ਹਾਂਗਕਾਂਗ ‘ਚ ਤੀਆਂ ਦੇ ਮੇਲੇ ਦੌਰਾਨ ਮਿਸ ਪੰਜਾਬਣ ਮੁਕਾਬਲਾ

0
537

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਪੰਜਾਬੀ ਵੁਮੈਨਜ਼ ਕਲੱਬ ਵਲੋਂ ਪੰਜਾਬ ਦੇ ਵਿਰਾਸਤੀ ‘ਤੀਆਂ ਤੀਜ ਦੀਆਂ-3’ ਮੇਲੇ ਦੌਰਾਨ ਮਿਸ ਪੰਜਾਬਣ ਦੇ ਕਰਵਾਏ ਗਏ ਸ਼ਾਨਦਾਰ ਮੁਕਾਬਲੇ ਦੌਰਾਨ ਮਨਦੀਪ ਕੌਰ ਨੇ ਜੇਤੂ ਕਰਾਰ ਦਿੰਦਿਆਂ ਮਿਸ ਪੰਜਾਬਣ ਹਾਂਗਕਾਂਗ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਵਿਰਾਸਤੀ ਸਮਾਰੋਹ ਦੌਰਾਨ ਮਿਸ ਪੰਜਾਬਣ ਦੇ ਮੁਕਾਬਲਿਆਂ ਲਈ ਨੀਨਾ ਪੁਸ਼ਕਰਨਾ, ਰਾਨੂੰ ਵਾਸਨ, ਇਮਤ ਕੌਰ ਅਤੇ ਸੁਰਚਨਾ ਕੌਰ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ |

ਮਿਸ ਪੰਜਾਬਣ: ਮਨਦੀਪ ਕੌਰ

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਰਪ੍ਰੀਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ | ਗਿੱਧੇ ਤੇ ਬੋਲੀਆਂ ਦੀ ਟੀਮ ‘ਚ ਦਵਿੰਦਰ ਕੌਰ, ਅਮਨਦੀਪ ਕੌਰ, ਸੰਦੀਪ ਕੌਰ ਅਤੇ ਸੁਖਪ੍ਰੀਤ ਕੌਰ ਵਲੋਂ ਪੰਜਾਬ ਦੀ ਸ਼ਾਨਾਮਤੀ ਵਿਰਾਸਤੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਸਮਾਰੋਹ ਦੇ ਪ੍ਰਬੰਧਕ ਵੀਰਪਾਲ ਕੌਰ, ਰਿੱਪੀ ਸ਼ੇਰਗਿੱਲ ਅਤੇ ਸੰਦੀਪ ਕੌਰ ਵਲੋਂ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਹਰ ਵਰ੍ਹੇ ਅਜਿਹੇ ਸੱਭਿਆਚਾਰਕ ਸਮਾਰੋਹ ਕਰਵਾਉਣ ਦਾ ਅਹਿਦ ਲਿਆ ਗਿਆ | ਇਸ ਮੌਕੇ ਕੱਢੇ ਗਏ ਲੱਕੀ ਡਰਾਅ ਦੌਰਾਨ ਜੇਤੂਆਂ ਨੂੰ ਸ਼ਾਨਦਾਰ ਤੋਹਫ਼ਿਆਂ ਦੀ ਵੰਡ ਕੀਤੀ ਗਈ |