ਜਾਗਣ ਦਾ ਵੇਲਾ

0
66
pollution and clean energy concept.

ਆਸਟਰੇਲੀਆ ਤੋਂ ਪਰਤੇ ਇੱਕ ਰਿਸ਼ਤੇਦਾਰ ਮੁੰਡੇ ਨਾਲ਼ ਗੱਲਾਂ ਛਿੜ ਪਈਆਂ। ਬਾਹਰਲੇ ਮੁਲਕਾਂ ਦੇ ਰਹਿਣ-ਸਹਿਣ ਅਤੇ ਰਹੁ-ਰੀਤਾਂ ਦੀਆਂ ਗੱਲਾਂ ਕਰਦਿਆਂ ਲੋਕਾਂ ਦੇ ਨਿੱਜੀ ਚਰਿੱਤਰ ਦੇ ਨਾਲ-ਨਾਲ ਮੁਲਕ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀਆਂ ਗੱਲਾਂ ਹੋਣ ਲੱਗੀਆਂ। ਮੁੰਡੇ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਕਿਸੇ ਕੰਪਨੀ ਦਾ ਟਰੱਕ ਚਲਾ ਰਿਹਾ ਹੈ। ਇੱਕ ਦਿਨ ਉਸ ਦਾ ਟਰੱਕ ਆਸਟਰੇਲੀਆ ਦੇ ਕਿਸੇ ਰਿਹਾਇਸ਼ੀ ਖੇਤਰ ਵਿੱਚੋਂ ਲੰਘ ਰਿਹਾ ਸੀ ਤਾਂ ਟਰੱਕ ਦੇ ਉੱਪਰਲੇ ਹਿੱਸੇ ਨਾਲ ਖਹਿ ਕੇ ਦਰਖਤ ਦੀਆਂ ਕੁੱਝ ਟਾਹਣੀਆਂ ਟੁੱਟ ਗਈਆਂ। ਮੌਕੇ ਦੀ ਫੋਟੋ ਸਥਾਨਕ ਬਸ਼ਿੰਦਆਂ ਨੇ ਲੈ ਲਈ ਅਤੇ ਸਬੰਧਤ ਅਧਿਕਾਰੀਆਂ ਨੂੰ ਘੱਲ ਦਿੱਤੀ। ਬਾਅਦ ਵਿੱਚ ਜੁਰਮਾਨਾ ਅਦਾ ਕਰਕੇ ਕੰਪਨੀ ਦੀ ਖਲਾਸੀ ਹੋਈ। ਮੁੰਡੇ ਨੇ ਹੋਰ ਦੱਸਿਆ ਕਿ ਲੋਕ ਪੂਰੇ ਸੁਚੇਤ ਹਨ ਅਤੇ ਸਿਸਟਮ ਅਜਿਹਾ ਹੈ ਕਿ ਉਨ੍ਹਾਂ ਦੀ ਸੁਣਵਾਈ ਵੀ ਹੁੰਦੀ ਹੈ। ਸਾਡੇ ਵਾਂਗ ‘ਹੋਊ ਪਰੇ’, ‘ਕੋਈ ਗੱਲ ਨੀ’, ‘ਕੋਈ ਫਰਕ ਨੀ ਪੈਂਦਾ’ ਵਾਲੀ ਸੋਚ ਸ਼ਾਇਦ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਬਣੀ।

ਸੁਣ ਕੇ ਹੈਰਾਨੀ ਹੋਈ ਕਿ ਦਰਖਤਾਂ ਦੀ ਗੱਲ ਛੱਡੋ, ਟਾਹਣੀਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਖਤਰੇ ਤੋਂ ਖਾਲੀ ਨਹੀਂ। ਵਾਤਾਵਰਨ ਨੂੰ ਲੈ ਕੇ ਪਿਛਲੇ ਕੁੱਝ ਕੁ ਮਹੀਨਿਆਂ ਦੀਆਂ ਕੁੱਝ ਗੱਲਾਂ ਮੇਰੇ ਚੇਤਿਆਂ ਦੀ ਚੰਗੇਰ ਵਿੱਚੋਂ ਨਿਕਲ ਆਈਆਂ। ਜੂਨ ਦੀ ਸਖ਼ਤ ਗਰਮੀ ਪੈ ਰਹੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੀ ਕਿੱਲਤ ਸਬੰਧੀ ਫੋਟੋਆਂ, ਵੀਡੀਓਜ਼ ਅਤੇ ਖਬਰਾਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਇਸ ਨੂੰ ਦੇਖਦਿਆਂ ਪ੍ਰਤੀਤ ਹੋ ਰਿਹਾ ਸੀ ਕਿ ਲੋਕ ਪਾਣੀ ਅਤੇ ਵਾਤਾਵਰਨ ਬਾਰੇ ਬਹੁਤ ਚਿੰਤਤ ਹਨ। ਐਤਕੀਂ ਵੱਡੀ ਗਿਣਤੀ ਲੋਕ ਪੌਦੇ ਲਗਾਉਣ ਦੀਆਂ ਗੋਂਦਾਂ ਗੁੰਦਦੇ ਨਜ਼ਰ ਆਏ। ਇਹ ਚਿੰਤਾ ਅਕਸਰ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਦੇਖੀ ਜਾਂਦੀ ਹੈ। ਮੌਸਮ ਬਦਲਦੇ ਸਾਰ ਹੀ ਇਹ ਸਭ ਲੋਪ ਹੋ ਜਾਂਦਾ ਹੈ।

ਮੇਰੀਆਂ ਸੋਚਾਂ ਦੀ ਲੜੀ ਤੋੜਦਿਆਂ ਮੁੰਡੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਸਾਹ ਲੈਣ ਵਾਲੀ ਹਵਾ ਵੀ ਵਿਕਣ ਲਗ ਪਈ ਹੈ। ਇਸ ਦੀ ਤਸਦੀਕ ਪਿਛਲੇ ਦਿਨੀਂ ਅਖਬਾਰ ਦੀ ਇੱਕ ਖਬਰ ਨੇ ਵੀ ਕੀਤੀ। ਅਖਬਾਰ ਮੁਤਾਬਕ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਐਸਾ ਦਿਨ ਵੀ ਆਏਗਾ ਕਿ ਹਵਾ ਵੀ ਬੰਦ ਬੋਤਲਾਂ ਵਿੱਚ ਵਿਕਣ ਲੱਗੇਗੀ। ਇਸਦੀ ਵਿਕਰੀ ਆਨਲਾਈਨ ਵੀ ਹੋ ਰਹੀ ਹੈ ਜਿਸਦੀ ਕੀਮਤ ਸਾਹਾਂ ਦੇ ਹਿਸਾਬ ਨਾਲ ਰੱਖੀ ਗਈ ਹੈ। ਇਸ ਬਾਬਤ ਮਾਹਰ ਪਿਛਲੇ ਲੰਬੇ ਸਮੇਂ ਤੋਂ ਜਾਗਣ ਦਾ ਹੋਕਾ ਦੇ ਰਹੇ ਸਨ ਪਰ ਹੁਣ ਤਾਂ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਸਿਆਣਿਆਂ ਦਾ ਕਿਹਾ ਅਕਸਰ ਬਾਅਦ ਵਿੱਚ ਹੀ ਚੇਤੇ ਆਉਂਦਾ ਹੈ। ਸਾਡੇ ਬਜ਼ੁਰਗ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਵਾਤਾਵਰਨ ਪ੍ਰੇਮੀ ਜ਼ਰੂਰ ਸਨ। ਉਨ੍ਹਾਂ ਨੇ ਮਾਂ ਰੂਪੀ ਧਰਤ ਨੂੰ ਸੰਭਾਲਿਆ। ਪਿੰਡ ਦੇ ਹਰ ਕਿਸਾਨ ਦੇ ਰਕਬੇ ਦੇ ਹਿਸਾਬ ਨਾਲ ਉਸਦਾ ਆਪਣਾ ਛੋਟਾ ਜਿਹਾ ਜੰਗਲ ਹੋਇਆ ਕਰਦਾ ਸੀ। ਖੇਤਾਂ ਵਿੱਚ ਦਰਖਤਾਂ ਦੇ ਸਮੂਹ ਰੂਪੀ ਝਿੜੀਆਂ ਆਮ ਦਿਖਾਈ ਦਿੰਦੀਆਂ ਹੁੰਦੀਆਂ ਸਨ। ਇਨ੍ਹਾਂ ਵਿੱਚੋਂ ਲੱਕੜ ਖਾਸ ਲੋੜ ਵੇਲੇ ਹੀ ਕੱਟੀ ਜਾਂਦੀ ਅਤੇ ਬਰਸਾਤ ਦੇ ਦਿਨਾਂ ਵਿੱਚ ਹੋਰ ਬੂਟੇ ਲਗਾ ਕੇ ਇਸਦੀ ਪੂਰਤੀ ਕਰ ਲਈ ਜਾਂਦੀ। ਹੁਣ ਇਹ ਝਿੜੀਆਂ ਨਵੀਆਂ ਤਕਨੀਕਾਂ ਦੀ ਭੇਟ ਚੜ੍ਹ ਚੁੱਕੀਆਂ ਹਨ। ਕੁਦਰਤੀ ਸਰੋਤ ਟੋਭਿਆਂ ਨੂੰ ਖੁਆਜੇ ਵਜੋਂ ਪੂਜਣਾ ਸ਼ੁਰੂ ਕੀਤਾ। ਮੱਝ ਸੂਣ ਵੇਲੇ ਦੁੱਧ ਦਾ ਕੁੱਝ ਹਿੱਸਾ ਟੋਭੇ ਨੂੰ ਭੇਟ ਕੀਤਾ ਜਾਂਦਾ ਅਤੇ ਸਾਉਣ ਮਹੀਨੇ ਵਿੱਚ ਨੱਕੋ-ਨੱਕ ਭਰੇ ਟੋਭਿਆਂ ਕੰਢੇ ਦਲੀਏ ਦਾ ਚੜ੍ਹਾਵਾ ਦਿੱਤਾ ਜਾਂਦਾ। ਬਜ਼ੁਰਗ ਇਨ੍ਹਾਂ ਕੁਦਰਤੀ ਸੋਮਿਆਂ ਦੀ ਮਹੱਤਤਾ ਤੋਂ ਅਣਭਿੱਜ ਨਹੀਂ ਸਨ। ਅਗਲੀ ਪੀੜ੍ਹੀ ਵਲੋਂ ਹੁਣ ਵੀ ਭਾਵੇਂ ਲਕੀਰ ਦਾ ਫਕੀਰ ਬਣਦਿਆਂ ਛੋਟੇ-ਛੋਟੇ ਡੁੰਮ੍ਹਾਂ ਅਤੇ ਟੂਟੀਆਂ ਮੂਹਰੇ ਇਹ ਰਸਮ ਸਾਉਣ ਮਹੀਨੇ ਵਿੱਚ ਪੂਰੀ ਕੀਤੀ ਜਾਂਦੀ ਹੈ ਪਰ ਉਹ ਇਸਦੇ ਪਿੱਛੇ ਛੁਪੇ ਅਸਲ ਮਕਸਦ ਤੋਂ ਕੋਹਾਂ ਦੂਰ ਹੋ ਗਈ ਹੈ।

ਕੁਦਰਤੀ ਸੋਮੇ ਦੁਰਦਸ਼ਾ ਦਾ ਸ਼ਿਕਾਰ ਹੋ ਕੇ ਆਪਣੀ ਹੋਣੀ ‘ਤੇ ਅੱਥਰੂ ਵਹਾਉਂਦਿਆਂ ਬੀਤੇ ਵੇਲਿਆਂ ਨੂੰ ਯਾਦ ਕਰ ਰਹੇ ਜਾਪਦੇ ਹਨ। ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਰੱਜਵਾਂ ਪਾਣੀ ਪੀਣ ਵਾਲੇ ਲੋਕ ਹੁਣ ਇਨ੍ਹਾਂ ਦੇ ਪਾਣੀ ਤੋਂ ਡਰਨ ਲਗੇ ਹਨ। ਲੋਕ ਰੈਸਟੋਰੈਂਟਾਂ ਤੋਂ ਇਲਾਵਾ ਛੋਟੇ ਢਾਬਿਆਂ ‘ਤੇ ਵੀ ਰੋਟੀ ਨਾਲ ਬੰਦ ਬੋਤਲ ਵਾਲੇ ਪਾਣੀ ਦੀ ਮੰਗ ਕਰਦੇ ਹਨ। ਅਗਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤਾਂ ਤੋਂ ਸੱਖਣੇ ਕਰਨਾ ਸਾਡੀ ਸਾਰਿਆਂ ਦੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਵੇਗੀ।

ਅਮਰੀਕ ਸਿੰਘ ਦਿਆਲ ਸੰਪਰਕ: 94638-51568