ਪੋਰਟ ਕੁਕਿਟਲਮ ਦੇ ਮੇਅਰ ਵਲੋਂ 23 ਮਈ ਨੂੰ ‘ਕਾਮਾਗਾਟਾਮਾਰੂ ਯਾਦ ਦਿਵਸ’ ਮਨਾਉਣ ਦਾ ਐਲਾਨ

0
412

ਐਬਟਸਫੋਰਡ (ਪੰਜਾਬੀ ਚੇਤਨਾ) : -ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪੋਰਟ ਕੁਕਿਟਲਮ ਦੇ ਮੇਅਰ ਬਰੈਡ ਵੈਸਟ ਨੇ 23 ਮਈ ਨੂੰ ਕਾਮਾਗਾਟਾਮਾਰੂ ਯਾਦ ਦਿਵਸ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸਰੀ ਦੇ ਮੇਅਰ ਡੱਗ ਮਕੱਲਮ ਵੀ 23 ਮਈ ਨੂੰ ਕਾਮਾਗਾਟਾਮਾਰੂ ਯਾਦ ਦਿਵਸ ਮਨਾਉਣ ਦਾ ਐਲਾਨਨਾਮਾ ਜਾਰੀ ਕਰ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸੂਬੇ ਦੇ 2 ਵੱਡੇ ਸ਼ਹਿਰਾਂ ਵਿਖੇ ਇਕੋ ਦਿਨ ਕਾਮਾਗਾਟਾਮਾਰੂ ਯਾਦ ਦਿਵਸ ਮਨਾਇਆ ਜਾਣਾ ਹੈ। ਕਾਮਾਗਾਟਾਮਾਰੂ ਸੁਸਾਇਟੀ ਕੈਨੇਡਾ ਦੇ ਉੱਪ-ਪ੍ਰਧਾਨ ਰਾਜ ਸਿੰਘ ਤੂਰ ਨੇ ਦੋਵੇਂ ਮੇਅਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 106 ਸਾਲ ਪਹਿਲਾਂ ਕੈਨੇਡਾ ਪਹੁੰਚੇ ਕਾਮਾਗਾਟਮਾਰੂ ਦੇ ਮੁਸਾਫ਼ਰਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਰਾਜ ਸਿੰਘ ਤੂਰ, ਬਾਬਾ ਪੂਰਨ ਸਿੰਘ ਜਨੇਤਪੁਰਾ ਦੇ ਪੋਤਰੇ ਹਨ ਬਾਬਾ ਪੂਰਨ ਸਿੰਘ ਜਨੇਤਪੁਰਾ 23 ਮਈ, 1914 ਨੂੰ ਵੈਨਕੂਵਰ ਪਹੁੰਚੇ ਕਾਮਾਗਾਟਾਮਾਰੂ ਜਹਾਜ਼ ਦੇ 376 ਮੁਸਾਫ਼ਰਾਂ ‘ਚ ਸ਼ਾਮਿਲ ਸਨ, ਜਿਨ੍ਹਾਂ ਨੂੰ 23 ਜੁਲਾਈ, 1914 ਨੂੰ ਵਾਪਸ ਭਾਰਤ ਮੋੜ ਦਿੱਤਾ ਗਿਆ ਸੀ। ਰਾਜ ਸਿੰਘ ਤੂਰ ਦੇ ਯਤਨਾਂ ਸਦਕਾ ਬੀਤੇ ਸਾਲ ਸਰੀ ਵਿਖੇ ਇਕ ਸੜਕ ਦਾ ਨਾਂਅ ‘ਕਾਮਾਗਾਟਾਮਾਰੂ ਵੇਅ’ ਰੱਖਿਆ ਗਿਆ ਸੀ।