ਅਲੋਪ ਹੋ ਰਹੀ ਕਲਾ “ਬਾਜੀ ਪਾਉਣਾ”

0
691

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਜ਼ੀ ਬਾਰੇ ਸ਼ਾਇਦ ਹੀ ਜਾਣਕਾਰੀ ਹੋਵੇ।ਇਹ ਕਲਾ ਜੁਣ ਬੀਤੇ ਸਮੇਂ ਦੀ ਗੱਲ ਬਣ ਰਹੀ ਹੈ ਪਰ ਕੁਝ ਸਮਾਂ ਪਹਿਲਾਂ ਇਹ ਆਮ ਪ੍ਰਚਲਤ ਸੀ।

ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ,ਮੈਂਨੂੰ ਅੱਜ ਤੱਕ ਯਾਦ ਹੈ ਕਿ ਲੱਗਭੱਗ 2-3 ਸਾਲ ਬਾਅਦ ਸਾਡੇ ਪਿੰਡ ,ਪਿੰਡ ਫ਼ਰਜੁਲਾਪੁਰ ਜਿਲਾ ਫਤਹਿਗੜ੍ਹ ,ਵਿਖੇ ਬਾਜ਼ੀ ਪੈਂਦੀ ਸੀ।ਪਹਿਲਾਂ ਉਚੇਚਾ ਮੁਨਾਦੀ ਕਰਵਾਈ ਜਾਂਦੀ ਅਤੇ ਨਿਸ਼ਚਿਤ ਦਿਨ ਸਾਰੇ ਲੋਕ ਆਪਣਾ ਕੰਮ ਸਮੇਟ ਕੇ ਬੜੇ ਚਾਅ ਅਤੇ ਉਤਸ਼ਾਹ ਨਾਲ਼ ਬਾਜ਼ੀ ਦੇਖਣ ਆਉਂਦੇ।

ਗੁਰਬਾਣੀ ਵਿਚ ਜਿਕਰ ਹੈ, “ਬਾਜ਼ੀਗਰ ਬਾਜ਼ੀ ਪਾਈ।।ਸਭ ਖ਼ਲਕ ਤਮਾਸ਼ੇ ਆਈ।।” ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੁ ਸਾਹਿਬਾਨ ਦੇ ਸਮੇਂ ਵੀ ਇਹ ਕਲਾ ਪ੍ਰਚਲਤ ਸੀ।ਤਦ ਹੀ ਉਨ੍ਹਾਂ ਨੇ ਪ੍ਰਮਾਤਮਾ ਨੂੰ ਬਾਜ਼ੀਗਰ ਦੀ ਤੁਲਨਾ ਦਿੱਤੀ ਹੈ।…….

ਪੰਜਾਬੀ ਦੇ ਇਕ ਪੁਰਾਣੇ ਗੀਤ ਵਿਚ ਲੜਕੀ,ਲੜਕੇ ਨੂੰ ਆਖਦੀ ਹੈ, “ਤਕੀਏ ਪੈਂਦੀ ਬਾਜ਼ੀ,ਵੇ ਤੂੰ ਬਾਜ਼ੀ ਕਿਉਂ ਨਹੀਂ ਦੇਖਦਾ?” ਅੱਗੋਂ ਲੜਕੇ ਦਾ ਜਵਾਬ ਹੈ, “ਤੂੰਹੀਓ ਮੇਰੀ ਬਾਜ਼ੀ,ਨੀ ਮੈਂ ਤੇਰੇ ਵੱਲੀਂ ਦੇਖਦਾ।”……..

ਨਿਸ਼ਚਿਤ ਤਾਰੀਖ ਨੂੰ ਕਲਾਕਾਰ,ਜੋ ਆਮ ਤੌਰ ਤੇ ਬਾਜ਼ੀਗਰ ਘਰਾਣੇ ਚੋਂ ਹੁੰਦੇ ਸਨ,ਨਿਸ਼ਚਿਤ ਥਾਂ ਤੇ ਆਪਣੇ ਸਾਜ਼ੋ ਸਮਾਨ ਸਮੇਤ ਪਹੁੰਚ ਜਾਂਦੇ ਸਨ।ਪਿੰਡ ਦੀ ਕੋਈ ਖੁੱਲ੍ਹੀ ਥਾਂ ਬਾਜ਼ੀ ਪਾਉਣ ਲਈ ਚੁਣੀ ਜਾਂਦੀ।ਉਪਰੋਕਤ ਗੀਤ ਵਿਚ ਇਹ ਥਾਂ “ਤਕੀਆ” ਹੈ,ਜੋ ਪਿੰਡ ਵਿਚ ਮੁਸਲਮਸਨਾਂ ਲਈ ਛੱਡੀ ਹੋਈ ਥਾਂ ਹੁੰਦੀ ਸੀ।ਸਾਡੇ ਪਿੰਡ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ,ਵੱਡੇ ਬੋਹੜ ਹੇਠਾਂ ,ਜਿੱਥੇ ਕਾਫ਼ੀ ਥਾਂ ਖੁੱਲ੍ਹੀ ਪਈ ਸੀ,ਉਥੇ ਬਾਜ਼ੀ ਪੈਂਦੀ ਹੁੰਦੀ ਸੀ।

ਲੱਗਭੱਗ 8-9 ਕਲਾਕਾਰ ਇੱਕ ਬਾਜ਼ੀ ਵਿੱਚ ਹੁੰਦੇ ਹਨ।ਇੱਕ ਢੋਲੀ ਹੁੰਦਾ ਹੈ,ਜਿਹੜਾ ਕੀਤੇ ਜਾਣ ਵਾਲ਼ੇ ਕਰਤੱਵਾਂ ਦੌਰਾਨ ਢੋਲ ਵਜਾ ਕੇ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਾ ਹ ੈਅਤੇ ਵਾਤਾਵਰਨ ਵਿਚ ਜੋਸ਼ ਅਤੇ ਉਤਸ਼ਾਹ ਬਣਾਈ ਰੱਖਦਾ ਹੈ।

ਖੇਲ੍ਹ ਦਿਖਾਉਂਦੇ ਹੋਏ ਇਹ ਕਲਾਕਾਰ ਹਾਸ-ਵਿਅੰਗ ਵਾਰਤਾਲਾਪ ਦੀ ਵਰਤੋਂ ਕਰਦੇ ਰਹਿੰਦੇ,ਜਿਸ ਨਾਲ਼ ਲੋਕਾਂ ਦਾ ਮਨੋਰੰਜਨ ਵੀ ਹੁੰਦਾ।ਦਿਖਾਏ ਜਾਣ ਵਾਲ਼ੇ ਖੇਲ੍ਹ ਜਿਆਦਾਤਰ ਸਰਰਿਕ ਬਲ ਅਤੇ ਕਲਾ ਨਾਲ਼ ਸੰਬੰਧਤ ਹੁੰਦੇ।ਹੁਣ ਮੈਂ ਕੁਝ ਕੁ ਉਨ੍ਹਾਂ ਖੇਲ੍ਹਾਂ ਦਾ ਜਿ਼ਕਰ ਕਰਾਂਗਾ,ਜਿਹੜੇ ਮੈਂ ਆਪਣੀਆਂ ਅੱਖਾਂ ਨਾਲ਼ ਦੇਖੇ ਅਤੇ ਹੁਣ ਤੱਕ ਮੇਰੀ ਯਾਦ ਵਿਚ ਸੰਭਾਲੇ਼ ਪਏ ਹਨ।ਹੋਰ ਵੀ ਖੇਲ੍ਹ ਹੋਣਗੇ ਜੋ ਮੈਂ ਨਹੀਂ ਦੇਖੇ ਜਾਂ ਮੇਰੇ ਯਾਦ ਨਹੀਂ।

ਇੱਕ ਖੇਲ੍ਹ ਵਿੱਚ ਇੱਕ ਗੋਲ ਰਿੰਗ ਹੁੰਦਾ ਸੀ,ਜਿਸ ਨੂੰ ਸਹਾਰੇ ਨਾਲਲ ਦੋ ਬੰਦਿਆਂ ਨੇ ਉਚਾਈ ਤੇ ਫੜਿਆ ਹੁੰਦਾ ਸੀ।ਧਾਤ ਦੇ ਇਸ ਚੱਕਰ ਦੁਆਲ਼ੇ ਕੱਪੜਾ ਜਾਂ ਰੂੰ ਲਪੇਟ ਕੇ ਅੱਗ ਲਗਾ ਦਿੱਤੀ ਜਾਂਦੀ ਸੀ।ਕਲਾਕਾਰ ਨੇ ਦੁਰੋਂ ਭੱਜ ਕੇ ਇਸ ਛੋਟੇ ਚੱਕਰ ਦੇ ਵਿੱਚੋਂ ਦੀ ਛਾਲ਼ ਮਾਰਨੀ ਹੁੰਦੀ ਸੀ।ਉਹ ਹਮੇਸ਼ਾ ਸਿਰ ਅੱਗ ਵਾਲ਼ੇ ਕੜੇ ਵਿੱਚੋਂ ਪਹਿਲਾਂ ਕੱਢਦਾ ਤੇ ਦੂਜੇ ਪਾਸੇ,ਜਿੱਥੇ ਮਿੱਟੀ ਪੁੱਟ ਕੇ ਥਾਂ ਪੋਲੀ ਕੀਤੀ ਹੁੰਦੀ ਸੀ,ਜਾ ਡਿੱਗਦਾ।

ਦੂਸਰੇ ਖੇਲ੍ਹ ਵਿੱਚ ਇੱਕ ਕੜਾ,ਜਿਸਦਾ ਵਿਆਸ 1-1.5 ਫੁੱਟ ਮਸਾਂ ਹੋਵੇਗਾ,ਜਿਸ ਚੋਂ ਇੱਕ ਇਨਸਾਨ ਦਾ ਲੰਘਣਾ ਵੀ ਆਸਾਨ ਨਹੀਂ,ਇਹ ਬਾਜ਼ੀਗਰ ਉਸ ਕੜੇ ਵਿੱਚੋਂ ਦੋ ਜਣੇ ਲੰਘ ਕੇ ਦਿਖਾਉਂਦੇ ਸਨ।ਇਹ ਬੜਾ ਉਤੇਜਨਾ ਭਰਿਆ ਕੰਮ ਹੁੰਦਾ ਸੀ।ਪਿੰਡਿਆਂ ਨੂੰ ਤੇਲ ਲਗਾ ਕੇ ਤਿਲਕਣਾ ਬਣਾ ਲਿਆ ਜਾਂਦਾ ।ਜੇ ਇੱਕ ਕਲਾਕਾਰ ਦਾ ਮੂੰਹ ਪੂਰਬ ਵੱਲ ਹੁੰਦਾ,ਤਾਂ ਦੁਸਰੇ ਕਲਾਕਾਰ ਦਾ ਮੂੰਹ ਪੱਛਮ ਵੱਲ ਹੁੰਦਾ।ਸਿਰ ਲੰਘਾਉਣੇ ਬਹੁਤ ਹੀ ਮੁਸ਼ਕਿਲ ਹੁੰਦੇ ਸਨ।ਦਰਸ਼ਕਾਂ ਦੇ ਵੀ ਦਿਲ ਧੜਕਣ ਲੱਗ ਜਾਂਦੇ ਸਨ।ਕਦੀ ਕਦੀ ਇੱਕ ਜਣਾ ਬੋਲਦਾ, “ਹਾਇ ਓਇ ,ਮਰ ਗਿਆ। ਯਾਰ ਕੱਟ ਪਰ੍ਹੇ ਸਿਰ ਨੂੰ ਬਾਹਰ ਨਿਕਲਣ ਤੇ ਫੈਵੀਕੌਲ ਨਾਲ਼ ਦੁਬਾਰਾ ਜੋੜ ਦੇਵੀਂ”।ਢੋਲ ਦਾ ਡੱਗਾ ਜਾਰੀ ਰਹਿੰਦਾ।

ਇੱਕ ਕਰਤੱਵ ਵਿੱਚ 6-7 ਤਲਵਾਰਾਂ ਇੱਕ ਦੂਜੇ ਦੇ ਸਮਾਨਾਂਤਰ ਟਿਕਾਈਆਂ ਜਾਂਦੀਆਂ ਸਨ।ਕਲਾਕਾਰ ਇਨਾਂ ਵਿਚਕਾਰ ਛੱਡੀ ਥਾਂ ਤੇ ਆ ਖੜ ਜਾਂਦਾ,ਜਿਹੜੀ ਅੱਧੇ ਫੁੱਟ ਤੋਂ ਵੀ ਜਰਾ ਘੱਟ ਹੀ ਹੁੰਦੀ ਸੀ।ਉਸ ਦਾ ਸਾਥੀ ਪਿੱਛਿਓਂ ਉਸ ਦੀਆਂ ਅੱਖਾਂ ਤੇ ਚੰਗੀ ਤਰਾਂ ਪੱਟੀ ਬੰਨ੍ਹ ਦਿੰਦਾ।ਕਈ ਵਾਰ ਦਰਸ਼ਕਾਂ ਨੂੰ ਵੀ ਬੰਨ੍ਹੀ ਪੱਟੀ ਤਸੱਲੀ ਲਈ ਦਿਖਾਈ ਜਾਂਦੀ। ਹੁਣ ਉਸ ਨੇ ਆਪਣੇ ਪੈਰ ਜਮੀਨ ਤੋਂ ਚੁੱਕ ਕੇਸਿਰ ਦੇ ਉਪਰੋਂ ਘੁਮਾ ਕੇ,ਬਿਲਕੁਲ ਉਸੇ ਥਾਂ ਤੇ ਹੀ ਪੁੱਠੀ ਛਾਲ ਮਾਰਨੀ ਹੁੰਦੀ ਸੀ।ਪੈਰ ਵੀ ਨੰਗੇ ਹੁੰਦੇ ਸਨ ਅਤੇ ਤਲਵਾਰਾਂ ਵੀ ਤਿੱਖੀਆਂ।ਬੜਾ ਖਤਰਨਾਕ ਖੇਲ੍ਹ ਹੁੰਦਾ ਸੀ ਪਰ ਉਹ ਬੜੀ ਆਸਾਨੀ ਨਾਲ਼ ਕਰ ਜਾਂਦਾ ਸੀ।

ਕਦੇ ਕਦੇ ਬਾਜ਼ੀਗਰ ਆਪਚੀ ਜੀਭ ਵਿੱਚੋਂ ਇੱਕ ਮੋਟਾ ਸੂਆ ਆਰ ਪਾਰ ਕਰਕੇ ਦਿਖਾਉਂਦੇ।ਕਦੇ, ਜਿਸ ਤਰਾਂ ਨਿਹੰਗ ਸਿੰਘ ਕਰਕੇ ਦਿਖਾਉਂਦੇ ਹਨ,ਉਸ ਤਰਾਂ ਦੇ ਕਰਤੱਵ ਵੀ ਹੁੰਦੇ ਸਨ ਜਿਵੇਂ ਅੱਖਾਂ ਤੇ ਪੱਟੀ ਬੰਨ੍ਹ ਕੇ ਤਲਵਾਰ ਨਾਲ਼ ਦੂਸਰੇ ਦੀ ਗਰਦਨ ਤੇ ਪਿਆ ਕੇਲਾ ਜਾਂ ਕੋਈ ਹੋਰ ਨਰਮ ਚੀਜ਼ ਨੂੰ ਕੱਟਣਾ ਆਦਿ।

ਇੰਝ ਹੀ ਇੱਕ ਖੇਲ੍ਹ ਵਿੱਚ ਇੱਕ ਕਲਾਕਾਰ ਦੇ ਸਿਰ ਤੇ ਮੂਧਾ ਘੜਾ ਰੱਖਿਆ ਜਾਂਦਾ।ਜਿਸ ਲਈ ੳੇਹ ਸਿਰ ਤੇ ਕੱਪੜੇ ਦਾ ਇਨੂੰ ਜਿਹਾ ਬਣਾ ਕੇ ਉਸ ਤੇ ਘੜਾ ਟਿਕਾਉਂਦਾ।ਦੂਸਰਾ ਕਲਾਕਾਰ ਪਿੱਛਿਓਂ ਇਸ ਘੜੇ ਦੇ ਉਪਰ ਖੜ੍ਹਾ ਹੋ ਜਾਂਦਾ ।ਹੇਠਲਾ ਕਲਾਕਾਰ ਗੋਲ਼ ਅਖਾੜੇ ਵਿੱਚ ਚੱਕਰ ਕੱਟਦਾ ਅਤੇ ਉਪਰਲਾ ਕਲਾਕਾਰ ਆਪਣਾ ਤਵਾਜ਼ਨ ਕਾਇਮ ਰੱਖਦੇ ਹੋਏ,ਹੱਥ ਬਾਹਰ ਕੱਢਦੇ ਹੋਏ ਬੜੀ ਸ਼ਾਨ ਨਾਲ਼ ਉਚੀ ਆਵਾਜ਼ ਵਿੱਚ ਕੋਈ ਗੀਤ ਛੋਹ ਲੈਂਦਾ।ਇੱਕ ਗੀਤ “ਦੁੱਲਾ ਭੱਟੀ” ਦੇ ਕਿੱਸੇ ਵਿੱਚੋਂ ਜੋ ਸੁਣਾਇਆ ਜਾਂਦਾ ਸੀ,ਉਸ ਦੇ ਬੋਲ ਮੈਂਨੂੰ ਯਾਦ ਹਨ:

“ਰਾਹ ਦੇ ਵਿੱਚ ਬੈਠੀ “ਹੋਣੀ”ਬੋਲੀ ਜਾਣ ਕੇ।
ਦੁੱਲਿਆ ਵੇ ਟੋਕਰਾ ਚਕਾਈਂ ਆਣ ਕੇ।
ਟੋਕਰੇ ਚ’ਭਾਰ ਨਹੀਂਓਂ, ਹੈਗਾ ਸੱਖਣਾ।
ਚੁੱਕ ਨਹੀਂਓਂ ਹੁੰਦਾ ਵੇ ਚਕਾ ਦੀਂ ਮੱਖਣਾ।
ਜਾਵੇਂਗਾ ਤੂੰ ਭੱਟੀਆਂ ਦੀ ਮਿੱਟੀ ਛਾਣ ਕੇ।
ਦੁੱਲਿਆ ਵੇ ਟੋਕਰਾ ਚਕਾਈਂ ਆਣ ਕੇ।”

ਇਸ ਤਰਾਂ ਨਾਲ਼ ਦੀ ਨਾਲ਼ ਮਨੋਰੰਜਨ ਗੀਤ ਸੰਗੀਤ ਦਾ ਹੁੰਦਾ ਤੇ ਨਾਲ਼ ਹੀ ਕਰਤੱਵ ਚੱਲਦੇ।ਕਦੀ ਕੋਈ ਹੋਰ ਲੋਕ ਗਾਥਾ ਵਿੱਚੋਂ ਗੀਤ ਗਾਏ ਜਾਂਦੇ।
ਸਭ ਤੋਂ ਅਖੀਰ ਵਿੱਚ ਅਤੇ ਸਭ ਤੋਂ ਔਖੀ ਸਮਝੀ ਜਾਂਦੀ “ਬਾਜ਼ੀ ਦੀ ਛਾਲ਼”ਹੁੰਦੀ ਸੀ।ਇਹ ਛਾਲ ਲਗਾਉਣੀ ਕਿਸੇ ਹੌਂਸਲੇ ਵਾਲ਼ੇ ਦਾ ਹੀ ਕੰਮ ਹੁੰਦਾ ਸੀ ।ਇਸ ਵਿੱਚ ਇੱਕ ਬਾਂਸ 8-10 ਫੁੱਟ ਉਚਾ ਜਮੀਨ ਵਿੱਚ ਗੱਡਿਆ ਜਾਂਦਾ ਸੀ।ਉਸ ਬਾਂਸ ਤੇ ਇੱਕ ਲੱਕੜੀ ਦੀ ਵਰਗਾਕਾਰ ਚੌਕੀ ਫਿੱਟ ਕੀਤੀ ਜਾਂਦੀ ਸੀ।ਬਾਜ਼ੀਗਰ ਨੇ ਉਸ ਚੌਕੀ ਤੇ ਚੜ੍ਹ ਜਾਣਾ।ਪੌੜੀ ਦੀ ਸਹਾਇਤਾ ਨਾਲ਼ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ।ਪਹਿਲਾਂ ਵਾਂਗ ਹੀ ਇਸ ਕਲਾਕਾਰ ਨੇ ਚੌਕੀ ਦੇ ਉਪਰ ਹੀ ਆਪਣੇ ਦੋਵੇਂ ਪੈਰ ਚੁੱਕ ਕੇ ਸਿਰ ਦੇ ਉਪਰੋਂ ਲੰਘਾ ਕੇ ਪੁੱਠੀ ਛਾਲ਼ ਮੁੜ ਚੌਕੀ ਤੇ ਮਾਰਨੀ।ਇਹ ਵੀ ਕਾਫ਼ੀ ਖਤਰਨਾਕ ਹੁੰਦੀ ਸੀ।ਜਰਾ ਜਿੰਨਾ ਪੈਰ ਫਿ਼ਸਲੇ ਤੋਂ ਹੇਠਾਂ ਡਿਗਣ ਦਾ ਖਤਰਾ ਬਣਿਆ ਰਹਿੰਦਾ ਸੀ।

ਪਿੰਡ ਵਾਸੀਆਂ ਵੱਲੋਂ ਕਣਕ,ਆਟਾ,ਗੁੜ,ਅਤੇ ਰੁਪਏ ਆਦਿ ਦੇ ਕੇ ਕਲਾਕਾਰਾਂ ਦਾ ਮਾਣ ਸਨਮਾਨ ਕੀਤਾ ਜਾਂਦਾ ਸੀ।ਅੱਜ ਨਾ ਤਾਂ ਕਿਧਰੇ ਬਾਜ਼ੀਗਰ ਦਿਖਦੇ ਹਨ ਅਤੇ ਨਾਂ ਉਹ ਸਰੀਰ ਹਨ।ਨਾ ਸਾਡੇ ਕੋਲ ਐਸੀਆਂ ਖੇਡਾਂ ਲਈ ਵਕਤ ਹੈ।ਸਾਡੇ ਸ਼ੌਕ ਮਨੋਰੰਜਨ ਦੇ ਸਾਧਨ ਟੀਵੀ,ਕੰਪਿਊਟਰ ਵਰਗੇ ਹੋ ਗਏ ਹਨ।ਇਹ ਬੀਤੇ ਸਮੇਂ ਦਾ ਇਤਿਹਾਸ ਬਣ ਕੇ ਰਹਿ ਗਿਆ ਹੈ।ਸਾਨੂੰ ਆਪਣੇ ਅਮੀਰ ਵਿਰਸੇ ਤੇ ਮਾਣ ਹੈ।
ਜਸਵਿੰਦਰ ਸਿੰਘ”ਰੁਪਾਲ”-9814715796- ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ, ਭੈਣੀ ਸਾਹਿਬ(ਲੁਧਿਆਣਾ)-141126