ਪੰਜਾਬ ਯੂਥ ਕਲੱਬ ਵਲੋਂ 12ਵਾਂ ਕਾਮਾਗਾਟਾ ਮਾਰੂ ਯਾਦਗਾਰੀ ਹਾਕੀ ਟੂਰਨਾਮੈਂਟ ਕਰਵਾਇਆ

0
642

ਹਾਂਗਕਾਂਗ (ਜੰਗ ਬਹਾਦਰ ਸਿੰਘ) : ਪੰਜਾਬ ਯੂਥ ਕਲੱਬ ਵਲੋਂ ਭਾਰਤ ਦੀ ਅਜ਼ਾਦੀ ਦੇ ਮਹਾਂਨਾਇਕਾਂ ਦੀ ਯਾਦ ਵਿਚ 12ਵਾਂ ਕਾਮਾਗਾਟਾ ਮਾਰੂ ਯਾਦਗਾਰੀ ਹਾਕੀ ਟੂਰਨਾਮੈਂਟ ਕਿੰਗਜ਼ ਪਾਰਕ ਦੇ ਗਰਾਉਂਡ ਵਿਖੇ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਾਂਗਕਾਂਗ ਵਿੱਚ ਭਾਰਤ ਦੇ ਕੌਂਸਲ ਜਨਰਲ ਸ੍ਰੀਮਤੀ ਸਤਵੰਤ ਖਨਾਲੀਆ ਵੱਲੋਂ ਸਮੂਲੀਅਤ ਕੀਤੀ ਗਈ। ਇਸ ਟੂਰਨਾਮੈਂਟ ਵਿੱਚ ਲੜਕਿਆਂ ਦੇ ਹੋਏ ਮੁਕਾਬਲੇ ਵਿਚ ਖ਼ਾਲਸਾ ਸਪੋਰਟਸ ਕਲੱਬ ਚੈਪੀਅਨ ਤੇ ਪਾਕਿਸਤਾਨ ਕਲੱਬ ਰਨਰ ਅੱਪ ਰਹੀ। ਖ਼ਾਲਸਾ ਕਲੱਬ ਦੇ ਖਿਡਾਰੀ ਗਗਨਦੀਪ ਸਿੰਘ ਗੱਗੀ ਨੂੰ ਸਭ ਤੋਂ ਵਧੀਆ ਖਿਡਾਰੀ ਦਾ ਅਤੇ ਵਧੀਆ ਗੋਲਕੀਪਰ ਵਜੋਂ ਪਾਕਿਸਤਾਨ ਦੇ ਅਰਮਾਨ ਨੂੰ ਸਨਮਾਨਿਆ ਗਿਆ। ਇਸੇ ਤਰਾਂ ਰਹੀਨੋ ਕਲੱਬ ਦੇ ਚੈਨ ਵਿੰਗ ਚੁੰਗ ਨੂੰ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਅਵਾਰਡ ਦਿੱਤਾ ਗਿਆ। ਟੂਰਨਾਮੈਂਟ ਵਿੱਚ ਲੜਕੀਆਂ ਦੇ ਹੋਏ ਖੇਡ ਮੁਕਾਬਲਿਆਂ ਵਿੱਚ ਕੇ.ਸੀ.ਸੀ. ਕਲੱਬ ਚੈਪੀਅਨ ਅਤੇ ਕਾਇਓਟੇਜ਼ ਕਲੱਬ ਦੀ ਟੀਮ ਰਨਰ ਅੱਪ ਰਹੀ। ਕਾਇਓਟੇਜ਼ ਕਲੱਬ ਦੀ ਖਿਡਾਰੀ ਮਲੀਸਾ ਲੈਮ ਨੂੰ ਸਭ ਤੋ ਵਧੀਆ ਖਿਡਾਰੀ ਅਤੇ ਕੇ.ਸੀ.ਸੀ. ਕਲੱਬ ਦੀ ਸਟੈਫਨੀ ਨੂੰ ਵਧੀਆ ਗੋਲਕੀਪਰ ਤੇ ਅਕੀਲਾ ਦੀ ਲਵਲੀਨ ਕੌਰ ਗਿੱਲ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਦਾ ਅਵਾਰਡ ਦਿੱਤਾ ਗਿਆ।ਟੂਰਨਮੈਂਟ ਦੌਰਾਨ ਦੇਸ਼ ਭਗਤਾਂ ਦੀ ਜਾਣਕਾਰੀ ਦੇ ਕਿਤਾਬਚੇ ਅਤੇ ਪੰਜਾਬੀ ਭਾਸ਼ਾ ਵੱਲ ਪ੍ਰੇਰਿਤ ਕਰਦਾ ਸਾਹਿਤ ਵੰਡਿਆ ਗਿਆ। ਇਸ ਸਾਲ ਪਾਕਿਸਤਾਨ ਵਿੱਚ ਆਏ ਹੜਾਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ ਗਿਆ। ਜਿਸ ਵਿੱਚ 7 ਲੱਖ ਪਾਕਿ ਰੁਪਏ ਤੋਂ ਵੱਧ ਫੰਡ ਇਕੱਠਾ ਹੋਇਆ । ਇਸ ਤੋਂ ਇਲਾਵਾ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਲਈ ਲਾਏ ਬੂਥ ਵਿੱਚ ਵੀ ਲੋਕਾਂ ਨੇ ਮਾਇਕ ਸਹਾਇਤਾ ਦਿੱਤੀ। ਮੁੱਖ ਮਹਿਮਾਨ ਅਤੇ ਭਾਰਤੀ ਭਾਈਚਾਰੇ ਦੀਆਂ ਅਹਿਮ ਸਖਸੀਅਤਾਂ ਵੱਲੋਂ ਜੇਤੂਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
ਸ਼ਾਮ ਨੂੰ ਆਖਰੀ ਰਸਮਾਂ ਸਮੇ ਮੁੱਖ ਮਹਿਮਾਨ ਸ੍ਰੀ ਮਤੀ ਰਾਣੋ ਵੱਸਨ ਅਤੇ ਖਾਸ ਮਹਿਮਾਨ ਭਾਰਤੀ ਕੌਂਸਲੇਟ ਤੋਂ ਕੌਂਸਲਰ ਸ੍ਰੀ ਵਿਕਾਸ ਗਰਗ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਤੇ ਉਨਾਂ ਨੇ ਖਿਡਾਰੀਆਂ ਅਤੇ ਟੂਰਨਮੈਂਟ ਦੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ।

ਪੰਜਾਬ ਯੂਥ ਕਲੱਬ ਵੱਲੋਂ ਹਮੇਸ਼ਾ ਦੀ ਤਰਾਂ ਇਸ ਸਾਲ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਟੂਰਨਮੈਂਟ ਪ੍ਰਤੀ ਰੁਚੀ ਵਧਾਉਣ ਲਈ ਲੱਕੀ ਡਰਾਅ ਰਾਹੀਂ ਤੋਹਫ਼ੇ ਦਿੱਤੇ ਗਏ।