ਨਵਾਂ ਸੁਰੱਖਿਆ ਕਾਨੂੰਨ ਜ਼ਰੂਰੀ:ਹਾਂਗਕਾਂਗ ਮੁੱਖੀ

0
536

ਹਾਂਗਕਾਂਗ (ਏਪੀ) : ਹਾਂਗਕਾਂਗ ਦੀ ਨੇਤਾ ਕੈਰੀ ਲਾਮ ਨੇ ਚੀਨ ਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਸੁਰੱਖਿਆ ਕਾਨੂੰਨ ਦੀ ਹਮਾਇਤ ਕੀਤੀ ਹੈ। ਬੁੱਧਵਾਰ ਨੂੰ ਬਸਤੀਵਾਦੀ ਬਰਤਾਨੀਆ ਵੱਲੋਂ ਇਸ ਨੀਮ ਖੁਦਮੁਖਤਾਰ ਇਲਾਕੇ ਨੂੰ ਸੌਂਪੇ ਜਾਣ ਦੀ 23ਵੀਂ ਵਰ੍ਹੇਗੰਢ ‘ਤੇ ਉਨ੍ਹਾਂ ਕਿਹਾ ਕਿ ਹਾਂਗਕਾਂਗ ਦੀ ਸਥਿਰਤਾ ਨੂੰ ਬਣਾ ਕੇ ਰੱਖਣ ਲਈ ਇਹ ਫੈਸਲਾ ਜ਼ਰੂਰੀ ਸੀ ਤੇ ਸਮੇਂ ਰਹਿੰਦੇ ਹੋਏ ਲਿਆ ਗਿਆ। ਉੱਧਰ, ਇਸ ਦੌਰਾਨ ਲੋਕਤੰਤਰ ਹਮਾਇਤੀ ਸਿਆਸੀ ਪਾਰਟੀ ‘ਦਿ ਲੀਗ ਆਫ ਸੋਸ਼ਲ ਡੈਮੋਕ੍ਰੇਟਸ’ ਨੇ ਲਾਮ ਦੇ ਭਾਸ਼ਣ ਤੋਂ ਪਹਿਲਾਂ ਇਕ ਰੈਲੀ ਕੱਢੀ। ਇਸ ‘ਚ ਹਿੱਸਾ ਲੈਣ ਵਾਲੇ ਲੋਕਾਂ ਨੇ ਸਿਆਸੀ ਸੁਧਾਰ ਤੇ ਪੁਲਿਸ ਅੱਤਿਆਚਾਰਾਂ ਦੀ ਜਾਂਚ ਦੀ ਮੰਗ ਕੀਤੀ। ਓਧਰ, ਇਕ ਹੋਰ ਪ੍ਰਦਰਸ਼ਨ ‘ਚ ਸ਼ਾਮਲ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੇ ਜਲ ਤੋਪਾਂ ਤੇ ਮਿਰਚਾਂ ਦੀ ਸਪਰੇਅ ਦੀ ਵਰਤੋਂ ਕੀਤੀ। ਪੁਲਿਸ ਨੇ ਇਸ ਦੌਰਾਨ 200 ਲੋਕਾਂ ਨੂੰ ਗਿ੍ਫ਼ਤਾਰ ਕੀਤਾ।

ਲਾਗੂ ਕੀਤੇ ਸੁਰੱਖਿਆ ਕਾਨੂੰਨ ਦੇ ਕੁੱਲ ਛੇ ਅਧਿਆਇਆਂ ‘ਚ 66 ਧਾਰਾਵਾਂ ਹਨ। ਇਸ ਕਾਨੂੰਨ ‘ਚ ਪਿਛਲੇ ਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕਰਨ ਸਬੰਧੀ ਵਿਵਸਥਾ ਵੀ ਸ਼ਾਮਲ ਹੈ। ਪ੍ਰਦਰਸ਼ਨਾਂ ‘ਚ ਸਰਕਾਰ ਦੇ ਦਫਤਰਾਂ ਤੇ ਪੁਲਿਸ ਥਾਣਿਆਂ ‘ਤੇ ਹਮਲਾ, ਸਬ-ਵੇ ਸਟੇਸ਼ਨਾਂ ਨੂੰ ਨੁਕਸਾਨ ਪੁੱਜਣਾ ਤੇ ਸ਼ਹਿਰ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰਨਾ ਸ਼ਾਮਲ ਹੈ। ਵੱਖਵਾਦੀ ਸਰਗਰਮੀਆਂ ‘ਚ ਹਿੱਸਾ ਲੈਣਾ ਇਸ ਨਵੇਂ ਕਾਨੂੰਨ ਦੀ ਉਲੰਘਣਾ ਹੋਵੇਗੀ। ਇਹ ਕਾਨੂੰਨ ਅਜਿਹੇ ਸਮੇਂ ‘ਚ ਪਾਸ ਹੋਇਆ ਹੈ ਜਦੋਂ ਹਾਂਗਕਾਂਗ ਦੀ ਵਿਧਾਨਕ ਮੈਂਬਰ ਨੇ ਜੂਨ ਦੀ ਸ਼ੁਰੂਆਤ ‘ਚ ਚੀਨ ਦੇ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਗ਼ੈਰ-ਕਾਨੂੰਨੀ ਐਲਾਨਿਆ ਸੀ। ਇਸ ਕਾਨੂੰਨ ਕਾਰਨ ਲੋਕਾਂ ‘ਚ ਡਰ ਹੈ ਕਿ ਇਸ ਦੀ ਵਰਤੋਂ ਇਸ ਨੀਮ ਖੁਦਮੁਖਤਾਰ ਖੇਤਰ ‘ਚ ਵਿਰੋਧੀ ਸੁਰਾਂ ਨੂੰ ਦਬਾਉਣ ਲਈ ਕੀਤਾ ਜਾ ਸਕਦਾ ਹੈ। ਉੱਧਰ, ਅਮਰੀਕਾ ਨੇ ਹਾਂਗਕਾਂਗ ‘ਚ ਵਿਵਾਦਤ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਕਦਮ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ।

ਖੇਤਰ ਦੇ ਲੋਕਾਂ ਲਈ ਦੁਖਦਾਈ ਦਿਨ: ਪੋਂਪੀਓ
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਲਈ ‘ਦੁਖਦਾਈ ਦਿਨ’ ਹੈ ਤੇ ਉਨ੍ਹਾਂ ਨੇ ਬੀਜਿੰਗ ਨੂੰ ਇਸ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਪੋਂਪੀਓ ਨੇ ਮੰਗਲਵਾਰ ਨੂੰ ਸਖਤ ਲਫਜ਼ਾਂ ‘ਚ ਕਿਹਾ, ‘ਹਾਂਗਕਾਂਗ ‘ਚ ਸਖਤ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਚੀਨ ਦੀ ਕਮਿਊਨਿਸਟ ਪਾਰਟੀ ਦਾ ਫੈਸਲਾ ਇਸ ਖੇਤਰ ਦੀ ਖੁਦਮੁਖਤਾਰੀ ਨੂੰ ਬਰਬਾਦ ਕਰਦਾ ਹੈ। ਇਹ ਦੁਨੀਆ ‘ਚ ਸਭ ਤੋਂ ਸਫਲ ਅਰਥਚਾਰਿਆਂ ਤੇ ਗਤੀਸ਼ੀਲ ਸਮਾਜਾਂ ‘ਚੋਂ ਇਕ ਹੈ ਪਰ ਬੀਜਿੰਗ ਦੇ ਆਪਣੇ ਹੀ ਲੋਕਾਂ ਦੀ ਖਾਹਸ਼ਾਂ ਦੇ ਡਰ ਤੋਂ ਇਸ ਖੇਤਰ ਦੀ ਸਫਲਤਾ ਦੀ ਨੀਂਹ ਕਮਜ਼ੋਰ ਹੋਈ ਹੈ’।