13ਵਾਂ ਕਾਮਾਗਾਟਾ ਮਾਰੂ ਮੈਮੋਰੀਅਲ ਹਾਕੀ ਕੱਪ ਖ਼ਾਲਸਾ ਕਲੱਬ ਨੇ ਜਿੱਤਿਆ।

0
293

05 ਅਕਤੂਬਰ ਹਾਂਗਕਾਂਗ (ਪੰਜਾਬੀ ਚੇਤਨਾ/ਢੁੱਡੀਕੇ) ਬੀਤੇ ਦਿਨੀ ਹੈਪੀ ਵੈਲੀ ਹਾਕੀ ਗਰਾਉਂਡ ਵਿੱਚ ਪੰਜਾਬ ਯੂਥ ਕਲੱਬ ਹਾਂਗਕਾਂਗ ਨੇ 13ਵਾਂ ਕਾਮਗਾਟਾ ਮਾਰੂ ਯਾਦਗਾਰੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਹਾਂਗਕਾਂਗ ਦੀਆਂ ਪ੍ਰੀਮੀਅਰ ਡਵੀਜ਼ਨ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ, ਮੌਸਮ ਪੂਰਾ ਗਰਮ ਹੋਣ ਦੇ ਬਾਵਜੂਦ ਦਰਸ਼ਕਾਂ ਤੇ ਟੀਮਾਂ ‘ਚ ਪੂਰਾ ਜੋਸ਼ ਸੀ, ਕਿਉਂਕਿ ਇਹ ਟੂਰਨਾਮੈਂਟ ਪਿਛਲੇ ਤੇਰਾਂ ਸਾਲ ਤੋਂ ਹੋ ਰਿਹਾ ਹੈ, ਪਹਿਲਾਂ ਇਹ ਹਰ ਸਾਲ ਕਿੰਗਜ਼ ਪਾਰਕ ਦੇ ਹਾਕੀ ਗਰਾਉਂਡ ਵਿੱਚ ਹੁੰਦਾ ਸੀ, ਉਥੇ ਸਰਕਾਰ ਵੱਲੋਂ ਮੁਰੰਮਤ ਦਾ ਕੰਮ ਚਲਦਾ ਹੋਣ ਕਾਰਨ ਇਸ ਵਾਰ ਇਹ ਟੂਰਨਾਮੈਂਟ ਹੈਪੀ ਵੈਲੀ ਦੇ ਗਰਾਉਂਡ ਵਿੱਚ ਕਰਵਾਇਆ ਗਿਆ।
ਇਸ ਟੂਰਨਾਮੈਂਟ ਵਿੱਚ ਕੁੱਲ 12 ਟੀਮਾਂ ਨੇ ਹਿੱਸਾ ਲਿਆ, ਇਹਨਾਂ ਵਿੱਚ 3 ਲੜਕੀਆਂ ਤੇ 9 ਟੀਮਾਂ ਲੜਕਿਆਂ ਦੀਆਂ ਸਨ।
ਲੜਕਿਆਂ ਦੀਆਂ ਚਾਰ ਟੀਮਾਂ ਉਪਰ ਪਹੁੰਚੀਆਂ, ਖ਼ਾਲਸਾ ਸਪੋਰਟਸ ਕਲੱਬ (Khalsa), ਸਿੰਘ ਸਭਾ ਸਪੋਰਟਸ ਕਲੱਬ (SSSC), ਖ਼ਾਲਸਾ ਨੌਜਵਾਨ ਸਭਾ (KNS) ‘ਤੇ ਯੂਨਾਈਟਿਡ ਬ੍ਰਦਰਜ਼ ਸਪੋਰਟਸ ਕਲੱਬ (UBSC) ਸਨ। ਪਹਿਲਾ ਸੈਮੀਫਾਈਨਲ ਖ਼ਾਲਸਾ ਤੇ ਯੂਨਾਈਟਿਡ ‘ਚ ਹੋਇਆ ਜੋ ਖ਼ਾਲਸਾ ਨੇ ਸ਼ੂਟ ਆਊਟ ‘ਚ ਜਿੱਤਿਆ, ਦੂਸਰਾ ਸੈਮੀ ਸਿੰਘ ਸਭਾ ਅਤੇ ਕੇ ਐਨ ਐਸ (KNS) ਵਿੱਚ ਹੋਇਆ ਜੋ ਸਿੰਘ ਸਭਾ ਨੇ ਜਿੱਤਿਆ, ਫਾਈਨਲ ਮੈਚ ਹੋਰ ਦਿਲਚਸਪ ਬਣ ਗਿਆ ਕਿਉਂਕਿ ਖ਼ਾਲਸਾ ਅਤੇ ਸਿੰਘ ਸਭਾ ਦਾ ਮੈਚ ਹਮੇਸ਼ਾਂ ਹੀ ਰੋਚਕ ਹੁੰਦਾ ਹੈ। ਇਸ ਤੋਂ ਬਾਅਦ ਲੜਕੀਆਂ ਦਾ ਫਾਈਨਲ ਹੋਇਆ ਜੋ ਫੀਨਿਕਸ ਹਾਕੀ ਕਲੱਬ (Phoenix) ਅਤੇ ਕੇ ਸੀ ਸੀ ( KCC) ‘ਚ ਖੇਡਿਆ ਗਿਆ ਜੋ ਕੇ ਸੀ ਸੀ ਨੇ ਜਿੱਤਿਆ।
ਹੁਣ ਵਾਰੀ ਆ ਗਈ ਫਾਈਨਲ ਲੜਕਿਆਂ ਦੀ ਖ਼ਾਲਸਾ ਤੇ ਸਿੰਘ ਸਭਾ, ਜਿਸ ਨੂੰ ਦੇਖਣ ਲਈ ਗਰਾਉਂਡ ਚ ਬੈਠਣ ਵਾਲੀ ਜਗਾ ਪੂਰੀ ਭਰ ਚੁੱਕੀ ਸੀ, ਮੈਚ ਪੂਰਾ ਫਸਵਾਂ ਰਿਹਾ ਦਰਸ਼ਕਾਂ ਨੇ ਪੂਰਨ ਅਨੰਦ ਮਾਣਿਆ, ਅਖੀਰ ਇਸ ਦਾ ਫੈਸਲਾ ਵੀ ਸ਼ੂਟ ਆਊਟ ਤੇ ਹੋਇਆ ਜੋ ਖ਼ਾਲਸਾ ਕਲੱਬ ਨੇ ਜਿੱਤਿਆ।
ਟੂਰਨਾਮੈਂਟ ਵਿੱਚ ਲੜਕੀਆਂ ਵਿੱਚੋਂ ਲਿਜ਼ (Liz – KCC ) ਅਤੇ ਲੜਕਿਆਂ ਵਿਚੋਂ ਗੁਰਜੰਟ ਸਿੰਘ (Gurjant – SSSC) ਵਧੀਆ ਖਿਡਾਰੀ ਤੇ ਲੜਕੀਆਂ ਵਿੱਚੋਂ ਐਨਾ ( Ana – KCC ) ਅਤੇ ਲੜਕਿਆਂ ਵਿਚੋਂ ਰਣਦੀਪ (Randeep -Khalsa) ਵਧੀਆ ਗੋਲਕੀਪਰ ਰਹੇ ਤੇ ਉਹਨਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਾਜਦੂਤ ਸ਼੍ਰੀਮਤੀ ਸਤਵੰਤ ਖਨਾਲੀਆ – ਭਾਰਤੀ ਸਫਾਰਤਖਾਨਾ ਹਾਂਗਕਾਂਗ ਅਤੇ ਖ਼ਾਸ ਮਹਿਮਾਨ ਸ਼੍ਰੀਮਤੀ ਰਾਣੋ ਵੱਸਣ ਨੇ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਵੰਡੇ।
ਪੰਜਾਬ ਯੂਥ ਕਲੱਬ ਵਲੋਂ ਲੱਕੀ ਡਰਾਅ ਰਾਹੀਂ ਕੱਢੇ ਗਏ ਤੋਹਫਿਆਂ ਦਾ ਵੀ ਖਿਡਾਰੀਆਂ ਅਤੇ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ।

ਖ਼ਾਲਸਾ ਦੀਵਾਨ ਸਿੱਖ ਟੈਂਪਲ ਦੇ ਪ੍ਰਧਾਨ ਸ. ਭਗਤ ਸਿੰਘ ਫੂਲ, ਸ. ਬਾਵਾ ਸਿੰਘ ਢਿੱਲੋਂ, ਸ. ਗੁਰਬੀਰ ਸਿੰਘ ਬੱਤਰਾ, ਟੋਨੀ ਬਰਾੜ, ਬੋਬੀ ਬਰਾੜ, ਡਾ ਸੁਖਜੀਤ ਸਿੰਘ, ਸ. ਸਤਪਾਲ ਸਿੰਘ ਢਿੱਲੋਂ, ਸ. ਮੂਲਾ ਸਿੰਘ, ਸ. ਕਰਮਜੀਤ ਸਿੰਘ, ਭੋਲਾ ਚੜਿੱਕ, ਹਰਜੀਤ ਕੇਸਰ, ਸੰਨੀ ਤੂਰ, ਮਲਕੀਤ ਸਿੰਘ ਮੁੰਡਾਪਿੰਡ, ਨਿਸ਼ਾਨ ਸਿੰਘ, ਸੁਖਬੀਰ ਸਿੰਘ ਆਦਿ ਅਹਿਮ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਤੇ ਟੂਰਨਾਂਮੈਂਟ ਦੀ ਸ਼ੋਭਾ ਵਧਾਈ।

ਪੰਜਾਬ ਯੂਥ ਕਲੱਬ ਦੇ ਮੀਤ ਪ੍ਰਧਾਨ ਪਰਮਿੰਦਰ ਗਰੇਵਾਲ ਵਲੋਂ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।

ਪੰਜਾਬ ਯੂਥ ਕਲੱਬ ਦੇ ਮੈਂਬਰਾਂ ਸਕੱਤਰ ਜੱਸੀ ਤੁਗਲ, ਜਗਤਾਰ ਸਿੰਘ ਗਿੱਲ, ਸੁਖਵੰਤ ਔਲਖ, ਬਿੱਲੂ ਦਿਓਲ ਗੁਰਦੀਪ ਸਵੱਦੀ, ਰਣਜੋਧ ਮਾਹਲ ਅਨੀਸ ਮਾਨ ਵੱਲੋਂ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਹੋਏ ਟੂਰਨਾਮੈਂਟ ਨੂੰ ਨੇਪਰੇ ਚਾੜਿਆ।

ਕੁਲ ਮਿਲਾ ਕੇ ਇਹ ਹਾਕੀ ਟੂਰਨਾਮੈਂਟ ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਦੀ ਉਡੀਕ ਤੇ ਆਪਣੀਆਂ ਮਿੱਠੀਆਂ ਯਾਦਾਂ ਛੱਡ ਗਿਆ, ਸਟੇਜ ਦੀ ਸੇਵਾ ਸਾਬਕਾ ਸਕੱਤਰ ਨਵਤੇਜ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ।
Video link for Tournament highlights