ਇੰਜ ਬੱਝਿਆ ਗ਼ਦਰ ਲਹਿਰ ਦਾ ਮੁੱਢ

0
186
kama gata maru

ਪੰਜਾਬੀਆਂ ਦੀ ਕੁਰਬਾਨੀ ਦੀ ਅਦੁੱਤੀ ਮਿਸਾਲ ਕਾਮਾਗਾਟਾਮਾਰੂ ਸਾਕਾ ਹੈ। ਇਸ ਲਹਿਰ ਦੇ ਮੁੱਖ ਆਗੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਸਨ। ਉਹ ਆਪਣੇ ਪਿਤਾ ਕੋਲ ਕੰਮਕਾਰ ਲਈ ਮਲਾਇਆ ਗਏ ਤੇ ਠੇਕੇਦਾਰੀ ਦਾ ਕੰਮ ਕਰਨ ਲੱਗ ਪਏ। ਆਪ ਪਿੰਡ ਸਰਹਾਲੀ ਤੋਂ ਮੱਝਾਂ ਲਿਜਾ ਕੇ ਮਲਾਇਆ ਵਿਖੇ ਵੇਚਦੇ ਸਨ। ਵਪਾਰ ਕਰਨ ਸਦਕਾ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਇਆ। ਇਸ ਵਪਾਰ ’ਚੋਂ ਹੀ ਉਨ੍ਹਾਂ ਜਾਣਿਆ ਕਿ ਅੰਗਰੇਜ਼ ਸਾਡੇ ਦੇਸ਼ ’ਤੇ ਰਾਜ ਇਸ ਕਰਕੇ ਕਰ ਰਹੇ ਹਨ ਕਿ ਉਹ ਸਾਡੇ ਕਿਰਤੀ ਕਿਸਾਨਾਂ ਦੀ ਕਿਰਤ-ਕਮਾਈ ਨੂੰ ਲੁੱਟ ਕੇ ਆਪਣੇ ਦੇਸ਼ ਲਿਜਾਂਦੇ ਹਨ।

ਇਸ ਲਈ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣਾ ਅਤਿ ਜ਼ਰੂਰੀ ਹੈ। ਬਾਬਾ ਗੁਰਦਿੱਤ ਸਿੰਘ ਨਾਲ ਮਲਾਇਆ ਵਿਚ ਇਕ ਘਟਨਾ ਵਾਪਰ ਗਈ। ਉਨ੍ਹਾਂ ਦਾ ਹਿੱਸੇਦਾਰ ਮੂਲ ਚੰਦ 1200 ਡਾਲਰ ਲੈ ਕੇ ਹਾਂਗਕਾਂਗ ਦੌੜ ਗਿਆ। ਬਾਬਾ ਜੀ ਉਸ ਤੋਂ ਪੈਸੇ ਲੈਣ ਵਾਸਤੇ ਹਾਂਗਕਾਂਗ ਗਏ। ਪੈਸੇ ਤਾਂ ਮਿਲੇ ਨਾ ਪਰ ਗੁਰਦੁਆਰੇ ਵਿਚ 3 ਜਨਵਰੀ 1914 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ’ਤੇ ਦੀਵਾਨ ਲੱਗਾ ਹੋਇਆ ਸੀ।

ਆਪ ਨੇ ਦੀਵਾਨ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਮੈਂ ਗ਼ਦਰ ਲਹਿਰ ਦੀ ਗਰਮਜੋਸ਼ੀ ਨਾਲ ਹਮਾਇਤ ਕਰਦਾ ਹਾਂ ਤੇ ਹਰ ਸਿੱਖ ਦਾ ਵੀ ਫ਼ਰਜ਼ ਹੈ ਕਿ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋਵੇ ਤੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਵੇ। ਸਾਡੀ ਸੋਚ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਨੂੰ ਮੁਗ਼ਲ ਹਾਕਮਾਂ ਤੋਂ ਬਚਾਉਣ ਲਈ ਪਰਿਵਾਰ ਸਮੇਤ ਕੁਰਬਾਨੀ ਦਿੱਤੀ ਸੀ।’’ ਗੁਰਦੁਆਰੇ ਵਿਚ ਬਾਬਾ ਗੁਰਦਿੱਤ ਸਿੰਘ ਹਿੰਦੁਸਤਾਨੀ ਕਿਰਤੀਆਂ ਦੇ ਦੁੱਖੜੇ ਸੁਣ ਕੇ ਹੈਰਾਨ ਹੋ ਗਏ ਜਿਨ੍ਹਾਂ ਵਿਚ ਵਧੇਰੇ ਪੰਜਾਬੀ ਸਿੱਖ ਸਨ।

ਇਹ ਪੰਜਾਬੀ ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿਚ ਕਿਰਤ ਕਰਨ ਲਈ ਜਾਣ ਵਾਸਤੇ ਇੱਥੇ ਆਏ ਸਨ। ਪਰ ਅੰਗਰੇਜ਼ਾਂ ਤੋਂ ਡਰਦੀਆਂ ਦੂਜੇ ਦੇਸ਼ਾਂ ਦੀਆਂ ਜਹਾਜ਼ੀ ਕੰਪਨੀਆਂ ਉਨ੍ਹਾਂ ਨੂੰ ਲਿਜਾਂਦੀਆਂ ਨਹੀਂ ਸਨ। ਇਨ੍ਹਾਂ ਹਾਲਤਾਂ ਵਿਚ ਬਾਬਾ ਗੁਰਦਿੱਤ ਸਿੰਘ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਦੁਖਿਆਰਿਆਂ ਨੂੰ ਉਸ ਦੇਸ਼ ’ਚ ਲਿਜਾਇਆ ਜਾਵੇ ਜਿੱਥੇ ਉਹ ਜਾਣਾ ਚਾਹੁੰਦੇ ਹਨ ਤੇ ਵਪਾਰ ਵੀ ਕੀਤਾ ਜਾਵੇ।

ਬਾਬਾ ਗੁਰਦਿੱਤ ਸਿੰਘ ਨੇ ਵਿਦੇਸ਼ ਜਾਣ ਦੇ ਚਾਹਵਾਨ ਹਿੰਦੁਸਤਾਨੀਆਂ ਨੂੰ ਕਿਹਾ ਕਿ ਮੈਂ ਇਕ ਜਹਾਜ਼ ਪਟੇ ’ਤੇ ਲੈ ਕੇ ਤਹਾਨੂੰ ਵਿਦੇਸ਼ ਲੈ ਕੇ ਜਾਵਾਂਗਾ ਤੇ ਉਹ ਤਿਆਰ ਹੋ ਗਏ। ਉਕਤ ਮਕਸਦ ਦੀ ਪੂਰਤੀ ਲਈ ਬਾਬਾ ਗੁਰਦਿੱਤ ਸਿੰਘ ਨੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਬਣਾ ਕੇ ਮੁਸਾਫ਼ਰਾਂ ਨੂੰ ਟਿਕਟਾਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਜਾਪਾਨੀ ਕੰਪਨੀ ਕੋਲੋਂ ਇਕ ਪੁਰਾਣਾ ਜਹਾਜ਼ ‘ਕਾਮਾਗਾਟਾਮਾਰੂ’ ਪਟੇ ’ਤੇ ਲੈ ਲਿਆ ਜਿਸ ਦਾ ਨਾਂ ‘ਨਾਨਕ ਨਾਮ ਜਹਾਜ਼’ ਰੱਖ ਦਿੱਤਾ। ਜਹਾਜ਼ ਦੀ ਰਿਪੇਅਰ ਕੀਤੀ ਤੇ ਕਾਗਜ਼-ਪੱਤਰ ਵੀ ਤਿਆਰ ਕਰ ਲਏ। ਅੰਗਰੇਜ਼ ਆਨੇ-ਬਹਾਨੇ ਜਹਾਜ਼ ਨੂੰ ਤੁਰਨ ਨਾ ਦੇਣ। ਅੰਗਰੇਜ਼ਾਂ ਦੇ ਇਸ ਵਤੀਰੇ ਨੂੰ ਵੇਖ ਕੇ ਹਾਂਗਕਾਂਗ ਦੀ ਫ਼ੌਜ ਮੁਸਾਫ਼ਰਾਂ ਦੇ ਹੱਕ ਵਿਚ ਬਗ਼ਾਵਤ ’ਤੇ ਉਤਰ ਆਈ ਜਿਸ ਵਿਚ ਵਧੇਰੇ ਸਿੱਖ ਸਨ। ਅੰਗਰੇਜ਼ਾਂ ਨੇ ਫ਼ੌਜ ਦੀ ਬਗ਼ਾਵਤ ਨੂੰ ਵੇਖਦੇ ਹੋਏ ਜਹਾਜ਼ ਨੂੰ ਤੁਰਨ ਦੀ ਆਗਿਆ ਦੇ ਦਿੱਤੀ।

ਬਾਬਾ ਗੁਰਦਿੱਤ ਸਿੰਘ ਜੀ ਜਹਾਜ਼ ਵਿੱਚ 372 ਮੁਸਾਫ਼ਰ ਬਿਠਾ ਕੇ 3 ਅਪ੍ਰੈਲ 1914 ਨੂੰ ਚੱਲ ਪਏ ਤੇ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚ ਗਿਆ। ਅੱਗੇ ਅੰਗਰੇਜ਼ ਹਾਕਮਾਂ ਨੇ ਕੈਨੇਡਾ ਸਰਕਾਰ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਕਾਮਾਗਾਟਾਮਾਰੂ ਜਹਾਜ਼ ਨੂੰ ਘਾਟ ’ਤੇ ਨਹੀਂ ਲੱਗਣ ਦੇਣਾ ਤੇ ਡੂੰਘੇ ਪਾਣੀ ਵਿਚ ਰੋਕੀ ਰੱਖਣਾ ਹੈ। ਉਸ ਵਕਤ ਕੈਨੇਡਾ ਵੀ ਅੰਗਰੇਜ਼ਾਂ ਦੀ ਬਸਤੀ ਭਾਵ ਗੁਲਾਮ ਸੀ। ਪਰ ਅੰਗਰੇਜ਼ਾਂ ਨੇ ਕੈਨੇਡਾ ਵਾਸੀਆਂ ਨੂੰ ਕੁਝ ਅਧਿਕਾਰ ਦਿੱਤੇ ਹੋਏ ਸਨ।

ਅੰਗਰੇਜ਼ ਭਾਰਤੀਆਂ ਨੂੰ ਇਸ ਕਰਕੇ ਕੈਨੇਡਾ ਵਿਚ ਕਿਰਤ ਨਹੀਂ ਸਨ ਕਰਨ ਦੇਣਾ ਚਾਹੁੰਦੇ ਕਿ ਜੇ ਇਹ ਆਰਥਿਕ ਤੌਰ ’ਤੇ ਤਕੜੇ ਹੋ ਗਏ ਤਾਂ ਫਿਰ ਇਹ ਹਿੰਦੁਸਤਾਨ ਵਿਚ ਸਾਡੇ ਰਾਜ ਲਈ ਖ਼ਤਰਾ ਬਣਨਗੇ। ਇਸੇ ਸਮੇਂ ਇੰਗਲੈਂਡ ਵਿਚ ਬੇਰੁਜ਼ਗਾਰੀ ਫੈਲ ਰਹੀ ਸੀ ਤੇ ਅੰਗਰੇਜ਼ ਆਪਣੇ ਬੇਰੁਜ਼ਗਾਰਾਂ ਨੂੰ ਵੀ ਕੈਨੇਡਾ ਵਿਚ ਵਸਾਉਣਾ ਚਾਹੁੰਦੇ ਸਨ ਕਿਉਂਕਿ ਉਹ ਬੇਰੁਜ਼ਗਾਰ ਇੰਗਲੈਂਡ ਲਈ ਖ਼ਤਰਾ ਸਨ।

ਇਸ ਹਾਲਾਤ ਵਿਚ ਅੰਗਰੇਜ਼ਾਂ ਨੇ ਆਪਣੇ ਬੇਰੁਜ਼ਗਾਰਾਂ ਨੂੰ ਕੈਨੇਡਾ ਵਿਚ ਵਸਾਇਆ ਤੇ ਹਿੰਦੁਸਤਾਨੀ ਕਿਰਤੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਪੈਰ ਨਾ ਰੱਖਣ ਦਿੱਤਾ। ਜਹਾਜ਼ ਦੇ ਮੁਸਾਫ਼ਰਾਂ ਨੇ ਛੇ ਕੁ ਮਹੀਨੇ ਸਮੁੰਦਰ ’ਚੋਂ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਕੈਨੇਡਾ ਪੁਲਿਸ ਨੇ ਜਹਾਜ਼ ਮੁਸਾਫ਼ਰਾਂ ਨੂੰ ਸਮੁੰਦਰ ਵਿਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋਈ। ਮੁਸਾਫ਼ਰਾਂ ਦੀ ਮਦਦ ਲਈ ਗ਼ਦਰ ਪਾਰਟੀ ਤੇ ਕੈਨੇਡਾ ਦੇ ਭਾਰਤੀ (ਕਿਰਤੀ) ਵੱਡੇ ਪੱਧਰ ’ਤੇ ਘਾਟ ’ਤੇ ਪਹੁੰਚੇ ਹੋਏ ਸਨ। ਕੈਨੇਡਾ ਦੇ ਮੂਲ ਵਾਸੀ ਇਸ ਘਟਨਾ ਨੂੰ ਤਮਾਸ਼ਾ ਸਮਝਦੇ ਤੇ ਵੇਖਣ ਲਈ ਸਮੁੰਦਰ ਦੇ ਕੰਢੇ ਪਹੁੰਚ ਜਾਂਦੇ ਸਨ। ਅਖ਼ੀਰ ਕੈਨੇਡਾ ਦੇ ਭਾਰਤੀ ਕਿਰਤੀਆਂ ਨੇ ਐਲਾਨ ਕਰ ਦਿੱਤਾ ਕਿ ਜੇ ਮੁਸਾਫ਼ਰਾਂ ਨੂੰ ਕੁਝ ਹੋ ਗਿਆ ਤਾਂ ਕੈਨੇਡਾ ਸਾੜ ਦਿੱਤਾ ਜਾਵੇਗਾ।

ਫਿਰ ਹਕੂਮਤ ਡਰੀ ਤੇ ਸਮਝੌਤੇ ਤਹਿਤ ਮੁਸਾਫ਼ਰ ਹਿੰਦੁਸਤਾਨ ਨੂੰ ਵਾਪਸ ਭੇਜ ਦਿੱਤੇ। ਗ਼ਦਰ ਪਾਰਟੀ ਦਾ ਜਹਾਜ਼ ਦੇ ਮੁਸਾਫ਼ਰਾਂ ਨਾਲ ਵੈਨਕੂਵਰ ਵਿਖੇ ਤਾਲਮੇਲ ਹੋ ਚੁੱਕਾ ਸੀ ਤੇ ਉਸ ਯੋਜਨਾ ਮੁਤਾਬਕ ਬਾਬਾ ਸੋਹਣ ਸਿੰਘ ਭਕਨਾ ਮੁਸਾਫ਼ਰਾਂ ਨੂੰ ਜਾਪਾਨ ’ਚ ਮਿਲੇ ਤੇ ਗ਼ਦਰ ਪਾਰਟੀ ਦੀ ਸਾਰੀ ਯੋਜਨਾ ਸਮਝਾਈ ਕਿ ਜੋ ਕੁਝ ਤੁਹਾਡੇ ਨਾਲ ਵਾਪਰਿਆ ਹੈ, ਇਹ ਸਾਡੀ ਗੁਲਾਮੀ ਕਰਕੇ ਹੈ।

ਇਸ ਲਈ ਹਿੰਦੁਸਤਾਨ ਜਾ ਕੇ ਗ਼ਦਰ ਪਾਰਟੀ ਨਾਲ ਜੁੜ ਜਾਵੋ ਤੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਗ਼ਦਰ ਪਾਰਟੀ ਦਾ ਸਾਥ ਦੇਵੋ। ਬਾਬਾ ਜੀ ਨੇ ਉਨ੍ਹਾਂ ਨੂੰ ਪਿਸਤੌਲ ਤੇ ਗੋਲ਼ੀਆਂ ਵੀ ਦਿੱਤੀਆਂ।

ਜਹਾਜ਼ ਵਾਪਸੀ ’ਤੇ ਜਿੱਥੇ-ਜਿੱਥੇ ਰੁਕਦਾ ਸੀ, ਉਸ ਦੇਸ਼ ਵਿਚ ਰਹਿੰਦੇ ਭਾਰਤੀ ਕਿਰਤੀ ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਾਰ ਕੇ ਉਨ੍ਹਾਂ ਦਾ ਖ਼ੂਬ ਮਾਣ-ਸਨਮਾਨ ਕਰਦੇ ਤੇ ਸ਼ਹਿਰਾਂ ਵਿਚ ਉਨ੍ਹਾਂ ਦੇ ਗਲਾਂ ਵਿਚ ਹਾਰ ਪਾ ਕੇ ਮਾਰਚ ਕਰਦੇ ਸਨ। ਬਾਬਾ ਗੁਰਦਿੱਤ ਸਿੰਘ ਮੁਸਾਫ਼ਰਾਂ ਸਮੇਤ ਜਹਾਜ਼ ਵਾਪਸ ਹਿੰਦੁਸਤਾਨ ਲੈ ਆਏ।

ਅੰਗਰੇਜ਼ਾਂ ਨੇ ਇੱਥੇ ਵੀ ਜਹਾਜ਼ ਨੂੰ ਦੋ ਦਿਨ ਸਮੁੰਦਰੀ ਘਾਟ ’ਤੇ ਲੱਗਣ ਨਾ ਦਿੱਤਾ। ਫਿਰ ਉਨ੍ਹਾਂ ਨੇ ਜਹਾਜ਼ ਬਜਬਜ ਘਾਟ ’ਤੇ ਲਾਇਆ। ਮੁਸਾਫ਼ਰ ਪਹਿਲਾਂ 6 ਮਹੀਨੇ ਜਲ ਵਿਚ ਕੈਦ ਹੋ ਕੇ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰਦੇ ਰਹੇ ਅਤੇ ਜਦੋਂ ਜਹਾਜ਼ 29 ਸਤੰਬਰ 1914 ਨੂੰ ਬਜਬਜ ਘਾਟ (ਕਲਕੱਤਾ) ’ਤੇ ਲੱਗਾ ਤਾਂ ਅੰਗਰੇਜ਼ ਪੁਲਿਸ ਨੇ ਸਵਾਰਾਂ ਨੂੰ ਉਤਾਰ ਕੇ ਆਪਣੀ ਧਰਤੀ ’ਤੇ ਆਜ਼ਾਦ ਕਰਨ ਦੀ ਥਾਂ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।

ਇਸ ਕਾਰਵਾਈ ਤੋਂ ਭੜਕੇ ਮੁਸਾਫ਼ਰਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਇਸ ਤਕਰਾਰਬਾਜ਼ੀ ਵਿਚ ਪੁਲਿਸ ਨੇ 21 ਮੁਸਾਫ਼ਰ ਗੋਲ਼ੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਅਤੇ 9 ਜ਼ਖ਼ਮੀ ਹੋਏ। ਅੰਗਰੇਜ਼ਾਂ ਨੇ 202 ਮੁਸਾਫ਼ਰਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਵਿੱਚੋਂ 62 ਘਰਾਂ ਨੂੰ ਭੇਜ ਦਿੱਤੇ ਜਦਕਿ ਬਾਕੀ ਜੇਲ੍ਹਾਂ ਵਿਚ ਡੱਕ ਦਿੱਤੇ। ਉਕਤ ਘਟਨਾ ਵਿਚ ਬਾਬਾ ਗੁਰਦਿੱਤ ਸਿੰਘ ਸਮੇਤ 28 ਮੁਸਾਫ਼ਰ ਲਾਪਤਾ ਹੋ ਗਏ। ਉਨ੍ਹਾਂ ਦੇ ਬੱਚੇ ਬਲਵੰਤ ਸਿੰਘ ਨੂੰ ਅੰਗਰੇਜ਼ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਅਲੀਪੁਰ ਜੇਲ੍ਹ ਵਿਚ ਬੰਦ ਕਰੀ ਰੱਖਿਆ ਅਤੇ ਫਿਰ ਸਰਹਾਲੀ ਛੱਡ ਆਏ।   

ਪਿਰਥੀਪਾਲ ਸਿੰਘ ਮਾੜੀਮੇਘਾ   -ਮੋਬਾਈਲ : 98760-78731