ਪੰਜਾਬੀ ਜ਼ੁਬਾਨ ਬਾਰੇ ਸੁਚੇਤ ਹੋਣ ਦੀ ਲੋੜ

0
849

ਪੰਜਾਬੀ ਭਾਈਚਾਰਾ ਇਸ ਵੇਲੇ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਾ ਹੈ। ਪੰਜਾਬੀਆਂ ਦੇ ਹਰ ਦੇਸ਼ ਵਿਚ ਜਾ ਕੇ ਵਸਣ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਦਰਵਾਜ਼ੇ ਖੁੱਲ੍ਹ ਗਏ ਹਨ। ਪੰਜਾਬੀ ਭਾਸ਼ਾ ਦਾ ਮੁੱਢ ਭਾਰਤ ਅਤੇ ਪਾਕਿਸਤਾਨ ਵਿਚਲੇ ਪੰਜਾਬ ਨਾਲ ਜੁੜਿਆ ਹੋਇਆ ਹੈ। ਅਸਲ ਵਿਚ ਬੁਨਿਆਦੀ ਤੌਰ ‘ਤੇ ਪੰਜਾਬੀ ਭਾਸ਼ਾ ਪੰਜਾਬ ਦੀ ਹੀ ਭਾਸ਼ਾ ਹੈ। ਪਰ ਪੰਜਾਬੀ ਭਾਸ਼ਾ ਨੂੰ ਆਪਣੇ ਹੀ ਦੇਸ਼ ਅੰਦਰ ਬੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਪੰਜਾਬ ਵਿਚ ਇਸ ਵੇਲੇ ਪੰਜਾਬੀ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਨੂੰ ਤਰਜੀਹ ਦਿੱਤੇ ਜਾਣ ਦਾ ਰੁਝਾਨ ਚੱਲ ਰਿਹਾ ਹੈ। ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਸਥਾਪਤ ਹੋਏ ਪਬਲਿਕ ਸਕੂਲਾਂ ਵਿਚ ਤਾਂ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਅਜਿਹੇ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਮਨਾਹੀ ਹੈ। ਇਥੋਂ ਤੱਕ ਕਿ ਬਹੁਤ ਸਾਰੇ ਸਕੂਲਾਂ ਵਿਚ ਜੇਕਰ ਕੋਈ ਅਧਿਆਪਕ ਜਾਂ ਵਿਦਿਆਰਥੀ ਪੰਜਾਬੀ ਬੋਲਣ ਦੀ ਗੁਸਤਾਖੀ ਕਰ ਲਵੇ, ਤਾਂ ਉਸ ਨੂੰ ਜੁਰਮਾਨੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਪੰਜਾਬ ਵਿਚ ਘਰਾਂ ਅੰਦਰ ਵੀ ਲੋਕ ਆਪਣੇ ਬੱਚਿਆਂ ਨਾਲ ਪੰਜਾਬੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਵਿਚ ਗੱਲ ਕਰਨਾ ਵਧੇਰੇ ਸ਼ਾਨ ਵਾਲੀ ਗੱਲ ਸਮਝਦੇ ਹਨ। ਅਸਲ ਵਿਚ ਸਰਕਾਰੇ-ਦਰਬਾਰੇ ਅਤੇ ਰੁਜ਼ਗਾਰ ਵਿਚ ਅੰਗਰੇਜ਼ੀ ਦਾ ਗਲਬਾ ਹੋਣ ਕਾਰਨ ਆਮ ਲੋਕਾਂ ਵਿਚ ਇਹ ਮਾਨਸਿਕਤਾ ਘਰ ਕਰ ਗਈ ਹੈ ਕਿ ਉਨ੍ਹਾਂ ਦੇ ਬੱਚੇ ਵੱਡੀਆਂ ਨੌਕਰੀਆਂ ਅਤੇ ਅਹਿਮ ਸਥਾਨ ਤਾਂ ਹੀ ਹਾਸਲ ਕਰ ਸਕਦੇ ਹਨ, ਜੇਕਰ ਉਹ ਅੰਗਰੇਜ਼ੀ ਅਤੇ ਹਿੰਦੀ ਬੋਲਣ ਦੇ ਮਾਹਰ ਹੋਣਗੇ। ਇਥੋਂ ਤੱਕ ਕਿ ਭਾਰਤ ਦਾ ਸੰਵਿਧਾਨ ਅਤੇ ਸਮੁੱਚੀ ਅਦਾਲਤੀ ਕਾਰਵਾਈ ਅਜੇ ਵੀ ਅੰਗਰੇਜ਼ੀ ਵਿਚ ਚੱਲ ਰਹੀ ਹੈ। ਭਾਰਤੀ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਮਾਣ-ਤਾਣ ਦੇਣ ਲਈ ਪੰਜਾਬੀ ਲੇਖਕਾਂ, ਸਾਹਿਤਕਾਰਾਂ ਅਤੇ ਪੰਜਾਬੀ ਪਿਆਰਿਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਈ ਸਰਕਾਰਾਂ ਨੇ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦੇਣ ਦੇ ਵਾਅਦੇ ਵੀ ਕੀਤੇ। ਪਰ ਅਜਿਹੇ ਵਾਅਦੇ ਕਦੇ ਵੀ ਵਫਾ ਨਹੀਂ ਹੋਏ, ਉਲਟਾ ਸਗੋਂ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਪਹਿਲੀ ਜਮਾਤ ਤੋਂ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਪੜ੍ਹਾਏ ਜਾਣ ਬਾਰੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਇੰਨਾ ਮੰਦਾ ਹਾਲ ਹੈ ਕਿ ਉਥੇ ਸਿਰਫ ਗਰੀਬ ਅਤੇ ਮਜ਼ਦੂਰ ਲੋਕਾਂ ਦੇ ਬੱਚੇ ਹੀ ਪੜ੍ਹਨ ਜਾਂਦੇ ਹਨ।
ਪਾਕਿਸਤਾਨ ਪੰਜਾਬ ਵਿਚ ਵੀ ਪੰਜਾਬੀ ਜ਼ੁਬਾਨ ਨਾਲ ਹੁਣ ਤੱਕ ਮਤਰੇਈ ਮਾਂ ਵਾਲਾ ਸਲੂਕ ਹੀ ਹੁੰਦਾ ਆ ਰਿਹਾ ਹੈ। ਹਾਲਾਂਕਿ ਪਾਕਿਸਤਾਨੀ ਪੰਜਾਬ ਦੇ ਲੋਕ ਵੱਡੇ ਪੱਧਰ ‘ਤੇ ਪੰਜਾਬੀ ਬੋਲਦੇ ਹਨ, ਪਰ ਫਿਰ ਵੀ ਉਥੇ ਉਰਦੂ ਅਤੇ ਅੰਗਰੇਜ਼ੀ ਦਾ ਹੀ ਬੋਲਬਾਲਾ ਹੈ। ਸਾਰੇ ਹੀ ਅਦਾਲਤੀ ਅਤੇ ਸਰਕਾਰੀ ਕਾਰੋਬਾਰ ਅੰਗਰੇਜ਼ੀ ਵਿਚ ਹੁੰਦੇ ਹਨ ਅਤੇ ਰਾਜ ਭਾਸ਼ਾ ਉਰਦੂ ਨੂੰ ਬਣਾਇਆ ਹੋਇਆ ਹੈ। ਪਰ ਹੁਣ ਚੰਗੀ ਖ਼ਬਰ ਇਹ ਹੈ ਕਿ ਪੰਜਾਬੀ ਨੂੰ ਵੀ ਸਰਕਾਰੇ-ਦਰਬਾਰੇ ਮਾਨਤਾ ਦੇਣ ਅਤੇ ਇਸਦਾ ਸਨਮਾਨ ਬਹਾਲ ਕਰਨ ਦੇ ਸੰਜੀਦਾ ਯਤਨ ਸ਼ੁਰੂ ਹੋ ਗਏ ਹਨ। ਪਾਕਿਸਤਾਨ ਸੈਨੇਟ ਦੀ ਇੱਕ ਅਹਿਮ ਕਮੇਟੀ ਨੇ ਪੰਜਾਬੀ ਨੂੰ ਕੌਮੀ ਜ਼ੁਬਾਨ ਦਾ ਰੁਤਬਾ ਦੇਣ ਸਬੰਧੀ ਇੱਕ ਬਿਲ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਤੇ ਇਨਸਾਫ਼ ਬਾਰੇ ਸੈਨੇਟ ਦੀ ਸਥਾਈ ਕਮੇਟੀ ਨੇ ਪੰਜਾਬੀ ਸਬੰਧੀ ਸੰਵਿਧਾਨਕ ਸੋਧ ਬਿਲ ਦੇ ਖਰੜੇ ਨੂੰ 11 ਮਈ ਨੂੰ ਮਨਜ਼ੂਰੀ ਦਿੱਤੀ। ਪੰਜਾਬੀ ਤੋਂ ਇਲਾਵਾ ਸਿੰਧੀ, ਪਸ਼ਤੋ ਤੇ ਬਲੋਚੀ ਨੂੰ ਵੀ ਕੌਮੀ ਜ਼ੁਬਾਨਾਂ ਦਾ ਦਰਜਾ ਦਿੱਤੇ ਜਾਣਾ ਇਸ ਬਿਲ ਦੀ ਇੱਕ ਅਹਿਮ ਮੱਦ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪਾਕਿਸਤਾਨ ਵਿਚ ਸਿਰਫ਼ ਉਰਦੂ ਨੂੰ ਕੌਮੀ ਜ਼ੁਬਾਨ ਵਜੋਂ ਮਾਨਤਾ ਮਿਲੀ ਹੋਈ ਹੈ, ਜਦੋਂਕਿ ਅੰਗਰੇਜ਼ੀ ਨੂੰ ਆਲਮੀ ਲਿੰਕ ਭਾਸ਼ਾ ਦਾ ਰੁਤਬਾ ਪ੍ਰਾਪਤ ਹੈ। ਦਰਅਸਲ, ਇੱਕ ਸਮੇਂ ਉਰਦੂ ਤੇ ਅੰਗਰੇਜ਼ੀ, ਦੋਵਾਂ ਨੂੰ ਕੌਮੀ ਜ਼ੁਬਾਨ ਦਾ ਦਰਜਾ ਹਾਸਲ ਸੀ, ਪਰ 2015 ਵਿਚ ਅੰਗਰੇਜ਼ੀ ਤੋਂ ਇਹ ਰੁਤਬਾ ਖੋਹ ਲਿਆ ਗਿਆ। ਅਜਿਹਾ ਹੋਣ ਦੇ ਬਾਵਜੂਦ ਸਰਕਾਰੇ-ਦਰਬਾਰੇ ਅੰਗਰੇਜ਼ੀ ਦਾ ਹੀ ਦਬਦਬਾ ਹੈ। ਕੌਮੀ ਸੰਵਿਧਾਨ, ਕਾਨੂੰਨ, ਕਾਨੂੰਨੀ ਇਕਰਾਰ ਅਤੇ ਹੋਰ ਸਾਰੇ ਅਹਿਮ ਦਸਤਾਵੇਜ਼ ਅੰਗਰੇਜ਼ੀ ਵਿਚ ਹੀ ਹਨ। ਕੌਮੀ ਸਰਕਾਰ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਾਮਰਾਜ ਨਾਲ ਜੁੜੀ ਵਿਰਾਸਤ ਦੇ ਨਿਸ਼ਾਨ ਮਿਟਾਉਣਾ ਅਜੇ ਸੰਭਵ ਨਹੀਂ।
ਪੰਜਾਬੀ ਨੂੰ ਕੌਮੀ ਜ਼ੁਬਾਨ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ, ਪਰ ਇਸ ਨੂੰ ਹੁਲਾਰਾ ਪਿਛਲੇ ਕੁਝ ਸਾਲਾਂ ਤੋਂ ਹੀ ਮਿਲਿਆ ਹੈ। ਦਰਅਸਲ, ਸੂਬਾ ਪੰਜਾਬ ਵਿਚ ਕੁਝ ਅੱਤਵਾਦੀ ਗਰੁੱਪਾਂ ਨੇ ਵੀ ਇਸ ਮੰਗ ਦੀ ਹਮਾਇਤ ਕੀਤੀ ਹੈ। ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਨੇ 2015 ਵਿਚ ਧਮਕੀ ਦਿੱਤੀ ਸੀ ਕਿ ਜੇਕਰ ਪੰਜਾਬੀ ਨੂੰ ਕੌਮੀ ਜ਼ੁਬਾਨ ਦਾ ਦਰਜਾ ਨਾ ਦਿੱਤਾ ਗਿਆ ਤਾਂ ਉਹ ਸੂਬਾਈ ਪੱਧਰ ‘ਤੇ ਜੱਦੋ-ਜਹਿਦ ਸ਼ੁਰੂ ਕਰੇਗਾ। ਹੁਣ ਤਾਂ ਅੰਗਰੇਜ਼ੀ ਭਾਸ਼ਾਈ ਮੀਡੀਆ ਨੇ ਵੀ ਇਸ ਮੁਹਿੰਮ ਵਿਚ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। 2011 ਦੀ ਕੌਮੀ ਰਾਇਸ਼ੁਮਾਰੀ ਦਾ ਹਵਾਲਾ ਦਿੰਦਿਆਂ ਅੰਗਰੇਜ਼ੀ ਰੋਜ਼ਨਾਮੇ ‘ਡਾਅਨ’ ਨੇ ਇੱਕ ਸੰਪਾਦਕੀ ਵਿਚ ਲਿਖਿਆ ਕਿ ਜਦੋਂ 54 ਫ਼ੀਸਦੀ ਪਾਕਿਸਤਾਨੀ ਪੰਜਾਬੀ ਬੋਲਦੇ ਹਨ, ਤਾਂ 7.6 ਫ਼ੀਸਦੀ ਉਰਦੂ ਭਾਸ਼ਾਈਆਂ ਦੀ ਇੰਨੀ ਚੜ੍ਹਤ ਕਿਉਂ?
ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਜ਼ੁਬਾਨ ਲਈ ਵੱਡੀ ਸਮੱਸਿਆ ਲਿੱਪੀ ਦੀ ਹੈ। ਪੰਜਾਬੀ ਦੀ ਮੁੱਢਲੀ ਲਿੱਪੀ, ਗੁਰਮੁੱਖੀ ਲਿੱਪੀ ਹੈ, ਜੋ ਪੰਜਾਬ ਸਮੇਤ ਸਭਨਾਂ ਮੁਲਕਾਂ ਵਿਚ ਪ੍ਰਚਲਿਤ ਹੈ। ਪਰ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਲਈ ਵੀ ਸ਼ਾਹਮੁਖੀ ਲਿੱਪੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸ਼ਾਹਮੁਖੀ ਲਿੱਪੀ ਅਸਲ ਵਿਚ ਉਰਦੂ ਦੀ ਲਿੱਪੀ ਹੈ।
ਵਿਦੇਸ਼ਾਂ ਵਿਚ ਵੀ ਪੰਜਾਬੀਆਂ ਲਈ ਨਵੀਂ ਪੀੜ੍ਹੀ ਨੂੰ ਆਪਣੀ ਜ਼ੁਬਾਨ, ਸੱਭਿਆਚਾਰ, ਇਤਿਹਾਸ ਅਤੇ ਧਰਮ ਨਾਲ ਜੋੜੀਂ ਰੱਖਣ ਲਈ ਪੰਜਾਬੀ ਦੀ ਜਾਣਕਾਰੀ ਅਤੇ ਪੜ੍ਹਾਈ ਬੇਹੱਦ ਜ਼ਰੂਰੀ ਹੈ। ਵਿਦੇਸ਼ਾਂ ਵਿਚ ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਘਰਾਂ ਵਿਚ ਉਹ ਆਪਣੇ ਬੱਚਿਆਂ ਲਈ ਪੰਜਾਬੀ ਵਿਚ ਗੱਲਬਾਤ ਕਰਨ। ਇਸੇ ਤਰ੍ਹਾਂ ਸਭਨਾਂ ਗੁਰੂ ਘਰਾਂ ਅਤੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਪੰਜਾਬੀ ਸਕੂਲ ਚਲਾਏ ਜਾਂਦੇ ਹਨ। ਪੰਜਾਬੀ ਸਿੱਖਣ ਲਈ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਵੀ ਲਗਾਤਾਰ ਭੇਜਿਆ ਜਾਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੀ ਹੋਰ ਧਾਰਮਿਕ ਸਮੱਗਰੀ ਵਧੇਰੇ ਕਰਕੇ ਪੰਜਾਬੀ ਭਾਸ਼ਾ ਵਿਚ ਹੀ ਹੈ। ਇਸ ਕਰਕੇ ਹਰ ਸਿੱਖ ਪੰਜਾਬੀ ਨੂੰ ਆਪਣੇ ਧਰਮ ਨਾਲ ਜੋੜੀਂ ਰੱਖਣ ਲਈ ਪੰਜਾਬੀ ਦੀ ਜਾਣਕਾਰੀ ਅਤੇ ਪੜ੍ਹਾਈ ਜ਼ਰੂਰੀ ਹੈ। ਉਂਝ, ਤਾਂ ਹਰ ਪੰਜਾਬੀ ਨੂੰ ਇਹ ਵੀ ਯਤਨ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੁੱਝ ਸਮੇਂ ਬਾਅਦ ਪੰਜਾਬ ਵੀ ਲੈ ਕੇ ਜਾਣ, ਤਾਂਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖ ਸਕੀਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿਚ ਰਹਿੰਦਿਆਂ ਸਾਡੇ ਬੱਚਿਆਂ ਨੂੰ ਆਪਣੇ ਕਾਰੋਬਾਰ ਚਲਾਉਣ ਅਤੇ ਹੋਰ ਅਹਿਮ ਸਥਾਨ ਮੱਲ੍ਹਣ ਲਈ ਅੰਗਰੇਜ਼ੀ ਜ਼ੁਬਾਨ ਦੀ ਵੱਡੀ ਜ਼ਰੂਰਤ ਹੈ। ਪਰ ਇਸ ਦੇ ਨਾਲ ਹੀ ਸਾਨੂੰ ਆਪਣੇ ਪਿਛੋਕੜ, ਵਿਰਾਸਤ ਅਤੇ ਧਰਮ ਨਾਲ ਜੁੜੇ ਰਹਿਣ ਲਈ ਪੰਜਾਬੀ ਜ਼ੁਬਾਨ ਨਾਲ ਜੁੜੇ ਰਹਿਣ ਦੀ ਵੱਡੀ ਅਹਿਮੀਅਤ ਹੈ।
ਸੋ ਸਮੂਹ ਪੰਜਾਬੀ ਪਰਿਵਾਰਾਂ ਨੂੰ ਸੁਚੇਤ ਰੂਪ ਵਿਚ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨਾਲ ਪੰਜਾਬੀ ਵਿਚ ਗੱਲ ਕਰੀਏ ਅਤੇ ਉਨ੍ਹਾਂ ਨੂੰ ਦਰੁੱਸਤ ਢੰਗ ਨਾਲ ਪੰਜਾਬੀ ਬੋਲਣ ਲਈ ਲਗਾਤਾਰ ਚੇਤੰਨ ਕਰਦੇ ਰਹੀਏ। ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ ਨਾਲ ਵੀ ਜੁੜਨ ਲਈ ਉਤਸ਼ਾਹਿਤ ਕਰਦੇ ਰਹੀਏ। ਜੇਕਰ ਅਸੀਂ ਅਜਿਹੇ ਯਤਨ ਕਰਾਂਗੇ, ਤਾਂ ਲਾਜ਼ਮੀ ਹੀ ਸਾਡੀ ਨਵੀਂ ਪੀੜ੍ਹੀ ਆਪਣੀ ਜ਼ੁਬਾਨ ਨਾਲ ਵੀ ਜੁੜੇਗੀ ਅਤੇ ਆਪਣੀ ਵਿਰਾਸਤ, ਸੱਭਿਆਚਾਰ ਅਤੇ ਧਰਮ ਪ੍ਰਤੀ ਵੀ ਵਧੇਰੇ ਸੁਚੇਤ ਹੋ ਸਕੇਗੀ।
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444