦੇ-ਲਦਾਏ ਇਨ੍ਹਾਂ ਦਰਵਾਜ਼ਿਆਂ ਵਿਚ ਦੀ ਲੰਘ ਜਾਂਦੇ ਸਨ। ਘਰ ਵੀ ਬਹੁਤ ਖੁੱਲ੍ਹੇ ਹੁੰਦੇ ਸਨ। ਗਰਮੀਆਂ ਦੇ ਮੌਸਮ ਵਿਚ ਇਨ੍ਹਾਂ ਦਰਵਾਜ਼ਿਆਂ ਵਿਚ ਹੀ ਘਰ ਦੇ ਜੀਆਂ ਦਾ ਜ਼ਿਆਦਾ ਸਮਾਂ ਲੰਘਦਾ ਹੁੰਦਾ ਸੀ।

ਧੰਨ ਕੁਰ ਸਿਉਂਮੇ ਕੁੜਤੀ ਖੱਦਰ ਦੀ,
ਮੇਰੀ ਕੱਤਣ ਦੀ ਤਿਆਰੀ।
ਵਿਚ ਦਰਵਾਜ਼ੇ ਦੇ, 
ਲੱਛੀ ਕੱਢੇ ਫੁਲਕਾਰੀ।

 -0-

ਆਰੀ ਆਰੀ ਆਰੀ,

ਵਿਚ ਦਰਵਾਜ਼ੇ ਦੇ,

ਇਕ ਫੁੱਲ ਕੱਢਦਾ ਫੁਲਕਾਰੀ।

 

ਉਨ੍ਹਾਂ ਸਮਿਆਂ ਵਿਚ ਨੰਬਰਦਾਰ ਚੰਗੀ ਜ਼ਮੀਨ-ਜਾਇਦਾਦ ਵਾਲੇ, ਮਾਣ-ਸਤਿਕਾਰ ਵਾਲੇ ਬਣਾਏ ਜਾਂਦੇ ਸਨ। ਜਿਸ ਕਿਸੇ ਨੰਬਰਦਾਰ ਦੀ ਛੋਟੀ-ਮੋਟੀ ਡਿਉਢੀ ਤਾਂ ਹੁੰਦੀ ਸੀ ਪਰ ਦਰਵਾਜ਼ਾ ਨਹੀਂ ਹੁੰਦਾ ਸੀ, ਉਸ ਦੀ ਨੰਬਰਦਾਰੀ ‘ਤੇ ਵਿਅੰਗ ਕੱਸਿਆ ਜਾਂਦਾ ਸੀ-
ਤੂੰ ਕਾਹਦਾ ਨੰਬਰਦਾਰ?
ਵੇ ਦਰਵਾਜ਼ਾ ਹੈ ਨੀ?


 ਦਰਵਾਜ਼ਾ ਉਨ੍ਹਾਂ ਸਮਿਆਂ ਵਿਚ ਸਤਿਕਾਰ ਦਾ ਚਿੰਨ੍ਹ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਲੋਕ ਦੁੱਧ, ਮੱਖਣ, ਘਿਓ, ਅੱਧਰਿੜਕ, ਤਿਊੜਾਂ ਤੇ ਲੱਸੀਆਂ ਪੀਂਦੇ ਹੁੰਦੇ ਸਨ। ਲੋਕਾਂ ਵਿਚ ਅੰਨ੍ਹਾ ਜ਼ੋਰ ਹੁੰਦਾ ਸੀ। ਖੇਤੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਦੀਆਂ ਮੁਟਿਆਰਾਂ ਵਿਚ ਵੀ ਲੋਹੜੇ ਦੀ ਜੁਆਨੀ ਹੁੰਦੀ ਸੀ। ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਦੀ ਧਮਕ ਦਰਵਾਜ਼ਿਆਂ ਤੱਕ ਸੁਣੀ ਜਾਂਦੀ ਸੀ-

ਗਿੱਧੇ ਵਿਚ ਨੱਚਦੀ ਦੀ,
ਮੇਰੀ ਧਮਕ ਪਵੇ ਦਰਵਾਜ਼ੇ।


 ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ ਪਰ ਘਰ ਦੇ ਕੰਮ-ਧੰਦੇ ਵਿਚ ਪੂਰਾ ਮਾਹਰ ਕੀਤਾ ਜਾਂਦਾ ਸੀ। ਕੁੜੀਆਂ ਦਾ ਜ਼ਿਆਦਾ ਸਮਾਂ ਕਢਾਈ, ਬੁਣਾਈ, ਕਤਾਈ ਵਿਚ ਲਗਦਾ ਹੁੰਦਾ ਸੀ। ਆਮ ਤੌਰ ‘ਤੇ ਹਰ ਘਰ ਵਿਚ ਤਿੰਨ-ਤਿੰਨ, ਚਾਰ-ਚਾਰ ਚਰਖੇ ਹੁੰਦੇ ਸਨ।

ਮੁਟਿਆਰਾਂ ਦੇ ਚਰਖੇ ਕੱਤਣ ਦੀਆਂ ਗੂੰਜਾਂ ਵੀ ਦਰਵਾਜ਼ਿਆਂ ਤੱਕ ਸੁਣੀਆਂ ਜਾਂਦੀਆਂ ਸਨ-

ਆ ਵੇ ਦਿਉਰਾ ਜਾ ਵੇ ਦਿਉਰਾ,
ਬੋਤਾ ਬੰਨ੍ਹ ਦਰਵਾਜ਼ੇ।
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ,
ਤੈਨੂੰ ਪੰਜ ਪਰਸ਼ਾਦੇ।
ਨਿੰਮ ਹੇਠ ਕੱਤਦੀ ਦੀ,
ਮੇਰੀ ਗੂੰਜ ਸੁਣੇ ਦਰਵਾਜ਼ੇ।


 


 ਦਰਵਾਜ਼ਿਆਂ ਦੀ ਐਨੀ ਮਾਨਤਾ ਹੁੰਦੀ ਸੀ ਕਿ ਕੁੜੀਆਂ ਵਿਛਾਈਆਂ, ਝੋਲਿਆਂ, ਸਿਰਹਾਣਿਆਂ ਤੇ ਦਰਵਾਜ਼ਿਆਂ ਦੀ ਕਢਾਈ ਕਰਦੀਆਂ ਹੁੰਦੀਆਂ ਸਨ-

 

ਕੱਢਣਾ ਦਿੱਲੀ ਦਰਵਾਜ਼ਾ, 
ਪੱਚੀਆਂ ਦੀ ਲਿਆ ਦੇ ਲੋਗੜੀ।
ਪਹਿਲੇ ਸਮਿਆਂ ਵਿਚ ਪਿੰਡਾਂ ਤੇ ਸ਼ਹਿਰਾਂ ਦੀ ਸਾਰੀ ਆਬਾਦੀ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਰਹਿੰਦੀ ਹੁੰਦੀ ਸੀ। ਹੁਣ ਬਹੁਤੀ ਆਬਾਦੀ ਇਨ੍ਹਾਂ ਦਰਵਾਜ਼ਿਆਂ ਤੋਂ ਬਾਹਰ ਰਹਿੰਦੀ ਹੈ। ਸ਼ਹਿਰਾਂ ਵਿਚਲੇ ਬਹੁਤੇ ਦਰਵਾਜ਼ੇ ਤਾਂ ਸੜਕਾਂ ਖੁੱਲ੍ਹੀਆਂ ਕਰਨ ਲਈ ਢਾਹ ਦਿੱਤੇ ਗਏ ਹਨ। 
ਬਹੁਤੇ ਪਿੰਡਾਂ ਵਿਚ ਅਜੇ ਵੀ ਇਹ ਦਰਵਾਜ਼ੇ ਕਾਇਮ ਹਨ ਪਰ ਹੁਣ ਲੋਕਾਂ ਕੋਲ ਇਨ੍ਹਾਂ ਦਰਵਾਜ਼ਿਆਂ ਵਿਚ ਬੈਠਣ ਲਈ ਵਿਹਲ ਨਹੀਂ ਹੈ। ਹੁਣ ਇਨ੍ਹਾਂ ਦਰਵਾਜ਼ਿਆਂ ਵਿਚ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਹਨ। ਇਹ ਦਰਵਾਜ਼ੇ ਸਾਡੇ ਸੱਭਿਆਚਾਰ ਦਾ ਚਿੰਨ੍ਹ ਹਨ, ਜੋ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਹਨ।