ਅੰਨ੍ਹੇ ਰਾਹ

0
176

ਹਰਨਾਮ ਸਿੰਘ ਨੇ ਦੂਜੀ ਵਾਰ ਕੁੰਡਾ ਖੜਕਾਇਆ ਤਾਂ ਅੰਦਰੋਂ ਕਿਸੇ ਤੀਵੀਂ ਦੀ ਆਵਾਜ਼ ਆਈ, “ਘਰੇ ਨਹੀਂ ਨੇ, ਸਾਰੇ ਮਰਦ ਬਾਹਰ ਗਏ ਨੇ।”
ਹਰਨਾਮ ਸਿੰਘ ਠਿਠਕਿਆ ਖੜ੍ਹਾ ਰਿਹਾ। ਬੰਤੋ ਦੀਆਂ ਅੱਖਾਂ ਸੱਜੇ ਖੱਬੇ ਵੇਖ ਰਹੀਆਂ ਸਨ ਕਿ ਲਾਗੇ-ਚਾਗੇ ਕਿਸੇ ਨੇ ਉਨ੍ਹਾਂ ਨੂੰ ਦੇਖਿਆ ਤਾਂ ਨਹੀਂ।
“ਤੂੰ ਬੂਹਾ ਖੋਲ੍ਹਣ ਨੂੰ ਕਹਿ ਬੰਤੋ, ਅੰਦਰ ਔਰਤਾਂ ਨੇ।” ਤੇ ਹਰਨਾਮ ਸਿੰਘ ਇਕ ਪਾਸੇ ਹਟ ਗਿਆ।
ਬੰਤੋ ਨੇ ਦਰਵਾਜ਼ਾ ਖੜਕਾਇਆ ਤੇ ਨਾਲ ਹੀ ਉਚੀ ਆਵਾਜ਼ ਵਿਚ ਬੋਲੀ, “ਕਰਮਾਂ ਵਾਲਿਓ ਦਰਵਾਜ਼ਾ ਖੋਲ੍ਹੋ, ਅਸੀਂ ਮੁਸੀਬਤ ਦੇ ਮਾਰੇ ਆਏ ਹਾਂ।”
ਆਪਣੀ ਪਤਨੀ ਦੀ ਆਵਾਜ਼ ਸੁਣ ਕੇ ਇਕ ਛਿਣ ਲਈ ਹਰਨਾਮ ਸਿੰਘ ਦੀਆਂ ਅੱਖਾਂ ਝੁਕ ਗਈਆਂ। ਇਹ ਵਕਤ ਵੀ ਕਿਸਮਤ ਵਿਚ ਵੇਖਣਾ ਲਿਖਿਆ ਸੀ ਕਿ ਉਸ ਦੀ ਪਤਨੀ ਆਸਰਾ ਮੰਗਣ ਲਈ ਗਿੜਗਿੜਾਏਗੀ। ਦਰਵਾਜ਼ੇ ਪਿੱਛੋਂ ਕਦਮਾਂ ਦੀ ਪੈੜਚਾਲ ਸੁਣਾਈ ਦਿੱਤੀ, ਫਿਰ ਅੰਦਰੋਂ ਕਿਸੇ ਨੇ ਕੁੰਡਾ ਖੋਲ੍ਹਿਆ। ਉਨ੍ਹਾਂ ਦੇ ਸਾਹਮਣੇ ਉਚੀ ਲੰਮੀ ਵੱਡੀ ਉਮਰ ਦੀ ਦਿਹਾਤੀ ਤੀਵੀਂ ਖਲੋਤੀ ਸੀ। ਉਸ ਦੇ ਦੋਵੇਂ ਹੱਥ ਗੋਹੇ ਨਾਲ ਭਰੇ ਹੋਏ ਸਨ ਅਤੇ ਦੁਪੱਟਾ ਸਿਰ ਤੋਂ ਲੱਥਾ ਹੋਇਆ ਸੀ। ਉਸ ਦੇ ਪਿੱਛੇ ਉਲਝੇ ਵਾਲਾਂ ਵਾਲੀ ਛੋਟੀ ਉਮਰ ਦੀ ਤੀਵੀਂ ਖੜ੍ਹੀ ਸੀ। ਉਸ ਨੇ ਵੀ ਬਾਹਵਾਂ ਟੁੰਗੀਆਂ ਹੋਈਆਂ ਸਨ ਜਿਸ ਤੋਂ ਜਾਹਰ ਸੀ ਕਿ ਉਹ ਗਾਂ-ਮੱਝ ਲਈ ਗੁਤਾਵਾ ਕਰ ਰਹੀ ਸੀ।
“ਕੌਣ ਹੋ? ਕੀ ਕੰਮ ਏ?” ਵੱਡੀ ਉਮਰ ਦੀ ਔਰਤ ਨੇ ਪੁੱਛਿਆ ਜਦ ਕਿ ਉਹ ਇਕ ਨਜ਼ਰ ਵਿਚ ਹੀ ਉਨ੍ਹਾਂ ਦੀ ਸਥਿਤੀ ਸਮਝ ਗਈ ਸੀ।
“ਬਦਨਸੀਬ ਹਾਂ, ਢੱਕ ਇਲਾਹੀ ਬਖਸ਼ੋਂ ਆਏ ਹਾਂ। ਉਥੇ ਫਸਾਦੀ ਆ ਗਏ ਸਨ। ਸਾਡਾ ਘਰ-ਬਾਰ ਲੁੱਟ ਲਿਆ, ਅਸੀਂ ਸਾਰੀ ਰਾਤ ਤੁਰਦੇ ਰਹੇ ਹਾਂ।”
ਪਲ ਭਰ ਲਈ ਉਹ ਔਰਤ ਹੈਰਾਨ ਹੋਈ ਖੜ੍ਹੀ ਰਹੀ। ਇਹ ਫੈਸਲੇ ਦਾ ਵੇਲਾ ਸੀ ਜਦ ਮਨੁੱਖ ਆਪਣੇ ਸੰਸਕਾਰਾਂ, ਵਿਚਾਰਾਂ, ਮਾਨਤਾਵਾਂ ਅਤੇ ਪ੍ਰਭਾਵਾਂ ਦੇ ਆਧਾਰ ‘ਤੇ ਕੋਈ ਨਿਰਣਾ ਕਰਦਾ ਹੈ। ਔਰਤ ਕੁਝ ਦੇਰ ਦੇਖਦੀ ਰਹੀ, ਫਿਰ ਦਰਵਾਜ਼ਾ ਖੋਲ੍ਹ ਦਿੱਤਾ, “ਆ ਜਾਓ, ਲੰਘ ਆਓ।”
ਹਰਨਾਮ ਸਿੰਘ ਤੇ ਬੰਤੋ ਦੀਆਂ ਪਲਕਾਂ ਉਠੀਆਂ ਅਤੇ ਦੋਵੇਂ ਬਰੂਹਾਂ ਲੰਘ ਕੇ ਵਿਹੜੇ ਵਿਚ ਆ ਗਏ। ਉਨ੍ਹਾਂ ਦੇ ਅੰਦਰ ਆ ਜਾਣ ‘ਤੇ ਔਰਤਾਂ ਨੇ ਬਾਹਰ ਝਾਕ ਕੇ ਸੱਜੇ-ਖੱਬੇ ਦੇਖਿਆ, ਫਿਰ ਝੱਟ ਦੇਣੀ ਕੁੰਡਾ ਮਾਰ ਦਿੱਤਾ। ਛੋਟੀ ਉਮਰ ਦੀ ਤੀਵੀਂ ਇਕ ਟੱਕ ਉਨ੍ਹਾਂ ਵੱਲ ਵੇਖ ਰਹੀ ਸੀ, ਅੱਖਾਂ ਵਿਚ ਵਹਿਮ ਤੇ ਅਵਿਸ਼ਵਾਸ ਸੀ। ਵੱਡੀ ਉਮਰ ਦੀ ਔਰਤ ਨੇ ਉਸ ਨੂੰ ਕਿਹਾ, “ਮੰਜੀ ਡਾਹ ਦੇ ਇਕਰਾਂ” ਆਖ ਉਹ ਮੁੜ ਪਾਥੀਆਂ ਪੱਥਣ ਲੱਗੀ।
ਇਕਰਾਂ ਕੋਠੜੀ ਵਿਚੋਂ ਮੋਢਿਆਂ ‘ਤੇ ਪੱਲਾ ਲੈਂਦੀ ਹੋਈ ਤੁਰ ਗਈ ਤੇ ਕੰਧ ਨਾਲ ਲੱਗੀ ਮੰਜੀ ਡਾਹ ਦਿੱਤੀ।
“ਢੱਕ ਇਲਾਹੀ ਬਖ਼ਸ਼ ਵਿਚ ਸਾਰੀ ਉਮਰ ਕੱਟੀ ਏ। ਉਥੇ ਹੀ ਦੁਕਾਨ ਤੇ ਸਾਡਾ ਘਰ ਸੀ। ਪਹਿਲਾਂ ਤਾਂ ਸਭ ਨੇ ਕਿਹਾ, ਇਥੇ ਬੈਠੇ ਰਹੋ, ਕੁਝ ਨਹੀਂ ਹੋਵੇਗਾ। ਫਿਰ ਕੱਲ੍ਹ ਕਰੀਮ ਖਾਨ ਨੇ ਸਲਾਹ ਦਿੱਤੀ, ਇਥੇ ਰਹਿਣ ਵਿਚ ਖਤਰਾ ਏ, ਤੁਸੀਂ ਚਲੇ ਜਾਓ। ਉਸ ਨੇ ਠੀਕ ਹੀ ਕਿਹਾ। ਪਿੱਠ ਮੋੜਨ ਦੀ ਦੇਰੀ ਸੀ ਕਿ ਹਮਲਾਵਰ ਆ ਗਏ। ਦੁਕਾਨ ਵੀ ਲੁੱਟ ਲਈ ਤੇ ਉਸ ਨੂੰ ਅੱਗ ਵੀ ਲਾ ਦਿੱਤੀ।” ਹਰਨਾਮ ਸਿੰਘ ਨੇ ਕਿਹਾ। ਔਰਤ ਚੁੱਪ ਰਹੀ। ਇਸੇ ਦੌਰਾਨ ਬੰਤੋ ਮੰਜੀ ਤੋਂ ਉਠ ਕੇ ਹੇਠਾਂ ਆ ਗਈ ਤੇ ਉਸ ਔਰਤ ਕੋਲ ਬਹਿ ਗਈ।
ਇਕਰਾਂ ਆਈ ਤੇ ਵੱਡੇ ਤਸਲੇ ਵਿਚ ਰੱਖੀਆਂ ਪਾਥੀਆਂ ਚੁੱਕ ਕੇ ਲੈ ਗਈ ਤੇ ਇਕ-ਇਕ ਕਰ ਕੇ ਵਿਹੜੇ ਦੀ ਕੰਧ ‘ਤੇ ਲਾਉਣ ਲੱਗੀ। ਔਰਤ ਚੁੱਪ-ਚਾਪ ਗੋਹੇ ਪਾਥੀਆਂ ਪੱਥਦੀ ਰਹੀ। ਮੂੰਹੋਂ ਕੁਝ ਨਾ ਬੋਲੀ।
“ਮਰਦ ਕਿਥੇ ਗਏ?” ਹਰਨਾਮ ਸਿੰਘ ਨੇ ਪੁੱਛਿਆ।
ਔਰਤ ਨੇ ਇਕ ਵਾਰ ਘੁੰਮ ਕੇ ਹਰਨਾਮ ਸਿੰਘ ਵੱਲ ਦੇਖਿਆ, ਪਰ ਉਸ ਦੇ ਸਵਾਲ ਦਾ ਜਵਾਬ ਨਾ ਦਿੱਤਾ। ਹਰਨਾਮ ਸਿੰਘ ਨੂੰ ਅਚਾਨਕ ਸਮਝ ਆ ਗਈ ਕਿ ਮਰਦ ਕਿਥੇ ਗਏ ਹੋਣਗੇ ਅਤੇ ਉਸ ਦਾ ਸਾਰਾ ਸਰੀਰ ਝੁਣ-ਝੁਣਾ ਉਠਿਆ। ਫਿਰ ਬੋਲਿਆ, “ਅਸੀਂ ਇਨ੍ਹਾਂ ਦੋ ਕੱਪੜਿਆਂ ਵਿਚ ਨਿਕਲ ਆਏ ਹਾਂ, ਭਲਾ ਹੋਵੇ ਕਰੀਮ ਬਖ਼ਸ਼ ਦਾ, ਉਸ ਨੇ ਸਾਡੀ ਜਾਨ ਬਚਾ ਲਈ ਅਤੇ ਸਲਾਮਤ ਰਹੇਂ ਤੂੰ ਭੈਣੈ, ਜਿਹਨੇ ਸਾਨੂੰ ਆਸਰਾ ਦਿੱਤਾ।”
ਘਰ ਵਿਚ ਅਜੀਬ ਜਿਹੀ ਚੁੱਪ ਛਾਈ ਹੋਈ ਸੀ ਜਿਸ ਕਰ ਕੇ ਹਰਨਾਮ ਸਿੰਘ ਕੁਝ ਕਹਿੰਦਾ ਕਹਿੰਦਾ ਚੁੱਪ ਹੋ ਜਾਂਦਾ। ਇਕਰਾਂ ਅੰਦਰ ਚਲੇ ਗਈ। ਹਰਨਾਮ ਸਿੰਘ ਨੂੰ ਵਾਰ ਵਾਰ ਲੱਗਦਾ ਜਿਵੇਂ ਉਹ ਕੋਠੜੀ ਦੇ ਹਨੇਰੇ ਵਿਚ ਖੜ੍ਹੀ ਉਨ੍ਹਾਂ ਵੱਲ ਘੂਰ ਰਹੀ ਹੈ। ਔਰਤ ਉਠ ਖਲੋਤੀ ਤੇ ਤਸਲੇ ਵਿਚ ਰੱਖੇ ਪਾਣੀ ਨਾਲ ਹੱਥ ਧੋ ਕੇ ਇਕ ਬੰਨੇ ਚਲੀ ਗਈ ਜਿਥੇ ਰਸੋਈ ਦੇ ਭਾਂਡੇ ਰੱਖੇ ਸਨ। ਫਿਰ ਉਹਨੇ ਛੰਨਾ ਚੁੱਕਿਆ ਤੇ ਉਸ ਵਿਚ ਲੱਸੀ ਪਾ ਲਿਆਈ। ਹਰਨਾਮ ਸਿੰਘ ਨੇ ਅਜੇ ਵੀ ਬੰਦੂਕ ਮੋਢੇ ਨਾਲ ਲਟਕਾਈ ਹੋਈ ਸੀ। ਕਾਰਤੂਸਾਂ ਦੀ ਪੇਟੀ ਪਸੀਨੇ ਨਾਲ ਭਰੀ ਹੋਈ ਸੀ ਤੇ ਕਮੀਜ਼ ਸਰੀਰ ਨਾਲ ਚਿਪਕੀ ਹੋਈ ਸੀ।
“ਲਓ, ਲੱਸੀ ਪੀਓ, ਰਾਤ ਭਰ ਕੇ ਥੱਕੇ ਹੋਏ ਹੋ।”
ਛੰਨਾ ਔਰਤ ਦੇ ਹੱਥ ਵਿਚ ਦੇਖ ਕੇ ਹਰਨਾਮ ਸਿੰਘ ਫੁੱਟ ਫੁੱਟ ਕੇ ਰੋ ਪਿਆ। ਰਾਤ ਭਰ ਦੀ ਥਕਾਵਟ, ਤਰ੍ਹਾਂ ਤਰ੍ਹਾਂ ਦੇ ਡਰ ਤੇ ਸੋਚਾਂ ਇਕਦਮ ਫੁੱਟ ਕੇ ਵਹਿ ਤੁਰੇ ਤੇ ਉਹ ਬੱਚਿਆਂ ਵਾਂਗ ਵਿਲਕ ਪਿਆ। ਆਖਰ ਖਾਂਦਾ-ਪੀਂਦਾ ਦੁਕਾਨਦਾਰ ਸੀ, ਲੱਕ ਨਾਲ ਦੋ ਸੌ ਰੁਪਏ ਵੀ ਬੰਨ੍ਹ ਕੇ ਲਿਆਇਆ ਸੀ। ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ਅਤੇ ਹੁਣ ਇਕ ਦਿਨ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਲੱਗਾ ਸੀ।
“ਇਥੇ ਉਚੀ ਉਚੀ ਨਾ ਰੋਵੋ ਸਰਦਾਰ ਜੀ, ਗਲੀ-ਮੁਹੱਲੇ ਵਾਲੇ ਸੁਣਨਗੇ ਤਾਂ ਭੱਜੇ ਆਉਣਗੇ, ਚੁੱਪ ਬੈਠੇ ਰਹੋ।”
ਹਰਨਾਮ ਸਿੰਘ ਸਿਸਕੀਆਂ ਦਬਾ ਕੇ ਚੁੱਪ ਹੋ ਗਿਆ ਤੇ ਪਗੜੀ ਦੇ ਲੜ ਨਾਲ ਹੰਝੂ ਪੂੰਝਣ ਲੱਗਾ, “ਭਲਾ ਹੋਵੇ ਤੁਹਾਡਾ ਭੈਣੇ, ਤੁਹਾਡਾ ਕੀਤਾ ਅਸੀਂ ਕਦੇ ਨਹੀਂ ਉਤਾਰ ਸਕਾਂਗੇ।”
“ਰੱਬ ਘਰੋਂ ਬੇਘਰ ਕਿਸੇ ਨੂੰ ਨਾ ਕਰੇ। ਰੱਬ ਦੀ ਮਿਹਰ ਹੋਈ ਤਾਂ ਸਭ ਠੀਕ ਹੋ ਜਾਵੇਗਾ।”
ਔਰਤ ਹਾਲੇ ਵੀ ਲੱਸੀ ਦਾ ਛੰਨਾ ਲਈ ਬੰਤੋ ਦੇ ਸਾਹਮਣੇ ਖੜ੍ਹੀ ਸੀ। ਲੱਸੀ ਦਾ ਛੰਨਾ ਵੇਖ ਕੇ ਬੰਤੋ ਦੁਬਿਧਾ ਵਿਚ ਪੈ ਗਈ। ਉਸ ਨੇ ਅੱਖਾਂ ਚੁੱਕ ਕੇ ਪਤੀ ਵੱਲ ਦੇਖਿਆ। ਉਹ ਉਸ ਵੱਲ ਦੇਖ ਰਿਹਾ ਸੀ। ਮੁਸਲਮਾਨ ਦੇ ਹੱਥੋਂ ਕਟੋਰਾ ਕਿਵੇਂ ਲੈ ਲਵੇ? ਉਧਰ ਰਾਤ ਭਰ ਦੀ ਥਕਾਵਟ ਨਾਲ ਸੰਘ ਸੁੱਕ ਰਿਹਾ ਸੀ। ਉਸ ਦੀ ਝਿਜਕ ਨੂੰ ਮਾਲਕਣ ਸਮਝ ਗਈ।
“ਤੁਹਾਡੇ ਕੋਲ ਕੋਈ ਆਪਣਾ ਭਾਂਡਾ ਹੋਵੇ ਤਾਂ ਉਸ ਵਿਚ ਪਾ ਲਓ। ਪਿੰਡ ਵਿਚ ਇਕ ਪੰਡਿਤ ਦੀ ਦੁਕਾਨ ਏ। ਜੇ ਉਹ ਘਰ ਹੋਇਆ ਤਾਂ ਉਸ ਕੋਲੋਂ ਮੈਂ ਤੁਹਾਡੇ ਲਈ ਦੋ ਭਾਂਡੇ ਲੈ ਆਵਾਂਗੀ, ਪਰ ਕੀ ਪਤਾ, ਉਹ ਮਿਲੇਗਾ ਕਿ ਨਹੀਂ। ਸਾਡੇ ਹੱਥ ਦਾ ਨਾ ਲਓ ਪਰ ਦਿਨ ਭਰ ਭੁੱਖੇ ਕਿਥੇ ਪਏ ਰਹੋਗੇ?”
ਹਰਨਾਮ ਸਿੰਘ ਨੇ ਹੱਥ ਅੱਗੇ ਕਰ ਕੇ ਛੰਨਾ ਲੈ ਲਿਆ, “ਤੇਰੇ ਹੱਥ ਦਾ ਦਿੱਤਾ ਅੰਮ੍ਰਿਤ ਬਰਾਬਰ ਏ ਭੈਣਾਂ, ਅਸੀਂ ਤੇਰਾ ਕੀਤਾ ਕਦੇ ਨਹੀਂ ਭੁਲ ਸਕਦੇ।”
ਧੁੱਪ ਨਿਕਲ ਆਈ ਸੀ ਤੇ ਲਾਗੇ-ਚਾਗੇ ਦੇ ਘਰਾਂ ਵਿਚੋਂ ਆਵਾਜ਼ਾਂ ਆਉਣ ਲੱਗੀਆਂ ਸਨ। ਹਰਨਾਮ ਸਿੰਘ ਨੇ ਅੱਧੀ ਲੱਸੀ ਪੀ ਕੇ ਛੰਨਾ ਬੰਤੋ ਵੱਲ ਕਰ ਦਿੱਤਾ।
“ਸੁਣੋ ਸਰਦਾਰ ਜੀ, ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲੁਕਾਵਾਂਗੀ”, ਘਰ ਦੀ ਮਾਲਕਣ ਬੋਲੀ, “ਮੇਰੇ ਘਰਵਾਲਾ ਤੇ ਪੁੱਤਰ, ਦੋਵੇਂ ਪਿੰਡ ਵਾਲਿਆਂ ਨਾਲ ਬਾਹਰ ਗਏ ਹੋਏ ਨੇ। ਉਹ ਹੁਣ ਮੁੜਨ ਵਾਲੇ ਹੀ ਹੋਣਗੇ। ਮੇਰੇ ਘਰਵਾਲਾ ਤਾਂ ਰੱਬ ਤੋਂ ਡਰਨ ਵਾਲਾ ਬੰਦਾ ਏ, ਤੁਹਾਨੂੰ ਕੁਝ ਨਹੀਂ ਕਹੇਗਾ, ਪਰ ਪੁੱਤਰ ਲੀਗੀ ਏ ਤੇ ਉਸ ਦੇ ਨਾਲ ਦੇ ਵੀ ਲੀਗੀ ਨੇ। ਤੁਹਾਡੇ ਨਾਲ ਉਹ ਕਿਹੋ ਜਿਹਾ ਸਲੂਕ ਕਰਨਗੇ, ਮੈਨੂੰ ਨਹੀਂ ਪਤਾ। ਤੁਸੀਂ ਆਪਣਾ ਨਫ਼ਾ ਨੁਕਸਾਨ ਸੋਚ ਲਓ।”
ਹਰਨਾਮ ਸਿੰਘ ਦਾ ਦਿਲ ਬੈਠ ਗਿਆ। ਹੁਣੇ ਹੁਣੇ ਤਾਂ ਇਹ ਔਰਤ ਅਲੱਗ ਭਾਂਡੇ ਦੇਣ ਦੀ ਗੱਲ ਕਰ ਰਹੀ ਸੀ ਅਤੇ ਹੁਣ ਕੁਝ ਹੋਰ ਸੁਣਾਉਣ ਲੱਗੀ ਏ। ਉਸ ਨੇ ਹੱਥ ਜੋੜ ਦਿੱਤੇ, “ਇਸ ਵੇਲੇ ਦਿਨ ਦਿਹਾੜੇ ਅਸੀਂ ਕਿੱਥੇ ਜਾਈਏ?”
“ਮੈਨੂੰ ਕੀ ਪਤਾ? ਭਲੇ ਦਿਨ ਹੁੰਦੇ ਤਾਂ ਕੋਈ ਗੱਲ ਨਹੀਂ ਸੀ, ਹੁਣ ਕੋਈ ਕਿਸੇ ਦੀ ਨਹੀਂ ਸੁਣਦਾ। ਮੈਂ ਤੁਹਾਨੂੰ ਦੱਸ ਦਿੱਤਾ ਏ ਕਿ ਮਰਦ ਬਾਹਰ ਗਏ ਹੋਏ ਨੇ ਤੇ ਹੁਣ ਆਉਣ ਵਾਲੇ ਨੇ, ਉਹ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਨਗੇ, ਮੈਨੂੰ ਨਹੀਂ ਪਤਾ। ਜੇ ਕੋਈ ਚੰਗੀ-ਮੰਦੀ ਹੋ ਗਈ ਤਾਂ ਮੈਨੂੰ ਨਾ ਕਹਿਣਾ।”
ਹਰਨਾਮ ਸਿੰਘ ਬੜੀ ਦੇਰ ਗਹਿਰੀ ਸੋਚ ਵਿਚ ਡੁੱਬਾ ਬੈਠਾ ਰਿਹਾ, ਫਿਰ ਮਾੜੀ ਜਿਹੀ ਆਵਾਜ਼ ਵਿਚ ਬੋਲਿਆ, “ਸੱਤ ਬਚਨ, ਜੋ ਵਾਹਿਗੁਰੂ ਨੂੰ ਮਨਜ਼ੂਰ, ਉਹੋ ਹੋਵੇਗਾ। ਤੇਰੇ ਦਿਲ ਵਿਚ ਰਹਿਮ ਜਾਗਿਆ, ਤੂੰ ਦਰਵਾਜ਼ਾ ਖੋਲ੍ਹ ਦਿੱਤਾ। ਹੁਣ ਤੂੰ ਕਹੇਂਗੀ ਬਾਹਰ ਚਲੇ ਜਾਓ ਤਾਂ ਅਸੀਂ ਚਲੇ ਜਾਵਾਂਗੇ। ਚੱਲ ਬੰਤੋ, ਉਠ।”
ਹਰਨਾਮ ਸਿੰਘ ਨੇ ਬੰਦੂਕ ਸੰਭਾਲੀ ਅਤੇ ਦੋਵੇਂ ਪਤੀ-ਪਤਨੀ ਦਰਵਾਜ਼ੇ ਵੱਲ ਵਧੇ। ਉਹਨੂੰ ਪਤਾ ਸੀ ਕਿ ਦਰਵਾਜ਼ਿਓਂ ਬਾਹਰ ਪਰਲੋ ਮੂੰਹ ਅੱਡੀ ਖਲੋਤੀ ਏ, ਪਰ ਚਾਰਾ ਵੀ ਕੋਈ ਨਹੀਂ ਸੀ। ਔਰਤ ਵਿਹੜੇ ਵਿਚ ਉਵੇਂ ਹੀ ਖੜ੍ਹੀ ਉਨ੍ਹਾਂ ਵੱਲ ਦੇਖਦੀ ਰਹੀ। ਜਦ ਹਰਨਾਮ ਸਿੰਘ ਨੇ ਕੁੰਡੀ ਖੋਲ੍ਹਣ ਲਈ ਹੱਥ ਚੁੱਕਿਆ ਤਾਂ ਔਰਤ ਬੋਲ ਉਠੀ, “ਨਾ ਜਾਓ ਜੀ, ਰੁਕ ਜਾਓ, ਕੁੰਡੀ ਮਾਰ ਦਿਓ, ਤੁਸੀਂ ਮੇਰੇ ਘਰ ਦਾ ਬੂਹਾ ਖੜਕਾਇਆ ਏ, ਦਿਲ ਵਿਚ ਆਸ ਲੈ ਕੇ ਆਏ ਓ, ਜੋ ਹੋਊ ਵੇਖੀ ਜਾਊ, ਤੁਸੀਂ ਪਰਤ ਆਓ।”
ਪਿੱਛੇ ਹਨੇਰੀ ਕੋਠੜੀ ਦੀ ਸਰਦਲ ‘ਤੇ ਖੜ੍ਹੀ ਇਕਰਾਂ ਆਪਣੀ ਸੱਸ ਵੱਲ ਦੇਖ ਰਹੀ ਸੀ। ਉਸ ਨੂੰ ਬੋਲਦੇ ਦੇਖ ਕੇ ਅੱਗੇ ਵਧ ਆਈ, “ਜਾਣ ਦੇ ਮਾਂ, ਅਸੀਂ ਮਰਦਾਂ ਨੂੰ ਪੁੱਛਿਆ ਵੀ ਤਾਂ ਨਹੀਂ ਏ। ਉਨ੍ਹਾਂ ਨੂੰ ਬਹੁਤ ਬੁਰਾ ਲੱਗੂ।”
“ਮੈਂ ਜਵਾਬ ਦੇ ਲਊਂ। ਤੂੰ ਜਾ ਅੰਦਰੋਂ ਪੌੜੀ ਚੁੱਕ ਲਿਆ, ਜਲਦੀ ਕਰ। ਘਰ ਆਇਆਂ ਨੂੰ ਕੱਢ ਦਿਆਂ ਹੁਣ? ਅੱਲ੍ਹਾ ਦੀ ਦਰਗਾਹ ਵਿਚ ਸਭ ਨੇ ਜਾਣਾ ਏਂ। ਜਾਹ ਵੀ…ਖਲੋਤੀ ਮੇਰਾ ਮੂੰਹ ਕੀ ਵੇਖ ਰਹੀ ਏਂ, ਅੰਦਰੋਂ ਪੌੜੀ ਚੁੱਕ ਲਿਆ।”
ਹਰਨਾਮ ਸਿੰਘ ਤੇ ਉਸ ਦੀ ਪਤਨੀ ਬੂਹੇ ਤੋਂ ਮੁੜ ਆਏ। ਹਰਨਾਮ ਸਿੰਘ ਨੇ ਫਿਰ ਹੱਥ ਜੋੜ ਦਿੱਤੇ, “ਵਾਹਿਗੁਰੂ ਤੈਨੂੰ ਸਲਾਮਤ ਰੱਖੇ ਭੈਣਾਂ, ਤੂੰ ਸਾਨੂੰ ਜਿਵੇਂ ਕਹੇਂਗੀ, ਅਸੀਂ ਉਵੇਂ ਹੀ ਕਰਾਂਗੇ।”
ਦਿਨ ਨਿਕਲ ਆਇਆ ਸੀ। ਆਂਢ-ਗੁਆਂਢ ਦੀਆਂ ਤੀਵੀਆਂ ਇਕ-ਦੂਜੇ ਦੇ ਘਰ ਆਉਣ-ਜਾਣ ਲੱਗੀਆਂ ਸਨ। ਥਾਂ-ਥਾਂ ਫਸਾਦਾਂ ਦੀ ਚਰਚਾ ਹੋ ਰਹੀ ਸੀ। ਇਸ ਪਿੰਡ ਵਿਚੋਂ ਵੀ ਪਿਛਲੀ ਸ਼ਾਮ ਬਹੁਤ ਸਾਰੇ ਮਰਦ ਨਾਹਰੇ ਲਾਉਂਦੇ, ਬਰਛੇ-ਕੁਹਾੜੇ ਹਵਾ ਵਿਚ ਲਹਿਰਾਉਂਦੇ ਤੇ ਢੋਲ ਵਜਾਉਂਦੇ ਪਿੰਡ ਵਿਚ ਘੁੰਮਦੇ ਰਹੇ ਸਨ ਤੇ ਬਾਅਦ ਵਿਚ ਪੂਰਬ ਵੱਲ ਨਿਕਲ ਗਏ ਸਨ। ਪਤਾ ਨਹੀਂ ਕਿਥੇ ਘੁੰਮਦੇ ਰਹੇ ਸਨ, ਸਾਰੀ ਰਾਤ ਕੀ ਕਰਦੇ ਰਹੇ ਸਨ, ਪਰ ਹੁਣ ਦਿਨ ਚੜ੍ਹ ਆਇਆ ਸੀ ਤੇ ਘਰ ਵਿਚ ਉਨ੍ਹਾਂ ਦੀ ਉਡੀਕ ਸੀ।
ਇਕਰਾਂ ਪੌੜੀ ਲੈ ਆਈ। ਉਸ ਦੀ ਸੱਸ ਨੇ ਪੌੜੀ ਉਹਦੇ ਹੱਥੋਂ ਲੈ ਲਈ ਅਤੇ ਕੰਧ ਨਾਲ ਲਾ ਦਿੱਤੀ, ਜਿਥੋਂ ਕੋਠੜੀ ਉਤੇ ਛੋਟੀ ਜਿਹੀ ਮਿਆਨੀ ਸੀ। ਔਰਤ ਨੇ ਕਿਹਾ, “ਇਧਰ ਆਓ ਜੀ, ਤੁਸੀਂ ਦੋਵੇਂ ਉਪਰ ਚੜ੍ਹ ਕੇ ਮਿਆਨੀ ਵਿਚ ਬਹਿ ਜਾਓ, ਬੋਲਣਾ ਨਹੀਂ। ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਇਥੇ ਹੋ, ਅੱਗੇ ਅੱਲ੍ਹਾ ਮਾਲਕ!”
ਹਰਨਾਮ ਸਿੰਘ ਨੂੰ ਚੜ੍ਹਨ ਵਿਚ ਮੁਸ਼ਕਿਲ ਪੇਸ਼ ਆਈ। ਇਕ ਤਾਂ ਭਾਰੀ ਦੇਹ, ਦੂਜੇ ਮੋਢਿਆਂ ‘ਤੇ ਲਟਕਦੀ ਭਾਰੀ ਬੰਦੂਕ ਵਾਰ ਵਾਰ ਉਸ ਦੀਆਂ ਲੱਤਾਂ ਵਿਚ ਉਲਝ ਰਹੀ ਸੀ। ਜਿਵੇਂ ਕਿਵੇਂ ਹਫ਼ਦਾ ਉਹ ਉਪਰ ਪਹੁੰਚ ਗਿਆ, ਪਿੱਛੇ ਪਿੱਛੇ ਬੰਤੋ ਵੀ ਚੜ੍ਹ ਗਈ। ਮਿਆਨੀ ਛੋਟੀ ਸੀ, ਮੁਸ਼ਕਿਲ ਨਾਲ ਕੁੰਗੜ ਕੇ ਬਹਿਣ ਦੀ ਜਗ੍ਹਾ ਸੀ। ਹੋਰ ਸਾਮਾਨ ਵੀ ਭਰਿਆ ਪਿਆ ਸੀ। ਜਦ ਹਰਨਾਮ ਸਿੰਘ ਨੇ ਖਿੜਕੀ ਬੰਦ ਕਰ ਦਿੱਤੀ ਤਾਂ ਅੰਦਰ ਹਨੇਰਾ ਹੋ ਗਿਆ। ਦੋਵੇਂ ਚੁੱਪ-ਚਾਪ ਬੈਠੇ ਹਨੇਰੇ ਵਿਚ ਅੱਖਾਂ ਪਾੜ-ਪਾੜ ਕੇ ਦੇਖ ਰਹੇ ਸਨ। ਨਾ ਕੁਝ ਸੋਚਣ ਨੂੰ ਸੀ, ਨਾ ਕੁਝ ਕਹਿਣ ਨੂੰ। ਬੱਸ, ਪਤਲੀ ਜਿਹੀ ਡੋਰੀ ਦੇ ਸਹਾਰੇ ਕਿਸਮਤ ਲਟਕ ਰਹੀ ਸੀ।
ਦੇਰ ਤੱਕ ਹਰਨਾਮ ਸਿੰਘ ਹਫ਼ਦਾ ਰਿਹਾ। ਮਿਆਨੀ ਅੰਦਰ ਹੁਮਸ ਸੀ, ਹਨੇਰਾ ਵੀ ਸੀ। ਕੁਝ ਦੇਰ ਤੱਕ ਬੈਠੇ ਰਹਿਣ ਪਿੱਛੋਂ ਲਾਚਾਰ ਹੋ ਕੇ ਹਰਨਾਮ ਸਿੰਘ ਨੇ ਤਾਕੀ ਨੂੰ ਥੋੜ੍ਹਾ ਜਿਹਾ ਖੋਲ੍ਹ ਦਿੱਤਾ ਤਾਂ ਕਿ ਕੁਝ ਹਵਾ ਤੇ ਲੋਅ ਅੰਦਰ ਆ ਸਕੇ। ਉਸ ਨੂੰ ਪਤਲੀ ਜਿਹੀ ਝੀਤ ਵਿਚੋਂ ਥੋੜ੍ਹਾ ਜਿਹਾ ਵਿਹੜਾ ਤੇ ਬੂਹਾ ਦਿਸ ਰਿਹਾ ਸੀ। ਹੇਠਾਂ ਚੁੱਪ ਬਿਖਰੀ ਹੋਈ ਸੀ। ਲੱਗਿਆ ਜਿਵੇਂ ਸੱਸ-ਨੂੰਹ ਵਿਹੜੇ ਵਿਚੋਂ ਚਲੀਆਂ ਗਈਆਂ ਹਨ।
“ਜੇ ਕੋਈ ਬੁਰੀ ਗੱਲ ਹੋ ਗਈ ਬੰਤੋ, ਸਾਡੀ ਜਾਨ ਖਤਰੇ ਵਿਚ ਪੈ ਗਈ ਤਾਂ ਮੈਂ ਪਹਿਲਾਂ ਤੇਰੇ ਗੋਲੀ ਮਾਰਾਂਗਾ, ਤੈਨੂੰ ਆਪਣੇ ਹੱਥਾਂ ਨਾਲ ਖਤਮ ਕਰ ਦਿਆਂਗਾ…।” ਹਰਨਾਮ ਸਿੰਘ ਨੇ ਫੁਸ-ਫੁਸਾ ਕੇ ਤੀਜੀ ਵਾਰ ਕਿਹਾ, “ਜੇ ਅਸੀਂ ਫੜੇ ਗਏ ਤਾਂ ਹੋਰ ਕੋਈ ਚਾਰਾ ਨਹੀਂ।”
ਬੰਤੋ ਚੁੱਪ ਰਹੀ। ਉਹ ਇਕ ਇਕ ਇਕ ਪਲ ਗਿਣ ਰਹੀ ਸੀ ਕਿ ਹੁਣ ਕੀ ਹੋਵੇਗਾ, ਉਸ ਦੀ ਸੋਚ ਇਸ ਤੋਂ ਅਗੇਰੇ ਜਾ ਹੀ ਨਹੀਂ ਰਹੀ ਸੀ।
ਹੇਠਾਂ, ਪਿਛਲੀ ਕੋਠੜੀ ਵਿਚ ਸੱਸ-ਨੂੰਹ ਵਿਚਕਾਰ ਇਕਦਮ ਬਹਿਸ ਸ਼ੁਰੂ ਹੋ ਗਈ। ਇਕਰਾਂ ਨੇ ਮੂੰਹ ਸੁਜਾਇਆ ਹੋਇਆ ਸੀ, “ਕਾਫ਼ਰਾਂ ਨੂੰ ਪਨਾਹ ਦੇਨੇ ਓ, ਬਹੁ ਮਾੜਾ ਕਰਨੇ ਓ, ਮਰਦ ਤੈਨੂੰ ਪੁੱਛਣਗੇ।”
“ਤੂੰ ਚੁੱਪ ਰਹਿ। ਬਦਨਸੀਬ ਕੋਈ ਆਏ ਤੇ ਮੈਂ ਧੱਕਾ ਦੇ ਦੇਵਾਂ?”
“ਨਾ ਜਾਣ ਨਾ ਪਛਾਣ। ਇਹ ਸਾਡੇ ਕੀ ਲੱਗਦੇ ਨੇ? ਕਿੰਨਾ ਬੁਰਾ ਲੱਗੇਗਾ ਅੱਬਾ ਨੂੰ ਤੇ ਰਮਜ਼ਾਨ ਨੂੰ ਵੀ। ਉਪਰ ਦੋਵੇਂ ਚੜ੍ਹ ਬੈਠੇ ਨੇ ਅਤੇ ਸਿੱਖੜੇ ਦੇ ਹੱਥ ਵਿਚ ਬੰਦੂਕ ਏ। ਜੇ ਮਰਦ ਆਇਆ ਤੇ ਉਸ ਨੇ ਗੋਲੀ ਚਲਾ ਦਿੱਤੀ ਤਾਂ? ਤੂੰ ਤਾਂ ਇਤਬਾਰ ਕਰ ਕੇ ਉਨ੍ਹਾਂ ਨੂੰ ਉਥੇ ਬੈਠਾ ਦਿੱਤਾ।”
ਸੱਸ ਇਕਰਾਂ ਦੇ ਚਿਹਰੇ ਵੱਲ ਦੇਖਦੀ ਰਹਿ ਗਈ। ਉਸ ਦੀ ਗੱਲ ਵਿਚ ਦਮ ਸੀ। ਜੇ ਗੱਲ ਵਿਗੜ ਜਾਵੇ, ਮਰਦਾਂ ਦੇ ਪਰਤਣ ਤੇ, ਉਨ੍ਹਾਂ ਨੂੰ ਪਤਾ ਲੱਗ ਜਾਵੇ ਅਤੇ ਇਨ੍ਹਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਜਾਵੇ, ਗਾਲੀ ਗਲੋਚ ਹੋ ਜਾਵੇ, ਰਮਜ਼ਾਨ ਤਾਂ ਉਂਜ ਵੀ ਕਿੰਨੇ ਦਿਨਾਂ ਤੋਂ ਬੁਖਲਾਇਆ ਹੋਇਆ ਹੈ, ਤੇ ਇਹ ਉਪਰ ਬੈਠਾ ਗੋਲੀ ਚਲਾ ਦੇਵੇ ਤਾਂ ਕੀ ਹੋਵੇਗਾ? ਹੇਠਾਂ ਖਲੋਤੇ ਆਦਮੀ ਨੂੰ ਤਾਂ ਮਾਰ ਹੀ ਸੁੱਟੇਗਾ। ਕਿਸੇ ਨੂੰ ਪਨਾਹ ਦੇਣਾ ਹੋਰ ਗੱਲ ਹੈ ਅਤੇ ਆਪਣੇ ਪੁੱਤਰ ਜਾਂ ਘਰਵਾਲੇ ਦੀ ਜਾਨ ਜੋਖਮ ਵਿਚ ਪਾਉਣਾ ਹੋਰ ਗੱਲ। ਇਸ ਵਿਚ ਕੀ ਅਕਲਮੰਦੀ ਹੈ? ਇਹ ਗੱਲ ਉਸ ਨੇ ਸੋਚੀ ਕਿਉਂ ਨਹੀਂ? ਉਹ ਉਠ ਕੇ ਮਿਆਨੀ ਦੇ ਹੇਠਾਂ ਜਾ ਖੜ੍ਹੀ।
“ਸੁਣੋ ਸਰਦਾਰ ਜੀ ਮੇਰੀ ਗੱਲ।” ਉਸ ਨੇ ਦੱਬੀ ਆਵਾਜ਼ ਵਿਚ ਕਿਹਾ।
ਹਰਨਾਮ ਸਿੰਘ ਤਾਕੀ ਦੇ ਨੇੜੇ ਨੂੰ ਹੋ ਕੇ ਬੋਲਿਆ, “ਕੀ ਏ ਭੈਣਾਂ?”
“ਆਪਣੀ ਬੰਦੂਕ ਮੈਨੂੰ ਦੇ ਦੇ। ਬੰਦੂਕ ਲੈ ਕੇ ਤੂੰ ਉਪਰ ਨਹੀਂ ਬਹਿ ਸਕਣਾਂ।”
ਫਿਰ ਦੋਵਾਂ ਵਿਚਕਾਰ ਚੁੱਪ ਛਾ ਗਈ। ਬੰਦੂਕ ਦੇਣ ਦਾ ਮਤਲਬ ਸੀ, ਆਪਣੀ ਜਾਨ ਉਨ੍ਹਾਂ ਦੇ ਹੱਥ ਦੇ ਦੇਣੀ। ਜੇ ਉਹ ਨਾਂਹ ਕਰ ਦੇਵੇ ਤਾਂ ਉਹ ਫੌਰਨ ਆਪਣੇ ਘਰੋਂ ਕੱਢ ਸਕਦੀ ਸੀ ਅਤੇ ਬਾਹਰ ਦਿਨ ਦਿਹਾੜੇ, ਬੰਦੂਕ ਮੋਢੇ ‘ਤੇ ਲਟਕ ਵੀ ਰਹੀ ਹੋਵੇ, ਤਾਂ ਵੀ ਹਿਫ਼ਾਜ਼ਤ ਨਹੀਂ।
“ਸੁਣਦੇ ਹੋ ਸਰਦਾਰ ਜੀ, ਬੰਦੂਕ ਦੇ ਦਿਓ। ਮੇਰੇ ਘਰ ਰਹਿੰਦਿਆਂ ਤੁਹਾਨੂੰ ਬੰਦੂਕ ਦੀ ਕੀ ਲੋੜ ਏ?”
“ਬੰਦੂਕ ਦੇ ਕੇ ਮੈਂ ਬਿਲਕੁਲ ਨਿਹੱਥਾ ਹੋ ਜਾਵਾਂਗਾ ਭੈਣਾਂ, ਕਿਥੇ ਮਾਰਿਆ ਮਾਰਿਆ ਫਿਰਾਂਗਾ? ਇਸ ਦਾ ਤਾਂ ਮੈਨੂੰ ਹੌਸਲਾ ਏ।”
“ਤੂੰ ਬੰਦੂਕ ਏਧਰ ਲਟਕਾ ਦੇ, ਜਦੋਂ ਜਾਵੇਂਗਾ ਤਾਂ ਮੈਂ ਬੰਦੂਕ ਤੈਨੂੰ ਵਾਪਸ ਕਰ ਦੇਵਾਂਗੀ।” ਹਰਨਾਮ ਸਿੰਘ ਨੇ ਆਪਣੀ ਪਤਨੀ ਦੇ ਚਿਹਰੇ ਵੱਲ ਵੇਖਿਆ ਤੇ ਫਿਰ ਚੁੱਪ-ਚਾਪ ਬੰਦੂਕ ਹੇਠਾਂ ਲਟਕਾ ਦਿੱਤੀ। ਬੰਦੂਕ ਦੇਣ ਤੋਂ ਬਾਅਦ ਹਰਨਾਮ ਸਿੰਘ ਨੂੰ ਇਸ ਗੱਲ ਦਾ ਧਿਆਨ ਆਇਆ ਕਿ ਦੇਣ ਤੋਂ ਪਹਿਲਾਂ ਉਸ ਵਿਚੋਂ ਗੋਲੀਆਂ ਤਾਂ ਕੱਢ ਲੈਂਦਾ। ਭਰੀ ਹੋਈ ਬੰਦੂਕ ਉਸ ਦੇ ਹੱਥ ਵਿਚ ਦੇ ਦਿੱਤੀ। ਫਿਰ ਉਸ ਨੇ ਸਿਰ ਨੂੰ ਝਟਕਾ ਦਿੱਤਾ, “ਜਿਥੇ ਜ਼ਿੰਦਗੀ ਬੇਯਕੀਨੀ ਵਿਚ ਲਟਕ ਰਹੀ ਹੈ, ਉਥੇ ਕੀ ਫਰਕ ਪੈਂਦਾ ਹੈ ਕਿ ਬੰਦੂਕ ਵਿਚੋਂ ਗੋਲੀਆਂ ਕੱਢ ਲਈਆਂ ਜਾਂ ਨਹੀਂ। ਕੱਢ ਲੈਂਦਾ ਤਾਂ ਮੌਤ ਦਾ ਇਕ ਬਹਾਨਾ ਘੱਟ ਹੋ ਜਾਂਦਾ, ਨਹੀਂ ਕੱਢੀਆਂ ਤਾਂ ਮੌਤ ਦੇ ਹਜ਼ਾਰਾਂ ਬਹਾਨਿਆਂ ਵਿਚ ਇਕ ਹੋਰ ਬਹਾਨਾ ਜਾ ਮਿਲਿਆ ਹੈ।” ਸੋਚਦਿਆਂ ਉਸ ਨੇ ਠੰਢਾ ਸਾਹ ਲਿਆ, ਇੰਨਾ ਡੂੰਘਾ ਕਿ ਬੰਤੋ ਨੂੰ ਲੱਗਾ ਕਿ ਹੇਠਾਂ ਖਲੋਤੀ ਔਰਤ ਤੇ ਉਸ ਦੀ ਨੂੰਹ ਨੇ ਸੁਣ ਲਿਆ ਹੋਵੇਗਾ।
ਮਿਆਨੀ ਵਿਚ ਫਿਰ ਹਨੇਰਾ ਛਾ ਗਿਆ।
ਕੀ ਤੋਂ ਕੀ ਹੋ ਗਿਆ। ਕੱਲ੍ਹ ਇਸ ਵੇਲੇ ਬੰਤੋ ਆਪਣੇ ਘਰ ਸੰਦੂਕ ਵਿਚ ਕੱਪੜੇ ਸਾਂਭ ਰਹੀ ਸੀ ਤੇ ਅੱਜ ਪਤੀ ਪਤਨੀ ਚੂਹਿਆਂ ਵਾਂਗ ਹਨੇਰੀ ਮਿਆਨੀ ਵਿਚ ਬੈਠੇ ਸਨ। ਕੱਲ੍ਹ ਹਰਨਾਮ ਸਿੰਘ ਤੇ ਕਰੀਮ ਖਾਨ ਇਨ੍ਹਾਂ ਫਸਾਦਾਂ ਨੂੰ ਬੁਰਾ ਭਲਾ ਕਹਿ ਰਹੇ ਸਨ, ਉਨ੍ਹਾਂ ਲੋਕਾਂ ਨੂੰ ਬੁਰਾ ਭਲਾ ਕਹਿ ਰਹੇ ਸਨ ਜਿਨ੍ਹਾਂ ਦੀਆਂ ਅੱਖਾਂ ਵਿਚੋਂ ਦੀਦ ਉਡ ਗਿਆ ਸੀ। ਹੁਣ ਉਹ ਆਪ ਫਸਾਦਾਂ ਦੇ ਇਕ ਝੌਂਕੇ ਨਾਲ ਕਿਤੇ ਦੇ ਕਿਤੇ ਪਟਕ ਦਿੱਤੇ ਗਏ ਸਨ।
ਅਚਾਨਕ ਇਹ ਸੋਚ ਕੇ ਉਸ ਦਾ ਦਿਲ ਡੁੱਬ ਗਿਆ ਕਿ ਬੰਦੂਕ ਹੱਥੋਂ ਨਿਕਲ ਗਈ ਹੈ ਅਤੇ ਹੁਣ ਉਹ ਉਸ ਨੂੰ ਵਾਪਸ ਨਹੀਂ ਮਿਲੇਗੀ। ਇਹ ਮੈਂ ਕੀ ਕਰ ਬੈਠਾ? ਆਪਣੇ ਹੱਥੀਂ ਆਪਣੇ ਹੱਥ ਵੱਢ ਲਏ। ਬੰਦੂਕ ਤਾਂ ਮੇਰੇ ਲਈ ਅੰਨ੍ਹੇ ਦੀ ਲਾਠੀ ਵਾਂਗ ਸੀ। ਹੁਣ ਉਹ ਮੈਨੂੰ ਕਿਥੇ ਮਿਲੇਗੀ? ਸੋਚਦਿਆਂ ਹਰਨਾਮ ਸਿੰਘ ਦੇ ਪਸੀਨੇ ਛੁੱਟ ਗਏ। ਉਸ ਨੂੰ ਪਤਨੀ ਦੀ ਹਾਲਤ ਆਪਣੇ ਤੋਂ ਵੀ ਜ਼ਿਆਦਾ ਤਰਸਯੋਗ ਲੱਗੀ। ਹੁਣ ਮੈਂ ਇਸ ਨੂੰ ਕਿਸ ਦੇ ਆਸਰੇ ਲੈ ਕੇ ਜਾਵਾਂਗਾ? ਹੁਣ ਤਾਂ ਲੋਕ ਪੱਥਰ ਮਾਰ ਮਾਰ ਕੇ ਮਾਰ ਦੇਣਗੇ। ਭਗਤੀ, ਗਿਆਨ ਤੇ ਮਾਨਵ ਪ੍ਰੇਮ ਦੀ ਵਰ੍ਹਿਆਂ ਦੀ ਕਮਾਈ ਹਰਨਾਮ ਸਿੰਘ ਸੱਚ ਦੇ ਇਕ ਥਪੇੜੇ ਵਿਚ ਗਵਾ ਬੈਠਾ ਸੀ।
“ਜਸਬੀਰੋ ਦਾ ਕੁਝ ਪਤਾ ਲੱਗ ਜਾਂਦਾ।” ਅਚਾਨਕ ਬੰਤੋ ਬੋਲੀ।
ਹਰਨਾਮ ਸਿੰਘ ਚੁੱਪ ਰਿਹਾ। ਬੋਲਦਾ ਵੀ ਕੀ? ਰਹਿ ਰਹਿ ਕੇ ਕਿਸੇ ਵੇਲੇ ਅੰਦਰੋਂ ਮਾਂ ਬੋਲਣ ਲੱਗਦੀ ਸੀ। ਰਾਤ ਨੂੰ ਨਾਲੇ ਦੇ ਕੰਢੇ ਚੱਲਦੇ ਚੱਲਦੇ ਉਸ ਨੇ ਇਕ-ਦੋ ਵਾਰ ਆਪਣੇ ਬੱਚਿਆਂ ਨੂੰ ਯਾਦ ਕੀਤਾ ਸੀ, ਹੁਣ ਫਿਰ ਕਰਨ ਲੱਗੀ ਸੀ। ਜਦ ਵੀ ਕੁਝ ਦੇਰ ਲਈ ਸਿਰ ਤੋਂ ਖਤਰੇ ਦਾ ਸਾਇਆ ਟਲ ਜਾਂਦਾ, ਉਸ ਨੂੰ ਆਪਣੇ ਬੱਚਿਆਂ ਦੀ ਯਾਦ ਸਤਾਉਣ ਲੱਗਦੀ।
ਪਿੰਡ ਵਿਚ ਰੌਲਾ ਪੈ ਗਿਆ। ਰੌਲਾ ਵਧਦਾ ਜਾ ਰਿਹਾ ਸੀ। ਮਰਦ ਤੇ ਤੀਵੀਆਂ ਗੱਲਾਂ ਕਰਦੇ ਸੁਣਾਈ ਦੇਣ ਲੱਗੇ। ਤਦੇ ਕਿਸੇ ਨੇ ਬੂਹਿਆਂ ਨੂੰ ਜ਼ੋਰ ਜ਼ੋਰ ਨਾਲ ਖੜਕਾਇਆ ਅਤੇ ਕਿਸੇ ਔਰਤ ਦੀ ਆਵਾਜ਼ ਆਈ, “ਨੀ ਇਕਰਾਂ, ਆ ਬਾਹਰ, ਵੇਖ ਉਹ ਲੋਕ ਆ ਰਹੇ ਨੇ।”
ਇਕਰਾਂ ਦੀ ਕਿਸੇ ਸਹੇਲੀ ਦੀ ਆਵਾਜ਼ ਸੀ। ਇਕਰਾਂ ਭੱਜਦੀ ਹੋਈ ਦਰਵਾਜ਼ਾ ਖੋਲ੍ਹਣ ਬਾਹਰ ਚਲੇ ਗਈ। ਉਪਰ ਬੈਠੇ ਹਰਨਾਮ ਸਿੰਘ ਦਾ ਦਿਲ ਫਿਰ ਧੜਕਣ ਲੱਗਾ। ਬੰਤੋ ਨੇ ਅੱਖਾਂ ਚੁੱਕ ਕੇ ਆਪਣੇ ਪਤੀ ਦੇ ਚਿਹਰੇ ਵੱਲ ਦੇਖਿਆ। ਰੋਜ਼ ਚਮਕਦਾ ਰਹਿਣ ਵਾਲਾ ਚਿਹਰਾ ਪੀਲਾ ਪੈ ਚੁੱਕਾ ਸੀ ਅਤੇ ਕੱਪੜੇ ਵੱਟੋ-ਵੱਟ ਤੇ ਮੈਲੇ ਹੋ ਗਏ ਸਨ। ਅੱਧ-ਖੁੱਲ੍ਹੀ ਮਿਆਨੀ ਦੀ ਖਿੜਕੀ ਰਾਹੀਂ ਹਰਨਾਮ ਸਿੰਘ ਨੂੰ ਘਰ ਦੀ ਮਾਲਕਣ ਨਜ਼ਰ ਆਈ। ਵਿਹੜੇ ਦੇ ਖੁੱਲ੍ਹੇ ਬੂਹੇ ਸਾਹਮਣੇ ਲੱਕ ‘ਤੇ ਦੋਵੇਂ ਹੱਥ ਰੱਖੀ ਖੜ੍ਹੀ ਸੀ। ਉਸ ਦਾ ਉਚਾ ਲੰਮਾ ਕੱਦ ਅਤੇ ਸਿੱਧਾ ਸਾਦਾ ਸਰੀਰ ਵੇਖ ਕੇ ਉਸ ਦਾ ਮਨ ਸੰਭਲ ਗਿਆ। ਉਸ ਦਾ ਵਿਸ਼ਵਾਸ ਜਿਵੇਂ ਫਿਰ ਪਰਤ ਆਇਆ ਹੋਵੇ। ਇਸ ਔਰਤ ਦੇ ਹੁੰਦਿਆਂ ਸਭ ਕੁਝ ਨਹੀਂ ਗਿਆ, ਸਭ ਕੁਝ ਖਤਮ ਨਹੀਂ ਹੋ ਗਿਆ!
“ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਵਾਲ ਵਿੰਗਾ ਨਹੀਂ ਹੋਵੇਗਾ। ਤੁਸੀਂ ਤਾਂ ਭਗਤ ਹੋ, ਤੁਹਾਨੂੰ ਕਿਸ ਗੱਲ ਦਾ ਡਰ?” ਬੰਤੋ ਨੇ ਆਪਣੇ ਪਤੀ ਨੂੰ ਹੌਸਲਾ ਦਿੰਦਿਆਂ ਕਿਹਾ। ਹਰਨਾਮ ਸਿੰਘ ਚੁੱਪ ਰਿਹਾ।
ਬਾਹਰੋਂ ਆਵਾਜ਼ਾਂ ਵਧਣ ਲੱਗੀਆਂ। ਹਾਸੇ ਮਜ਼ਾਕ ਦੀਆਂ ਆਵਾਜ਼ਾਂ ਸਨ। ਵਧਦੇ ਕਦਮਾਂ ਦਾ ਸ਼ੋਰ ਸੀ। ਵਿਹੜੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ। ਤਦੇ ਇਕਰਾਂ ਦੇ ਬੋਲਣ ਤੇ ਉਚਾ-ਉਚਾ ਹੱਸਣ ਦੀ ਆਵਾਜ਼ ਆਈ। ਹਰਨਾਮ ਸਿੰਘ ਸਮਝ ਗਿਆ ਕਿ ਮਰਦ ਰਾਤ ਦੀ ਕਾਰਗੁਜ਼ਾਰੀ ਮਗਰੋਂ ਮੁੜ ਆਏ ਸਨ। ਕੁਝ ਦੇਰ ਬਾਅਦ ਇਕਰਾਂ ਤੇ ਉਸ ਦਾ ਸਹੁਰਾ ਵੱਡਾ ਸਾਰਾ ਕਾਲੇ ਰੰਗ ਦਾ ਟਰੰਕ ਚੁੱਕੀ ਵਿਹੜੇ ਅੰਦਰ ਆਏ। ਸਹੁਰੇ ਦੇ ਸਿਰ ਦੀ ਪਗੜੀ ਬੈਠੀ ਹੋਈ ਸੀ, ਲੱਗਦਾ ਸੀ ਕਿ ਟਰੰਕ ਨੂੰ ਪਿੰਡ ਤੱਕ ਸਿਰ ‘ਤੇ ਹੀ ਚੁੱਕ ਕੇ ਲਿਆਇਆ ਸੀ। ਹਰਨਾਮ ਸਿੰਘ ਨੇ ਹੱਥ ਵਧਾ ਕੇ ਪਤਨੀ ਦੇ ਗੋਡੇ ਨੂੰ ਛੂਹਿਆ ਤੇ ਕਿਹਾ, “ਇਹ ਤਾਂ ਸਾਡਾ ਟਰੰਕ ਏ, ਵੱਡਾ ਕਾਲਾ ਟਰੰਕ। ਸਾਡੀ ਦੁਕਾਨ ਲੁੱਟਦੇ ਰਹੇ ਨੇ।” ਪਰ ਬੰਤੋ ਨੇ ਵਿਹੜੇ ਵਿਚ ਦੇਖਣ ਦੀ ਕੋਸ਼ਿਸ਼ ਤੱਕ ਨਾ ਕੀਤੀ।
“ਹਾਲੇ ਤੱਕ ਜਿੰਦਰਾ ਲੱਗਾ ਹੋਇਆ ਏ।” ਹਰਨਾਮ ਸਿੰਘ ਬੁੜਬੁੜਾਇਆ।
ਇਕਰਾਂ ਦਾ ਸਹੁਰਾ ਟਰੰਕ ‘ਤੇ ਬਹਿ ਗਿਆ ਸੀ ਤੇ ਪੱਗ ਲਾਹ ਕੇ ਮੱਥੇ ਦਾ ਪਸੀਨਾ ਪੂੰਝ ਰਿਹਾ ਸੀ। ਉਸ ਦੀ ਪਤਨੀ ਨੇ ਅੱਗੇ ਵਧ ਕੇ ਘਰ ਦਾ ਬੂਹਾ ਬੰਦ ਕਰ ਦਿੱਤਾ।
“ਰਮਜ਼ਾਨਾ ਨਹੀਂ ਆਇਆ?”
“ਰਮਜ਼ਾਨਾ ਲੀਗੀਆਂ ਨਾਲ ਗਿਆ ਏ।”
ਉਪਰ ਬੈਠੇ ਹਰਨਾਮ ਸਿੰਘ ਨੇ ਫਿਰ ਹੱਥ ਵਧਾ ਕੇ ਆਪਣੀ ਪਤਨੀ ਦਾ ਗੋਡਾ ਛੂਹਿਆ,
“ਅਹਿਸਾਨ ਅਲੀ ਏ, ਮੈਂ ਇਹਨੂੰ ਜਾਣਦਾਂ। ਇਹਦਾ ਮੇਰੇ ਨਾਲ ਲੈਣ-ਦੇਣ ਰਿਹਾ ਏ।”
“ਬੰਦ ਦਾ ਬੰਦ ਟਰੰਕ ਚੁੱਕ ਲਿਆਏ ਹੋ ਅੱਬਾ, ਕੀ ਪਤਾ ਇਹਦੇ ਵਿਚ ਕੁਝ ਹੈ ਵੀ ਕਿ ਨਹੀਂ।” ਇਕਰਾਂ ਨੇ ਫਿਕਰ ਜ਼ਾਹਰ ਕੀਤਾ।
“ਕਿਉਂ? ਇੰਨਾ ਭਾਰਾ ਸੀ, ਮੇਰਾ ਤਾਂ ਲੱਕ ਦੂਹਰਾ ਹੋ ਗਿਆ। ਕੱਪੜਿਆਂ ਦਾ ਟਰੰਕ ਏ, ਕੁਝ ਨਾ ਕੁਝ ਤਾਂ ਜ਼ਰੂਰ ਹੋਏਗਾ।”
“ਬੱਸ, ਟਰੰਕ ਹੀ ਲਿਆਏ ਓ? ਰਮਜ਼ਾਨਾ ਵੀ ਕੁਝ ਲਿਆਇਆ ਏ?”
“ਉਹੋ ਇਹ ਖਿੱਚ ਕੇ ਬਾਹਰ ਲਿਆਇਆ ਸੀ। ਸਬੂਤੇ ਦਾ ਸਬੂਤਾ ਟਰੰਕ ਚੁੱਕ ਲਿਆਏ ਹਾਂ, ਹੋਰ ਤੁਹਾਨੂੰ ਕੀ ਚਾਹੀਦਾ ਏ?”
“ਲਿਆਓ ਇਹਨੂੰ ਖੋਲ੍ਹਦੇ ਆਂ, ਇਹਦਾ ਜਿੰਦਰਾ ਭੰਨੀਏਂ?” ਇਕਰਾਂ ਨੇ ਕਿਹਾ ਤੇ ਭੱਜ ਕੇ ਕੋਠੜੀ ਵਿਚੋਂ ਹਥੌੜੀ ਚੁੱਕ ਲਿਆਈ। ਚੋਰੀ ਦਾ ਮਾਲ ਦੇਖਦੇ ਹੀ ਉਤਸੁਕਤਾ ਵਿਚ ਉਹ ਆਪਣੇ ਸਹੁਰੇ ਨੂੰ ਮਿਆਨੀ ਵਿਚ ਲੁਕੇ ਕਰਾੜਾਂ ਬਾਰੇ ਦੱਸਣਾ ਭੁੱਲ ਗਈ ਸੀ। ਉਸ ਦੀ ਸੱਸ ਅਜੇ ਵੀ ਚੁੱਪ-ਚਾਪ ਖੜ੍ਹੀ ਸੀ।
“ਲੱਸੀ ਪਿਆ ਰਾਜੋ, ਪਿਆਸ ਲੱਗੀ ਏ।” ਸਹੁਰੇ ਨੇ ਕਿਹਾ ਤੇ ਉਸ ਦੀ ਘਰਵਾਲੀ, ਰਾਜੋ ਉਨ੍ਹੀਂ ਪੈਰੀਂ ਲੱਸੀ ਲੈਣ ਚਲੇ ਗਈ।
ਟਰੰਕ ਦੇ ਜਿੰਦਰੇ ‘ਤੇ ਠੱਕ ਠੱਕ ਸ਼ੁਰੂ ਹੋ ਗਈ।
ਅਹਿਸਾਨ ਅਲੀ ਛੰਨਾ ਫੜੀ ਲੱਸੀ ਪੀ ਰਿਹਾ ਸੀ ਜਦ ਰਾਜੋ ਨੇ ਉਹਨੂੰ ਦੱਸਿਆ ਕਿ ਉਹਨੇ ਘਰ ਵਿਚ ਇਕ ਸਿੱਖ ਤੇ ਉਹਦੀ ਘਰਵਾਲੀ ਨੂੰ ਪਨਾਹ ਦੇ ਰੱਖੀ ਹੈ। ਤਦੇ ਹਰਨਾਮ ਸਿੰਘ ਨੇ ਖਿੜਕੀ ਖੋਲ੍ਹ ਦਿੱਤੀ ਤੇ ਧੌਣ ਕੱਢ ਕੇ ਬੋਲਿਆ, “ਜਿੰਦਰਾ ਕਿਉਂ ਤੋੜਦੀ ਏਂ ਧੀਏ, ਅਹਿ ਲੈ ਚਾਬੀ। ਇਹ ਟਰੰਕ ਸਾਡਾ ਈ ਏ।” ਫਿਰ ਉਹ ਅਹਿਸਾਨ ਅਲੀ ਨੂੰ ਸੰਬੋਧਨ ਹੋ ਕੇ ਬੋਲਿਆ, “ਅਹਿਸਾਨ ਅਲੀ, ਮੈਂ ਹਰਨਾਮ ਸਿੰਘ, ਤੇਰੀ ਘਰਵਾਲੀ ਨੇ ਸਾਨੂੰ ਪਨਾਹ ਦਿੱਤੀ ਏ, ਗੁਰੂ ਮਹਾਰਾਜ ਤੁਹਾਨੂੰ ਸਲਾਮਤ ਰੱਖੇ। ਇਹ ਟਰੰਕ ਸਾਡਾ ਏ, ਪਰ ਹੁਣ ਇਸ ਨੂੰ ਆਪਣਾ ਹੀ ਸਮਝੋ, ਚੰਗਾ ਹੋਇਆ ਜੋ ਇਹ ਤੁਹਾਡੇ ਹੱਥ ਲੱਗ ਗਿਆ, ਕਿਸੇ ਦੂਜੇ ਦੇ ਹੱਥ ਨਹੀਂ ਲੱਗਾ।”
ਅਹਿਸਾਨ ਅਲੀ ਨੇ ਨਜ਼ਰ ਉਤਾਂਹ ਚੁਕੀ ਪਰ ਝਿਪ ਗਿਆ, ਜਿਵੇਂ ਉਹ ਚੋਰੀ ਕਰਦਾ ਫੜਿਆ ਗਿਆ ਹੋਵੇ। ਇਕਰਾਂ ਦੇ ਹੱਥ ਵੀ ਰੁਕ ਗਏ ਤੇ ਉਹ ਉਚੀ ਆਵਾਜ਼ ਵਿਚ ਬੋਲੀ, “ਅੰਮਾ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਏ, ਮੈਂ ਕਿਹਾ ਵੀ ਸੀ, ਕਾਫਿਰ ਨੇ, ਇਨ੍ਹਾਂ ਨੂੰ ਅੰਦਰ ਨਾ ਵਾੜ, ਪਰ ਅੰਮਾ ਨੇ ਮੇਰੀ ਇਕ ਨਾ ਸੁਣੀ।”
ਇਕਰਾਂ ਸਹੁਰੇ ਨੂੰ ਖੁਸ਼ ਕਰਨ ਲਈ ਕਹਿ ਰਹੀ ਸੀ, ਪਰ ਅਹਿਸਾਨ ਅਲੀ ਅਜੇ ਵੀ ਠਿਠਕਿਆ ਖੜ੍ਹਾ ਸੀ ਤੇ ਅਟਪਟਾ ਜਿਹਾ ਮਹਿਸੂਸ ਕਰ ਰਿਹਾ ਸੀ। ਕਿਸੇ ਸਮੇਂ ਦੋਹਾਂ ਦੇ ਵਧੀਆ ਸਬੰਧ ਰਹੇ ਸਨ, ਚੰਗੀ ਜਾਣ-ਪਛਾਣ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਹਰਨਾਮ ਸਿੰਘ ਨਾਲ ਕਿਹੋ ਜਿਹਾ ਸਲੂਕ ਕਰੇ। ਅਜਿਹੇ ਟਾਕਰੇ ਵਿਚ ਗਰਮਜੋਸ਼ੀ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਉਸ ਦੇ ਖੂਨ ਵਿਚ ਅਜਿਹੀ ਗਰਮਜੋਸ਼ੀ ਵੀ ਨਹੀਂ ਸੀ ਕਿ ਕਿਸੇ ਹਿੰਦੂ ਜਾਂ ਸਿੱਖ ਨੂੰ ਦੇਖ ਕੇ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਜਾਵੇ।
“ਹਰਨਾਮ ਸਿੰਘ ਹੇਠਾਂ ਆ ਜਾ।” ਫਿਰ ਆਪਣੀ ਚੋਰੀ ਨੂੰ ਅਹਿਸਾਨ ਦੀ ਓਟ ਵਿਚ ਛੁਪਾਉਂਦੇ ਹੋਏ, ਜੋ ਰਾਜੋ ਨੇ ਇਨ੍ਹਾਂ ਦੋਵਾਂ ਉਤੇ ਕੀਤਾ ਸੀ, ਥੋੜ੍ਹੀ ਜਿਹੀ ਦਲੇਰੀ ਨਾਲ ਬੋਲਿਆ, “ਖੈਰ ਮਨਾਓ ਜੋ ਤੁਸੀਂ ਮੇਰੇ ਘਰ ਵਿਚ ਪਨਾਹ ਲਈ। ਹੋਰ ਕਿਸੇ ਦੇ ਘਰ ਜਾਂਦੇ ਤਾਂ ਇਸ ਵੇਲੇ ਜਾਨ ਤੋਂ ਵੀ ਹੱਥ ਧੋ ਚੁੱਕੇ ਹੁੰਦੇ।”
ਇਕਰਾਂ ਤਾਲਾ ਖੋਲ੍ਹਣ ਲਈ ਉਤਾਵਲੀ ਹੋ ਰਹੀ ਸੀ, ਪਰ ਰਾਜੋ ਨੇ ਉਸ ਦੇ ਹੱਥੋਂ ਚਾਬੀ ਲੈ ਲਈ ਅਤੇ ਵਾਰ ਵਾਰ ਮੰਗਣ ‘ਤੇ ਵੀ ਨਹੀਂ ਸੀ ਦੇ ਰਹੀ।
“ਮੈਂ ਤਾਂ ਤੁਹਾਨੂੰ ਕੁਝ ਨਹੀਂ ਕਹਾਂਗਾ ਹਰਨਾਮ ਸਿੰਘ, ਤੁਸੀਂ ਮੇਰੇ ਘਰ ਆਏ ਹੋ, ਪਰ ਹੁਣ ਤੁਸੀਂ ਇਥੋਂ ਚਲੇ ਜਾਓ। ਮੇਰੇ ਬੇਟੇ ਨੂੰ ਪਤਾ ਲੱਗ ਗਿਆ ਕਿ ਤੁਸੀਂ ਇਥੇ ਹੋ, ਤਾਂ ਉਹ ਤੁਹਾਡੇ ਨਾਲ ਚੰਗਾ ਸਲੂਕ ਨਹੀਂ ਕਰੇਗਾ। ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਅਸੀਂ ਤੁਹਾਨੂੰ ਪਨਾਹ ਦਿੱਤੀ ਏ ਤਾਂ ਸਾਡੇ ਲਈ ਵੀ ਬਹੁਤ ਬੁਰਾ ਹੋਵੇਗਾ।”
“ਸਾਨੂੰ ਸਭ ਕੁਝ ਮਨਜ਼ੂਰ ਏ ਅਹਿਸਾਨ ਅਲੀ। ਸਾਡਾ ਕੀ ਕੋਈ ਵੱਸ ਚੱਲ ਸਕਦਾ ਏ? ਪਰ ਇਸ ਵੇਲੇ ਦਿਨ ਦਿਹਾੜੇ ਬਹਾਰ ਜਾਵਾਂਗੇ ਤਾਂ ਸਾਨੂੰ ਕੌਣ ਛੱਡੇਗਾ?” ਹਰਨਾਮ ਸਿੰਘ ਨੇ ਅਹਿਸਾਨ ਅਲੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ। ਅਹਿਸਾਨ ਅਲੀ ਚੁੱਪ ਕਰ ਗਿਆ ਤੇ ਆਪਣੀ ਬੀਵੀ ਵੱਲ ਦੇਖਣ ਲੱਗਾ, ਜਿਵੇਂ ਕਹਿ ਰਿਹਾ ਹੋਵੇ ਕਿ ਇਹ ਸਾਰਾ ਬਖੇੜਾ ਤੇਰਾ ਹੀ ਖੜ੍ਹਾ ਕੀਤਾ ਹੋਇਆ ਹੈ। ਉਹ ਹਰਨਾਮ ਸਿੰਘ ਵੱਲ ਘੁੰਮਿਆ, “ਕੱਲ੍ਹ ਵੀ ਲੋਕ ਤੁਹਾਨੂੰ ਲੱਭ ਰਹੇ ਸਨ…ਹੁਣ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਤੁਸੀਂ ਇਥੇ ਲੁਕੇ ਬੈਠੇ ਹੋ ਤਾਂ ਲੋਕ ਸਾਨੂੰ ਨਹੀਂ ਛੱਡਣਗੇ। ਤੁਹਾਡਾ ਵੀ ਇਸ ਵਿਚ ਹੀ ਭਲਾ ਏ ਅਤੇ ਸਾਡਾ ਵੀ ਕਿ ਤੁਸੀਂ ਇਥੋਂ ਚਲੇ ਜਾਓ।”
ਇਕਰਾਂ ਨੇ ਆਪਣੇ ਆਪ ਪੌੜੀ ਚੁੱਕੀ ਤੇ ਮਿਆਨੀ ਨੂੰ ਲਾ ਦਿੱਤੀ। ਦੋਵੇਂ ਪਤੀ ਪਤਨੀ ਚੁੱਪ-ਚਾਪ ਹੇਠਾਂ ਉਤਰ ਆਏ। ਦੋਵੇਂ ਬਲੀ ਦੇ ਬੱਕਰੇ ਨਜ਼ਰ ਆ ਰਹੇ ਸਨ। ਹੁਣ ਫਿਰ ਉਹੋ ਨਾਟਕ ਸ਼ੁਰੂ ਹੋ ਗਿਆ, ਜਿਹੜਾ ਸਵੇਰ ਵੇਲੇ ਹੋਇਆ ਸੀ। ਜਿਵੇਂ ਰਾਜੋ ਉਸ ਨੂੰ ਚਲੇ ਜਾਣ ਲਈ ਕਹਿ ਰਹੀ ਸੀ, ਹੁਣ ਅਹਿਸਾਨ ਅਲੀ ਘਰੋਂ ਕੱਢ ਰਿਹਾ ਸੀ। ਰਾਜੋ ਲੱਕ ‘ਤੇ ਹੱਥ ਰੱਖੀ ਖੜ੍ਹੀ ਸੀ। ਹਰਨਾਮ ਸਿੰਘ ਨੇ ਸੋਚ ਲਿਆ ਕਿ ਹੁਣ ਜਾਣਾ ਹੀ ਪੈਣੈ। ਉਸ ਨੇ ਆਪਣੀ ਬੰਦੂਕ ਮੰਗਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਅਹਿਸਾਨ ਅਲੀ ਬੋਲਿਆ, “ਰਾਜੋ, ਇਨ੍ਹਾਂ ਨੂੰ ਤੂੜੀ ਵਾਲੀ ਕੋਠੜੀ ਵਿਚ ਬਿਠਾ ਦੇ, ਤੇ ਬਾਹਰੋਂ ਜਿੰਦਰਾ ਮਾਰ ਦੇ। ਲੈ ਇਹੋ ਜਿੰਦਰਾ ਖੋਲ੍ਹ ਲੈ, ਜਾ ਜਲਦੀ ਕਰ।” ਫਿਰ ਹਰਨਾਮ ਸਿੰਘ ਉਤੇ ਅਹਿਸਾਨ ਜਤਾਉਂਦਿਆਂ ਬੋਲਿਆ, “ਇਹ ਤਾਂ ਅੱਖ ਦੀ ਸ਼ਰਮ ਏ ਹਰਨਾਮ ਸਿੰਘ, ਪਰ ਜੋ ਕੁਝ ਕਾਫ਼ਰਾਂ ਨੇ ਸ਼ਹਿਰ ਵਿਚ ਕੀਤਾ ਏ, ਖੁਦਾ ਕਸਮ! ਉਸ ਨੂੰ ਯਾਦ ਕਰ ਕੇ ਤਾਂ ਖੂਨ ਖੌਲ ਉਠਦਾ ਏ।”
ਅੱਗੇ ਅੱਗੇ ਰਾਜੋ ਚੱਲ ਰਹੀ ਸੀ ਤੇ ਪਿੱਛੇ ਪਿੱਛੇ ਬੰਤੋ ਤੇ ਹਰਨਾਮ ਸਿੰਘ। ਵਿਹੜਾ ਲੰਘ ਕੇ ਘਰ ਦੇ ਪਿੱਛੇ ਉਹ ਹਨੇਰੇ ਜਿਹੇ ਦਲਾਨ ਵਿਚ ਪਹੁੰਚੇ ਜਿਥੋਂ ਗੋਹਾ, ਚਾਰਾ ਅਤੇ ਜਾਨਵਰਾਂ ਦੀ ਤਿੱਖੀ ਬਦਬੋ ਆ ਰਹੀ ਸੀ। ਇਥੇ ਹੀ ਰਾਜੋ ਨੇ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ, “ਇਧਰ ਬੈਠ ਜਾਓ, ਮੇਰਾ ਆਦਮੀ ਭਲਾ ਲੋਕ ਏ। ਮੈਨੂੰ ਨਹੀਂ ਪਤਾ ਸੀ ਕਿ ਤੁਹਾਡੀ ਆਪਸ ਵਿਚ ਜਾਣ ਪਛਾਣ ਏਂ, ਜਿਵੇਂ-ਕਿਵੇਂ ਵਕਤ ਕੱਟ ਲਓ।”
ਹਰਨਾਮ ਸਿੰਘ ਤੇ ਬੰਤੋ ਇਥੇ ਵੀ ਉਸੇ ਤਰ੍ਹਾਂ ਬੈਠ ਗਏ ਜਿਵੇਂ ਮਿਆਨੀ ਵਿਚ ਬੈਠੇ ਸਨ। ਇਥੇ ਰਾਜੋ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਬਾਹਰੋਂ ਕੁੰਡਾ ਲਾ ਦਿੱਤਾ।
ਵਕਤ ਬੀਤਣ ਲੱਗਾ। ਦੋਹਾਂ ਦਾ ਕੁਝ ਕੁਝ ਹੌਸਲਾ ਵਧ ਰਿਹਾ ਸੀ ਕਿ ਇਥੇ ਸ਼ਾਮ ਤੱਕ ਪਨਾਹ ਮਿਲੀ ਰਹੇਗੀ। ਦਿਨ ਵਿਚ ਕਿਸੇ ਵੇਲੇ ਰਾਜੋ ਰੋਟੀਆਂ ਤੇ ਲੱਸੀ ਵੀ ਦੇ ਗਈ। ਦੋਹਾਂ ਦੇ ਢਿੱਡ ਵਿਚ ਰੋਟੀ ਗਈ ਤਾਂ ਕੁਝ ਆਸਰਾ ਹੋਇਆ। ਦੇਰ ਤੱਕ ਦੋਵੇਂ ਅੱਖਾਂ ਪਾੜ ਪਾੜ ਕੇ ਹਨੇਰੇ ਵਿਚ ਬੇਮਕਸਦ ਝਾਕਦੇ ਰਹੇ। ਬੰਤੋ ਨੇ ਹਰਨਾਮ ਸਿੰਘ ਨੂੰ ਫਿਰ ਪੁੱਛਿਆ, “ਤੁਸੀਂ ਕੀ ਸੋਚਦੇ ਹੋ, ਇਕਬਾਲ ਸਿੰਘ ਪਿੰਡ ਵਿਚ ਹੀ ਹੋਵੇਗਾ ਜਾਂ ਉਥੋਂ ਭੱਜ ਗਿਆ ਹੋਵੇਗਾ?”
“ਜੋ ਵਾਹਿਗੁਰੂ ਨੂੰ ਮਨਜ਼ੂਰ, ਕੋਈ ਭਲਾ ਲੋਕ ਉਹਨੂੰ ਵੀ ਮਿਲ ਜਾਵੇ ਤੇ ਉਹਦੀ ਜਾਨ ਬਚ ਜਾਵੇ।”
“ਜਸਬੀਰੋ ਇਕੱਲੀ ਨਹੀਂ ਏ, ਇਹ ਚੰਗਾ ਏ, ਪਿੰਡ ਵਿਚ ਆਪਣੀ ਸੰਗਤ ਦੇ ਲੋਕ ਬਹੁਤ ਨੇ, ਸਭ ਇਕੋ ਥਾਂ ਇਕੱਠੇ ਹੋ ਗਏ ਹੋਣਗੇ।”
ਹਰਨਾਮ ਸਿੰਘ ਸੋਚਾਂ ਵਿਚ ਡੁੱਬਿਆ ਪੁੱਛਣ ਲੱਗਾ, “ਇਹ ਲੋਕ ਸਾਡੀ ਬੰਦੂਕ ਵਾਪਸ ਕਰ ਵੀ ਦੇਣਗੇ? ਤੈਨੂੰ ਕੀ ਲੱਗਦਾ ਏ? ਪਰ ਮੇਰਾ ਦਿਲ ਨਹੀਂ ਮੰਨਦਾ।”
ਉਹ ਬੜੀ ਦੇਰ ਤੱਕ ਗੱਲਾਂ ਕਰਦੇ ਰਹੇ। ਕੋਠੜੀ ਬੰਦ ਸੀ, ਪਰ ਇਥੇ ਉਨੀ ਹੁੰਮਸ ਨਹੀਂ ਸੀ ਜਿੰਨੀ ਮਿਆਨੀ ਵਿਚ ਸੀ। ਚਾਰੇ ਦੀਆਂ ਭਰੀਆਂ ਨਾਲ ਢੋਅ ਲਾਈ ਬੈਠਿਆਂ ਦੋਵਾਂ ਦੀ ਅੱਖ ਲੱਗਣ ਲੱਗੀ। ਰਾਤ ਭਰ ਦਾ ਥਕੇਵਾਂ ਤਾਂ ਹੈ ਹੀ ਸੀ, ਕੁਝ ਦੇਰ ਬਾਅਦ ਦੋਹਾਂ ਨੂੰ ਝਪਕੀ ਆ ਗਈ।
ਦਰਵਾਜ਼ੇ ਉਤੇ ਹੋਏ ਭਿਆਨਕ ਖੜਕੇ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਦਰਵਾਜ਼ੇ ‘ਤੇ ਕੁਹਾੜੇ ਪੈ ਰਹੇ ਸਨ ਅਤੇ ਕੋਈ ਚੀਕਦਾ ਹੋਇਆ ਕਹਿ ਰਿਹਾ ਸੀ, “ਨਿਕਲੋ ਓਏ ਬਾਹਰ। ਕਿਥੇ ਵੜੇ ਬੈਠੇ ਓ? ਤੁਹਾਡੀ ਮਾਂ ਦੀ…! ਨਿਕਲੋ ਬਾਹਰ, ਤੁਹਾਡੀ ਭੈਣ ਦੀ!”
ਹਰਨਾਮ ਸਿੰਘ ਤੇ ਬੰਤੋ ਹੜਬੜਾ ਕੇ ਇਕਦਮ ਉਠ ਖੜ੍ਹੇ ਜਿਵੇਂ ਕੋਈ ਭਿਆਨਕ ਸੁਪਨਾ ਦੇਖ ਰਹੇ ਹੋਣ। ਦਰਵਾਜ਼ੇ ਉਪਰ ਕੁਹਾੜੇ ਦੇ ਵਾਰ ਲਗਾਤਾਰ ਹੋ ਰਹੇ ਸਨ। ਉਹ ਦੋਵੇਂ ਪੈਰਾਂ ਤੋਂ ਸਿਰਾਂ ਤੱਕ ਕੰਬਣ ਲੱਗੇ।
“ਕੱਢ ਚਾਬੀ, ਕਾਫ਼ਰਾਂ ਨੂੰ ਪਨਾਹ ਹੀ ਕਿਉਂ ਦਿੱਤੀ? ਤੁਹਾਡੀ ਕਾਫਰਾਂ ਦੀ ਤਾਂ ਮੈਂ ਮਾਂ।”
“ਹੌਲੀ ਬੋਲ ਰਮਜ਼ਾਨਾ।” ਇਹ ਕਿਸੇ ਔਰਤ ਦੀ ਆਵਾਜ਼ ਸੀ। ਸ਼ਾਇਦ ਇਕਰਾਂ ਆਪਣੇ ਪਤੀ ਨੂੰ ਹੌਲੀ ਬੋਲਣ ਲਈ ਕਹਿ ਰਹੀ ਸੀ। ਦਰਵਾਜ਼ੇ ‘ਤੇ ਕੁਹਾੜਾ ‘ਤੇ ਕੁਹਾੜਾ ਪੈ ਰਿਹਾ ਸੀ।
ਦਰਵਾਜ਼ਾ ਉਪਰੋਂ ਪਾਟ ਗਿਆ ਜਿਸ ਨਾਲ ਰੋਸ਼ਨੀ ਲਈ ਇਕ ਹੋਰ ਝੀਤ ਹੋ ਗਈ। ਫਿਰ ਕਿਸੇ ਹੋਰ ਔਰਤ ਦੀ ਆਵਾਜ਼ ਸੁਣਾਈ ਦਿੱਤੀ।
“ਕਿਉਂ ਭੌਂਕ ਰਿਹਾ ਏਂ ਤੂੰ? ਕੀ ਹੋਇਆ ਏ?” ਰਾਜੋ ਦੀ ਆਵਾਜ਼ ਸੀ, “ਕਿਥੇ ਏ ਇਹ ਚੁੜੇਲ? ਤੇਰੀ ਮੈਂ ਜੀਭ ਨਾ ਖਿੱਚ ਲਈ ਤਾਂ ਕਹੀਂ! ਹਰਾਮਜ਼ਾਦੀ! ਤੈਨੂੰ ਮਨ੍ਹਾ ਕੀਤਾ ਸੀ ਕਿ ਇਹਨੂੰ ਨਹੀਂ ਦੱਸਣਾ, ਕਿਉਂ ਦੱਸਿਆ? ਤੇਰੇ ਢਿੱਡ ਵਿਚ ਗੱਲ ਨਹੀਂ ਪਚਦੀ? ਰਮਜ਼ਾਨਾ, ਤੂੰ ਕੀ ਚਾਹੁੰਨਾ ਏ? ਘਰ ਵਿਚ ਖੂਨ ਕਰੇਂਗਾ? ਘਰ ਵਿਚ ਪਨਾਹ ਲੈਣ ਵਾਲੇ ਨੂੰ ਮਾਰੇਂਗਾ? ਇਹ ਆਦਮੀ ਸਾਡੀ ਜਾਣ ਪਛਾਣ ਦਾ ਏ, ਅਸੀਂ ਇਹਦੇ ਦੇਣਦਾਰ ਹਾਂ।”
“ਬਹੁਤੀ ਬਕ ਬਕ ਨਾ ਕਰ ਮਾਂ। ਸ਼ਹਿਰ ਵਿਚ ਇਨ੍ਹਾਂ ਕਾਫ਼ਰਾਂ ਨੇ ਦੋ ਸੌ ਮੁਸਲਮਾਨ ਮਾਰ ਸੁੱਟੇ ਨੇ।” ਕੁਹਾੜੇ ਦਾ ਇਕ ਵਾਰ ਹੋਰ ਹੋਇਆ, “ਨਿਕਲੋ ਬਾਹਰ ਕਾਫ਼ਰੋ! ਤੁਹਾਡੀ!”
ਅਗਲੀ ਵਾਰ ਵਿਚ ਕੁੰਡਾ ਟੁੱਟ ਗਿਆ ਤੇ ਦਰਵਾਜ਼ਾ ਚੌੜ-ਚੁਪੱਟ ਖੁੱਲ੍ਹ ਗਿਆ। ਢੇਰ ਰੌਸ਼ਨੀ ਇਕੱਠੀ ਅੰਦਰ ਆ ਗਈ। ਰਮਜ਼ਾਨ ਨੂੰ ਸਾਹ ਚੜ੍ਹਿਆ ਹੋਇਆ ਸੀ। ਕੁਹਾੜਾ ਉਸ ਦੇ ਹੱਥ ਵਿਚ ਸੀ, ਇਕਰਾਂ ਕੋਲ ਖੜ੍ਹੀ ਸੀ, ਪੀਲਾ ਭੂਕ ਸਹਿਮਿਆ ਹੋਇਆ ਚਿਹਰਾ ਲਈ ਇਕ ਪਾਸੇ ਰਾਜੋ ਖੜ੍ਹੀ ਸੀ, ਉਸ ਦੇ ਦੋਵੇਂ ਹੱਥ ਲੱਕ ‘ਤੇ ਸਨ।
“ਬਾਹਰ ਨਿਕਲੋ ਕਾਫ਼ਰੋ।”
ਰਮਜ਼ਾਨ ਨੇ ਅੰਦਰ ਝਾਕ ਕੇ ਦੇਖਿਆ। ਹਰਨਾਮ ਸਿੰਘ ਤੇ ਬੰਤੋ ਖੂੰਜੇ ਵਿਚ ਇਕ-ਦੂਜੇ ਨਾਲ ਚੁੰਬੜੇ ਸਹਿਮੇ ਹੋਏ ਬੈਠੇ ਸਨ। ਦਰਵਾਜ਼ਾ ਖੁੱਲ੍ਹਣ ‘ਤੇ ਹਰਨਾਮ ਸਿੰਘ ਬਾਹਰ ਆ ਗਿਆ। ਉਹ ਆਪਣੀ ਖੋਖਲੀ ਜਿਹੀ ਆਵਾਜ਼ ਵਿਚ ਬੋਲਿਆ, “ਮਾਰ ਦੇ, ਲੈ ਮਾਰ ਸੁੱਟ।”
“ਤੇਰੀ ਤਾਂ ਮੈਂ ਮਾਂ ਦੀ!” ਰਮਜ਼ਾਨ ਬੋਲਿਆ ਤੇ ਖੱਬਾ ਹੱਥ ਵਧਾ ਕੇ ਹਰਨਾਮ ਸਿੰਘ ਨੂੰ ਧੌਣੋਂ ਫੜ ਲਿਆ ਤੇ ਖਿੱਚ-ਧੂਹ ਕਰਨ ਲੱਗਾ। ਹਰਨਾਮ ਸਿੰਘ ਦੀ ਕਮੀਜ਼ ਦਾ ਉਪਰ ਵਾਲਾ ਬਟਣ ਟੁੱਟ ਕੇ ਡਿੱਗ ਪਿਆ। ਇਕ ਝਟਕੇ ਨਾਲ ਹੀ ਉਸ ਦੀ ਪੱਗ ਵੀ ਢਿੱਲੀ ਹੋ ਗਈ। ਫਿਰ ਜਿਸ ਤੇਜ਼ੀ ਨਾਲ ਰਮਜ਼ਾਨ ਨੇ ਉਸ ਦਾ ਗਲ ਫੜਿਆ ਸੀ, ਉਸੇ ਤੇਜ਼ੀ ਨਾਲ ਛੱਡ ਦਿੱਤਾ। ਧੌਣ ‘ਤੇ ਉਂਗਲਾਂ ਦੇ ਲਾਲ ਲਾਲ ਨਿਸ਼ਾਨ ਪੈ ਗਏ।
ਹਰਨਾਮ ਸਿੰਘ ਨੇ ਉਸ ਨੂੰ ਪਛਾਣ ਲਿਆ ਸੀ। ਉਸ ਦੀ ਦੁਕਾਨ ‘ਤੇ ਇਕ-ਦੋ ਵਾਰ ਉਹਨੇ ਚਾਹ ਪੀਤੀ ਸੀ। ਉਹਦੀ ਦਾੜ੍ਹੀ ਹੁਣ ਕੁਝ ਕੁ ਚਿੱਟੀ ਜ਼ਰੂਰ ਹੋ ਗਈ ਸੀ, ਸਰੀਰ ਵੀ ਕੁਝ ਪਤਲਾ ਹੋ ਗਿਆ ਸੀ।
ਰਮਜ਼ਾਨ ਨੇ ਦੋ-ਤਿੰਨ ਵਾਰ ਹਰਨਾਮ ਸਿੰਘ ਵੱਲ ਕੁਹਾੜਾ ਉਲਾਰਨ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ ਕਿਸੇ ਤਾਕਤ ਨੇ ਉਸ ਦਾ ਹੱਥ ਰੋਕ ਦਿੱਤਾ ਹੋਵੇ। ਕਾਫ਼ਰ ਨੂੰ ਮਾਰਨਾ ਬਹੁਤ ਆਸਾਨ ਗੱਲ ਸੀ, ਪਰ ਆਪਣੇ ਘਰ ਦੇ ਅੰਦਰ, ਜਾਣ-ਪਛਾਣ ਵਾਲੇ ਪਨਾਹਗੀਰ ਨੂੰ ਮਾਰਨਾ ਹੋਰ ਗੱਲ। ਉਹਦਾ ਖੂਨ ਕਰਨਾ ਪਹਾੜ ਦੀ ਟੀਸੀ ਪਾਰ ਕਰਨ ਤੋਂ ਵੀ ਮੁਸ਼ਕਿਲ ਕੰਮ ਦਿੱਸ ਰਿਹਾ ਸੀ। ਮਜ਼ਹਬੀ ਜਨੂੰਨ ਅਤੇ ਨਫ਼ਰਤ ਦੇ ਇਸ ਮਾਹੌਲ ਵਿਚ ਪਤਲੀ ਜਿਹੀ ਲਕੀਰ ਕਿਤੇ ਅਜੇ ਵੀ ਖਿੱਚੀ ਹੋਈ ਸੀ ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਸੀ। ਰਮਜ਼ਾਨ ਉਸ ਲਕੀਰ ਨੂੰ ਪਾਰ ਨਹੀਂ ਸੀ ਕਰ ਪਾ ਰਿਹਾ। ਉਹ ਹਫ਼ਦਾ ਹੋਇਆ ਖੜ੍ਹਾ ਹਾਲੇ ਵੀ ਗਾਲ਼ਾਂ ਕੱਢ ਰਿਹਾ ਸੀ। ਫਿਰ ਉਵੇਂ ਹੀ ਗੰਦ ਬਕਦਾ ਬਾਹਰ ਨਿਕਲ ਗਿਆ।
ਲਗਭਗ ਅੱਧੀ ਰਾਤ ਦਾ ਵਕਤ ਹੋਵੇਗਾ ਜਦ ਉਚੀ ਲੰਮੀ ਰਾਜੋ ਅੱਗੇ ਤੁਰੀ ਜਾ ਰਹੀ ਸੀ ਅਤੇ ਹਰਨਾਮ ਸਿੰਘ ਤੇ ਬੰਤੋ ਉਸ ਦੇ ਪਿੱਛੇ ਪਿੱਛੇ। ਰੁੱਖਾਂ ਦੇ ਝੁਰਮਟ ਦੇ ਨਾਲ ਨਾਲ ਰਾਜੋ ਉਨ੍ਹਾਂ ਦੀ ਅਗਵਾਈ ਕਰਦੀ ਤੁਰੀ ਜਾ ਰਹੀ ਸੀ। ਚੰਨ ਰੁੱਖਾਂ ਦੇ ਝੁਰਮਟ ਉਪਰ ਖਿਲਰਿਆ ਪਿਆ ਸੀ ਤੇ ਉਸ ਦੇ ਚਾਨਣ ਵਿਚ ਚੌਗਿਰਦਾ ਝਿਲਮਿਲਾ ਰਿਹਾ ਸੀ। ਫਿਰ ਉਹੀ ਅਲੌਕਿਕ, ਰਹੱਸਪੂਰਨ ਤੇ ਸੁਪਨਮਈ ਦ੍ਰਿਸ਼, ਫਿਰ ਉਹੀ ਚਾਂਦਨੀ ਅਤੇ ਹਨੇਰਾ ਆਪਸ ਵਿਚ ਲੁਕਣਮੀਟੀ ਖੇਡਦੇ ਹੋਏ। ਰੁੱਖਾਂ ਦੇ ਇਸ ਝੁਰਮਟ ਅਤੇ ਉਸ ਦੇ ਪਾਰ ਫੈਲਿਆ ਹੋਇਆ ਅਸੀਮ ਪ੍ਰਸਾਰ ਫਿਰ ਤੋਂ ਰਹੱਸਪੂਰਨ ਅਤੇ ਡਰਾਉਣਾ ਨਜ਼ਰ ਆਉਣ ਲੱਗਾ ਸੀ।
ਅੱਗੇ ਜਾਂਦੀ ਜਾਂਦੀ ਰਾਜੋ ਦੀ ਕਾਇਆ ਬੜੀ ਗੰਭੀਰ ਲੱਗ ਰਹੀ ਸੀ। ਰਾਜੋ ਨੇ ਹੱਥ ਵਿਚ ਦੁਨਾਲੀ ਚੁੱਕੀ ਹੋਈ ਸੀ।
ਉਹ ਫਿਰ ਨਦੀ ਦੇ ਪਾਰ ਵੱਲ ਉਤਰ ਰਹੇ ਸਨ। ਖੱਬੇ ਬੰਨੇ ਦੂਰ ਆਕਾਸ਼ ਲਾਲ ਹੋ ਰਿਹਾ ਸੀ। ਹਰਨਾਮ ਸਿੰਘ ਨੇ ਹੌਲੀ ਜਿਹੀ ਬੰਤੋ ਦਾ ਹੱਥ ਦਬਾ ਕੇ ਕਿਹਾ, “ਖੱਬੇ ਬੰਨੇ ਵੇਖ, ਵੇਖਿਆ? ਕੋਈ ਪਿੰਡ ਸੜ ਰਿਹਾ ਏ।”
“ਵਾਹਿਗੁਰੂ, ਵਾਹਿਗੁਰੂ।” ਬੰਤੋ ਬੁੜਬੁੜਾਈ, “ਕਿਹੜਾ ਪਿੰਡ ਸੜ ਰਿਹਾ ਏ? ਅਹੁ ਦੇਖੋ, ਇਕ ਓਧਰ ਵੀ।”
ਹਰਨਾਮ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਉਸ ਨੇ ਘੁੰਮ ਕੇ ਦੂਜੇ ਪਾਸੇ ਦੇਖਿਆ। ਚਾਨਣੀ ਵਿਚ ਵੀ ਚਪਟੇ ਮਿੱਟੀ ਦੇ ਘਰ ਖਲੋਤੇ ਦਿੱਸ ਰਹੇ ਸਨ। ਕਿਸੇ ਕਿਸੇ ਘਰ ਵਿਚ ਦੀਵਾ ਜਗ ਰਿਹਾ ਸੀ। ਘਰਾਂ ਦੇ ਬਾਹਰ ਰੂੜੀ ਦੇ ਉਚੇ ਉਚੇ ਢੇਰ, ਕਿਤੇ ਕਿਤੇ ਕੋਈ ਗੱਡਾ ਖੜ੍ਹਾ ਦਿੱਸ ਰਿਹਾ ਸੀ। ਰੁੱਖਾਂ ਦੇ ਝੁਰਮਟ ਵਿਚ ਨੌਗਜ਼ੇ ਦੀ ਚਿੱਟੀ ਕਬਰ ਨਜ਼ਰ ਆਈ। ਉਸ ਉਤੇ ਦੀਵਾ ਨਹੀਂ ਸੀ ਬਲ ਰਿਹਾ। ਅੱਜ ਦੇ ਦਿਨ ਉਸ ‘ਤੇ ਦੀਵਾ ਜਗਾਉਣਾ ਲੋਕ ਭੁੱਲ ਗਏ ਸਨ।
ਰਾਜੋ ਝੁਰਮਟ ਦੇ ਕੰਢੇ ਚੱਲਦੀ ਜਾ ਰਹੀ ਸੀ। ਫਿਰ ਝੁਰਮਟ ਦਾ ਸਿਰਾ ਆ ਗਿਆ ਅਤੇ ਉਹ ਢਲਾਣ ਆ ਗਈ ਜਿਸ ਨੂੰ ਚੜ੍ਹ ਕੇ ਉਸੇ ਸਵੇਰੇ ਹਰਨਾਮ ਸਿੰਘ ਤੇ ਬੰਤੋ ਇਸ ਪਿੰਡ ਵਿਚ ਵੜੇ ਸਨ। ਰਾਜੋ ਰੁਕ ਗਈ। ਉਸ ਨੇ ਆਪਣੇ ਹੱਥ ਵਿਚ ਫੜੀ ਬੰਦੂਕ ਹਰਨਾਮ ਸਿੰਘ ਦੇ ਹੱਥ ਵਿਚ ਦੇ ਦਿੱਤੀ ਤੇ ਬੋਲੀ, “ਜਾਓ, ਹੁਣ ਰੱਬ ਰਾਖਾ! ਸਿੱਧੇ ਕੰਢੇ ਕੰਢੇ ਤੁਰਦੇ ਜਾਓ, ਅੱਗੇ ਤੁਹਾਡੀ ਕਿਸਮਤ!” ਉਸ ਨੇ ਮਮਤਾ ਭਰੀ ਆਵਾਜ਼ ਵਿਚ ਆਖਿਆ।
“ਤੂੰ ਸਾਡੇ ‘ਤੇ ਬੜਾ ਅਹਿਸਾਨ ਕੀਤਾ ਏ ਰਾਜੋ ਭੈਣਾਂ, ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।” ਬੰਤੋ ਨੇ ਕਿਹਾ।
“ਜੇ ਜ਼ਿੰਦਗੀ ਰਹੀ ਤਾਂ ਤੇਰਾ ਦੇਣਾ।” ਹਰਨਾਮ ਸਿੰਘ ਦੀ ਆਵਾਜ਼ ਲੜਖੜਾ ਗਈ।
“ਮੈਂ ਕੀ ਜਾਣਾ ਭਰਾਵਾ, ਪਤਾ ਨਹੀਂ ਨਸੀਬਾਂ ਦਾ! ਚੌਹੀਂ ਪਾਸੀਂ ਤਾਂ ਅੱਗ ਲੱਗੀ ਏ।” ਕਹਿੰਦਿਆਂ ਰਾਜੋ ਨੇ ਆਪਣਾ ਹੱਥ ਕੁੜਤੇ ਦੀ ਜੇਬ ਵਿਚ ਪਾਇਆ ਤੇ ਸਫੈਦ ਕੱਪੜੇ ਵਿਚ ਲਿਪਟੀ ਛੋਟੀ ਜਿਹੀ ਗਹਿਣਿਆਂ ਦੀ ਪੋਟਲੀ ਕੱਢ ਲਈ, “ਇਹ ਲਓ, ਇਹ ਤੁਹਾਡੀ ਚੀਜ਼ ਏ।”
“ਇਹ ਕੀ ਏ ਰਾਜੋ ਭੈਣਾਂ?”
“ਤੁਹਾਡੀ ਹੀ ਚੀਜ਼ ਏ, ਤੁਹਾਡੇ ਟਰੰਕ ਵਿਚੋਂ ਮਿਲੇ ਸੀ, ਮੈਂ ਕੱਢ ਲਿਆਈ ਹਾਂ। ਤੁਹਾਡੇ ਉਪਰ ਔਖਾ ਵਕਤ ਆ ਪਿਆ ਏ, ਜੇ ਕੋਲ ਹੋਵੇ ਤਾਂ ਆਸਰਾ ਮਿਲੇਗਾ।”
“ਵਾਹਿਗੁਰੂ ਤੈਨੂੰ ਸਲਾਮਤ ਰੱਖੇ ਭੈਣਾਂ, ਚੰਗੇ ਕਰਮ ਕੀਤੇ ਸੀ ਜੋ ਤੇਰੇ ਨਾਲ ਮੇਲ ਹੋਇਆ।” ਕਹਿੰਦੀ ਬੰਤੀ ਰੋ ਪਈ।”
“ਜਾਓ ਰੱਬ ਰਾਖਾ! ਦੇਰ ਹੋ ਰਹੀ ਹੈ।” ਰਾਜੋ ਨੇ ਕਿਹਾ। ਇਸ ਤੋਂ ਜ਼ਿਆਦਾ ਉਸ ਨੇ ਕੁਝ ਨਾ ਕਿਹਾ। ਕਹਿ ਵੀ ਨਹੀਂ ਸੀ ਸਕਦੀ। ਉਹ ਉਨ੍ਹਾਂ ਨੂੰ ਇਹ ਨਹੀਂ ਸੀ ਦੱਸ ਸਕਦੀ ਕਿ ਉਹ ਕਿਸ ਦਿਸ਼ਾ ਵਿਚ ਜਾਣ, ਕਿਸ ਪਿੰਡ ਵੱਲ ਜਾਣ, ਕਿਸ ਘਰ ਦਾ ਬੂਹਾ ਖੜਕਾਉਣ, ਉਸ ਲਈ ਕੁਝ ਵੀ ਕਹਿਣਾ ਔਖਾ ਸੀ।
ਦੋਵੇਂ ਪਤੀ-ਪਤਨੀ ਢਲਾਣ ਉਤਰਨ ਲੱਗੇ। ਰਾਜੋ ਟਿੱਬੇ ਉਤੇ ਖੜ੍ਹੀ ਰਹੀ ਅਤੇ ਉਨ੍ਹਾਂ ਨੂੰ ਜਾਂਦਿਆਂ ਦੇਖਦੀ ਰਹੀ। ਉਹੀ ਊਬੜ-ਖਾਬੜ ਤੇ ਪੱਥਰਾਂ ਨਾਲ ਭਰਿਆ ਰਸਤਾ ਸੀ। ਉਪਰ ਚੰਨ ਚਮਕ ਰਿਹਾ ਸੀ ਜਿਸ ਨਾਲ ਸਾਰਾ ਮੈਦਾਨ ਕਾਲੇ ਤੇ ਸਫੈਦ ਦ੍ਰਿਸ਼ਾਂ ਨਾਲ ਵੰਡਿਆ ਪਿਆ ਸੀ। ਕਿਤੇ ਹਨੇਰਾ ਸੀ ਤੇ ਕਿਤੇ ਪਾਰੇ ਵਾਂਗ ਚਮਕਦੀ ਚਾਨਣੀ। ਥੋੜ੍ਹੀ ਦੂਰ ਜਾਣ ਪਿੱਛੋਂ ਉਨ੍ਹਾਂ ਘੁੰਮ ਕੇ ਦੇਖਿਆ, ਰਾਜੋ ਹਾਲੇ ਵੀ ਟਿੱਬੇ ‘ਤੇ ਖੜ੍ਹੀ ਸੀ ਤੇ ਅਣਜਾਣੇ ਰਾਹਾਂ ਵੱਲ ਵਧ ਰਹੇ ਉਨ੍ਹਾਂ ਦੇ ਕਦਮਾਂ ਨੂੰ ਜਿਵੇਂ ਦੇਖ ਰਹੀ ਹੋਵੇ। ਫਿਰ ਉਨ੍ਹਾਂ ਦੇ ਚੁਫ਼ੇਰੇ ਫੈਲੀ ਵੀਰਾਨੀ ਉਨ੍ਹਾਂ ਦੋਹਾਂ ਲਈ ਹੋਰ ਵੀ ਜ਼ਿਆਦਾ ਭਿਆਨਕ ਹੋ ਉਠੀ। …………ਭੀਸ਼ਮ ਸਾਹਨੀ