ਵੱਡੇ-ਵਡੇਰੇ-ਬਾਬੇ ਗੋਖ ਦਾ ਖੂੰਡਾ

0
539

ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਪੜ੍ਹ ਰਿਹਾ ਸਾਂ। ਇੱਕ ਅਧਿਆਇ ਪੜ੍ਹਦਿਆਂ ਮੇਰੇ ਆਪਣੇ ਪਿੰਡ ਦੇ ਇੱਕ ਪੁਰਾਣੇ ਬਜ਼ੁਰਗ਼ ਬਾਬਾ ਗੋਖ ਦੀ ਇੱਕ ਕਾਲਪਨਿਕ ਤਸਵੀਰ ਮੇਰੇ ਜ਼ਿਹਨ ਵਿੱਚ ਉੱਭਰ ਆਈ। ਬਾਬਾ ਗੋਖ ਦੀ ਗਾਥਾ ਬਚਪਨ ਵਿੱਚ ਸਾਡੇ ਪਿਤਾ ਅਕਸਰ ਸੁਣਾਇਆ ਕਰਦੇ ਸਨ।
ਗੱਲ ਉਨ੍ਹਾਂ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਲੋਕ ਦਿਮਾਗ਼ੀ ਤਾਕਤ ਨਾਲੋਂ ਸਰੀਰਿਕ ਬਲ ’ਤੇ ਜ਼ਿਆਦਾ ਜ਼ੋਰ ਦਿੰਦੇ ਸਨ। ਬੇਹਿਸਾਬੀਆਂ ਖੁਰਾਕਾਂ ਖਾਣੀਆਂ ਤੇ ਜ਼ਿਦ-ਜ਼ਿਦ ਕੇ ਕੰਮ ਕਰਨਾ ਲੋਕਾਂ ਦਾ ਸ਼ੌਕ ਹੁੰਦਾ ਸੀ। ਬਾਬਾ ਗੋਖ ਵੀ ਉਨ੍ਹਾਂ ਵੇਲਿਆਂ ਦੀ ਪੈਦਾਇਸ਼ ਸੀ। ਸਰੂ ਵਰਗਾ ਉੱਚਾ ਛੇ ਫੁੱਟ ਕੱਦ ਅਤੇ ਓਨਾ ਹੀ ਲੰਮਾ ਤੇ ਭਾਰਾ ਖੂੰਡਾ, ਇਉਂ ਲੱਗਦਾ ਜਿਵੇਂ ਦੋ ਬੰਦੇ ਤੁਰੇ ਜਾਂਦੇ ਹੋਣ।
ਇੱਕ ਦਿਨ ਮੇਰੇ ਹੀ ਪਿੰਡ ਦਾ ਇੱਕ ਹੋਰ ਬਾਬਾ ਅਨੋਖ ਸਿਹੁੰ, ਜੋ ਬਾਬੇ ਗੋਖ ਦਾ ਭਤੀਜਾ ਲੱਗਦਾ ਸੀ, ਦਿਨ ਦੇ ਛਿਪਾ ਜਿਹੇ ਨਾਲ ਖੇਤੋਂ ਗੇੜਾ ਮਾਰ ਕੇ ਮੁੜਿਆ ਤਾਂ ਸੱਥ ਵਿੱਚ ਖੁੰਢ ’ਤੇ ਬੈਠਾ ਬਾਬਾ ਗੋਖ ਮਿਲ ਪਿਆ। ਅਨੋਖ ਸਿਹੁੰ ਨੂੰ ਆਉਂਦਾ ਵੇਖ ਬਾਬੇ ਨੇ ਸਰਸਰੀ ਪੁੱਛਿਆ, ‘‘ਸੁਣਾ ਭਤੀਜ, ਐਸ ਵੇਲੇ ਕਿੱਧਰੋਂ?’’ ‘‘ਕੀ ਸੁਣਾਵਾਂ ਚਾਚਾ, ਇੱਕ ਢੱਠਾ ਗਿੱਝ ਗਿਆ ਖੇਤ ’ਚ। ਆਪਣੇ ਪਿੰਡ ਦਾ ਤਾਂ ਹੈ ਨ੍ਹੀਂ, ਬਾਹਰੋਂ ਆਇਆ ਲੱਗਦੈ। ਹੈ ਵੀ ਪੂਰਾ ਮਾਰ-ਖੁੰਢ। ਖੇਤ ’ਚੋਂ ਲਲ੍ਹਕਰੀਏ ਤਾਂ ਸਿੱਧਾ ਮਾਰਨ ਨੂੰ ਆਉਂਦੈ। ਓਸੇ ਨੂੰ ਮਸਾਂ ਖੇਤ ’ਚੋਂ ਕੱਢ ਕੇ ਆਇਆਂ।’’ ਅਨੋਖ ਸਿਹੁੰ ਨੇ ਦੁਖੀ ਹੋ ਕੇ ਦੱਸਿਆ। ‘‘ਹੱਛਾ! ਇਹ ਗੱਲ ਐ ਤਾਂ ਸਵੇਰੇ ਮੈਨੂੰ ਵੀ ਨਾਲ ਲੈ ਚੱਲੀਂ… ਚਾਚਾ ਭਤੀਜਾ ਦੋਹੇਂ ਰਲ ਕੇ ਮੋੜ ਦਿਆਂਗੇ।’’ ਬਾਬੇ ਗੋਖ ਨੇ ਸੁਲ੍ਹਾ ਮਾਰੀ।
ਤੇ ਅਗਲੇ ਦਿਨ ਬਾਬਾ ਗੋਖ, ਅਨੋਖ ਸਿਹੁੰ ਨਾਲ ਖੇਤ ਜਾਂਦਾ ਰਿਹਾ। ਢੱਠਾ ਵੀ ਸਬੱਬੀਂ ਖੇਤ ’ਚ ਹੀ ਚਰ ਰਿਹਾ ਸੀ। ਉਨ੍ਹਾਂ ਨੂੰ ਦੂਰੋਂ ਹੀ ਆਉਂਦਿਆਂ ਵੇਖ ਕੇ ਢੱਠੇ ਨੇ ਬੜ੍ਹਕ ਮਾਰੀ। ‘‘ਵੇਖ ਲੈ ਚਾਚਾ, ਪੂਰਾ ਹੰਕਾਰਿਆ ਐ।’’ ਅਨੋਖ ਸਿਹੁੰ ਡਰਦਾ ਜਿਹਾ ਬੋਲਿਆ। ‘‘ਕੋਈ ਨਾ ਭਤੀਜ, ਹੌਸਲਾ ਰੱਖ।’’ ਬਾਬੇ ਗੋਖ ਨੇ ਧੀਰਜ ਦਿੱਤਾ ਅਤੇ ਦੋਵੇਂ ਜਣੇ ਹੌਲੀ ਹੌਲੀ ਢੱਠੇ ਦੇ ਨੇੜੇ ਪੁੱਜ ਗਏ। ਬਾਬੇ ਗੋਖ ਨੇ ਨਿਗ੍ਹਾ ਭਰ ਕੇ ਢੱਠੇ ਨੂੰ ਵੇਖਿਆ ਜਿਵੇਂ ਉਸਦੇ ਜ਼ੋਰ ਨੂੰ ਜਾਂਚ ਰਿਹਾ ਹੋਵੇ। ਫਿਰ ਲਾਂਗੜ ਕੱਢ ਕੇ ਤੇ ਖੂੰਡੇ ਨੂੰ ਫਬਾ ਕੇ ਦੋਵਾਂ ਹੱਥਾਂ ਵਿੱਚ ਫੜ ਕੇ ਬੋਲਿਆ, ‘‘ਲੈ ਭਤੀਜ, ਹੁਣ ਤੂੰ ਮੇਰੇ ਮੂਹਰੇ ਖੜ੍ਹ ਜਾ ਤੇ ਢੱਠੇ ਨੂੰ ਲਲ੍ਹਕਰਾ ਮਾਰ।’’ ਬਾਬੇ ਦੀ ਗੱਲ ਸੁਣ ਕੇ ਅਨੋਖ ਸਿਹੁੰ ਠਠੰਬਰ ਗਿਆ ਤੇ ਕਹਿਣ ਲੱਗਾ, ‘‘ਮਖ਼ੌਲ ਕਰਦੈਂ ਚਾਚਾ? ਉਹ ਤਾਂ ਤੀਰ ਵਾਂਗੂੰ ਆਉਂਦੈ। ਮੇਰੀਆਂ ਤਾਂ ਛਾਲਾਂ ਚਕਾ ਦੇਊ।’’ ‘‘ਭਤੀਜ ਘਾਬਰ ਨਾ, ਤੂੰ ਮੇਰੇ ਮੂਹਰੇ ਖੜ੍ਹ ਕੇ ਇੱਕ ਵਾਰ ਲਲ੍ਹਕਰਾ ਮਾਰ ਦੇ ਤੇ ਜਦੋਂ ਢੱਠਾ ਨੇੜੇ ਆਵੇ ਤਾਂ ਭੱਜ ਕੇ ਪਾਸੇ ਹੋ ਜੀਂ। ਬਾਕੀ ਮੈਂ ਜਾਣਾ ਤੇ ਮੇਰਾ ਕੰਮ।’’ ਚਾਚੇ ਨੇ ਭਤੀਜੇ ਦਾ ਮੋਢਾ ਥਾਪੜਿਆ।

ਅਨੋਖ ਸਿਹੁੰ ਨੇ ਬਾਬੇ ਗੋਖ ਅੱਗੇ ਖੜ੍ਹ ਕੇ ਢੱਠੇ ਨੂੰ ਲਲਕਾਰਾ ਮਾਰਿਆ। ਤਾਕਤ ਦੇ ਜ਼ੋਰ ਵਿੱਚ ਅੰਨ੍ਹਾ ਹੋਇਆ ਢੱਠਾ ਉਨ੍ਹਾਂ ਵੱਲ ਨੂੰ ਭੱਜਿਆ। ‘‘ਹੋ ਜਾ ਭਤੀਜ ਪਾਸੇ, ਹੁਣ ਮੈਂ ਵਿਹਨਾਂ ਇਹਨੂੰ।’’ ਬਾਬਾ ਗੋਖ ਪੂਰੇ ਪੈਂਤੜੇ ’ਚ ਹੋ ਕੇ ਬੋਲਿਆ। ਅਨੋਖ ਸਿੰਘ ਪਾਸੇ ਹਟਿਆ ਤੇ ਠਾਹ ਕਰਦਾ ਖੂੰਡਾ ਢੱਠੇ ਦੇ ਸਿੰਗਾਂ ਦੇ ਵਿਚਾਲੇ ਠੁਕਿਆ। ਸੱਟ ਖਾ ਕੇ ਜਾਨਵਰ ਪਿੱਛੇ ਹਟਿਆ ਤੇ ਹੁੜ੍ਹੀ ਲੈ ਕੇ ਫਿਰ ਬਾਬੇ ਵੱਲ ਨੂੰ ਵਧਿਆ। ਬਾਬੇ ਨੇ ਫਿਰ ਪੱਬਾਂ ਭਾਰ ਹੋ ਕੇ ਖੂੰਡਾ ਦੋਵਾਂ ਸਿੰਗਾਂ ’ਚ ਮਾਰਿਆ। ਢੱਠਾ ਵੀ ਜਿਵੇਂ ਆਈ ’ਤੇ ਆਇਆ ਹੋਇਆ ਸੀ। ਤੀਜੀ ਵਾਰ ਫਿਰ ਖੁਰਾਂ ਨਾਲ ਧਰਤੀ ਪੁੱਟਦਾ ਤੇ ਨਾਸਾਂ ਫੁੰਕਾਰਦਾ ਹਨੇਰੀ ਵਾਂਗ ਆਇਆ। ਬਾਬੇ ਗੋਖ ਨੇ ਵੀ ਪੂਰਾ ਟਿੱਲ ਲਾ ਕੇ ਖੂੰਡਾ ਮਾਰਿਆ। ਦਰਖ਼ਤ ਦਾ ਟਾਹਣ ਟੁੱਟਣ ਵਰਗੀ ਆਵਾਜ਼ ਆਈ ਤੇ ਖੂੰਡਾ ਅੱਧ-ਵਿਚਾਲਿਉਂ ਟੁੱਟ ਕੇ ਪਾਸੇ ਜਾ ਡਿੱਗਿਆ। ਓਧਰ ਢੱਠੇ ਦੀ ਬੂਥ ਵੀ ਧਰਤੀ ’ਤੇ ਲੱਗ ਗਈ।
‘‘ਹੁਣ ਕੀ ਬਣੂੰ ਚਾਚਾ?’’ ਖੂੰਡਾ ਟੁੱਟ ਜਾਣ ਕਰਕੇ ਅਨੋਖ ਸਿਹੁੰ ਹੋਰ ਘਬਰਾ ਗਿਆ। ਬਾਬੇ ਗੋਖ ਨੇ ਪਾਸੇ ਨੂੰ ਮੂੰਹ ਕਰਕੇ ਥੁੱਕਿਆ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਮੱਥੇ ਤੋਂ ਮੁੜ੍ਹਕਾ ਪੂੰਝਦਿਆਂ ਬੋਲਿਆ, ‘‘ਬਣਨਾ ਕੀ ਐ ਭਤੀਜ, ਪਹਿਲੀ ਗੱਲ ਤਾਂ ਹੁਣ ਇਹ ਉੱਠਦਾ ਨ੍ਹੀਂ ਤੇ ਜੇ ਉੱਠ ਖੜ੍ਹਾ ਫੇਰ ਆਪਣੀ ਕੋਈ ਵਾਹ ਨ੍ਹੀਂ।’’ ਜ਼ੋਰ ਦੋਵਾਂ ਧਿਰਾਂ ਦਾ ਹੀ ਪੂਰਾ ਲੱਗ ਚੁੱਕਿਆ ਸੀ। ਢੱਠਾ ਸੰਭਲਿਆ, ਪਰ ਬਾਬੇ ਹੋਰਾਂ ਵੱਲ ਆਉਣ ਦੀ ਬਜਾਏ ਪਿਛਲ-ਖੁਰੀ ਨੱਸ ਗਿਆ ਅਤੇ ਫੇਰ ਕਦੇ ਅਨੋਖ ਸਿੰਘ ਦੇ ਖੇਤ ਨਾ ਵੜਿਆ।
ਬਾਬੇ ਗੋਖ ਦਾ ਵਿਆਹ ਹੋਇਆ ਤਾਂ ਉਹ ਪਹਿਲੀ ਵਾਰ ਸਹੁਰੀਂ ਗਿਆ। ਪਿੰਡ ਵੜਦਿਆਂ ਹੀ ਪਿੰਡ ਦਾ ਇੱਕ ਚਾਂਭਲਿਆ ਬਦਮਾਸ਼ ਊਠ ਦੇ ਮੂਹਰੇ ਹੋ ਖਲੋਤਾ। ਬਾਬੇ ਨੇ ਊਠ ਦੀ ਮੁਹਾਰ ਖਿੱਚਦਿਆਂ ਪੁੱਛਿਆ, ‘‘ਹਾਂ ਬਾਈ ਜੁਆਨਾ, ਕੀ ਗੱਲ ਐ?’’ ‘‘ਗੱਲ ਕੀ ਹੋਣੀ ਐ। ਮੈਂ ਪਿੰਡ ਦੇ ਜੁਆਈ ਨੂੰ ਨਿਉਂਦਾ ਲਏ ਬਗ਼ੈਰ ਜਾਣ ਨ੍ਹੀਂ ਦਿੱਤਾ ਕਦੇ।’’ ‘‘ਕਿਹੜਾ ਨਿਉਂਦਾ?’’ ਬਾਬਾ ਗੋਖ ਅਜੇ ਪੁੱਛਣ ਹੀ ਲੱਗਾ ਸੀ ਕਿ ਪਿੰਡ ਦੇ ਇੱਕ ਬਜ਼ੁਰਗ ਨੇ ਨੇੜੇ ਹੁੰਦਿਆਂ ਆਖਿਆ, ‘‘ਜੁਆਨਾ, ਦਾਰੂ ਦੀ ਇੱਕ ਬੋਤਲ ਦੇ ਕੇ ਮੱਥਾ ਡੰਮ੍ਹ ਦੇ ਇਹਦਾ, ਨਹੀਂ ਤਾਂ ਪਤਾ ਨ੍ਹੀਂ ਕੀ ਕੁਪੱਤ ਕਰੂ। ਇਹ ਸਾਰਿਆਂ ਨਾਲ ਇਉਂ ਈ ਕਰਦੈ।’’ ਬਾਬੇ ਨੇ ਦਾੜ੍ਹੀ ਖੁਰਕੀ ਅਤੇ ਮੁੱਛਾਂ ’ਤੇ ਹੱਥ ਜਿਹਾ ਫੇਰ ਕੇ ਆਖਿਆ, ‘‘ਬਾਈ ਸਿੰਹਾਂ, ਹੁਣ ਤਾਂ ਬੋਤਲ ਹੈ ਨ੍ਹੀਂ ਮੇਰੇ ਕੋਲ, ਪਰ ਤੇਰੇ ਨਾਲ ਵਾਅਦਾ ਰਿਹਾ, ਸਵੇਰੇ ਜਾਣ ਲੱਗਿਆ ਜ਼ਰੂਰ ਦੇ ਕੇ ਜਾਊਂ।’’ ‘‘ਵੇਖ ਲੈ, ਨਹੀਂ ਤਾਂ ਪਿੰਡ ਆ ਜੂੰ ਤੇਰੇ ਮੈਂ ਬੋਤਲ ਲੈਣ!’’ ਬਦਮਾਸ਼ ਜੇਤੂ ਹਾਸਾ ਹੱਸਿਆ। ‘‘ਮਖਿਆ ਯਕੀਨ ਮੰਨ। ਕੱਲ੍ਹ ਨੂੰ ਸਾਝਰੇ-ਸਾਝਰੇ ਐਥੇ ਈ ਮਿਲਾਂਗੇ।’’ ਬਾਬੇ ਦੀ ਗੱਲ ਦਾ ਯਕੀਨ ਕਰ ਕੇ ਬਦਮਾਸ਼ ਪਾਸੇ ਹੋ ਗਿਆ ਤੇ ਬਾਬਾ ਆਪਣੇ ਸਹੁਰੇ ਘਰ ਜਾ ਪੁੱਜਾ।
ਅਗਲੇ ਦਿਨ ਬਾਬਾ ਗੋਖ ਆਪਣੀ ਪਤਨੀ ਨੂੰ ਨਾਲ ਲੈ ਕੇ ਸੁਵਖ਼ਤੇ ਹੀ ਤੁਰ ਪਿਆ। ਕਰਨੀ ਰੱਬ ਦੀ, ਪਿੰਡ ਦੀ ਫਿਰਨੀ ’ਤੇ ਬਦਮਾਸ਼ ਫਿਰ ਅੱਗੇ ਹੋ ਖੜ੍ਹਾ ਜਿਵੇਂ ਬਾਬੇ ਨੂੰ ਹੀ ਉਡੀਕ ਰਿਹਾ ਹੋਵੇ। ‘‘ਹਾਂ ਬਈ ਜੁਆਨਾ, ਲਿਆ ਫੇਰ ਮੇਰਾ ਨਿਉਂਦਾ।’’ ਬਦਮਾਸ਼ ਬੋਲਿਆ। ‘‘ਬਾਈ ਸਿੰਹਾਂ, ਤੂੰ ਫਿਰ ਟਲਦਾ ਨ੍ਹੀਂ ਹੁਣ ਨਿਉਂਦਾ ਲਏ ਬਿਨਾਂ?’’ ਬਾਬਾ ਗੁੱਝਾ ਜਿਹਾ ਮੁਸਕਰਾਇਆ। ‘‘ਮਖਿਆ ਜਵਾਂ ਈ ਨ੍ਹੀਂ, ਮੈਂ ਅੱਜ ਤਾਈਂ ਪਿੰਡ ਦਾ ਕੋਈ ਜੁਆਈ-ਭਾਈ ਜਾਣ ਈ ਨ੍ਹੀਂ ਦਿੱਤਾ ਕਦੇ ਨਿਉਂਦਾ ਲਏ ਬਗ਼ੈਰ।’’ ਬਦਮਾਸ਼ ਪੂਰਾ ਵੀਰ੍ਹਿਆ ਖੜ੍ਹਾ ਸੀ। ਬਾਬਾ ਗੋਖ ਫੁੱਲਾਂ ਵਾਲੇ ਝੋਲੇ ’ਚ ਹੱਥ ਜਿਹਾ ਮਾਰਦਾ ਕਹਿਣ ਲੱਗਾ, ‘‘ਚੰਗਾ ਬਾਈ ਸਿੰਹਾਂ, ਨਹੀਂ ਟਲਦਾ ਤਾਂ ਸੱਜੇ ਪਾਸੇ ਦੀ ਹੋ ਕੇ ਫੜ ਲੈ ਆਵਦਾ ਨਿਉਂਦਾ।’’ ਬਦਮਾਸ਼ ਉਸ ਦੀ ਮਾਰ ’ਚ ਆਇਆ ਤਾਂ ਬਾਬੇ ਨੇ ਇੱਕੋ ਖੂੰਡਾ ਟਿਕਾ ਕੇ ਮਾਰਿਆ ਤੇ ਬੋਤਾ ਤੋਰ ਕੇ ਪਿੰਡ ਨੂੰ ਆ ਗਿਆ। ਵਿਚਾਰਾ ਬਦਮਾਸ਼ ਇੱਕ ਵਾਰ ਥੱਲੇ ਡਿੱਗਿਆ ਮੁੜ ਕੇ ਨਾ ਉੱਠਿਆ।
ਕਹਿੰਦੇ ਸਮਾਂ ਪਾ ਕੇ ਉਸ ਬਦਮਾਸ਼ ਦਾ ਭਰਾ, ਆਪਣੇ ਭਾਈ ਦਾ ਬਦਲਾ ਬਾਬੇ ਗੋਖ ਤੋਂ ਲੈਣ ਵਾਸਤੇ ਸਾਡੇ ਪਿੰਡ ਆਇਆ। ਜਾਣ-ਬੁੱਝ ਕੇ ਦਿਨ ਦੇ ਛਿਪਾ ਜਿਹੇ ਨਾਲ ਬਾਬੇ ਦੇ ਬੂਹੇ ਅੱਗੇ ਖਲੋ ਕੇ ਆਵਾਜ਼ ਮਾਰੀ, ‘‘ਬਾਈ ਗੋਖ ਸਿੰਹਾਂ, ਘਰੇ ਈ ਐਂ?’’ ਬਾਬਾ ਬਾਹਰ ਆਇਆ ਤਾਂ ਉਹ ਅਧੀਨਗੀ ਜਿਹੀ ਨਾਲ ਬੋਲਿਆ, ‘‘ਮੈਂ ਬਾਈ ਰਾਤ ਕੱਟਣੀ ਸੀ। ਸੱਥ ’ਚੋਂ ਪੁੱਛਿਆ ਤਾਂ ਥੋਡੇ ਪਿੰਡ ਆਲਿਆਂ ਨੇ ਤੇਰੀ ਦੱਸ ਪਾ ’ਤੀ।’’ ‘‘ਕੋਈ ਗੱਲ ਨ੍ਹੀਂ ਭਰਾਵਾ, ਤੇਰਾ ਆਵਦਾ ਘਰ ਐ ਆਜਾ ਲੰਘਿਆ।’’ ਬਾਬੇ ਨੇ ਨਿਮਰਤਾ ਨਾਲ ਕਿਹਾ। ਰਾਹੀ-ਪਾਂਧੀ ਦੀ ਸੇਵਾ ਉਨ੍ਹੀਂ ਦਿਨੀਂ ਲੋਕ ਧਰਮ ਸਮਝ ਕੇ ਕਰਦੇ ਸਨ।
ਰਾਤ ਨੂੰ ਰੋਟੀ-ਪਾਣੀ ਛਕਣ ਮਗਰੋਂ ਬਾਬਾ ਗੋਖ ਤੇ ਬਦਮਾਸ਼ ਦਾ ਭਰਾ ਗੱਲੀਂ ਪੈ ਗਏ। ‘‘ਬਾਈ, ਸੁਣਿਐ ਤੇਰਾ ਖੂੰਡਾ ਬੜਾ ਮਸ਼ਹੂਰ ਐ ਇਲਾਕੇ ’ਚ।’’ ਉਸ ਨੇ ਗੱਲ ਛੇੜੀ। ‘‘ਉਹ ਤਾਂ ਬਾਈ ਸਿੰਹਾਂ ਐਵੇਂ ਈ ਲੋਕ ਕਹਿ ਛੱਡਦੇ ਐ। ਐਡੀ ਤਾਂ ਕੋਈ ਗੱਲ ਨ੍ਹੀਂ।’’ ਬਾਬੇ ਨੇ ਸੰਖੇਪ ਜਿਹਾ ਜਵਾਬ ਦਿੱਤਾ। ‘‘ਮੈਂ ਤਾਂ ਸੁਣਿਐ, ਬਾਈ ਨੇ ਹੁਸਨਰ ਪਿੰਡ ’ਚ ਬੰਦਾ ਈ ਮਾਰ ’ਤਾ ਸੀ ਖੂੰਡੇ ਨਾਲ।’’ ਰਾਹੀ ਗੱਲ ਦੀ ਤਹਿ ਤਕ ਜਾਣਾ ਚਾਹੁੰਦਾ ਸੀ। ‘‘ਉਹ ਤਾਂ ਬਾਈ ਸਿੰਹਾਂ ਐਵੇਂ ਆਵਦੇ ਹੰਕਾਰ ’ਚ ਈ ਮਾਰਿਆ ਗਿਆ ਹੋਰ ਆਪਣੀ ਕਿਹੜਾ ਲਾਗ-ਡਾਟ ਸੀ ਕੋਈ ਉਹਦੇ ਨਾਲ,’’ ਤੇ ਬਾਬੇ ਨੇ ਸਾਰੀ ਗੱਲ ਸਾਫ਼ਗੋਈ ਨਾਲ ਮੁਸਾਫ਼ਿਰ ਨੂੰ ਸੁਣਾ ਕੇ ਦੀਵੇ ਨੂੰ ਫੂਕ ਮਾਰ ਦਿੱਤੀ।
ਅਗਲੇ ਦਿਨ ਬਾਬਾ ਗੋਖ ਮੁਸਾਫ਼ਿਰ ਨੂੰ ਰੋਟੀ-ਪਾਣੀ ਖੁਆ ਕੇ ਪਿੰਡ ਦੇ ਬਾਹਰ ਤਕ ਛੱਡਣ ਗਿਆ। ਵਿਛੜਣ ਲੱਗਿਆਂ ਮੁਸਾਫ਼ਿਰ ਨੇ ਡੱਬ ਵਿੱਚੋਂ ਪਿਸਤੌਲ ਕੱਢਿਆ ਤੇ ਬਾਬੇ ਗੋਖ ਵੱਲ ਤਾਣ ਕੇ ਬੋਲਿਆ, ‘‘ਮੈਂ ਹੁਸਨਰ ਵਾਲੇ ਬਦਮਾਸ਼ ਦਾ ਭਰਾ ਆਂ, ਬਾਈ ਮੇਰਿਆ। ਤੇ ਮੈਂ ਆਇਆ ਸੀ ਆਵਦੇ ਭਾਈ ਦਾ ਬਦਲਾ ਲੈਣ, ਪਰ ਤੇਰੇ ਰੋਟੀ-ਪਾਣੀ ਤੇ ਸਾਫ਼-ਦਿਲੀ ਨੇ ਮੇਰਾ ਭੁਲੇਖਾ ਕੱਢ ਦਿੱਤਾ। ਵਾਕਿਆ ਈ ਮੇਰੇ ਭਰਾ ਨੂੰ ਉਹਦਾ ਹੰਕਾਰ ਲੈ ਬੈਠਾ। ਤੇਰਾ ਕੋਈ ਕਸੂਰ ਨ੍ਹੀਂ ਸੀ। ਜਾਹ ਹੁਣ ਨਾ ਡਰੀਂ।’’ ਇਹ ਆਖ ਕੇ ਰਾਹੀ ਰਾਹ ਪੈ ਗਿਆ।
ਬਾਬੇ ਗੋਖ ਅਤੇ ਹੋਰ ਬਜ਼ੁਰਗ਼ਾਂ ਦੀਆਂ ਅਜਿਹੀਆਂ ਹੋਰ ਵੀ ਅਨੇਕਾਂ ਗਾਥਾਵਾਂ ਪਿੰਡ ਦੀ ਸੱਥ ’ਚ ਬੈਠੀਆਂ ਸਰੋਤਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ। ਨਵੀਂ ਪੀੜ੍ਹੀ ਵਟਸਐਪ ਜਾਂ ਫ਼ੇਸਬੁੱਕ ‘ਤੇ ਨਜ਼ਰਾਂ ਗੱਡੀ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਲੰਘ ਜਾਂਦੀ ਹੈ।

ਗੁਰਲਾਲ ਸਿੰਘ ਬਰਾੜ

ਸੰਪਰਕ: 84376-81200