ਕੌਮਾਂਤਰੀ ਸੁੰਦਰਤਾ ਮੁਕਾਬਲਿਆ ਦਾ ਕੱਚ-ਸੱਚ

0
599

ਅਜਿਹਾ ਕੀ ਕਾਰਨ ਹੈ ਕਿ ਵਿਸ਼ਵ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਵਿੱਚ ਅਲਬਾਨੀਆ, ਬਾਹਾਮਾਸ, ਬਾਰਬਾਡੋਸ, ਕੰਬੋਡੀਆ, ਐਕੁਆਡੋਰ, ਐਲਸਾਲਵਾਡੋਰ, ਇਥੋਪੀਆ, ਘਾਨਾ, ਗੁਆਟੇਮਾਲਾ, ਹੈਤੀ, ਹੋਂਡਰਸ, ਇਰਾਕ, ਇਰਾਨ, ਪਾਕਿਸਤਾਨ, ਕੀਨੀਆ, ਲਿਬਨਾਨ, ਮਿਆਂਮਾਰ (ਬਰਮਾ), ਨਾਮੀਬੀਆ, ਨਾਇਜੀਰੀਆ, ਪੁਰਤਗਾਲ ਆਦਿ ਜਿਹੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਸੁੰਦਰੀਆਂ ਸਿਰ ਤਾਜ ਨਹੀਂ ਸਜਦਾ? ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਹੁਣ ਤਕ ਸਭ ਤੋਂ ਜ਼ਿਆਦਾ ਵਾਰ ਜੇਕਰ ਕਿਸੇ ਦੇਸ਼ ਦੀਆਂ ਸੁੰਦਰੀਆਂ ਨੇ ਮਿਸ ਵਰਲਡ ਮੁਕਾਬਲਾ ਜਿੱਤਿਆ ਹੈ ਤਾਂ ਉਹ ਹੈ ਭਾਰਤ। ਭਾਰਤ ਨੇ ਛੇ ਵਾਰ (1966, 1994, 1997, 1999, 2000, 2017) ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਛੇ ਵਾਰ ਹੀ (1955, 1981, 1984, 1991, 1995, 2011) ਵੈਨਜ਼ੁਏਲਾ ਦੀਆਂ ਕੁੜੀਆਂ ਨੇ ਪਹਿਲੀ ਥਾਂ ਮੱਲੀ ਹੈ। ਇਸ ਤੋਂ ਇਲਾਵਾ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚ ਮਿਸ ਅਰਥ ਅਤੇ ਮਿਸ ਇੰਟਰਨੈਸ਼ਨਲ ਵੀ ਖ਼ਾਸ ਥਾਂ ਰੱਖਦੇ ਹਨ, ਪਰ ਜ਼ਿਆਦਾ ਮਹੱਤਵਪੂਰਨ ਮਿਸ ਯੂਨੀਵਰਸ ਅਤੇ ਮਿਸ ਵਰਲਡ ਹੀ ਹਨ।
ਇਨ੍ਹਾਂ ਮੁਕਾਬਲਿਆਂ ਵਿੱਚ ਸਵਾਲ-ਜਵਾਬ ਰਾਊਂਡ ਨੂੰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ। ਕੀ ਵੈਨਜ਼ੁਏਲਾ ਅਤੇ ਭਾਰਤ ਵਿੱਚ ਸੁਹੱਪਣ ਅਤੇ ਸਮਝਦਾਰੀ ਬਾਕੀ ਮੁਲਕਾਂ ਨਾਲੋਂ ਜ਼ਿਆਦਾ ਹੈ? ਕੀ ਵਿਸ਼ਵ ਪੱਧਰ ਦੇ ਇਹ ਮੁਕਾਬਲੇ ਸਿਰਫ਼ ਸੁੰਦਰਤਾ ਅਤੇ ਸਮਝਦਾਰੀ ਪਰਖਣ ਦੇ ਪੈਮਾਨੇ ਹਨ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਵੀ ਲੁਕੇ ਹੋਏ ਹਨ? ਕੀ ਇਹ ਮੁਕਾਬਲੇ ਜਿੱਤਣ ਵਾਲੇ ਮੁਲਕਾਂ ਵਿੱਚ ਔਰਤਾਂ ਦੀ ਸਥਿਤੀ ਬਾਕੀ ਮੁਲਕਾਂ ਨਾਲੋਂ ਬਿਹਤਰ ਹੈ? ਦਰਅਸਲ, ਜੇਤੂ ਦੇਸ਼ਾਂ ਦਾ ਨਾ ਜਿੱਤਣ ਵਾਲੇ ਦੇਸ਼ਾਂ ਨਾਲ ਤੁਲਨਾਤਮਕ ਅਧਿਐਨ, ਖ਼ਾਸ ਤੌਰ ’ਤੇ ਆਰਥਿਕ ਪੱਧਰ ਉੱਤੇ, ਵੀ ਬਹੁਤ ਸਾਰੇ ਲੁਕਵੇਂ ਤੱਥਾਂ ਤੋਂ ਪਰਦਾ ਚੁੱਕਦਾ ਹੈ।
ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਪਹਿਲਾਂ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਖ਼ਾਸਕਰ ਮਿਸ ਯੂਨੀਵਰਸ ਅਤੇ ਮਿਸ ਵਰਲਡ ਬਾਰੇ ਕੁਝ ਮੁੱਢਲੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇੱਕ ਸਾਲ ਦੇ ਵਕਫ਼ੇ ਨਾਲ ਸ਼ੁਰੂ ਹੋਏ ਇਹ ਦੋਵੇਂ ਮੁਕਾਬਲੇ ਅੱਜ ਵਿਸ਼ਵ ਭਰ ਵਿੱਚ ਇੱਕ ਖ਼ਾਸ ਮੁਕਾਮ ਰੱਖਦੇ ਹਨ। 1951 ਵਿੱਚ ਮਿਸ ਵਰਲਡ ਅਤੇ 1952 ਵਿੱਚ ਮਿਸ ਯੂਨੀਵਰਸ ਮੁਕਾਬਲੇ ਸ਼ੁਰੂ ਹੋਏ ਸਨ। ਮਿਸ ਯੂਨੀਵਰਸ ਮੁਕਾਬਲਿਆਂ ਵਿੱਚ ਅਮਰੀਕਾ ਸਭ ਤੋਂ ਵੱਧ 8 ਵਾਰ (1954, 1956, 1960, 1967, 1980, 1995, 1997, 2012) ਖਿਤਾਬ ਜਿੱਤ ਚੁੱਕਾ ਹੈ ਜਦੋਂਕਿ ਸੱਤ ਵਾਰ ਵੈਨਜ਼ੁਏਲਾ (1979, 1981, 1986, 1996, 2008, 2009, 2013) ਅਤੇ ਪੰਜ ਵਾਰ (1970, 1985, 1993, 2001, 2006) ਪੀਓਰਟੋ ਰੀਕੋ ਦੀਆਂ ਸੁੰਦਰੀਆਂ ਮਿਸ ਯੂਨੀਵਰਸ ਬਣੀਆਂ ਹਨ। ਦੋ ਵਾਰ (1994, 2000) ਇਹ ਖਿਤਾਬ ਭਾਰਤ ਦੇ ਹਿੱਸੇ ਆਇਆ।
ਓਧਰ ਮਿਸ ਵਰਲਡ ਮੁਕਾਬਲਿਆਂ ਵਿੱਚ ਭਾਰਤ ਅਤੇ ਵੈਨਜ਼ੁਏਲਾ (ਛੇ-ਛੇ ਵਾਰ) ਤੋਂ ਬਾਅਦ ਯੂ.ਕੇ. ਪੰਜ ਵਾਰ (1961, 1964, 1965, 1974, 1983), ਅਮਰੀਕਾ ਤਿੰਨ ਵਾਰ (1973, 1990, 2010) ਅਤੇ ਪੀਓਰਟੋ ਰੀਕੋ ਦੋ ਵਾਰ (1975, 2016) ਇਸ ਖਿਤਾਬ ਨੂੰ ਜਿੱਤ ਚੁੱਕਾ ਹੈ। ਉਂਜ ਦੱਖਣੀ ਅਫਰੀਕਾ, ਚੀਨ, ਪੇਰੂ ਆਦਿ ਸਮੇਤ ਹੋਰ ਬਹੁਤ ਸਾਰੇ ਮੁਲਕਾਂ ਦੀਆਂ ਸੁੰਦਰੀਆਂ ਦੋ ਜਾਂ ਤਿੰਨ ਵਾਰ ਇਹ ਖਿਤਾਬ ਜਿੱਤ ਚੁੱਕੀਆਂ ਹਨ।
ਇੱਕ ਗੱਲ ਸਪੱਸ਼ਟ ਹੈ ਕਿ ਜੇਕਰ ਇਹ ਸੁੰਦਰਤਾ ਮੁਕਾਬਲੇ ਫੈਸ਼ਨ, ਸੁਹੱਪਣ ਅਤੇ ਸਮਝਦਾਰੀ ਨੂੰ ਪਰਖਣ ਦਾ ਪੈਮਾਨਾ ਹੁੰਦੇ ਤਾਂ ਇਟਲੀ (ਜੋ ਦੁਨੀਆਂ ਭਰ ਵਿੱਚ ਫੈਸ਼ਨ ਲਈ ਮਸ਼ਹੂਰ ਹੈ ਅਤੇ ਜਿੱਥੇ ਖ਼ੂਬਸੂਰਤੀ ਦੀ ਕੋਈ ਕਮੀ ਨਹੀਂ) ਨੇ ਸਭ ਤੋਂ ਜ਼ਿਆਦਾ ਖਿਤਾਬ ਜਿੱਤਣੇ ਸਨ। ਪਰ ਅੱਜ ਤਕ ਇਟਲੀ ਦੀ ਕੋਈ ਵੀ ਮੁਟਿਆਰ ਨਾ ਤਾਂ ਮਿਸ ਵਰਲਡ ਬਣੀ ਹੈ ਅਤੇ ਨਾ ਹੀ ਮਿਸ ਯੂਨੀਵਰਸ। ਇਹੀ ਹਾਲ ਜਰਮਨੀ ਦਾ ਹੈ ਜਿਸ ਨੇ ਕਦੇ ਵੀ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਹੋਰ ਤਾਂ ਹੋਰ ਯੂਰੋਪ ਦੇ ਹਰ ਪੱਖੋਂ ਖੁਸ਼ਹਾਲ ਹੋਰ ਬਹੁਤ ਸਾਰੇ ਮੁਲਕਾਂ ਦੀਆਂ ਸੁੰਦਰੀਆਂ ਵੀ ਸੁੰਦਰਤਾ ਮੁਕਾਬਲਿਆਂ ਵਿੱਚ ਫਾਡੀ ਹੀ ਰਹੀਆਂ ਹਨ। ਇਸ ਦੀ ਚੰਗੀ ਮਿਸਾਲ ਨੌਰਵੇ (1990- ਮਿਸ ਯੂਨੀਵਰਸ), ਇਟਲੀ (ਕਦੇ ਨਹੀਂ), ਜਰਮਨੀ (ਕਦੇ ਨਹੀਂ), ਸਪੇਨ (1974- ਮਿਸ ਯੂਨੀਵਰਸ) ਅਤੇ ਫਰਾਂਸ (1953- ਮਿਸ ਵਰਲਡ, 1953 ਤੇ 2016- ਮਿਸ ਯੂਨੀਵਰਸ) ਵਰਗੇ ਮੁਲਕ ਹਨ।

ਇਸ ਦੇ ਉਲਟ ਸੁੰਦਰਤਾ ਮੁਕਾਬਲਿਆਂ ਵਿੱਚ ਵੈਨਜ਼ੁਏਲਾ ਦੀ ਝੰਡੀ ਹੈ ਜਿਸ ਨੇ ਕੁੱਲ 13 ਵਾਰ ਕੌਮਾਂਤਰੀ ਪੱਧਰ ਦੇ ਮੁਕਾਬਲੇ ਜਿੱਤੇ ਹਨ। ਇਸ ਦੇਸ਼ ਨੇ ਸੱਤ ਵਾਰ ਮਿਸ ਇੰਟਰਨੈਸ਼ਨਲ ਅਤੇ ਦੋ ਵਾਰ ਮਿਸ ਅਰਥ ਦੇ ਖਿਤਾਬ ਵੀ ਜਿੱਤੇ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵੈਨਜ਼ੁਏਲਾ ਵਿੱਚ ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ਦੀ ਦਰ ਕਾਫ਼ੀ ਜ਼ਿਆਦਾ ਹੈ। ਯੂਐੱਨ ਦੀ ਮਨੁੱਖੀ ਵਿਕਾਸ ਰਿਪੋਟਰ ਅਨੁਸਾਰ ਲਿੰਗ ਅਸਮਾਨਤਾ ਸੂਚੀ ਵਿੱਚ ਵੈਨਜ਼ੁਏਲਾ 71ਵੇਂ ਸਥਾਨ ’ਤੇ ਹੈ। 2015 ਵਿੱਚ ਇਹ 101ਵੇਂ ਸਥਾਨ ’ਤੇ ਸੀ। ਜਦੋਂਕਿ ਨੌਰਵੇ ਇਸ ਸੂਚੀ ਵਿੱਚ ਪਹਿਲੀ ਥਾਂ ’ਤੇ ਹੈ ਯਾਨੀ ਉੱਥੇ ਔਰਤਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਵਿ ਤਕਰਾ ਨਹੀਂ ਤੇ ਇਸ ਨੇ ਸਿਰਫ਼ 1990 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲੇ ਦੇਸ਼ ਸਵਿਟਜ਼ਰਲੈਂਡ ਨੇ ਕਦੇ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਭਾਰਤ ਇਸ ਸੂਚੀ ਵਿੱਚ 2015 ਦੇ 125ਵੇਂ ਸਥਾਨ ਦੇ ਮੁਕਾਬਲੇ 2016 ਵਿੱਚ 131ਵੇਂ ਸਥਾਨ ’ਤੇ ਆ ਗਿਆ ਹੈ।
ਦੂਜਾ ਵਿਚਾਰਨਯੋਗ ਪੱਖ ਇਹ ਹੈ ਕਿ ਵੈਨਜ਼ੁਏਲਾ ਦਾ ਅਰਥਚਾਰਾ ਮੁੱਖ ਰੂਪ ਵਿੱਚ ਪੈਟਰੋਲੀਅਮ ਵਸਤਾਂ ਦੇ ਖੇਤਰ ਨਾਲ ਜੁੜੇ ਉਦਯੋਗ ਦੇ ਆਲੇ-ਦੁਆਲੇ ਘੁੰਮਦਾ ਹੈ। ਜਿਹੜੇ ਦੇਸ਼ਾਂ ਨਾਲ ਵੈਨਜ਼ੁਏਲਾ ਦੇ ਵਪਾਰਕ ਸਬੰਧ ਹਨ ਉਨ੍ਹਾਂ ਵਿੱਚ ਅਮਰੀਕਾ ਸਭ ਤੋਂ ਮੋਹਰੀ ਹੈ। ਦੂਜੇ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ (ਬਰਾਮਦ) ਵਿੱਚੋਂ ਇਹ ਅਮਰੀਕਾ ਨੂੰ ਸਭ ਤੋਂ ਵੱਧ 35 ਫ਼ੀਸਦੀ ਪੈਟਰੋਲੀਅਮ, ਕੈਮੀਕਲ ਅਤੇ ਖੇਤੀ ਆਧਾਰਿਤ ਵਸਤਾਂ ਭੇਜਦਾ ਹੈ। ਭਾਰਤ ਅਤੇ ਚੀਨ ਵੀ ਵੈਨਜ਼ੁਏਲਾ ਦੇ ਵੱਡੇ ਗਾਹਕਾਂ ’ਚੋਂ ਇੱਕ ਹਨ। ਦੂਜੇ ਪਾਸੇ ਵੈਨਜ਼ੁਏਲਾ, ਅਮਰੀਕਾ ਵਿੱਚੋਂ ਸਭ ਤੋਂ ਜ਼ਿਆਦਾ ਵਸਤਾਂ ਮੰਗਵਾਉਂਦਾ (22 ਫ਼ੀਸਦੀ ਦਰਾਮਦ) ਹੈ ਜਿਨ੍ਹਾਂ ਵਿੱਚ ਕੱਪੜੇ, ਕਾਰਾਂ, ਮਸ਼ੀਨਰੀ, ਟਰਾਂਸਪੋਰਟ ਅਤੇ ਨਿਰਮਾਣ ਖੇਤਰ ਨਾਲ ਸਬੰਧਿਤ ਸਾਮਾਨ ਪ੍ਰਮੁੱਖ ਹੈ। ਕਹਿਣ ਦਾ ਭਾਵ ਇਹ ਹੈ ਕਿ ਅਮਰੀਕਾ ਲਈ ਇਹ ਇੱਕ ਵੱਡੀ ਮੰਡੀ ਦੇ ਰੂਪ ਵਿੱਚ ਵਿਕਸਿਤ ਹੋਇਆ ਦੇਸ਼ ਹੈ।
ਸੁੰਦਰਤਾ ਮੁਕਾਬਲਿਆਂ ਦੇ ਓਹਲੇ ਹੇਠ ਵਿਕਸਿਤ ਮੁਲਕ ਕਿਸ ਤਰ੍ਹਾਂ ਵਿਕਾਸਸ਼ੀਲ ਮੁਲਕਾਂ ਨੂੰ ਇੱਕ ਮੰਡੀ ਦੇ ਰੂਪ ਵਿੱਚ ਵਰਤ ਰਹੇ ਹਨ ਅਤੇ ਇੱਥੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਕਿਸ ਤਰ੍ਹਾਂ ਆਪਣਾ ਟਿਕਾਣਾ ਬਣਾ ਰਹੀਆਂ ਹਨ, ਇਸ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਬਹੁਤ ਜ਼ਿਆਦਾ ਰੌਚਿਕ ਹੈ। ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਮੋਹਰੀ ਮੁਲਕਾਂ ਵਿੱਚ ਸ਼ਾਮਿਲ ਪੀਓਰਟੋ ਰੀਕੋ ਦੀ
ਵਪਾਰ ਦੇ ਮਾਮਲੇ ਵਿੱਚ ਅਮਰੀਕਾ ਨਾਲ ਚੰਗੀ ਬਣਦੀ ਹੈ। ਇਸ ਦੇਸ਼ ਦੀ ਅਮਰੀਕਾ ਨਾਲ ਬਰਾਮਦ ਦਰ 90 ਫ਼ੀਸਦੀ ਹੈ ਜਦੋਂਕਿ ਦਰਾਮਦ ਦਰ 55 ਫ਼ੀਸਦੀ ਹੈ। ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਵਿਸ਼ਵ ਪੱਧਰ ’ਤੇ ਬਾਜ਼ਾਰੀਕਰਨ ਨੇ ਆਪਣੇ ਪੈਰ ਪਸਾਰੇ ਹਨ ਅਤੇ ਦੁਨੀਆਂ ਦਾ ਬਾਜ਼ਾਰ ਸਿਮਟ ਕੇ ਇੱਕ ਹੋ ਗਿਆ ਹੈ। ਓਦੋਂ ਤੋਂ ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਦੇ ਅਰਥਚਾਰਿਆਂ ਅਤੇ ਉਨ੍ਹਾਂ ਦੇ ਅਮਰੀਕਾ ਅਤੇ ਯੂਰੋਪੀਅਨ ਮੁਲਕਾਂ ਨਾਲ ਸਬੰਧਾਂ ਦਾ ਪ੍ਰਭਾਵ ਮੁਕਾਬਲਿਆਂ ਦੇ ਨਤੀਜਿਆਂ ’ਤੇ ਪ੍ਰਤੱਖ ਵੇਖਣ ਨੂੰ ਮਿਲ ਰਿਹਾ ਹੈ।
ਭਾਰਤ, ਚੀਨ, ਰੂਸ, ਵੈਨਜ਼ੁੇੲਲਾ, ਕੁਝ ਅਫਰੀਕੀ ਮੁਲਕ ਅਤੇ ਲਾਤੀਨੀ ਅਮਰੀਕੀ ਮੁਲਕ ਬ੍ਰਾਜ਼ੀਲ, ਪੇਰੂ, ਕੋਲੰਬੀਆ ਸਮੇਤ ਅਜਿਹੇ ਦੇਸ਼ਾਂ ਦੀਆਂ ਸੁੰਦਰੀਆਂ ਦੇ ਸਿਰ ’ਤੇ ਹੀ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜੇ ਹਨ ਜਿੱਥੇ ਕੰਪਨੀਆਂ ਦੇ ਮਾਲ ਦੀ ਖਪਤ ਲਈ ਵੱਡੀਆਂ ਮੰਡੀਆਂ ਹਨ। ਉਹ ਦੇਸ਼ ਜਿੱਥੇ ਕੱਚਾ ਮਾਲ ਆਸਾਨੀ ਨਾਲ ਪ੍ਰਾਪਤ ਹੋ ਸਕੇ ਅਤੇ ਤਿਆਰ ਮਾਲ ਦੀ ਖਪਤ ਵਿਕਸਿਤ ਮੁਲਕ ਆਸਾਨੀ ਨਾਲ ਕਰਵਾ ਸਕਣ, ਉਨ੍ਹਾਂ ਵਿੱਚ ਕੌਮਾਂਤਰੀ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਦੀਆਂ ਜੇਤੂ ਕੁੜੀਆਂ ਰਾਹੀਂ ਬਾਜ਼ਾਰਾਂ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ।
ਜਦੋਂ ਭਾਰਤ ਇੱਕ ਕੌਮਾਂਤਰੀ ਮੰਡੀ ਦੇ ਰੂਪ ਵਿੱਚ ਉੱਭਰ ਰਿਹਾ ਸੀ ਤਾਂ ਇੱਕ ਤੋਂ ਬਾਅਦ ਇੱਕ ਸੁੰਦਰਤਾ ਖਿਤਾਬ ਭਾਰਤੀ ਸੁੰਦਰੀਆਂ ਦੇ ਸਿਰ ਸਜਾ ਦਿੱਤੇ ਗਏ। 1994 ਵਿੱਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ। ਉਸੇ ਸਾਲ ਐਸ਼ਵਰਿਆ ਰਾਏ ਮਿਸ ਵਰਲਡ ਬਣੀ। ਦੋ ਸਾਲ ਦੇ ਵਕਫ਼ੇ ਬਾਅਦ ਹੀ 1997 ਵਿੱਚ ਡਾਇਨਾ ਹੇਡਨ ਮਿਸ ਵਰਲਡ ਬਣੀ। ਫਿਰ 1999 ਵਿੱਚ ਯੁਕਤਾ ਮੁਖੀ ਮਿਸ ਵਰਲਡ ਬਣੀ। ਸਾਲ 2000 ਵਿੱਚ ਵੀ ਮਿਸ ਵਰਲਡ ਤੇ ਮਿਸ ਯੂਨੀਵਰਸ ਦੇ ਖਿਤਾਬ ਕ੍ਰਮਵਾਰ ਭਾਰਤ ਦੀਆਂ ਸੁੰਦਰੀਆਂ ਪ੍ਰਿਅੰਕਾ ਚੋਪੜਾ ਤੇ ਲਾਰਾ ਦੱਤਾ ਦੇ ਨਾਂ ਰਹੇ।
ਨਵੀਆਂ ਵਪਾਰਕ ਨੀਤੀਆਂ, ਨਵੇਂ ਤਰ੍ਹਾਂ ਦੇ ਬਾਜ਼ਾਰਾਂ ਅਤੇ ਉਪਭੋਗਤਾਵਾਂ ਪੈਦਾ ਹੋਣ ਦੇ ਸੰਦਰਭ ਵਿੱਚ ਹੁਣ ਫਿਰ ਉਨ੍ਹਾਂ ਮੁਲਕਾਂ ਦੀਆਂ ਮੁਟਿਆਰਾਂ ਸਿਰ ਤਾਜ ਸਜਣੇ ਸ਼ੁਰੂ ਹੋ ਗਏ ਹਨ ਜਿੱਥੇ ਵਪਾਰ ਦੇ ਨਵੇਂ ਮੌਕੇ ਅਤੇ ਵੱਡੀ ਗਿਣਤੀ ਵਿੱਚ ਪੈਸਾ ਖਰਚਣ ਯੋਗ ਉਪਭੋਗਤਾਵਾਂ ਦੀ ਬਹੁਤਾਤ ਹੈ। ਵਿਸ਼ਵ ਮੰਦੀ ਦੇ ਉਭਾਰ ਤੋਂ ਬਾਅਦ 2008 ਤੋਂ 2017 ਤਕ ਜਿਨ੍ਹਾਂ ਦੇਸ਼ਾਂ ਦੀਆਂ ਮੁਟਿਆਰਾਂ ਮਿਸ ਯੂਨੀਵਰਸ ਅਤੇ ਮਿਸ ਵਰਲਡ ਦੇ ਖਿਤਾਬ ਜਿੱਤੀਆਂ ਹਨ, ਉਨ੍ਹਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਮਿਸ ਯੂਨੀਵਰਸ ਮੁਕਾਬਲੇ ਵਿੱਚ 2008 ਤੇ 2009 ’ਚ ਵੈਨਜ਼ੁਏਲਾ, 2010 ’ਚ ਮੈਕਸੀਕੋ, 2011 ’ਚ ਅੰਗੋਲਾ, 2012 ਵਿੱਚ ਅਮਰੀਕਾ, 2013 ਵਿੱਚ ਵੈਨਜ਼ੁਏਲਾ, 2014 ਵਿੱਚ ਕੋਲੰਬੀਆ, 2015 ਵਿੱਚ ਫਿਲਪਾਈਨਜ਼ ਅਤੇ 2016 ਵਿੱਚ ਫਰਾਂਸ ਦੀ ਮੁਟਿਆਰ ਜੇਤੂ ਰਹੀ। ਇਸੇ ਤਰ੍ਹਾਂ ਮਿਸ ਵਰਲਡ ਮੁਕਾਬਲੇ ਵਿੱਚ 2008 ’ਚ ਰੂਸ, 2009 ’ਚ ਗਿਬਰਾਲਟਰ, 2010 ’ਚ ਅਮਰੀਕਾ, 2011 ’ਚ ਵੈਨਜ਼ੁਏਲਾ, 2012 ਵਿੱਚ ਚੀਨ, 2013 ਵਿੱਚ ਫਿਲਪਾਈਨਜ਼, 2014 ਵਿੱਚ ਦੱਖਣੀ ਅਫਰੀਕਾ, 2015 ਵਿੱਚ ਸਪੇਨ, 2016 ਵਿੱਚ ਪਿਓਰਟੋ ਰੀਕੋ ਅਤੇ 2017 ਵਿੱਚ ਭਾਰਤੀ ਸੁੰਦਰੀ ਸਿਰ ਤਾਜ ਸਜਿਆ ਹੈ।
ਅਜਿਹੇ ਖਿਤਾਬ ਜਿੱਤਣ ਵਾਲੀਆਂ ਕੁੜੀਆਂ ਨੂੰ ਵੱਖ ਵੱਖ ਮੁਲਕਾਂ ਵਿੱਚ ਅਲੱਗ ਅਲੱਗ ਮੰਚਾਂ ’ਤੇ ਪੇਸ਼ ਕੀਤਾ ਜਾਂਦਾ ਹੈ। ਕਈ ਸੰਸਥਾਵਾਂ ਦੇ ਬਰਾਂਡ ਅੰਬੈਸਡਰ ਬਣਾ ਕੇ ਕੌਮਾਂਤਰੀ ਪੱਧਰ ’ਤੇ ਮਸ਼ਹੂਰੀ ਕਰਵਾਈ ਜਾਂਦੀ ਹੈ। ਵਪਾਰਕ ਕੰਪਨੀਆਂ ਆਪਣਾ ਸਾਮਾਨ ਵੇਚਣ ਲਈ ਇਨ੍ਹਾਂ ਕੁੜੀਆਂ ਦਾ ਸਹਾਰਾ ਲੈਂਦੀਆਂ ਹਨ। ਕੀ ਕਾਰਨ ਹੈ ਕਿ ਯੂਰੋਪ ਦੇ ਸਾਰੇ ਖੁਸ਼ਹਾਲ ਦੇਸ਼ਾਂ ਦੀਆਂ ਸੁੰਦਰੀਆਂ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਅਮੀਰ ਮੁਲਕਾਂ ਦੀਆਂ ਕੁੜੀਆਂ ਇਨ੍ਹਾਂ ਮੁਕਾਬਲਿਆਂ ਵਿੱਚ ਲਗਾਤਾਰ ਜੇਤੂ ਨਹੀਂ ਰਹਿੰਦੀਆਂ? ਕਿਉਂਕਿ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਦੀ ਸਥਿਤੀ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਅਲੱਗ ਹੈ ਅਤੇ ਉਨ੍ਹਾਂ ਮੁਲਕਾਂ ਵਿੱਚ ਵਸਤਾਂ ਦੀ ਮੰਗ ‘ਸੰਤੁਸ਼ਟੀ ਬਿੰਦੂ’ ਤਕ ਪਹੁੰਚ ਚੁੱਕੀ ਹੈ ਜਦੋਂਕਿ ਭਾਰਤ ਵਰਗੇ ਮੁਲਕਾਂ ਵਿੱਚ ਹਾਲੇ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਤੋਂ ਵਿਰਵੇ ਹਨ।
ਸਿਆਸੀ, ਸਮਾਜਿਕ ਜਾਂ ਆਰਥਿਕ ਅਸਥਿਰਤਾ ਵਾਲੇ ਜਾਂ ਮਾਲ ਦੀ ਖਪਤ ਦੀ ਬਹੁਤ ਘੱਟ ਸੰਭਾਵਨਾ ਵਾਲੇ ਮੁਲਕ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ। ਇਹੀ ਕਾਰਨ ਹੈ ਕਿ ਬਹੁਤੇ ਅਫਰੀਕੀ, ਮੱਧ-ਪੂਰਬੀ (ਇਰਾਕ, ਇਰਾਨ, ਸੀਰੀਆ, ਫਿਲਸਤੀਨ ਆਦਿ), ਗੜਬੜੀ ਵਾਲੇ ਏਸ਼ੀਆਈ ਦੇਸ਼ ਅਤੇ ਰੂਸ ਨਾਲੋਂ ਟੁੱਟੇ ਮੁਲਕਾਂ ਦੀਆਂ ਸੁੰਦਰੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਕੋਈ ਥਾਂ ਨਹੀਂ ਮਿਲਦੀ। ਇਸ ਗੱਲ ’ਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਭਵਿੱਖ ’ਚ ਵੀ ਬਾਜ਼ਾਰ ਦੇ ਵਧਣ-ਫੁੱਲਣ ਦੀਆਂ ਵਧੇਰੇ ਸੰਭਾਵਨਾਵਾਂ ਵਾਲੇ ਮੁਲਕਾਂ ਦੀਆਂ ਸੁੰਦਰੀਆਂ ਸਿਰ ਹੀ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜਣ। ਇਨ੍ਹਾਂ ਵਿੱਚ ਭਾਰਤ, ਇੰਡੋਨੇਸ਼ੀਆ, ਥਾਈਲੈਂਡ, ਸ੍ਰੀਲੰਕਾ, ਬ੍ਰਾਜ਼ੀਲ, ਫਿਲਪਾਈਨਜ਼, ਕੋਲੰਬੀਆ, ਚੀਨ ਆਦਿ ਦਾ ਨਾਂ ਮੂਹਰਲੀ ਕਤਾਰ ਵਿੱਚ ਸ਼ਾਮਿਲ ਹੈ। ਨਰਿੰਦਰ ਪਾਲ ਸਿੰਘ ਜਗਦਿਓ ਰਾਜ਼ਦਾਰੀਆਂ ਨਰਿੰਦਰ ਪਾਲ ਸਿੰਘ ਜਗਦਿਓ  ਰਾਜ਼ਦਾਰੀਆਂ   ਸੰਪਰਕ: 97802-16767