ਸੈਨਾ ਆਗੂ ਦੀ ਹੱਤਿਆ ਅਤਿਵਾਦੀ ਕਾਰਵਾਈ ਨਹੀਂ: ਏਟੀਐਸ

0
403

ਅੰਮ੍ਰਿਤਸਰ, 2 ਨਵੰਬਰ : ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੀ ਦਿਨ-ਦਿਹਾੜੇ ਹੋਈ ਹੱਤਿਆ ਦੇ ਮਾਮਲੇ ਨੂੰ ਅਤਿਵਾਦੀ ਕਾਰਵਾਈ ਕਰਾਰ ਦੇਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਪਿੱਛੇ ਕੋਈ ਸਿੱਖ ਅਤਿਵਾਦੀ ਜਥੇਬੰਦੀ ਜਾਂ ਗਰਮਖਿਆਲੀ ਜਥੇਬੰਦੀ ਦਾ ਹੱਥ ਨਹੀਂ ਹੈ।
ਏਟੀਐਸ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਇਸ ਹੱਤਿਆ ਕਾਂਡ ਦਾ ਅਤਿਵਾਦ ਨਾਲ ਕੋਈ ਸਬੰਧ ਨਹੀਂ ਹੈ, ਸਗੋਂ ਇਹ ਗੈਂਗਸਟਰ ਅਤੇ ਦੜਾ-ਸੱਟਾ ਲਾਉਣ ਵਾਲਿਆਂ ਦੇ ਮਾਇਕ ਮਾਮਲਿਆਂ ਦਾ ਆਪਸੀ ਝਗੜਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਜਥੇਬੰਦੀ ਨੂੰ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੁਲੀਸ ਵੱਲੋਂ ਹਮਲਾਵਰ ਨੌਜਵਾਨ ਦੀ ਇੱਕ ਫੋਟੋ ਵੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਵਜੋਂ ਦਿੱਤੀ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਇਨਾਮ ਰੱਖਿਆ ਗਿਆ ਹੈ।
ਹਾਲ ਹੀ ਵਿੱਚ ਹਮਲਾਵਰ ਦੀ ਤਸਵੀਰ ਦੇ ਨਾਲ ਇੱਕ ਗੈਂਗਸਟਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜੋ ਆਪਸ ਵਿੱਚ ਮੇਲ ਖਾਂਦੀਆਂ ਹਨ ਅਤੇ ਸ਼ੱਕ ਨੂੰ ਪੁਖ਼ਤਾ ਕਰਦੀਆਂ ਹਨ ਕਿ ਹਮਲਾਵਰ ਅਤੇ ਗੈਂਗਸਟਰ ਇੱਕ ਹੀ ਹੈ।